Latest News
ਰਾਜਨੀਤੀ ਲਈ ਧਰਮ ਦੀ ਦੁਰਵਰਤੋਂ ਦਾ ਨਤੀਜਾ

Published on 16 Oct, 2018 11:46 AM.


ਅਸੀਂ ਕਈ ਵਾਰੀ ਇਹ ਗੱਲ ਪਹਿਲਾਂ ਵੀ ਲਿਖ ਚੁੱਕੇ ਹਾਂ ਅਤੇ ਅੱਜ ਫਿਰ ਕਹਿ ਰਹੇ ਹਾਂ ਕਿ ਪੰਜਾਬ ਦੇ ਹਾਲਾਤ ਇੱਕਦਮ ਬੜੇ ਉਬਾਲੇ ਦੀ ਸਥਿਤੀ ਮਹਿਸੂਸ ਕਰਵਾ ਰਹੇ ਹਨ। ਇਸ ਰਾਜ ਦੀ ਹਕੂਮਤ ਦੀਆਂ ਲਗਾਤਾਰ ਦਾਅਵੇਦਾਰ ਦੋ ਮੁੱਖ ਪਾਰਟੀਆਂ ਵਿੱਚੋਂ ਇੱਕ ਇਸ ਵੇਲੇ ਬਹੁਤ ਵੱਡੇ ਸੰਕਟ ਵਿੱਚ ਫਸੀ ਦਿਖਾਈ ਦੇ ਰਹੀ ਹੈ। ਇੱਕ ਸਦੀ ਦੇ ਲਗਭਗ ਉਮਰ ਹੰਢਾ ਚੁੱਕੇ ਅਕਾਲੀ ਦਲ ਦੀ ਅੱਜ ਦੀ ਹਾਲਤ ਇਹ ਹੈ ਕਿ ਉਸ ਦੇ ਲੀਡਰ ਆਮ ਲੋਕਾਂ ਵਿੱਚ ਜਾਣ ਵੇਲੇ ਵੀ ਤ੍ਰਹਿਕ ਰਹੇ ਹਨ ਤੇ ਜਦੋਂ ਕਿਸੇ ਜ਼ਰੂਰੀ ਸਮਝੇ ਜਾਂਦੇ ਸਮਾਗਮ ਵਿੱਚ ਚਲੇ ਜਾਂਦੇ ਹਨ ਤਾਂ ਲੋਕ ਭੜਕ ਉੱਠਦੇ ਹਨ। ਗੁਰਦਾਸਪੁਰ ਜ਼ਿਲ੍ਹੇ ਦੇ ਨਿੱਕੇ ਘੁੰਮਣਾਂ ਦੀ ਘਟਨਾ ਦਾ ਅਸਰ ਵੀ ਪੈਣਾ ਹੈ ਤੇ ਉਨ੍ਹਾਂ ਲਈ ਅਗਲੇ ਦਿਨ ਹੋਰ ਵੀ ਔਖ ਵਾਲੇ ਸਾਬਤ ਹੋ ਸਕਦੇ ਹਨ।
ਅਸਲ ਵਿੱਚ ਇਸ ਹਾਲਤ ਦੇ ਜ਼ਿੰਮੇਵਾਰ ਵੀ ਇਸ ਪਾਰਟੀ ਦੇ ਉਹ ਵੱਡੇ ਆਗੂ ਹਨ, ਜਿਹੜੇ ਰਾਜਨੀਤੀ ਨੂੰ ਘੋੜਿਆਂ ਦੀ ਰੇਸ ਸਮਝ ਕੇ ਦਾਅ ਖੇਡਣ ਦੇ ਰਾਹ ਪੈ ਗਏ ਸਨ। ਪਿਛਲੇ ਸਮੇਂ ਵਿੱਚ ਉਹ ਇੱਕ ਪਿੱਛੋਂ ਦੂਸਰੀ ਇਸ ਤਰ੍ਹਾਂ ਦੀ ਭੁੱਲ ਕਰੀ ਗਏ ਸਨ ਕਿ ਲੋਕਾਂ ਦੇ ਜਜ਼ਬਾਤ ਭੜਕਣ ਦੀ ਵੀ ਚਿੰਤਾ ਨਹੀਂ ਸੀ ਕੀਤੀ। ਜਦੋਂ ਲੋਕ ਬੁਰੀ ਤਰ੍ਹਾਂ ਭੜਕ ਪਏ ਤਾਂ ਪੁਲਸ ਨੂੰ ਹੁਕਮ ਦੇ ਕੇ ਗੋਲੀ ਚੱਲਵਾ ਦਿੱਤੀ ਅਤੇ ਇਹ ਸੋਚ ਲਿਆ ਕਿ ਲੋਕਾਂ ਨੂੰ ਦਬਾਇਆ ਜਾ ਸਕਦਾ ਹੈ। ਇਹ ਸਾਰੀ ਖੇਡ ਉਨ੍ਹਾਂ ਵਾਸਤੇ ਏਦਾਂ ਦੀ ਉਲਟੀ ਪੈਣ ਲੱਗੀ ਕਿ ਪਿੱਛੇ ਬੈਠ ਕੇ ਉਨ੍ਹਾਂ ਦੀ ਸਰਪ੍ਰਸਤੀ ਕਰਨ ਵਾਲੇ ਬਾਬੇ ਤੋਂ ਵੀ ਸੰਭਾਲੀ ਨਹੀਂ ਜਾ ਸਕੀ। ਵੇਲੇ ਦੀ ਨਮਾਜ਼ ਦੀ ਥਾਂ ਕੁਵੇਲੇ ਦੀਆਂ ਟੱਕਰਾਂ ਅਤੇ ਟਾਹਰਾਂ ਮਾਰਨ ਦੇ ਚੱਕਰ ਵਿੱਚ ਉਹ ਅੱਗੋਂ ਇਸ ਨੂੰ ਹੋਰ ਉਲਝਾਈ ਜਾ ਰਹੇ ਹਨ।
ਸਿਆਣੇ ਲੋਕਾਂ ਦੀ ਸ਼ੁਰੂ ਤੋਂ ਇਹ ਸੋਚ ਸੁਣੀ ਜਾਂਦੀ ਸੀ ਕਿ ਧਰਮ ਅਤੇ ਰਾਜਨੀਤੀ ਦੋਵਾਂ ਨੂੰ ਆਪਸ ਵਿੱਚ ਰਲਗੱਡ ਨਹੀਂ ਕਰਨਾ ਚਾਹੀਦਾ ਤੇ ਦੋਵਾਂ ਦਾ ਦੋ ਗਿੱਠਾਂ ਦਾ ਫਾਸਲਾ ਕਾਇਮ ਰੱਖਣਾ ਚਾਹੀਦਾ ਹੈ। ਇਸ ਨੂੰ ਪਹਿਲੀ ਢਾਹ ਮਾਸਟਰ ਤਾਰਾ ਸਿੰਘ ਦੇ ਵਕਤ ਲੱਗੀ ਸੀ ਤੇ ਦੂਸਰੀ ਸੰਤ ਫਤਹਿ ਸਿੰਘ ਨੇ ਲਾਈ ਸੀ। ਦੋਵਾਂ ਦਾ ਨੱਕ ਵੱਢਣ ਲਈ ਦਰਸ਼ਨ ਸਿੰਘ ਫੇਰੂਮਾਨ ਉਨ੍ਹਾਂ ਦਾ ਮੁੱਦਾ ਚੁੱਕ ਕੇ ਮਰਨ-ਵਰਤ ਰੱਖ ਬੈਠਾ ਤਾਂ ਇਨ੍ਹਾਂ ਨੇ ਆਪਣੀ ਸਿਆਸੀ ਦੁਕਾਨਦਾਰੀ ਨੂੰ ਨੁਕਸਾਨ ਪਹੁੰਚਦਾ ਵੇਖ ਕੇ ਵਿਰੋਧ ਵਾਲਾ ਰਾਹ ਚੁਣ ਲਿਆ ਸੀ, ਪਰ ਉਹ ਟਿਕਿਆ ਰਿਹਾ ਸੀ ਤੇ ਚੁਹੱਤਰ ਦਿਨ ਬਾਅਦ ਪ੍ਰਾਣ ਦੇ ਗਿਆ ਸੀ। ਜਾਨ ਤਾਂ ਫੇਰੂਮਾਨ ਨੇ ਦਿੱਤੀ ਸੀ, ਪਰ ਏਦਾਂ ਦੇ ਮਰਨ-ਵਰਤ ਦੀ ਰੀਤ ਉਸ ਨੇ ਨਹੀਂ ਸੀ ਚਲਾਈ, ਇਹ ਮਾਸਟਰ ਤਾਰਾ ਸਿੰਘ ਅਤੇ ਸੰਤ ਫਤਹਿ ਸਿੰਘ ਦੋਵਾਂ ਨੇ ਚਲਾਈ ਸੀ। ਉਹ ਜਿੰਦਾ ਫਿਰਦੇ ਰਹੇ ਤੇ ਫੇਰੂਮਾਨ ਜਾਨ ਦੇ ਗਿਆ ਸੀ। ਫਿਰ ਏਸੇ ਪਾਰਟੀ ਦੇ ਲੀਡਰਾਂ ਨੇ ਹਰ ਜਲਸੇ ਦੌਰਾਨ ਦਿੱਲੀ ਦਰਬਾਰ ਨਾਲ ਜੰਗ ਦੀਆਂ ਉਹ ਟਾਹਰਾਂ ਮਾਰੀਆਂ, ਜਿਨ੍ਹਾਂ ਉੱਤੇ ਖ਼ੁਦ ਇਨ੍ਹਾਂ ਨੇ ਕਦੀ ਅਮਲ ਨਹੀਂ ਸੀ ਕਰਨਾ ਤੇ ਇਨ੍ਹਾਂ ਦੇ ਨਾਅਰੇ ਸੁਣੇ ਕੇ ਤੈਸ਼ ਵਿੱਚ ਆਏ ਲੋਕ ਸੱਚਮੁੱਚ ਦਿੱਲੀ ਨਾਲ ਜੰਗ ਵਾਲੇ ਰਾਹ ਪੈ ਗਏ ਸਨ। ਏਨਾ ਕੁਝ ਹੋਣ ਪਿੱਛੋਂ ਵੀ ਇਨ੍ਹਾਂ ਨੇ ਕਦੀ ਪੀੜ੍ਹੀ ਹੇਠ ਸੋਟਾ ਨਹੀਂ ਸੀ ਮਾਰਿਆ ਤੇ ਲੋਕਾਂ ਨੂੰ ਧਰਮ ਦੇ ਨਾਂਅ ਉੱਤੇ ਭੜਕਾਉਣਾ ਜਾਰੀ ਰੱਖਿਆ ਸੀ।
ਜਦੋਂ ਪੰਜਾਬ ਦਾ ਰਾਜ-ਭਾਗ ਖ਼ੁਦ ਇਨ੍ਹਾਂ ਦੇ ਕੋਲ ਸੀ, ਓਦੋਂ ਹੀ ਕੁਝ ਅਕਲ ਕਰ ਲੈਣੀ ਚਾਹੀਦੀ ਸੀ, ਪਰ ਨਵੇਂ ਕਾਕਿਆਂ ਦੀ ਲੀਡਰਸ਼ਿਪ ਆਪਣੇ ਸਿਆਸੀ ਵਡਿੱਕਿਆਂ ਤੋਂ ਵੀ ਅੱਗੇ ਨਿਕਲ ਗਈ ਤੇ ਅਕਾਲ ਤਖ਼ਤ ਦੀ ਪਦਵੀ ਦੀ ਦੁਰਵਰਤੋਂ ਕਰਨ ਤੋਂ ਵੀ ਗੁਰੇਜ਼ ਨਹੀਂ ਸੀ ਕੀਤਾ। ਕਦੀ ਸੱਚੇ ਸੌਦੇ ਵਾਲੇ ਦੇ ਸਾਰੇ ਡੇਰੇ ਪੰਜਾਬ ਵਿੱਚੋਂ ਚੁੱਕਵਾ ਦੇਣ ਦੇ ਹੁਕਮਨਾਮੇ ਜਾਰੀ ਕਰਵਾਏ ਤੇ ਕਦੀ ਬਿਨਾਂ ਮੰਗੀ ਮਾਫੀ ਮਨਜ਼ੂਰ ਕਰਨ ਦਾ ਸਾਂਗ ਰਚ ਕੇ ਲੋਕਾਂ ਦੀ ਮਾਨਸਿਕਤਾ ਨਾਲ ਖਿਲਵਾੜ ਕਰਦੇ ਰਹੇ। ਲੋਕ ਭੜਕੇ ਵੇਖੇ ਤਾਂ ਤਖ਼ਤਾਂ ਦੇ ਜਥੇਦਾਰਾਂ ਦੇ ਸਿਰ ਸਾਰੀ ਜ਼ਿੰਮੇਵਾਰੀ ਸੁੱਟ ਕੇ ਆਪ ਪਾਸੇ ਨਿਕਲਣ ਦਾ ਉਹ ਯਤਨ ਕੀਤਾ, ਜਿਹੜਾ ਉਨ੍ਹਾਂ ਲਈ ਰਾਜਸੀ ਪੱਖ ਤੋਂ ਵੀ ਖ਼ਿਲਾਫ਼ ਗਿਆ ਤੇ ਧਾਰਮਿਕ ਇਕੱਠਾਂ ਵਿੱਚ ਵੀ ਜਾਣ ਜੋਗੇ ਨਹੀਂ ਰਹੇ। ਉਸ ਵਕਤ ਦਾ ਬਰਗਾੜੀ ਕਾਂਡ ਤੇ ਬਹਿਬਲ ਕਲਾਂ ਜਾਂ ਕੋਟਕਪੂਰਾ ਕਾਂਡ ਅਕਾਲੀ ਲੀਡਰਸ਼ਿਪ ਦੇ ਲੱਤਾਂ ਵਿੱਚ ਮੁੜ-ਮੁੜ ਵੱਜਣ ਵਾਲਾ ਡਾਹਾ ਬਣ ਗਏ ਹਨ ਤੇ ਉਸ ਨੂੰ ਇਸ ਤੋਂ ਖਹਿੜਾ ਛੁਡਾਉਣ ਦਾ ਨੁਸਖਾ ਲੱਭਣਾ ਔਖਾ ਹੋਇਆ ਪਿਆ ਹੈ। ਇਸ ਦਾ ਹੱਲ ਛੇਤੀ ਨਿਕਲਣ ਵਾਲਾ ਨਹੀਂ।
ਐਤਵਾਰ ਦੀ ਸ਼ਾਮ ਨੂੰ ਨਿੱਕੇ ਘੁੰਮਣਾਂ ਵਿੱਚ ਜੋ ਕੁਝ ਹੋਇਆ ਹੈ, ਸਾਬਕਾ ਡਿਪਟੀ ਮੁੱਖ ਮੰਤਰੀ ਤੇ ਅਕਾਲੀ ਦਲ ਦੇ ਮੁਖੀ ਦੇ ਨਾਲ ਉਸ ਦਾ ਸਾਲਾ ਸਾਬਕਾ ਮੰਤਰੀ ਤੇ ਕਈ ਵਿਧਾਇਕ ਤੇ ਸਾਬਕਾ ਵਿਧਾਇਕ ਓਥੇ ਲੋਕਾਂ ਦੇ ਡਰ ਹੇਠ ਕਿੰਨਾ ਸਮਾਂ ਇੱਕ ਬੰਦ ਕਮਰੇ ਵਿੱਚ ਪੁਲਸ ਦੇ ਘੇਰੇ ਵਿੱਚ ਬੈਠੇ ਰਹੇ ਸਨ। ਸਟੇਜ ਤੋਂ ਆਵਾਜ਼ਾਂ ਪੈਂਦੀਆਂ ਸਨ ਕਿ ਆਓ ਤੁਹਾਡਾ ਸਨਮਾਨ ਕਰਨਾ ਹੈ ਤੇ ਉਹ ਕਮਰੇ ਤੋਂ ਬਾਹਰ ਨਹੀਂ ਸੀ ਨਿਕਲ ਰਹੇ। ਫਿਰ ਪੁਲਸ ਦੀ ਹੋਰ ਨਫਰੀ ਮੰਗਵਾ ਕੇ ਸਟੇਜ ਤੱਕ ਆਏ ਤੇ ਸਨਮਾਨ ਕਰਵਾ ਕੇ ਬਿਨਾਂ ਸੰਬੋਧਨ ਕੀਤੇ ਤੋਂ ਖ਼ਾਲੀ ਪੰਡਾਲ ਵੱਲ ਝਾਕਦੇ ਅੱਧੀ ਰਾਤ ਵੇਲੇ ਓਥੋਂ ਨਿਕਲੇ ਸਨ। ਏਨੀ ਅਣਸੁਖਾਵੀਂ ਸਥਿਤੀ ਬਾਰੇ ਉਨ੍ਹਾਂ ਕਦੇ ਨਹੀਂ ਸੋਚਿਆ ਹੋਣਾ, ਜਿਹੜੀ ਉਸ ਦਿਨ ਓਥੇ ਪੈਦਾ ਹੋਈ ਸੀ। ਹਾਲਾਤ ਦੀ ਨਜ਼ਾਕਤ ਹੈ ਕਿ ਇਸ ਤੋਂ ਪਿੱਛੋਂ ਅਗਲਾ ਸਾਰਾ ਦਿਨ ਚੰਡੀਗੜ੍ਹ ਵਿੱਚ ਕਿਸੇ ਬਾਕਾਇਦਾ ਕਮੇਟੀ ਨੂੰ ਸੱਦਣ-ਬੁਲਾਉਣ ਦੀ ਥਾਂ ਆਪਣੇ ਅਸਲੋਂ ਨੇੜ ਵਾਲੇ ਲੀਡਰਾਂ ਨੂੰ ਬੁਲਾ ਕੇ ਬੰਦ ਕਮਰੇ ਵਿੱਚ ਇਸ ਸਥਿਤੀ ਦਾ ਹੱਲ ਲੱਭਣ ਲਈ ਮੀਟਿੰਗ ਚੱਲਦੀ ਰਹੀ ਸੀ। ਹੱਲ ਅਜੇ ਵੀ ਨਹੀਂ ਨਿਕਲ ਸਕਿਆ।
ਜਿਹੋ ਜਿਹੀ ਅਣਸੁਖਾਵੀਂ ਸਥਿਤੀ ਦਾ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਸਾਹਮਣਾ ਕਰਨਾ ਪੈ ਰਿਹਾ ਹੈ, ਇਸ ਤੋਂ ਵਿਰੋਧ ਦੀਆਂ ਕੁਝ ਧਿਰਾਂ ਖ਼ਾਸ ਖ਼ੁਸ਼ੀ ਮਹਿਸੂਸ ਕਰ ਸਕਦੀਆਂ ਹਨ, ਪਰ ਇਹ ਵੇਲਾ ਖ਼ੁਸ਼ ਹੋਣ ਦਾ ਨਹੀਂ, ਇਹ ਵੇਖਣ ਦਾ ਹੈ ਕਿ ਜਿੱਦਾਂ ਦੀਆਂ ਭੁੱਲਾਂ ਕਰ ਕੇ ਇਹ ਲੋਕ ਫਸ ਗਏ ਹਨ, ਉਨ੍ਹਾਂ ਤੋਂ ਬਚਿਆ ਕਿਵੇਂ ਜਾ ਸਕਦਾ ਹੈ! ਰਾਜਨੀਤੀ ਲਈ ਧਰਮ ਦੀ ਦੁਰਵਰਤੋਂ ਦੇ ਜਿਹੜੇ ਨਤੀਜੇ ਅੱਜ ਅਕਾਲੀ ਦਲ ਭੁਗਤ ਰਿਹਾ ਹੈ, ਉਨ੍ਹਾਂ ਤੋਂ ਹਰ ਸਿਆਸੀ ਆਗੂ ਨੂੰ ਸਬਕ ਸਿੱਖਣ ਦੀ ਲੋੜ ਹੈ।
- ਜਤਿੰਦਰ ਪਨੂੰ

1187 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper