ਨਵੀਂ ਦਿੱਲੀ
(ਨਵਾਂ ਜ਼ਮਾਨਾ ਸਰਵਿਸ)
ਸਾਊਥ ਵੈਸਟ ਦਿੱਲੀ ਦੇ ਵਸੰਤ ਕੁੰਜ ਥਾਣਾ ਇਲਾਕੇ 'ਚ ਇੱਕ ਪਰਵਾਰ ਦੇ ਤਿੰਨ ਲੋਕਾਂ ਦੀ ਹੱਤਿਆ ਕਰ ਦਿੱਤੀ ਗਈ। ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਮਰਨ ਵਾਲਿਆਂ 'ਚ ਮਿਥਲੇਸ਼, ਉਨ੍ਹਾਂ ਦੀ ਪਤਨੀ ਸਿਆ ਅਤੇ ਲੜਕੀ ਨੇਹਾ ਸ਼ਾਮਲ ਹੈ। ਉਨ੍ਹਾਂ ਨੂੰ ਚਾਕੂ ਨਾਲ ਹਮਲਾ ਕਰਕੇ ਮਾਰਿਆ ਗਿਆ। ਇਸ ਹਮਲੇ 'ਚ ਮਿਥਲੇਸ਼ ਦਾ ਲੜਕਾ ਸੂਰਜ ਵੀ ਗੰਭੀਰ ਰੂਪ 'ਚ ਜ਼ਖ਼ਮੀ ਹੋਇਆ ਹੈ। ਉਹ ਹਸਪਤਾਲ ਜ਼ਿੰਦਗੀ ਅਤੇ ਮੌਤ ਦੇ ਵਿਚਕਾਰ ਜੂਝ ਰਿਹਾ ਹੈ।
ਸਵੇਰੇ ਜਦ ਘਟਨਾ ਦੀ ਜਾਣਕਾਰੀ ਮਿਲੀ ਤਾਂ ਮੌਕੇ 'ਤੇ ਲੋਕਲ ਪੁਲਸ ਅਤੇ ਆਲ੍ਹਾ ਅਧਿਕਾਰੀ ਪਹੁੰਚ ਗਏ। ਫ਼ਿਲਹਾਲ ਇਹ ਸਾਫ਼ ਨਹੀਂ ਹੋ ਸਕਿਆ ਕਿ ਹੱਤਿਆ ਦਾ ਕਾਰਨ ਕੀ ਹੈ। ਜਿਸ ਤਰ੍ਹਾਂ ਇਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਜਾਣਕਾਰੀ ਮਿਲੀ, ਉਹ ਘਰ ਪਹੁੰਚਣ ਲੱਗੇ। ਖ਼ਬਰ ਲਿਖੇ ਜਾਣ ਤੱਕ ਮੌਕੇ 'ਤੇ ਜੁਆਇੰਟ ਸੀ ਪੀ ਅਜੈ ਚੌਧਰੀ ਪਹੁੰਚੇ ਹੋਏ ਸਨ। ਦੱਸਿਆ ਜਾ ਰਿਹਾ ਹੈ ਕਿ ਮਿਥਲੇਸ਼ ਸਮਾਜਿਕ ਸੰਗਠਨ ਨਾਲ ਜੁੜੇ ਹੋਏ ਸਨ। ਜੁਆਇੰਟ ਸੀ ਪੀ ਨੇ ਦੱਸਿਆ ਕਿ ਸਵੇਰੇ 5 ਵਜੇ ਦੇ ਕਰੀਬ ਪੁਲਸ ਨੂੰ ਫੋਨ ਆਇਆ ਕਿ ਘਰ 'ਚ ਚੋਰੀ ਅਤੇ ਝਗੜਾ ਹੋਇਆ ਹੈ।
ਪੁਲਸ ਜਦ ਮੌਕੇ 'ਤੇ ਪਹੁੰਚੀ ਤਾਂ ਪਤਾ ਚੱਲਿਆ ਕਿ ਇਸ ਪਰਵਾਰ 'ਚ ਤਿੰਨ ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ ਲੜਕਾ ਜ਼ਖ਼ਮੀ ਹੈ। ਪੁਲਸ ਨੇ ਜਾਂਚ ਲਈ 8 ਟੀਮਾਂ ਬਣਾਈਆਂ ਹਨ। ਸੂਤਰਾਂ ਅਨੁਸਾਰ ਕੁਝ ਸੁਰਾਗ ਪੁਲਸ ਦੇ ਹੱੱਥ ਲੱਗੇ ਹਨ। ਉਨ੍ਹਾਂ ਦੇ ਸਿਰੇ ਜੋੜ ਕੇ ਹੱਤਿਆ ਨੂੰ ਖੋਜਿਆ ਜਾ ਰਿਹਾ ਹੈ। ਕੁਝ ਸ਼ੱਕੀ ਲੋਕਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਸ ਨੂੰ ਯਕੀਨ ਹੈ ਕਿ ਇਹ ਦੋਸ਼ੀਆਂ ਨੂੰ ਤਲਾਸ਼ ਲਵੇਗੀ।