Latest News
ਮਾਮਲਾ ਸਬਰੀਮਾਲਾ ਮੰਦਰ 'ਚ ਔਰਤਾਂ ਦੇ ਦਾਖ਼ਲੇ ਦਾ

Published on 15 Oct, 2018 10:36 AM.


ਸਰਬ ਉੱਚ ਅਦਾਲਤ ਨੇ ਲੰਮੀ ਸੁਣਵਾਈ ਮਗਰੋਂ ਆਪਣਾ ਇਤਿਹਾਸਕ ਫ਼ੈਸਲਾ ਦਿੱਤਾ ਸੀ ਕਿ ਹਰ ਉਮਰ ਦੀਆਂ ਔਰਤਾਂ ਕੇਰਲਾ ਦੇ ਪ੍ਰਸਿੱਧ ਸਬਰੀਮਾਲਾ ਮੰਦਰ ਵਿੱਚ ਪ੍ਰਵੇਸ਼ ਕਰ ਕੇ ਪੂਜਾ ਅਰਚਣਾ ਕਰ ਸਕਦੀਆਂ ਹਨ। ਇਸ ਤੋਂ ਪਹਿਲਾਂ ਇਹ ਰਿਵਾਇਤ ਚਲੀ ਆ ਰਹੀ ਸੀ ਕਿ ਦਸ ਸਾਲ ਤੋਂ ਛੋਟੀਆਂ ਬਾਲੜੀਆਂ ਤੇ ਪੰਜਾਹ ਸਾਲ ਤੋਂ ਉੱਪਰ ਦੀਆਂ ਔਰਤਾਂ ਹੀ ਇਸ ਮੰਦਰ ਵਿੱਚ ਪ੍ਰਵੇਸ਼ ਕਰ ਸਕਦੀਆਂ ਹਨ।
ਸਾਡੇ ਸੰਵਿਧਾਨ ਨੇ ਔਰਤਾਂ ਨੂੰ ਬਰਾਬਰ ਦੇ ਹੱਕ ਦਿੱਤੇ ਹੋਏ ਹਨ, ਪਰ ਮਰਦ ਪ੍ਰਧਾਨ ਸਮਾਜ ਅੱਜ ਵੀ ਉਹਨਾਂ ਨੂੰ ਇਹਨਾਂ ਹੱਕਾਂ ਤੋਂ ਵਾਂਝਿਆਂ ਰੱਖਣ ਲਈ ਕਿਸੇ ਨਾ ਕਿਸੇ ਧਾਰਮਕ ਰਿਵਾਇਤ ਦਾ ਹਵਾਲਾ ਦਿੰਦਾ ਆ ਰਿਹਾ ਹੈ। ਕੁਝ ਸਮਾਂ ਪਹਿਲਾਂ ਉੱਚ ਅਦਾਲਤਾਂ ਨੇ ਮੁੰਬਈ ਦੀ ਪ੍ਰਸਿੱਧ ਹਾਜੀ ਅਲੀ ਦਰਗਾਹ ਤੇ ਮਹਾਰਾਸ਼ਟਰ ਦੇ ਸ਼ਨੀ ਦੇ ਮੰਦਰ ਵਿੱਚ ਔਰਤਾਂ ਨੂੰ ਪ੍ਰਵੇਸ਼ ਕਰਨ ਦੀ ਆਗਿਆ ਦੇ ਦਿੱਤੀ ਸੀ। ਇਹਨਾਂ ਦੋਹਾਂ ਧਰਮ ਅਸਥਾਨਾਂ ਦੇ ਪ੍ਰਬੰਧਕਾਂ ਵੱਲੋਂ ਅਦਾਲਤਾਂ ਦੇ ਫ਼ੈਸਲਿਆਂ ਨੂੰ ਪਰਵਾਨ ਕਰ ਲਿਆ ਗਿਆ ਸੀ, ਪਰ ਸਬਰੀਮਾਲਾ ਮੰਦਰ ਵਿੱਚ ਹਰ ਉਮਰ ਦੀਆਂ ਔਰਤਾਂ ਦੇ ਦਾਖ਼ਲੇ ਬਾਰੇ ਅਦਾਲਤ ਦੇ ਫ਼ੈਸਲੇ ਦਾ ਖ਼ੁਦ ਕੇਂਦਰੀ ਸ਼ਾਸਨ ਦੀ ਮੁੱਖ ਧਿਰ ਭਾਜਪਾ ਵੱਲੋਂ ਜ਼ੋਰਦਾਰ ਵਿਰੋਧ ਸ਼ੁਰੂ ਹੋ ਗਿਆ ਹੈ।
ਇਹ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਦੀ ਅਗਵਾਈ ਵਾਲੀ ਉਹੋ ਪਾਰਟੀ ਹੈ, ਜਿਸ ਨੇ ਚੋਣਾਂ ਵਿੱਚ ਇਸਤਰੀ ਜਾਤੀ ਦੀ ਹਮਾਇਤ ਹਾਸਲ ਕਰਨ ਲਈ ਹੋਰਨਾਂ ਨਾਹਰਿਆਂ ਸਮੇਤ 'ਬੇਟੀ ਬਚਾਓ, ਬੇਟੀ ਪੜ੍ਹਾਓ' ਦਾ ਨਾਹਰਾ ਲਾਇਆ ਸੀ। ਉਹਨਾਂ ਨੇ ਵੋਟਰਾਂ ਨਾਲ ਇਹ ਵਾਅਦਾ ਵੀ ਕੀਤਾ ਸੀ ਕਿ ਜੇ ਉਹ ਸੱਤਾ ਵਿੱਚ ਆ ਗਏ ਤਾਂ ਨਾਗਰਿਕਾਂ ਨੂੰ ਸੰਵਿਧਾਨ ਵਿੱਚ ਬਰਾਬਰੀ ਦੇ ਦਿੱਤੇ ਹੱਕਾਂ ਦੀ ਹਰ ਹਾਲਤ ਵਿੱਚ ਰਾਖੀ ਕਰਨਗੇ। ਹੁਣ ਉਹਨਾਂ ਨੇ ਸਬਰੀਮਾਲਾ ਮੰਦਰ ਵਿੱਚ ਔਰਤਾਂ ਦੇ ਦਾਖ਼ਲ ਹੋਣ ਬਾਰੇ ਅਦਾਲਤ ਦੇ ਫ਼ੈਸਲੇ ਦਾ ਜਥੇਬੰਦ ਢੰਗ ਨਾਲ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਲਈ ਉਹ ਉਸੇ ਕਿਸਮ ਦੇ ਹੱਥਕੰਡੇ ਅਪਣਾਉਣ ਦੇ ਰਾਹ ਪੈ ਗਏ ਹਨ, ਜਿਸ ਪ੍ਰਕਾਰ ਦੇ ਅਫ਼ਗ਼ਾਨਿਸਤਾਨ ਦੇ ਤਾਲਿਬਾਨ ਨੇ ਸੱਤਾ ਸੰਭਾਲਦੇ ਸਾਰ ਔਰਤਾਂ ਪ੍ਰਤੀ ਅਪਣਾਏ ਸਨ। ਉਹਨਾਂ ਨੇ ਔਰਤਾਂ ਦੇ ਸਿੱਖਿਆ ਦੇ ਅਧਿਕਾਰ ਨੂੰ ਪੈਰਾਂ ਹੇਠ ਰੋਲ ਦਿੱਤਾ ਸੀ ਤੇ ਇਹ ਆਦੇਸ਼ ਕੀਤਾ ਸੀ ਕਿ ਉਹ ਘਰ ਦੀ ਚਾਰ-ਦੀਵਾਰੀ ਦੇ ਅੰਦਰ ਹੀ ਰਹਿ ਸਕਦੀਆਂ ਹਨ। ਉਹ ਕਿਸੇ ਵੀ ਸਮਾਜੀ, ਆਰਥਕ ਜਾਂ ਰਾਜਕੀ ਕਾਰਜ ਵਿੱਚ ਹਿੱਸਾ ਨਹੀਂ ਲੈ ਸਕਦੀਆਂ।
ਲੋਕਤੰਤਰ ਵਿੱਚ ਹਰ ਵਿਅਕਤੀ ਨੂੰ ਵਿਚਾਰਾਂ ਦੇ ਪ੍ਰਗਟਾਵੇ ਤੇ ਅਸਹਿਮਤੀ ਜਤਾਉਣ ਦਾ ਹੱਕ ਹਾਸਲ ਹੈ। ਭਾਜਪਾ ਵੱਲੋਂ ਸਬਰੀਮਾਲਾ ਮੰਦਰ ਵਿੱਚ ਔਰਤਾਂ ਦੇ ਪ੍ਰਵੇਸ਼ ਬਾਰੇ ਸਰਬ ਉੱਚ ਅਦਾਲਤ ਦੇ ਫ਼ੈਸਲੇ ਦੇ ਵਿਰੋਧ ਦਾ ਜੋ ਅੰਦੋਲਨ ਸ਼ੁਰੂ ਹੋਇਆ ਹੈ, ਉਹ ਹਿੰਸਕ ਰੂਪ ਧਾਰਨ ਕਰਦਾ ਜਾ ਰਿਹਾ ਹੈ। ਇਸ ਸੰਬੰਧ ਵਿੱਚ ਭਾਜਪਾ ਵੱਲੋਂ ਆਯੋਜਤ ਮਾਰਚ ਨੂੰ ਸੰਬੋਧਨ ਕਰਦਿਆਂ ਹੋਇਆਂ ਮਲਿਆਲੀ ਫ਼ਿਲਮਾਂ ਦੇ ਅਦਾਕਾਰ ਕੋਲਮ ਥੂਲਾਸੀ ਨੇ ਇਹ ਧਮਕੀ ਦੇ ਮਾਰੀ ਕਿ ਜਿਹੜੀ ਵੀ ਔਰਤ ਸਬਰੀਮਾਲਾ ਮੰਦਰ ਵਿੱਚ ਦਾਖ਼ਲ ਹੋਣ ਦਾ ਹੀਆ ਕਰੇਗੀ, ਉਸ ਦੇ ਦੋ ਟੋਟੇ ਕਰ ਦਿੱਤੇ ਜਾਣਗੇ। ਅਫ਼ਸੋਸ ਵਾਲੀ ਗੱਲ ਇਹ ਹੈ ਕਿ ਭਾਜਪਾ ਦੇ ਕਿਸੇ ਵੀ ਕੇਂਦਰੀ ਜਾਂ ਸਥਾਨਕ ਆਗੂ ਨੇ ਉਸ ਦੇ ਇਸ ਭੜਕਾਊ ਬਿਆਨ ਦੀ ਆਲੋਚਨਾ ਨਹੀਂ ਕੀਤੀ। ਉਸ ਦਾ ਇਹ ਬਿਆਨ ਓਦੋਂ ਆਇਆ ਹੈ, ਜਦੋਂ ਦੇਸ ਵਿੱਚ ਧਾਰਮਕ ਜਨੂੰਨ ਵਧ ਰਿਹਾ ਹੈ ਤੇ ਸੰਘ ਦੇ ਕਥਿਤ ਅਨੁਯਾਈਆਂ ਵੱਲੋਂ ਕਦੇ ਗਊ ਰੱਖਿਆ ਦੇ ਨਾਂਅ ਉੱਤੇ ਅਤੇ ਕਦੇ ਕਿਸੇ ਹੋਰ ਮਾਮਲੇ ਨੂੰ ਲੈ ਕੇ ਘੱਟ-ਗਿਣਤੀ ਭਾਈਚਾਰੇ ਨਾਲ ਸੰਬੰਧਤ ਲੋਕਾਂ ਦੀਆਂ ਸਮੂਹਿਕ ਹੱਤਿਆਵਾਂ ਕੀਤੀਆਂ ਜਾ ਰਹੀਆਂ ਹਨ। ਅਸਹਿਣਸ਼ੀਲਤਾ ਇਸ ਹੱਦ ਤੱਕ ਵਧ ਗਈ ਹੈ ਕਿ ਨਰਿੰਦਰ ਡਾਬੋਲਕਰ ਤੇ ਗੌਰੀ ਲੰਕੇਸ਼ ਜਿਹੇ ਵਿਦਵਾਨ ਲੋਕਾਂ ਨੂੰ ਆਪਣੀਆਂ ਜਾਨਾਂ ਤੋਂ ਹੱਥ ਧੋਣੇ ਪਏ ਸਨ।
ਲੋੜ ਇਸ ਗੱਲ ਦੀ ਹੈ ਕਿ ਕੇਰਲ ਦੀ ਸਰਕਾਰ ਸਰਬ ਉੱਚ ਅਦਾਲਤ ਦੇ ਫ਼ੈਸਲੇ ਨੂੰ ਅਮਲ ਵਿੱਚ ਲਿਆਉਣ ਲਈ ਆਪਣੀ ਸੰਵਿਧਾਨਕ ਜ਼ਿੰਮੇਵਾਰੀ ਨਿਭਾਵੇ। ਜਿਹੜੇ ਵੀ ਲੋਕ ਇਸ ਫ਼ੈਸਲੇ ਦੇ ਲਾਗੂ ਕਰਨ ਵਿੱਚ ਰੋੜੇ ਅਟਕਾਉਣ ਦੀ ਕੋਸ਼ਿਸ਼ ਕਰਨ, ਉਹਨਾਂ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇ।

433 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper