ਪਟਨਾ (ਨਵਾਂ ਜ਼ਮਾਨਾ ਸਰਵਿਸ)-ਪਟਨਾ ਦੇ ਬਾਪੂ ਸਭਾ ਸਾਗਰ 'ਚ ਚੱਲ ਰਹੇ ਜਦਯੂ ਵਿਦਿਆਰਥੀ ਸੰਗਮ ਦੌਰਾਨ ਮੁੱਖ ਮੰਤਰੀ ਨਿਤਿਸ਼ ਕੁਮਾਰ ਦੇ ਸਾਹਮਣੇ ਮੰਚ 'ਤੇ ਇੱਕ ਨੌਜਵਾਨ ਨੇ ਚੱਪਲ ਸੁੱਟ ਦਿੱਤੀ। ਅਚਾਨਕ ਹੋਈ ਇਸ ਘਟਨਾ ਤੋਂ ਬਾਅਦ ਮੁੱਖ ਮੰਤਰੀ ਦੇ ਸੁਰੱਖਿਆ ਮੁਲਾਜ਼ਮਾਂ ਨੇ ਤੁਰੰਤ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ।
ਵੀਰਵਾਰ ਬਾਪੂ ਸਭਾ ਸਾਗਰ 'ਚ ਜਦਯੂ ਵਿਦਿਆਰਥੀ ਸੰਗਮ ਚੱਲ ਰਿਹਾ ਹੈ, ਜਿਸ 'ਚ ਪੂਰੇ ਬਿਹਾਰ ਤੋਂ ਵੱਡੀ ਗਿਣਤੀ 'ਚ ਵਿਦਿਆਰਥੀ ਆਏ ਸਨ। ਇਸ ਪ੍ਰੋਗਰਾਮ 'ਚ ਮੁੱਖ ਮੰਤਰੀ ਨਿਤਿਸ਼ ਕੁਮਾਰ ਵੀ ਪਹੁੰਚੇ। ਮੁੱਖ ਮੰਤਰੀ ਤੋਂ ਇਲਾਵਾ ਪ੍ਰਸ਼ਾਂਤ ਕਿਸ਼ੋਰ ਸਮੇਤ ਪਾਰਟੀ ਦੇ ਕਈ ਨੇਤਾ ਵੀ ਮੌਜੂਦ ਹੋਏ। ਪ੍ਰੋਗਰਾਮ ਦੌਰਾਨ ਇੱਕ ਨੌਜਵਾਨ ਨੇ ਮੰਚ 'ਤੇ ਬੈਠੇ ਮੁੱਖ ਮੰਤਰੀ ਨਿਤਿਸ਼ ਕੁਮਾਰ ਵੱਲ ਚੱਪਲ ਸੁੱਟੀ। ਹਾਲਾਂਕਿ ਚੱਪਲ ਉਨ੍ਹਾ ਤੱਕ ਨਹੀ ਪਹੁੰਚੀ ਅਤੇ ਮੰਚ ਤੋਂ ਹੇਠਾਂ ਡਿੱਗ ਗਈ। ਅਚਾਨਕ ਹੋਈ ਇਸ ਘਟਨਾ ਤੋਂ ਬਾਅਦ ਮੁੱਖ ਮੰਤਰੀ ਦੇ ਸੁਰੱਖਿਆ ਮੁਲਾਜ਼ਮਾਂ ਨੇ ਤੁਰੰਤ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ। ਇਹ ਪਹਿਲਾ ਮੌਕਾ ਨਹੀਂ, ਜਦ ਮੁੱਖ ਮੰਤਰੀ ਨਿਤਿਸ਼ ਕੁਮਾਰ ਵੱਲ ਚੱਪਲ ਸੁੱਟੀ ਗਈ ਹੋਵੇ। ਇਸ ਤੋਂ ਪਹਿਲਾਂ ਜਨਵਰੀ 2016 'ਚ ਬਖਤਿਆਰਪੁਰ 'ਚ ਇੱਕ ਪ੍ਰੋਗਰਾਮ 'ਚ ਸ਼ਾਮਲ ਹੋਣ ਗਏ ਮੁੱਖ ਮੰਤਰੀ ਨਿਤਿਸ਼ ਕੁਮਾਰ 'ਤੇ ਕਿਸੇ ਨੇ ਜੁੱਤੀ ਸੁੱਟ ਦਿੱਤੀ ਸੀ। ਉਸ ਸਮੇਂ ਪ੍ਰੋਗਰਾਮ 'ਚ ਨਿਤਿਸ਼ ਕੁਮਾਰ ਔਰਤਾਂ ਨੂੰ 35 ਫੀਸਦੀ ਰਾਖਵਾਂਕਰਨ ਦੇਣ ਅਤੇ ਸ਼ਰਾਬਬੰਦੀ ਦੇ ਫੈਸਲੇ 'ਤੇ ਬੋਲ ਰਹੇ ਸਨ। ਉਸੇ ਸਮੇਂ ਇੱਕ ਨੌਜਵਾਨ ਨੇ ਉਨ੍ਹਾ ਵੱਲ ਜੁੱਤੀ ਸੁੱਟ ਦਿੱਤੀ ਹਾਲਾਂਕਿ, ਜੁੱਤੀ ਮੰਚ ਤੋਂ ਥੱਲੇ ਡਿੱਗ ਗਈ ਅਤੇ ਮੁੱਖ ਮੰਤਰੀ ਇਸ ਹਮਲੇ ਤੋਂ ਬਚ ਗਏ ਸਨ।