Latest News
ਕੈਪਟਨ ਵੱਲੋਂ ਕਾਮਨਵੈਲਥ ਤੇ ਏਸ਼ੀਆਈ ਖੇਡਾਂ ਦੇ ਜੇਤੂਆਂ ਨੂੰ ਪੁਰਸਕਾਰਾਂ ਦੇ ਗੱਫੇ

Published on 11 Oct, 2018 10:49 AM.


ਚੰਡੀਗੜ੍ਹ (ਨਵਾਂ ਜ਼ਮਾਨਾ ਸਰਵਿਸ)
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਾਮਨਵੈਲਥ ਅਤੇ ਏਸ਼ੀਆਈ ਖੇਡਾਂ-2018 ਵਿੱਚ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੇ 23 ਖਿਡਾਰੀਆਂ ਨੂੰ ਮਾਨਤਾ ਦੇਣ ਲਈ 15.55 ਕਰੋੜ ਰੁਪਏ ਦੇ ਸੂਬਾਈ ਖੇਡ ਪੁਰਸਕਾਰ ਭੇਟ ਕੀਤੇ। ਇਸ ਸਮਾਰੋਹ ਮੌਕੇ ਉੱਘੇ ਅਥਲੀਟ ਮਿਲਖਾ ਸਿੰਘ ਵੀ ਮੁੱਖ ਮੰਤਰੀ ਨਾਲ ਹਾਜ਼ਰ ਸਨ। ਇਸ ਮੌਕੇ ਖਿਡਾਰੀਆਂ ਨੂੰ ਸਰਟੀਫਿਕੇਟਾਂ ਦੇ ਨਾਲ-ਨਾਲ ਇਕ-ਇਕ ਐਪਲ ਆਈ ਫੋਨ ਵੀ ਦਿੱਤਾ ਗਿਆ। ਇਸ ਮੌਕੇ ਆਪਣੇ ਭਾਸ਼ਣ ਵਿੱਚ ਮੁੱਖ ਮੰਤਰੀ ਨੇ ਹੇਠਲੇ ਪੱਧਰ 'ਤੇ ਖੇਡਾਂ ਨੂੰ ਬੜ੍ਹਾਵਾ ਦੇਣ ਅਤੇ ਵੱਖ ਵੱਖ ਪਹਿਲਕਦਮੀਆਂ ਰਾਹੀਂ ਖੇਡਾਂ ਵਿੱਚ ਨੌਜਵਾਨਾਂ ਨੂੰ ਪ੍ਰੇਰਿਤ ਕਰਨ ਲਈ ਆਪਣੀ ਸਰਕਾਰ ਦੀ ਵਚਨਬੱਧਤਾ ਦੁਹਰਾਈ। ਉਨ੍ਹਾ ਭਰੋਸਾ ਪ੍ਰਗਟ ਕੀਤਾ ਕਿ ਅਗਲੀ ਉਲੰਪਿਕ ਵਿੱਚ ਪੰਜਾਬ ਦੇ ਖਿਡਾਰੀ ਪੂਰੀ ਤਰ੍ਹਾਂ ਚਮਕਣਗੇ, ਕਿਉਂਕਿ ਸੂਬੇ ਵਿੱਚ ਹੁਨਰ ਦੀ ਕੋਈ ਵੀ ਕਮੀ ਨਹੀਂ। ਪੰਜਾਬ ਸਰਕਾਰ ਉਲੰਪਿਕ ਵਿੱਚੋਂ ਮੈਡਲ ਪ੍ਰਾਪਤ ਕਰਨ ਲਈ ਉੱਘੇ ਖਿਡਾਰੀਆਂ ਦੀ ਊਰਜਾ ਅਤੇ ਹੁਨਰ ਨੂੰ ਦੀ ਢੁੱਕਵੇ ਢੰਗ ਨਾਲ ਵਰਤੋਂ ਕਰੇਗੀ।
ਮੁੱਖ ਮੰਤਰੀ ਵੱਲੋਂ ਸਨਮਾਨਤ ਕੀਤੇ ਖਿਡਾਰੀਆਂ ਵਿੱਚੋਂ ਹਿਨਾ ਸਿੱਧੂ ਨੂੰ 1.75 ਕਰੋੜ ਰੁਪਏ ਦਾ ਇਨਾਮ ਦਿੱਤਾ ਗਿਆ। ਉਸ ਨੇ ਕਾਮਨਵੈਲਥ ਅਤੇ ਏਸ਼ੀਆਈ ਖੇਡਾਂ ਵਿੱਚ ਪਿਸਟਲ ਸ਼ੂਟਿੰਗ ਵਿੱਚ ਸੋਨੇ, ਚਾਂਦੀ ਅਤੇ ਕਾਂਸੀ ਦੇ ਤਮਗੇ ਜਿੱਤੇ ਸਨ। ਪ੍ਰਨਾਬ ਚੋਪੜਾ (ਬੈਡਮਿੰਟਨ ਵਿੱਚ ਸੋਨ ਤਮਗਾ ਜਿੱਤਣ ਲਈ 75 ਲੱਖ ਰੁਪਏ), ਅੰਜੁਮ ਮੋਦਗਿਲ (ਸ਼ੂਟਿੰਗ ਵਿੱਚ ਚਾਂਦੀ ਦਾ ਤਮਗਾ ਜਿੱਤਣ ਲਈ 50 ਲੱਖ ਰੁਪਏ), ਨਵਜੀਤ ਕੌਰ ਢਿੱਲੋਂ (ਡਿਸਕਸ 'ਚ ਕਾਂਸੇ ਦਾ ਤਮਗਾ ਜਿੱਤਣ ਲਈ 40 ਲੱਖ ਰੁਪਏ), ਵਿਕਾਸ ਠਾਕੁਰ (ਵੇਟ ਲਿਫਟਿੰਗ ਵਿੱਚ ਕਾਂਸੇ ਦਾ ਤਮਗਾ ਜਿੱਤਣ ਲਈ 40 ਲੱਖ ਰੁਪਏ) ਨੂੰ ਸਨਮਾਨਤ ਕੀਤਾ ਗਿਆ। ਵੇਟ ਲਿਫਟਰ ਪ੍ਰਭਦੀਪ ਸਿੰਘ ਵੱਲੋਂ ਚਾਂਦੀ ਦਾ ਤਮਗਾ ਜਿੱਤਣ ਲਈ 50 ਲੱਖ ਰੁਪਏ ਦਾ ਇਨਾਮ ਉਸ ਦੀ ਮਾਤਾ ਨੇ ਪ੍ਰਾਪਤ ਕੀਤਾ। ਏਸ਼ੀਆਈ ਖੇਡਾਂ ਵਿੱਚ ਤਜਿੰਦਰ ਪਾਲ ਸਿੰਘ ਤੂਰ ਅਤੇ ਸਵਰਨ ਸਿੰਘ ਨੂੰ ਕ੍ਰਮਵਾਰ ਗੋਲਾ ਸੁੱਟਣ ਅਤੇ ਰੋਇੰਗ ਵਿੱਚ ਸੋਨ ਤਮਗਾ ਜਿੱਤਣ ਵਾਸਤੇ ਇਕ-ਇਕ ਕਰੋੜ ਰੁਪਏ ਦਾ ਇਨਾਮ ਦਿੱਤਾ ਗਿਆ। ਸੁਖਮੀਤ ਸਿੰਘ ਨੂੰ ਰੋਇੰਗ ਵਿੱਚ ਸੋਨ ਤਮਗਾ ਜਿੱਤਣ ਲਈ ਇਕ ਕਰੋੜ ਰੁਪਏ ਦਾ ਇਨਾਮ ਪ੍ਰਾਪਤ ਹੋਇਆ, ਜਦਕਿ ਤੀਹਰੀ ਛਾਲ (ਅਥਲੈਟਿਕਸ) ਵਿੱਚ ਸੋਨ ਤਮਗਾ ਜਿੱਤਣ ਲਈ ਅਰਪਿੰਦਰ ਸਿੰਘ ਨੂੰ ਇਕ ਕਰੋੜ ਰੁਪਏ ਦਾ ਇਨਾਮ ਮਿਲਿਆ ਹੈ। ਕਬੱਡੀ ਵਿੱਚ ਚਾਂਦੀ ਦਾ ਤਮਗਾ ਜਿੱਤਣ ਲਈ ਰਮਨਦੀਪ ਕੌਰ ਖਹਿਰਾ ਨੂੰ 75 ਲੱਖ ਰੁਪਏ, ਹਾਕੀ 'ਚ ਚਾਂਦੀ ਦਾ ਤਮਗਾ ਜਿੱਤਣ ਲਈ ਰੀਨਾ ਖੋਖਰ ਨੂੰ 75 ਲੱਖ ਰੁਪਏ, ਹਾਕੀ ਵਿੱਚ ਕਾਂਸੀ ਦਾ ਤਮਗਾ ਜਿੱਤਣ ਲਈ ਰੁਪਿੰਦਰ ਪਾਲ ਸਿੰਘ ਨੂੰ 50 ਲੱਖ ਰੁਪਏ, ਹਾਕੀ 'ਚ ਚਾਂਦੀ ਦਾ ਤਮਗਾ ਜਿੱਤਣ ਲਈ ਗੁਰਜੀਤ ਕੌਰ ਨੂੰ 75 ਲੱਖ ਰੁਪਏ ਅਤੇ ਹਾਕੀ ਵਿੱਚ ਕਾਂਸੀ ਦਾ ਤਮਗਾ ਜਿੱਤਣ ਲਈ ਅਕਾਸ਼ਦੀਪ ਸਿੰਘ ਨੂੰ 50 ਲੱਖ ਰੁਪਏ ਦਾ ਇਨਾਮ ਮਿਲਿਆ ਹੈ। ਅਕਾਸ਼ਦੀਪ ਸਿੰਘ ਵੱਲੋਂ ਇਹ ਇਨਾਮ ਉਸ ਦੇ ਪਿਤਾ ਨੇ ਪ੍ਰਾਪਤ ਕੀਤਾ, ਜਦਕਿ ਹਾਕੀ ਖਿਡਾਰੀ ਮਨਪ੍ਰੀਤ ਸਿੰਘ ਦੀ ਤਰਫੋਂ ਉਸ ਦੀ ਮਾਤਾ ਨੇ 50 ਲੱਖ ਰੁਪਏ ਦਾ ਇਨਾਮ ਪ੍ਰਾਪਤ ਕੀਤਾ।
ਜਕਾਰਤਾ ਏਸ਼ੀਆਈ ਖੇਡਾਂ ਵਿੱਚ ਕਾਂਸੀ ਦਾ ਤਮਗਾ ਜਿੱਤਣ ਵਾਲੇ ਹਾਕੀ ਖਿਡਾਰੀਆਂ ਵਿੱਚ ਸ਼ਾਮਲ ਹੋਰਨਾਂ ਖਿਡਾਰੀਆਂ ਨੂੰ ਵੀ 50-50 ਲੱਖ ਰੁਪਏ ਦਾ ਇਨਾਮ ਦਿੱਤਾ ਗਿਆ। ਇਨ੍ਹਾਂ ਖਿਡਾਰੀਆਂ ਵਿੱਚ ਮਨਦੀਪ ਸਿੰਘ, ਹਰਮਨਪ੍ਰੀਤ ਸਿੰਘ, ਸਿਮਰਨਜੀਤ ਸਿੰਘ, ਕ੍ਰਿਸ਼ਨਾ ਬਹਾਦਰ ਪਾਠਕ ਅਤੇ ਦਿਲਪ੍ਰੀਤ ਸਿੰਘ ਸ਼ਾਮਲ ਹਨ। ਰੋਇੰਗ ਵਿੱਚ ਕਾਂਸੀ ਦਾ ਤਮਗਾ ਜਿੱਤਣ ਲਈ ਭਗਵਾਨ ਸਿੰਘ ਨੂੰ 50 ਲੱਖ ਰੁਪਏ ਦਾ ਇਨਾਮ ਦਿੱਤਾ ਗਿਆ।
ਇਸ ਖੇਡ ਸਮਾਰੋਹ ਨੂੰ ਪੰਜਾਬ ਦੇ ਖੇਡ ਇਤਿਹਾਸ ਵਿੱਚ ਅਹਿਮ ਮੌਕੇ ਦੱਸਦਿਆਂ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਨੇ ਕਿਹਾ ਕਿ ਪੰਜਾਬੀਆਂ ਲਈ ਇਹ ਮਾਣ ਵਾਲੀ ਗੱਲ ਹੈ ਕਿ ਸੂਬੇ ਦੀ ਵਾਗਡੋਰ ਇਸ ਵੇਲੇ ਖੁਦ ਖਿਡਾਰੀ ਰਹੇ ਕੈਪਟਨ ਅਮਰਿੰਦਰ ਸਿੰਘ ਦੇ ਹੱਥਾਂ ਵਿੱਚ ਹੈ। ਉਨ੍ਹਾ ਕਿਹਾ ਕਿ ਸੂਬੇ ਨੇ ਹਾਲ ਹੀ ਵਿੱਚ ਵਿਆਪਕ ਖੇਡ ਨੀਤੀ ਨੂੰ ਅਮਲ ਵਿੱਚ ਲਿਆਂਦਾ ਹੈ, ਜਿਸ ਨਾਲ ਪੰਜਾਬ 'ਚ ਖੇਡਾਂ ਨੂੰ ਹੋਰ ਉਤਸ਼ਾਹ ਮਿਲੇਗਾ। ਖੇਡ ਮੰਤਰੀ ਨੇ ਕਿਹਾ ਕਿ ਪਟਿਆਲਾ ਵਿਖੇ ਖੇਡ ਯੂਨੀਵਰਸਿਟੀ ਸਥਾਪਤ ਕਰਨ ਲਈ ਜ਼ਮੀਨ ਦੀ ਸ਼ਨਾਖਤ ਕੀਤੀ ਜਾ ਚੁੱਕੀ ਹੈ। ਉਨ੍ਹਾ ਕਿਹਾ ਕਿ ਵਿਭਾਗ ਵੱਲੋਂ ਸੂਬੇ ਦੇ ਨਾਲ-ਨਾਲ ਜ਼ਿਲ੍ਹਾ ਪੱਧਰ 'ਤੇ ਮੈਰਾਥਨ ਦਾ ਆਯੋਜਨ ਕਰਵਾਇਆ ਜਾਵੇਗਾ। ਉਨ੍ਹਾ ਸਨਅਤੀ ਘਰਾਣਿਆਂ ਨੂੰ ਵੀ ਖੇਡਾਂ ਤੇ ਖਿਡਾਰੀਆਂ ਨੂੰ ਅਪਨਾਉਣ ਦਾ ਸੱਦਾ ਦਿੱਤਾ, ਤਾਂ ਕਿ ਸੂਬੇ ਵਿੱਚ ਖੇਡਾਂ ਨੂੰ ਹੋਰ ਵਧੇਰੇ ਮਜ਼ਬੂਤ ਕੀਤਾ ਜਾ ਸਕੇ। ਇਸ ਸਮਾਰੋਹ ਵਿੱਚ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ, ਵਿਧਾਇਕ ਪਰਗਟ ਸਿੰਘ ਅਤੇ ਪੰਜਾਬ ਉਲੰਪਿਕ ਐਸੋਸੀਏਸ਼ਨ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਵੀ ਹਾਜ਼ਰ ਸਨ।

97 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper