Latest News
ਵਿਦਿਆਰਥੀ ਅੰਦੋਲਨ ਦੇ ਸਨਮੁੱਖ

Published on 11 Oct, 2018 10:44 AM.


ਪਿਛਲੇ ਕੁਝ ਸਮੇਂ ਤੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਕੁੜੀਆਂ ਦੇ ਹੋਸਟਲ ਨੂੰ 24 ਘੰਟੇ ਖੁੱਲ੍ਹਾ ਰੱਖਣ ਤੇ ਹੋਰ ਮੰਗਾਂ ਦੇ ਸੰਬੰਧ ਵਿੱਚ ਵਿਦਿਆਰਥੀ ਅੰਦੋਲਨ ਕਰ ਰਹੇ ਹਨ। ਇਸ ਅੰਦੋਲਨ ਨੂੰ ਖੱਬੇ ਪੱਖੀ ਵਿਦਿਆਰਥੀ ਸੰਗਠਨ ਆਲ ਇੰਡੀਆ ਸਟੂਡੈਂਟਸ ਫ਼ੈਡਰੇਸ਼ਨ, ਸਟੂਡੈਂਟਸ ਫ਼ੈਡਰੇਸ਼ਨ ਆਫ਼ ਇੰਡੀਆ ਤੇ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਕਾਇਮ ਕੀਤੇ ਸਾਂਝੇ ਸੰਗਠਨ ਡੈਮੋਕਰੇਟਿਕ ਸਟੂਡੈਂਟਸ ਆਗਰੇਨਾਈਜ਼ੇਸ਼ਨ ਰਾਹੀਂ ਚਲਾਇਆ ਜਾ ਰਿਹਾ ਹੈ। ਦੂਜੇ ਪਾਸੇ ਕੁਝ ਵਿਦਿਆਰਥੀ ਜਥੇਬੰਦੀਆਂ ਜਿਨ੍ਹਾਂ ਵਿੱਚ ਕਾਂਗਰਸ ਨਾਲ ਸੰਬੰਧਤ ਐੱਨ ਐੱਸ ਯੂ ਆਈ, ਭਾਜਪਾ ਦਾ ਵਿਦਿਆਰਥੀ ਵਿੰਗ ਏ ਬੀ ਵੀ ਪੀ ਤੇ ਅਕਾਲੀ ਦਲ ਵੱਲੋਂ ਗਠਤ ਐੱਸ ਓ ਆਈ ਇਹਨਾਂ ਮੰਗਾਂ ਦਾ ਵਿਰੋਧ ਕਰ ਰਹੇ ਹਨ। ਯੂਨੀਵਰਸਿਟੀ ਦੇ ਪ੍ਰੋਫ਼ੈਸਰ ਵੀ ਦੋ ਗਰੁੱਪਾਂ ਵਿੱਚ ਵੰਡੇ ਜਾ ਚੁੱਕੇ ਹਨ। ਕੁਝ ਪ੍ਰੋਫ਼ੈਸਰ ਅੰਦੋਲਨਕਾਰੀਆਂ ਦੀਆਂ ਰੈਲੀਆਂ ਨੂੰ ਸੰਬੋਧਨ ਕਰ ਚੁੱਕੇ ਹਨ ਅਤੇ ਕੁਝ ਦੂਜੇ ਵਿਦਿਆਰਥੀ ਸੰਗਠਨਾਂ ਨਾਲ ਖੜੇ ਹੋ ਕੇ ਮੰਗਾਂ ਦਾ ਵਿਰੋਧ ਕਰਦੇ ਹਨ।
ਅੰਦੋਲਨਕਾਰੀਆਂ ਤੇ ਯੂਨੀਵਰਸਿਟੀ ਪ੍ਰਬੰਧਕਾਂ ਵਿਚਕਾਰ ਕਈ ਮੀਟਿੰਗਾਂ ਹੋ ਚੁੱਕੀਆਂ ਹਨ, ਪਰ ਮਸਲੇ ਦਾ ਨਿਬੇੜਾ ਨਹੀਂ ਹੋ ਸਕਿਆ। ਯੂਨੀਵਰਸਿਟੀ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਉਹ ਵਿਦਿਆਰਥੀਆਂ ਦੀਆਂ ਬਾਕੀ ਮੰਗਾਂ ਮੰਨਣ ਨੂੰ ਤਿਆਰ ਹਨ, ਪਰ ਗਰਲਜ਼ ਹੋਸਟਲ 24 ਘੰਟੇ ਖੁੱਲ੍ਹਾ ਰੱਖਣ ਦੀ ਮੰਗ ਬਿਲਕੁੱਲ ਮੰਨਣ ਲਈ ਤਿਆਰ ਨਹੀਂ। ਦੂਜੇ ਵਿੱਚ ਲੜਕੀਆਂ ਦੇ ਪ੍ਰਤੀਨਿਧਾਂ ਦਾ ਕਹਿਣਾ ਹੈ ਕਿ ਜਦੋਂ ਲੜਕਿਆਂ ਦਾ ਹੋਸਟਲ 24 ਘੰਟੇ ਖੁੱਲ੍ਹਾ ਰਹਿ ਸਕਦਾ ਹੈ ਤਾਂ ਲੜਕੀਆਂ ਦਾ ਕਿਉਂ ਨਹੀਂ? ਉਹਨਾਂ ਦਾ ਕਹਿਣਾ ਹੈ ਕਿ ਇੱਕ ਪਾਸੇ ਔਰਤ-ਮਰਦ ਦੀ ਬਰਾਬਰਤਾ ਦੀ ਗੱਲ ਕੀਤੀ ਜਾਂਦੀ ਹੈ, ਦੂਜੇ ਪਾਸੇ ਉਹਨਾਂ ਨੂੰ ਹੋਸਟਲ ਵਿੱਚ ਕੈਦੀਆਂ ਵਾਂਗ ਰੱਖਿਆ ਜਾਂਦਾ ਹੈ। ਸਭ ਤੋਂ ਚਿੰਤਾ ਵਾਲੀ ਗੱਲ ਇਹ ਹੈ ਕਿ ਇਸ ਸਮੇਂ ਵਿਦਿਆਰਥੀਆਂ ਨੂੰ ਹੀ ਵਿਦਿਆਰਥੀਆਂ ਦੇ ਵਿਰੁੱਧ ਮੈਦਾਨ ਵਿੱਚ ਉਤਾਰਿਆ ਜਾ ਰਿਹਾ ਹੈ। ਹੁਣ ਤੱਕ ਦੋ ਵਾਰ ਝਗੜੇ ਹੋ ਚੁੱਕੇ ਹਨ। 18 ਸਤੰਬਰ ਨੂੰ ਹੋਏ ਅਜਿਹੇ ਹੀ ਝਗੜੇ ਤੋਂ ਬਾਅਦ ਯੂਨੀਵਰਸਿਟੀ ਨੂੰ ਦੋ ਦਿਨ ਲਈ ਬੰਦ ਰੱਖਣਾ ਪਿਆ ਸੀ। ਬੀਤੇ ਮੰਗਲਵਾਰ ਦੀ ਰਾਤ ਨੂੰ ਫਿਰ ਵਿਦਿਆਰਥੀਆਂ ਵਿੱਚ ਕੁੱਟਮਾਰ ਹੋਈ ਅਤੇ ਕਈ ਵਿਦਿਆਰਥੀ ਜ਼ਖ਼ਮੀ ਹੋਏ। ਅੰਦੋਲਨਕਾਰੀ ਵਿਦਿਆਰਥੀਆਂ ਦਾ ਦੋਸ਼ ਹੈ ਕਿ ਵਿਰੋਧੀ ਗਰੁੱਪ ਵੱਲੋਂ ਉਹਨਾਂ ਉੱਤੇ ਗਿਣ-ਮਿੱਥ ਕੇ ਹਮਲਾ ਕੀਤਾ ਗਿਆ। ਇਸ ਹਮਲੇ ਵਿੱਚ ਡੀ ਐੱਸ ਓ ਨਾਲ ਸੰਬੰਧਤ ਛੇ ਵਿਦਿਆਰਥੀ ਜ਼ਖ਼ਮੀ ਹੋ ਗਏ ਸਨ। ਡੀ ਐੱਸ ਓ ਆਗੂ ਅਮਰਜੀਤ ਸਿੰਘ ਦਾ ਦੋਸ਼ ਹੈ ਕਿ 50-60 ਜਣਿਆਂ ਧਰਨੇ ਉੱਤੇ ਬੈਠੇ ਲੜਕੀਆਂ ਤੇ ਲੜਕਿਆਂ ਉੱਤੇ ਹਮਲਾ ਬੋਲ ਦਿੱਤਾ। ਉਹਨਾ ਇਹ ਵੀ ਦੋਸ਼ ਲਾਇਆ ਕਿ ਇਹ ਹਮਲਾ ਯੂਨੀਵਰਸਿਟੀ ਦੇ ਇੱਕ ਅਧਿਕਾਰੀ ਦੀ ਸ਼ਹਿ ਉੱਤੇ ਹੋਇਆ। ਵਿਦਿਆਰਥੀ ਆਗੂ ਨੇ ਕਿਹਾ ਕਿ ਸਾਨੂੰ ਪਤਾ ਲੱਗ ਗਿਆ ਸੀ ਕਿ ਹਮਲਾ ਹੋ ਸਕਦਾ ਹੈ, ਇਸ ਲਈ ਅਸੀਂ ਯੂਨੀਵਰਸਿਟੀ ਅਥਾਰਟੀ ਨੂੰ ਅਗਾਊਂ ਸੂਚਿਤ ਕਰ ਦਿੱਤਾ ਸੀ, ਪਰ ਸਾਡੀ ਗੱਲ ਗੌਲੀ ਨਾ ਗਈ। ਜਦੋਂ ਇੱਕ ਵੱਡੇ ਵਿਦਿਆਰਥੀ ਗੁੱਟ ਨੇ ਕ੍ਰਿਪਾਨਾਂ ਤੇ ਹਾਕੀਆਂ ਨਾਲ ਉਹਨਾਂ 'ਤੇ ਹਮਲਾ ਕੀਤਾ ਤਾਂ ਕੈਂਪਸ ਸਕਿਉਰਿਟੀ ਵਾਲੇ ਵੀ ਤਮਾਸ਼ਬੀਨ ਬਣੇ ਰਹੇ। ਇਸ ਝਗੜੇ ਤੋਂ ਬਾਅਦ 12 ਵਿਦਿਆਰਥੀਆਂ ਉੱਤੇ ਕੇਸ ਦਰਜ ਕੀਤੇ ਗਏ ਹਨ। ਇਹ ਸਾਰੇ ਉਹ ਵਿਦਿਆਰਥੀ ਹਨ, ਜਿਨ੍ਹਾਂ ਨੇ ਅੰਦੋਲਨਕਾਰੀਆਂ ਉੱਤੇ ਹਮਲਾ ਕੀਤਾ ਸੀ। ਯੂਨੀਵਰਸਿਟੀ ਪ੍ਰਬੰਧਕਾਂ ਵੱਲੋਂ 11 ਤੇ 12 ਅਕਤੂਬਰ ਨੂੰ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ।
ਇਸ ਘਟਨਾ ਤੋਂ ਬਾਅਦ ਹੋਰ ਜਨਤਕ ਜਥੇਬੰਦੀਆਂ ਵੀ ਅੰਦੋਲਨ ਕਰ ਰਹੇ ਵਿਦਿਆਰਥੀਆਂ ਦੇ ਹੱਕ ਵਿੱਚ ਖੜੀਆਂ ਹੋ ਗਈਆਂ ਹਨ। ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਪ੍ਰਧਾਨ ਸੁੱਚਾ ਸਿੰਘ ਨੇ ਕਿਹਾ ਹੈ ਕਿ ਹੋਰ ਜਨਤਕ ਜਥੇਬੰਦੀਆਂ ਨੂੰ ਲੈ ਕੇ 15 ਅਕਤੂਬਰ ਨੂੰ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਜਗਾਉਣ ਲਈ ਰੋਸ ਮਾਰਚ ਕੱਢਿਆ ਜਾਵੇਗਾ। ਉਧਰ ਕੈਂਪਸ ਨਿਵਾਸੀ ਟੀਚਿੰਗ ਤੇ ਨਾਨ-ਟੀਚਿੰਗ ਮੁਲਾਜ਼ਮਾਂ ਨੇ ਧਮਕੀ ਦਿੱਤੀ ਹੈ ਕਿ ਜੇਕਰ ਇਸ ਮਾਮਲੇ ਵਿੱਚ ਕਾਰਵਾਈ ਨਾ ਕੀਤੀ ਗਈ ਤਾਂ ਉਹ ਆਪਣੇ ਕੰਮ ਤੇ ਕਲਾਸਾਂ ਦਾ ਬਾਈਕਾਟ ਕਰ ਦੇਣਗੇ। ਇਸ ਸਮੇਂ ਜਿਸ ਤਰ੍ਹਾਂ ਅੰਦੋਲਨਕਾਰੀਆਂ ਅਤੇ ਉਹਨਾਂ ਦੇ ਵਿਰੋਧੀਆਂ ਵਿੱਚ ਸਫਬੰਦੀ ਤਿੱਖਾ ਰੂਪ ਲੈ ਰਹੀ, ਇਸ ਨਾਲ ਆਉਂਦੇ ਸਮੇਂ ਟਕਰਾਅ ਹੋਰ ਵਧ ਸਕਦਾ ਹੈ।
ਯੂਨੀਵਰਸਿਟੀ ਅਧਿਕਾਰੀਆਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਵਿਦਿਆਰਥਣਾਂ ਵੱਲੋਂ ਸ਼ੁਰੂ ਕੀਤੀ ਗਏ 'ਪਿੰਜਰਾ ਤੋੜ' ਮੁਹਿੰਮ ਤਿੰਨ ਸਾਲ ਪਹਿਲਾਂ ਦਿੱਲੀ ਯੂਨੀਵਰਸਿਟੀ ਤੋਂ ਸ਼ੁਰੂ ਹੋਈ ਸੀ। ਅੱਜ ਇਹ ਉੜੀਸਾ ਦੀ ਰਾਜਧਾਨੀ ਭੁਬਨੇਸ਼ਵਰ, ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ, ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਤੇ ਕੇਰਲਾ ਦੇ ਕੋਟਿਆਮ ਤੋਂ ਲੈ ਕੇ ਰਾਜਸਥਾਨ ਦੇ ਅਜਮੇਰ ਤੱਕ ਪੁੱਜ ਚੁੱਕੀ ਹੈ। ਇਹਨਾਂ ਥਾਵਾਂ ਵਿੱਚੋਂ ਬਹੁਤ ਸਾਰੇ ਵਿਦਿਅਕ ਅਦਾਰਿਆਂ ਵਿੱਚ ਵਿਦਿਆਰਥਣਾਂ ਆਪਣੀਆਂ ਮੰਗਾਂ ਮੰਨਵਾਉਣ ਵਿੱਚ ਕਾਮਯਾਬ ਹੋਈਆਂ ਹਨ। ਹੋਰ ਬਹੁਤ ਸਾਰੇ ਕਾਲਜਾਂ ਤੇ ਯੂਨੀਵਰਸਿਟੀਆਂ ਵਿੱਚ ਲੜਾਈ ਜਾਰੀ ਹੈ।
ਅਸੀਂ ਯੂਨੀਵਰਸਿਟੀ ਪ੍ਰਬੰਧਕਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਆਪਣੀ ਜ਼ਿੰਮੇਵਾਰੀ ਨੂੰ ਸਮਝਣ। ਹੱਥ-ਠੋਕੇ ਵਿਦਿਆਰਥੀ ਗਰੁੱਪ ਖੜੇ ਕਰ ਕੇ ਪ੍ਰਬੰਧਕਾਂ ਵੱਲੋਂ ਵਿਦਿਆਰਥੀ ਅੰਦੋਲਨਾਂ ਨੂੰ ਕੁਚਲਣ ਵਾਲਾ ਤਰੀਕਾ ਹੁਣ ਪੁਰਾਣਾ ਹੋ ਚੁੱਕਾ ਹੈ। ਯੂਨੀਵਰਸਿਟੀ ਪ੍ਰਬੰਧਕਾਂ ਦਾ ਫਰਜ਼ ਬਣਦਾ ਹੈ ਕਿ ਉਹ ਸਮੇਂ ਦੀ ਨਬਜ ਪਛਾਨਣ। ਉਹਨਾਂ ਨੂੰ ਤੁਰੰਤ ਸਭ ਧਿਰਾਂ ਨਾਲ ਗੱਲਬਾਤ ਕਰ ਕੇ ਮਸਲੇ ਦਾ ਨਿਬੇੜਾ ਕਰਨਾ ਚਾਹੀਦਾ ਹੈ। ਕਿਸੇ ਧਿਰ ਵੱਲੋਂ ਵੀ ਅੜੀਅਲ ਰਵੱਈਆ ਨਾ ਯੂਨੀਵਰਸਿਟੀ ਦੇ ਹਿੱਤ ਵਿੱਚ ਹੈ, ਨਾ ਪ੍ਰਬੰਧਕਾਂ ਦੇ ਤੇ ਨਾ ਹੀ ਵਿਦਿਆਰਥੀਆਂ ਦੇ।

1348 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper