Latest News
ਹੱਤਿਆ ਦੇ ਮਾਮਲੇ 'ਚ ਰਾਮਪਾਲ ਦੋਸ਼ੀ ਕਰਾਰ

Published on 11 Oct, 2018 10:48 AM.


ਹਿਸਾਰ (ਨਵਾਂ ਜ਼ਮਾਨਾ ਸਰਵਿਸ)
ਸਤਲੋਕ ਆਸ਼ਰਮ ਦੇ ਵਿਵਾਦਤ ਸੰਤ ਰਾਮਪਾਲ ਨੂੰ ਦੋਸ਼ੀ ਕਰਾਰ ਦੇ ਦਿੱਤਾ ਗਿਆ ਹੈ। ਫੈਸਲੇ ਲਈ ਸੈਂਟਰਲ ਜੇਲ੍ਹ 'ਚ ਹੀ ਅਦਾਲਤ ਲਗਾਈ ਗਈ ਅਤੇ ਜ਼ਿਲ੍ਹਾ ਸੈਸ਼ਨ ਜੱਜ ਡੀ ਆਰ ਚਾਲਿਆ ਨੇ ਮਾਮਲੇ ਦੀ ਸੁਣਵਾਈ ਕੀਤੀ। ਮਾਮਲਾ 2014 ਦਾ ਹੈ, ਜਦ ਰਾਮਪਾਲ ਦੇ ਆਸ਼ਰਮ 'ਚ ਭੜਕੀ ਹਿੰਸਾ ਵਿੱਚ 7 ਲੋਕਾਂ ਦੀ ਮੌਤ ਹੋਈ ਸੀ, ਜਿਸ 'ਚ 5 ਔਰਤਾਂ ਅਤੇ 1 ਬੱਚਾ ਵੀ ਸ਼ਾਮਲ ਸੀ। ਫੈਸਲੇ ਤੋਂ ਬਾਅਦ ਰਾਮਪਾਲ ਦੇ ਸਮਰਥਕਾਂ ਦੁਆਰਾ ਹਿੰਸਾ ਹੋਣ ਦੇ ਸ਼ੱਕ ਦੇ ਚਲਦੇ ਜੇਲ੍ਹ ਦੇ ਅੰਦਰ ਹੀ ਵੀਡੀਓ ਕਾਨਫਰੰਸ ਜ਼ਰੀਏ ਰਾਮਪਾਲ ਦੀ ਪੇਸ਼ੀ ਹੋਈ।
ਇਸ ਫੈਸਲੇ ਨੂੰ ਦੇਖਦੇ ਹੋਏ ਵੀਰਵਾਰ ਸਵੇਰ ਤੋਂ ਹੀ ਪੂਰੇ ਹਿਸਾਰ 'ਚ ਸਖ਼ਤ ਸੁਰੱਖਿਆ ਬੰਦੋਬਸਤ ਕੀਤੇ ਗਏ ਸਨ। ਬੁੱਧਵਾਰ ਨੂੰ ਹੀ ਜ਼ਿਲ੍ਹੇ 'ਚ ਧਾਰਾ 144 ਲਾ ਦਿੱਤੀ ਗਈ ਸੀ। ਕਰੀਬ 2000 ਸੁਰੱਖਿਆ ਬਲਾਂ ਦੀ ਨਿਯੁਕਤੀ ਕੀਤੀ ਗਈ। ਕਾਨੂੰਨ ਵਿਵਸਥਾ ਦੀ ਸਥਿਤੀ ਬਣਾਏ ਰੱਖਣ ਅਤੇ ਰਾਮਪਾਲ ਦੇ ਸਮਰਥਕਾਂ ਦੀ ਭੀੜ ਦਾ ਹਿਸਾਰ ਸ਼ਹਿਰ 'ਚ ਪ੍ਰਵੇਸ਼ ਰੋਕਣ ਲਈ 48 ਪੁਲਸ ਨਾਕੇ ਲਾਏ ਗਏ ਸਨ। ਸ਼ਹਿਰ 'ਚ ਕਈ ਸਥਾਨਾਂ ਦੇ ਰੂਟ ਬਦਲੇ ਗਏ ਹਨ।
ਜ਼ਿਕਰਯੋਗ ਹੈ ਕਿ 18 ਨਵੰਬਰ 2014 ਨੂੰ ਸਤਲੋਕ ਆਸ਼ਰਮ ਦੇ ਸੰਚਾਲਕ ਰਾਮਪਾਲ ਨੂੰ ਬਰਵਾਲਾ ਸਥਿਤ ਉਸ ਦੇ ਆਸ਼ਰਮ ਵਿਚੋਂ ਬਾਹਰ ਕੱਢਣ ਲਈ ਪੁਲਸ ਨੇ ਅਭਿਆਨ ਚਲਾਇਆ ਸੀ।
ਕਾਰਵਾਈ ਤੋਂ ਪਹਿਲੇ ਦਿਨ ਬਹੁਤ ਲੋਕ ਜ਼ਖ਼ਮੀ ਹੋਏ, ਪਰ ਰਾਮਪਾਲ ਦੇ ਸਮਰਥਕ ਡਟੇ ਰਹੇ।
ਰਾਮਪਾਲ ਦੇ ਬਾਹਰ ਨਿਕਲਣ ਤੱਕ ਬਹੁਤ ਹਿੰਸਾ ਹੋਈ ਅਤੇ ਇਸ ਦੌਰਾਨ ਪੰਜ ਔਰਤਾਂ ਸਮੇਤ ਇੱਕ ਬੱਚੇ ਦੀ ਮੌਤ ਹੋਈ। ਪੁਲਸ ਨੇ ਹਿੰਸਾ ਦੇ ਇੱਕ ਮਾਮਲੇ 'ਚ ਰਾਮਪਾਲ ਤੋਂ ਇਲਾਵਾ 15 ਲੋਕਾਂ 'ਤੇ ਅਤੇ ਇੱਕ ਹੋਰ ਮਾਮਲੇ 'ਚ ਰਾਮਪਾਲ ਸਮੇਤ 14 ਲੋਕਾਂ 'ਤੇ ਕੇਸ ਦਰਜ ਕੀਤਾ ਸੀ।

91 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper