Latest News
ਲੱਗਦਾ ਸੀ ਸੱਤਾ 'ਚ ਨਹੀਂ ਆਵਾਂਗੇ, ਇਸ ਲਈ ਕੀਤੇ ਵੱਡੇ ਵਾਅਦੇ : ਗਡਕਰੀ

Published on 10 Oct, 2018 11:04 AM.


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਭਾਜਪਾ ਦੇ ਸਾਬਕਾ ਪ੍ਰਧਾਨ ਅਤੇ ਕੇਂਦਰ ਸੜਕੀ ਆਵਾਜਾਈ ਮੰਤਰੀ ਨਿਤਿਨ ਗਡਕਰੀ ਦੇ ਇੱਕ ਤਾਜ਼ਾ ਬਿਆਨ ਨਾਲ ਭਾਜਪਾ ਅੰਦਰ ਖਲਬਲੀ ਮਚ ਗਈ ਹੈ। ਗਡਕਰੀ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਉਂ ਜਨਤਾ ਨਾਲ ਵੱਡੇ-ਵੱਡੇ ਵਾਅਦੇ ਕੀਤੇ ਸਨ।
ਉਨ੍ਹਾਂ ਮੁਤਾਬਿਕ, 'ਸਾਨੂੰ ਇਸ ਗੱਲ ਦਾ ਵਿਸ਼ਵਾਸ ਸੀ ਕਿ ਅਸੀਂ ਕਦੀ ਸੱਤਾ 'ਤ ਨਹੀਂ ਆਵਾਂਗੇ, ਇਸ ਲਈ ਅਸੀਂ ਵੱਡੇ-ਵੱਡੇ ਵਾਅਦੇ ਕਰਨ ਦੀ ਸਲਾਹ ਦਿੱਤੀ। ਹੁਣ ਅਸੀਂ ਸੱਤਾ 'ਚ ਹਾਂ ਤਾਂ ਜਨਤਾ ਸਾਨੂੰ ਉਨ੍ਹਾਂ ਵਾਅਦਿਆਂ ਬਾਰੇ ਯਾਦ ਦਿਵਾਉਂਦੀ ਹੈ। ਗਡਕਰੀ ਨੇ ਇਹ ਗੱਲ ਇੱਕ ਮਰਾਠੀ ਟੀ ਵੀ ਚੈਨਲ ਨੂੰ ਦਿੱਤੇ ਇੱਕ ਇੰਟਰਵਿਊ 'ਚ ਕਹੀ ਹੈ।
ਇੰਟਰਵਿਊ ਦੇ ਵਾਇਰਲ ਹੁੰਦੇ ਹੀ ਕਾਂਗਰਸ ਨੇ ਵੀ ਇਸ ਵੀਡੀਓ ਦੀ ਕਲਿੱਪ ਟਵੀਟਰ 'ਤੇ ਸ਼ੇਅਰ ਕਰ ਦਿੱਤੀ ਅਤੇ ਕਿਹਾ ਕਿ ਗਡਕਰੀ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਭਾਜਪਾ ਝੂਠੇ ਵਾਅਦਿਆਂ ਦੇ ਬਲਬੂਤੇ 'ਤੇ ਚੋਣ ਜਿੱਤ ਕੇ ਸੱਤਾ 'ਚ ਆਈ ਹੈ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਵੀ ਗਡਕਰੀ ਦੇ ਇਸ ਵੀਡੀਓ ਨੂੰ ਟਵੀਟ ਕੀਤਾ ਅਤੇ ਕਿਹਾ, ਸਹੀ ਫਰਮਾਇਆ, ਜਨਤਾ ਵੀ ਇਹੀ ਸੋਚਦੀ ਹੈ ਕਿ ਸਰਕਾਰ ਨੇ ਲੋਕਾਂ ਦੇ ਸੁਪਨਿਆਂ ਅਤੇ ਉਨ੍ਹਾਂ ਦੇ ਭਰੋਸੇ ਨੂੰ ਆਪਣੇ ਲਾਭ ਦਾ ਸ਼ਿਕਾਰ ਬਣਾਇਆ ਹੈ।
ਗਡਕਰੀ ਦੇ ਇਸ ਬਿਆਨ ਨਾਲ ਪ੍ਰਮੁੱਖ ਵਿਰੋਧੀ ਪਾਰਟੀ ਕਾਂਗਰਸ ਅਤੇ ਦੂਸਰੇ ਵਿਰੋਧੀ ਦਲਾਂ ਨੂੰ ਭਾਜਪਾ ਨੂੰ ਘੇਰਨ ਦਾ ਇੱਕ ਹੋਰ ਮੌਕਾ ਮਿਲ ਗਿਆ ਹੈ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਇਨ੍ਹੀਂ ਦਿਨੀਂ ਆਪਣੀਆਂ ਚੋਣ ਰੈਲੀਆਂ 'ਚ ਰਾਫ਼ੇਲ ਸਮਝੌਤਾ, ਨੋਟਬੰਦੀ, ਜੀ ਐੱਸ ਟੀ ਤੋਂ ਇਲਾਵਾ ਰੁਜ਼ਗਾਰ ਅਤੇ ਕਾਲਾ ਧਨ ਨੂੰ ਲੈ ਕੇ ਵਾਅਦਿਆਂ 'ਤੇ ਵੀ ਸਰਕਾਰ ਨੂੰ ਘੇਰ ਰਹੇ ਹਨ।

57 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper