ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਆਮਦਨ ਕਰ ਵਿਭਾਗ ਨੇ ਬੁੱਧਵਾਰ ਸਵੇਰੇ ਦਿੱਲੀ ਸਰਕਾਰ ਦੇ ਇੱਕ ਮੰਤਰੀ ਦੇ ਠਿਕਾਣਿਆਂ 'ਤੇ ਛਾਪੇ ਮਾਰੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਆਈ ਟੀ ਡਿਪਾਰਟਮੈਂਟ ਨੇ ਆਪ ਸਰਕਾਰ ਦੇ ਮੰਤਰੀ ਕੈਲਾਸ਼ ਗਹਿਲੋਤ ਨਾਲ ਜੁੜੇ 16 ਠਿਕਾਣਿਆਂ ਦੀ ਤਲਾਸ਼ੀ ਲਈ ਹੈ। ਉਧਰ ਆਮ ਆਦਮੀ ਪਾਰਟੀ ਨੇ ਆਈ ਟੀ ਦੇ ਛਾਪਿਆਂ ਨੂੰ ਰਾਜਨੀਤਕ ਬਦਲੇ ਦੀ ਕਾਰਵਾਈ ਦੱਸਿਆ ਹੈ। ਛਾਪਿਆਂ ਤੋਂ ਬਾਅਦ ਆਪ ਟੀ ਟਵਿਟਰ ਹੈਂਡਲ ਨਾਲ ਟਵੀਟ ਕਰਕੇ ਕਿਹਾ ਕਿ ਅਸੀਂ ਜਨਤਾ ਨੂੰ ਸਸਤੀ ਬਿਜਲੀ ਦੇ ਰਹੇ ਹਾਂ, ਮੁਫ਼ਤ ਪਾਣੀ ਦੇ ਰਹੇ ਹਾਂ, ਚੰਗੀ ਸਿੱਖਿਆ ਅਤੇ ਸਿਹਤ ਸਹੂਲਤਾਂ ਦੇ ਰਹੇ ਹਾਂ। ਸਰਕਾਰੀ ਸੇਵਾਵਾਂ ਘਰ-ਘਰ ਤੱਕ ਪਹੁੰਚਾ ਰਹੇ ਹਾਂ ਅਤੇ ਉਹ ਸੀ ਬੀ ਆਈ, ਈ ਡੀ ਤੋਂ ਸਾਡੇ ਮੰਤਰੀਆਂ ਅਤੇ ਨੇਤਾਵਾਂ ਦੇ ਘਰਾਂ 'ਚ ਛਾਪੇ ਮਰਵਾ ਰਹੇ ਹਨ।
ਖੁਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਕਰਕੇ ਕੇਂਦਰ ਸਰਕਾਰ 'ਤੇ ਹਮਲਾ ਬੋਲਿਆ। ਕੇਜਰੀਵਾਲ ਨੇ ਕਿਹਾ, 'ਨੀਰਵ ਮੋਦੀ, ਮਾਲਿਆ ਨਾਲ ਦੋਸਤੀ ਅਤੇ ਸਾਡੇ 'ਤੇ ਛਾਪੇ ਮਰਵਾਉਂਦੇ ਓ ਜੀ, ਤੁਸੀਂ ਮੇਰੇ 'ਤੇ ਅਤੇ ਸਾਡੇ ਹੋਰ ਨੇਤਾਵਾ 'ਤੇ ਵੀ ਛਾਪੇ ਮਰਵਾਏ ਸਨ? ਉਨ੍ਹਾਂ ਦਾ ਕੀ ਹੋਇਆ? ਕੁਝ ਮਿਲਿਆ? ਨਹੀਂ ਮਿਲਿਆ? ਤਾਂ ਅਗਲੇ ਛਾਪੇ ਮਾਰਨ ਤੋਂ ਪਹਿਲਾਂ ਦਿੱਲੀ ਵਾਲਿਆਂ ਤੋਂ ਉਨ੍ਹਾਂ ਦੀ ਚੁਣੀ ਸਰਕਾਰ ਨੂੰ ਲਗਾਤਾਰ ਪ੍ਰੇਸ਼ਾਨ ਕਰਨ ਲਈ ਮੁਆਫ਼ੀ ਤਾਂ ਮੰਗ ਲਵੋ।' ਆਮਦਨ ਕਰ ਵਿਭਾਗ ਦੇ ਸੂਤਰਾਂ ਅਨੁਸਾਰ ਕੈਲਾਸ਼ ਗਹਿਲੋਤ ਦੇ ਦਿੱਲੀ ਅਤੇ ਗੁਰੂ ਗਰਾਮ ਸਥਿਤ 16 ਸਥਾਨਾਂ 'ਤੇ ਛਾਪੇ ਮਾਰੇ ਗਏ।