Latest News
ਗੁਜਰਾਤ : ਹੁਣ ਖੇਤਰੀਵਾਦ ਦਾ ਧਰੁਵੀਕਰਣ

Published on 10 Oct, 2018 10:58 AM.

ਬੀਤੀ 28 ਸਤੰਬਰ ਨੂੰ ਗੁਜਰਾਤ ਦੇ ਸਾਬਰਕਾਂਠਾ ਜ਼ਿਲ੍ਹੇ ਵਿੱਚ 14 ਮਹੀਨੇ ਦੀ ਇੱਕ ਬੱਚੀ ਨਾਲ ਬਲਾਤਕਾਰ ਦੀ ਘਟਨਾ ਨੇ ਭਾਸ਼ਾਵਾਦ ਤੇ ਇਲਾਕਾਵਾਦ ਹਿੰਸਾ ਦਾ ਰੂਪ ਧਾਰਨ ਕਰ ਲਿਆ। ਬਲਾਤਕਾਰ ਦਾ ਦੋਸ਼ੀ ਰਘੁਵੀਰ ਸਾਹੂ ਨਾਂਅ ਦਾ ਇੱਕ ਬਿਹਾਰੀ ਮਜ਼ਦੂਰ ਸੀ। ਪੁਲਸ ਨੇ ਉਸ ਨੂੰ ਗ੍ਰਿਫਤਾਰ ਵੀ ਕਰ ਲਿਆ। ਇਸ ਘਟਨਾ ਤੋਂ ਬਾਅਦ ਉੱਤਰੀ ਗੁਜਰਾਤ ਵਿੱਚ ਹਿੰਦੀ ਬੋਲਣ ਵਾਲਿਆਂ ਵਿਰੁੱਧ ਹਮਲੇ ਸ਼ੁਰੂ ਹੋ ਗਏ। ਭੀੜਤੰਤਰੀ ਹਿੰਸਾ ਦੇ ਡਰ ਕਾਰਨ ਉੱਤਰ ਪ੍ਰਦੇਸ਼, ਬਿਹਾਰ, ਮੱਧ ਪ੍ਰਦੇਸ਼ ਤੇ ਰਾਜਸਥਾਨ ਦੇ ਸਾਲਾਂ ਤੋਂ ਗੁਜਰਾਤ ਵਿੱਚ ਰਹਿ ਰਹੇ ਲੋਕ ਕੰਮ ਧੰਦੇ ਛੱਡ ਕੇ ਆਪਣੀ ਜਾਨ ਬਚਾਉਣ ਲਈ ਆਪਣੇ ਰਾਜਾਂ ਨੂੰ ਭੱਜਣ ਲਈ ਮਜ਼ਬੂਰ ਹੋ ਗਏ। ਏਨੇ ਯਾਤਰੀਆਂ ਨੂੰ ਢੋਣ ਲਈ ਰੇਲ ਗੱਡੀਆਂ ਵਿੱਚ ਥਾਂ ਨਹੀਂ ਸੀ ਮਿਲ ਰਹੀ। ਡਰ ਦੀ ਦਹਿਸ਼ਤ ਏਨੀ ਸੀ ਕਿ ਲੋਕ ਹਜ਼ਾਰ-ਹਜ਼ਾਰ ਕਿਲੋਮੀਟਰ ਦਾ ਸਫ਼ਰ ਬੱਸਾਂ ਰਾਹੀਂ ਕਰਨ ਲਈ ਮਜ਼ਬੂਰ ਹੋ ਗਏ। ਸਵਾਲ ਪੈਦਾ ਹੁੰਦਾ ਹੈ ਕਿ ਇੱਕ ਬਿਹਾਰੀ ਵਿਅਕਤੀ ਵੱਲੋਂ ਕੀਤੇ ਗਏ ਗੁਨਾਹ ਦੀ ਸਜ਼ਾ ਸਭ ਹਿੰਦੀ ਭਾਸ਼ੀਆਂ ਨੂੰ ਕਿਵੇਂ ਦਿੱਤੀ ਜਾ ਸਕਦੀ ਹੈ? ਇਸ ਲਈ ਇਸ ਵਰਤਾਰੇ ਦੇ ਕਈ ਕਾਰਨ ਹੋ ਸਕਦੇ ਹਨ। ਇੱਕ ਕਾਰਨ ਤਾਂ ਸਪੱਸ਼ਟ ਹੈ ਕਿ ਕੇਂਦਰ ਵਿੱਚ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਬਣਨ ਤੋਂ ਬਾਅਦ ਭੀੜਤੰਤਰ ਇੱਕ ਸੱਭਿਆਚਾਰ ਵਜੋਂ ਵਿਕਸਤ ਹੋ ਚੁੱਕਾ ਹੈ। ਗਊ ਰੱਖਿਆ ਦੇ ਨਾਂਅ ਉੱਤੇ ਸ਼ੁਰੂ ਹੋਇਆ ਇਹ ਰੁਝਾਨ ਹੌਲੀ-ਹੌਲੀ ਅਪਰਾਧੀ ਤੱਤਾਂ ਲਈ ਆਪਣੀਆਂ ਸਮਾਜ ਵਿਰੋਧੀ ਗਤੀਵਿਧੀਆਂ ਨੂੰ ਪੂਰਾ ਕਰਨ ਲਈ ਇੱਕ ਹਥਿਆਰ ਬਣ ਚੁੱਕਾ ਹੈ। ਜਦੋਂ ਅਜਿਹੇ ਤੱਤਾਂ ਨੂੰ ਸਰਕਾਰ ਨਾਲ ਸੰਬੰਧਤ ਪਾਰਟੀ ਦੇ ਆਗੂਆਂ ਤੋਂ ਸਨਮਾਨ ਮਿਲਣੇ ਸ਼ੁਰੂ ਹੋ ਜਾਣ ਤਾਂ ਉਹਨਾਂ ਅੰਦਰ ਕਨੂੰਨ ਦਾ ਡਰ ਨਹੀਂ ਰਹਿੰਦਾ। ਦਾਦਰੀ ਵਿਖੇ ਭੀੜ ਦੁਆਰਾ ਮਾਰੇ ਗਏ ਮੁਹੰਮਦ ਅਖਲਾਕ ਦੇ ਦੋਸ਼ੀਆਂ ਨੂੰ ਸੱਤਾਧਾਰੀ ਪਾਰਟੀ ਦੇ ਆਗੂਆਂ ਵੱਲੋਂ ਖੁੱਲ੍ਹਾ ਸਮੱਰਥਨ ਮਿਲਿਆ। ਕੇਂਦਰੀ ਮੰਤਰੀ ਮਹੇਸ਼ ਸ਼ਰਮਾ ਖ਼ੁਦ ਮੁੱਖ ਦੋਸ਼ੀ ਦੇ ਪਿੰਡ ਪੁੱਜੇ। ਝਾਰਖੰਡ ਵਿੱਚ ਮਾਸ ਕਾਰੋਬਾਰੀ ਅਨੀਮੂਦੀਨ ਅੰਸਾਰੀ ਨੂੰ ਭੀੜ ਵੱਲੋਂ ਕੁੱਟ-ਕੁੱਟ ਕੇ ਮਾਰ ਦੇਣ ਦੇ ਜ਼ਮਾਨਤ ਉੱਤੇ ਆਏ ਦੋਸ਼ੀਆਂ ਨੂੰ ਕੇਂਦਰੀ ਮੰਤਰੀ ਜਯੰਤ ਸਿਨਹਾ ਵੱਲੋਂ ਸਨਮਾਨਤ ਕੀਤਾ ਗਿਆ। ਅਜਿਹੇ ਵਿੱਚ ਠਾਕੋਰ ਸਮਾਜ ਵਿਚਲੇ ਅਪਰਾਧੀ ਤੱਤ ਬਲਾਤਕਾਰ ਦੀ ਇਸ ਘਟਨਾ ਨੂੰ ਮੁੱਦਾ ਬਣਾ ਕੇ ਸਮੁੱਚੇ ਹਿੰਦੀ ਭਾਸ਼ੀਆਂ ਨੂੰ ਆਪਣੇ ਹਮਲੇ ਦਾ ਸ਼ਿਕਾਰ ਬਣਾ ਲੈਣ ਤਾਂ ਇਹ ਸਮੁੱਚੇ ਭੀੜਤੰਤਰੀ ਵਰਤਾਰੇ ਦਾ ਹੀ ਇੱਕ ਹਿੱਸਾ ਹੈ। ਇੱਕ ਹੋਰ ਸਵਾਲ ਇਹ ਵੀ ਹੈ ਕਿ ਕੀ ਵਾਕਿਆ ਹੀ ਇੱਕ ਬਲਾਤਕਾਰ ਦੀ ਘਟਨਾ ਕਾਰਨ ਅਚਾਨਕ ਹੀ ਏਨੀ ਵੱਡੀ ਪੱਧਰ ਉੱਤੇ ਹਿੰਦੀ ਭਾਸ਼ੀ ਲੋਕਾਂ ਉੱਤੇ ਇਹ ਹਮਲੇ ਸ਼ੁਰੂ ਹੋ ਗਏ? ਕੀ ਇਸ ਦਾ ਕੋਈ ਸਿਆਸੀ ਮਕਸਦ ਤਾਂ ਨਹੀਂ ਸੀ? ਇਸ ਤੋਂ ਤੀਜੇ ਦਿਨ ਹੀ ਅਹਿਮਦਾਬਾਦ ਵਿੱਚ ਹੀ ਇੱਕ 12 ਸਾਲਾ ਲੜਕੀ ਨਾਲ ਬਲਾਤਕਾਰ ਹੋਇਆ, ਪਰ ਕਿਸੇ ਪਾਸਿਓਂ ਵੀ ਕੋਈ ਆਵਾਜ ਸੁਣਨ ਨੂੰ ਨਾ ਮਿਲੀ। ਸਾਬਰਕਾਂਠਾ ਵਿੱਚ ਬਲਾਤਕਾਰ ਦੀ ਸ਼ਿਕਾਰ ਲੜਕੀ ਠਾਕੋਰ ਜਾਤੀ ਦੀ ਸੀ। ਇਸ ਲਈ ਭਾਜਪਾ ਨੇ ਤੁਰੰਤ ਕਹਿ ਦਿੱਤਾ ਕਿ ਇਹਨਾਂ ਹਮਲਿਆਂ ਪਿੱਛੇ ਕਾਂਗਰਸੀ ਆਗੂ ਅਲਪੇਸ਼ ਠਾਕੋਰ ਦਾ ਹੱਥ ਹੈ। ਯਾਦ ਰਹੇ ਕਿ ਗੁਜਰਾਤ ਚੋਣਾਂ ਵਿੱਚ ਠਾਕੋਰ ਭਾਈਚਾਰੇ ਨੇ ਭਾਜਪਾ ਦਾ ਵਿਰੋਧ ਕੀਤਾ ਸੀ। ਪੂਰੇ ਗੁਜਰਾਤ ਵਿੱਚ ਬਿਹਾਰ ਤੇ ਯੂ ਪੀ ਨਾਲੋਂ ਮੱਧ ਪ੍ਰਦੇਸ਼ ਤੇ ਰਾਜਸਥਾਨ ਦੇ ਮਜ਼ਦੂਰਾਂ ਦੀ ਗਿਣਤੀ ਵੱਧ ਹੈ। ਇਹਨਾਂ ਦੋਹਾਂ ਰਾਜਾਂ ਵਿੱਚ ਅਗਲੇ ਮਹੀਨੇ ਚੋਣਾਂ ਹੋ ਰਹੀਆਂ ਹਨ। ਇਸ ਲਈ ਭਾਜਪਾ ਇਹਨਾਂ ਰਾਜਾਂ ਵਿੱਚ ਕਹਿ ਸਕਦੀ ਹੈ ਕਿ ਕਾਂਗਰਸ ਨੇ ਹਿੰਦੀ ਭਾਸ਼ੀਆਂ ਉੱਤੇ ਹਮਲੇ ਕਰਾਏ ਤੇ ਅਸੀਂ ਉਹਨਾਂ ਨੂੰ ਸੁਰੱਖਿਆ ਦਿੱਤੀ। ਇੱਕ ਹੋਰ ਤੱਥ ਵੀ ਧਿਆਨ ਮੰਗਦਾ ਹੈ, ਉਹ ਹੈ ਗੁਜਰਾਤੀਆਂ ਵਿੱਚ ਬੇਰੁਜ਼ਗਾਰੀ ਦੀ ਸਮੱਸਿਆ। ਗੁਜਰਾਤ ਵਿੱਚ ਵੱਡੀ ਪੱਧਰ ਉੱਤੇ ਇੰਡਸਟਰੀ ਹੈ। ਇਹ ਇੰਡਸਟਰੀ ਬਿਹਾਰ, ਯੂ ਪੀ, ਮੱਧ ਪ੍ਰਦੇਸ਼ ਤੇ ਰਾਜਸਥਾਨ ਦੇ ਮਜ਼ਦੂਰਾਂ ਨਾਲ ਭਰੀ ਪਈ ਹੈ। ਸਰਮਾਏਦਾਰ ਨੂੰ ਸਸਤਾ ਮਜ਼ਦੂਰ ਚਾਹੀਦਾ ਹੈ। ਉਹ ਇਹਨਾਂ ਪ੍ਰਵਾਸੀ ਮਜ਼ਦੂਰਾਂ ਨੂੰ ਘੱਟ ਤਨਖ਼ਾਹਾਂ ਉੱਤੇ ਰੱਖ ਕੇ ਆਪਣਾ ਮੁਨਾਫ਼ਾ ਵਧਾਉਂਦਾ ਹੈ। ਗੁਜਰਾਤੀਆਂ ਦੀ ਮੁਸ਼ਕਲ ਇਹ ਹੈ ਕਿ ਜਿੰਨੇ ਘੱਟ ਪੈਸਿਆਂ ਤੇ ਮੁਸ਼ਕਲ ਹਾਲਤਾਂ ਵਿੱਚ ਪ੍ਰਵਾਸੀ ਮਜ਼ਦੂਰ ਕੰਮ ਕਰਦੇ ਹਨ, ਉਹ ਉਹਨਾਂ ਦੇ ਵੱਸ ਦੀ ਗੱਲ ਨਹੀਂ। ਇਸੇ ਬੇਰੁਜ਼ਗਾਰੀ ਦੀ ਸਮੱਸਿਆ ਨੇ ਹੀ ਅਲਪੇਸ਼ ਠਾਕੋਰ, ਹਾਰਦਿਕ ਪਟੇਲ ਤੇ ਜਿਗਨੇਸ਼ ਮੇਵਾਨੀ ਨੂੰ ਆਪਣੇ-ਆਪਣੇ ਭਾਈਚਾਰਿਆਂ ਦੇ ਆਗੂ ਸਥਾਪਤ ਕਰਨ ਵਿੱਚ ਵੱਡਾ ਹਿੱਸਾ ਪਾਇਆ ਸੀ। ਪਿਛਲੇ ਮਹੀਨੇ ਗੁਜਰਾਤ ਦੇ ਮੁੱਖ ਮੰਤਰੀ ਵਿਜੈ ਰੂਪਾਨੀ ਨੇ ਇਹ ਬਿਆਨ ਦਿੱਤਾ ਸੀ ਕਿ ਉਹਨਾ ਦੀ ਸਰਕਾਰ ਅਜਿਹਾ ਕਨੂੰਨ ਬਣਾਏਗੀ, ਜਿਸ ਨਾਲ ਰਾਜ ਦੀ ਇੰਡਸਟਰੀ ਵਿੱਚ 80 ਫ਼ੀਸਦੀ ਨੌਕਰੀਆਂ ਗੁਜਰਾਤੀਆਂ ਨੂੰ ਮਿਲਣ। ਕੀ ਇਸ ਬਿਆਨ ਤੋਂ ਇਹ ਸੰਕੇਤ ਨਹੀਂ ਮਿਲਦਾ ਕਿ ਸਰਕਾਰ ਕਹਿ ਰਹੀ ਹੈ ਕਿ ਗੁਜਰਾਤ ਦੀਆਂ ਨੌਕਰੀਆਂ ਉੱਤੇ ਦੂਜੇ ਰਾਜਾਂ ਦੇ ਲੋਕ ਕਬਜ਼ਾ ਕਰੀ ਬੈਠੇ ਹਨ। ਇਸ ਸੰਬੰਧੀ ਸੂਰਤ ਦੇ ਸੈਂਟਰ ਫ਼ਾਰ ਸੋਸ਼ਲ ਸਟੱਡੀਜ਼ ਦੇ ਨਿਰਦੇਸ਼ਕ ਪ੍ਰੋ: ਕਿਰਣ ਡੇਸਾਈ ਕਹਿੰਦੇ ਹਨ, ''ਸਰਕਾਰ ਕੋਈ ਨਾ ਕੋਈ ਭੜਕਾਊ ਮੁੱਦਾ ਖੜਾ ਕਰ ਦਿੰਦੀ ਹੈ, ਜਿਸ ਨਾਲ ਉਹ ਆਪਣੀਆਂ ਨਾਕਾਮੀਆਂ ਛੁਪਾ ਸਕੇ। ਇਹ ਮਾਮਲਾ ਰਾਜਨੀਤਕ ਹੈ। ਬੇਰੁਜ਼ਗਾਰੀ ਨੂੰ ਮੁੱਦਾ ਬਣਾ ਕੇ ਹਮਲੇ ਕੀਤੇ ਜਾ ਰਹੇ ਹਨ। ਲੋਕਾਂ ਵਿੱਚ ਬਾਹਰੀ ਲੋਕਾਂ ਤੋਂ ਅਸੁਰੱਖਿਆ ਦੀ ਭਾਵਨਾ ਸਹਿਜ ਤੇ ਸੁਭਾਵਕ ਨਹੀਂ, ਇਸ ਨੂੰ ਜਾਣ-ਬੁੱਝ ਕੇ ਵਧਾਇਆ ਜਾ ਰਿਹਾ ਹੈ।'' ਮੁੱਖ ਮੰਤਰੀ ਨੇ ਉਕਤ ਬਿਆਨ ਨੂੰ ਇਹਨਾਂ ਘਟਨਾਵਾਂ ਤੋਂ ਵੱਖ ਕਰ ਕੇ ਨਹੀਂ ਦੇਖਿਆ ਜਾ ਸਕਦਾ। ਗੁਜਰਾਤ ਲਈ ਅਜਿਹਾ ਧਰੁਵੀਕਰਣ ਕੋਈ ਨਵੀਂ ਗੱਲ ਨਹੀਂ। ਮੋਦੀ ਦੇ ਮੁੱਖ ਮੰਤਰੀ ਹੁੰਦਿਆ 2002 ਵਿੱਚ ਹਿੰਦੂ-ਮੁਸਲਿਮ ਧਰੁਵੀਕਰਣ ਕੀਤਾ ਗਿਆ ਸੀ। ਉਹ ਹੁਣ ਗ਼ੈਰ ਪ੍ਰਸੰਗਿਕ ਹੋ ਚੁੱਕਾ ਹੈ। ਇਸ ਲਈ ਹੁਣ ਇਲਾਕਾਵਾਦ ਤੇ ਭਾਸ਼ਾਵਾਦ ਦਾ ਧਰੁਵੀਕਰਣ ਕੀਤਾ ਜਾ ਰਿਹਾ ਹੈ।

1347 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper