Latest News
ਸਾਧ ਬਣੇ ਠੱਗ-ਚੋਰ ਤੇ ਦੇਸ਼ ਦਾ ਸੰਵਿਧਾਨ

Published on 17 Oct, 2018 11:54 AM.


ਕੱਲ੍ਹ ਹਰਿਆਣੇ ਦੀ ਇੱਕ ਅਦਾਲਤ ਨੇ ਇੱਕ ਆਪੇ ਬਣੇ ਹੋਏ 'ਸੰਤ'’ਰਾਮਪਾਲ ਨੂੰ ਸਾਰੀ ਉਮਰ ਲਈ ਜੇਲ੍ਹ ਦੀਆਂ ਸੀਖਾਂ ਪਿੱਛੇ ਭੇਜ ਦਿੱਤਾ ਹੈ। ਉਸ ਨੂੰ ਮਰਨ ਤੱਕ ਦੀ ਕੈਦ ਦਾ ਹੁਕਮ ਕੀਤਾ ਗਿਆ ਹੈ। ਇਸ ਸਾਧ ਦਾ ਪੁੱਤਰ ਅਤੇ ਕਈ ਹੋਰ ਲੋਕ ਉਸ ਦੇ ਨਾਲ ਅਦਾਲਤੀ ਹੁਕਮ ਦੀ ਮਾਰ ਹੇਠ ਆਏ ਦੱਸੇ ਗਏ ਹਨ। ਗੱਲ ਏਥੋਂ ਤੱਕ ਰੁਕੀ ਨਹੀਂ, ਰਾਮਪਾਲ ਦੀ ਧੀ ਵੀ ਅਜੇ ਭਗੌੜਾ ਕਰਾਰ ਦਿੱਤੀ ਹੋਈ ਹੈ ਤੇ ਕੁਝ ਰਿਸ਼ਤੇਦਾਰ ਵੀ ਕਾਨੂੰਨ ਤੋਂ ਲੁਕਦੇ ਫਿਰਦੇ ਸੁਣੇ ਜਾ ਰਹੇ ਹਨ।
ਜਿਹੜੇ ਹਰਿਆਣਾ ਰਾਜ ਵਿੱਚ ਰਾਮਪਾਲ ਨੂੰ ਅਦਾਲਤ ਨੇ ਕੱਲ੍ਹ ਉਮਰ ਕੈਦ ਦੀ ਸਜ਼ਾ ਦਿੱਤੀ ਹੈ, ਓਸੇ ਹਰਿਆਣਾ ਰਾਜ ਦੇ ਇੱਕ ਹੋਰ ਡੇਰਾ ਮੁਖੀ ਰਾਮ ਰਹੀਮ ਨੂੰ ਪਿਛਲੇ ਸਾਲ ਪੰਝੀ ਅਗਸਤ ਨੂੰ ਪੰਚਕੂਲਾ ਦੀ ਸੀ ਬੀ ਆਈ ਅਦਾਲਤ ਨੇ ਦੋ ਕੇਸਾਂ ਵਿੱਚ ਵੀਹ-ਵੀਹ ਸਾਲ ਕੈਦ ਦੀ ਸਜ਼ਾ ਸੁਣਾਈ ਸੀ। ਉਸ ਕੇਸ ਵਿੱਚ ਜੱਜ ਨੇ ਇਹ ਵੀ ਕਹਿ ਦਿੱਤਾ ਸੀ ਕਿ ਜਿਵੇਂ ਇਹੋ ਜਿਹੇ ਕੇਸਾਂ ਦੇ ਫ਼ੈਸਲੇ ਵਿੱਚ ਹੁੰਦਾ ਹੈ ਕਿ ਦੋਵੇਂ ਸਜ਼ਾਵਾਂ ਇਕੱਠੀਆਂ ਚੱਲਦੀਆਂ ਹਨ, ਰਾਮ ਰਹੀਮ ਦੇ ਦੋਵਾਂ ਕੇਸਾਂ ਦੀ ਸਜ਼ਾ ਇਕੱਠੀ ਚੱਲਣ ਦੀ ਥਾਂ ਵੱਖੋ-ਵੱਖ ਚੱਲੇਗੀ ਤੇ ਜਦੋਂ ਇੱਕ ਕੇਸ ਵਿੱਚ ਵੀਹ ਸਾਲ ਪੂਰੇ ਹੋ ਜਾਣਗੇ, ਉਸ ਦਿਨ ਤੋਂ ਦੂਸਰੇ ਦੇ ਸ਼ੁਰੂ ਹੋਣਗੇ। ਇਸ ਤਰ੍ਹਾਂ ਡੇਰਾ ਸੱਚਾ ਸੌਦਾ ਦੇ ਮੁਖੀ ਦੀ ਵੀਹ-ਵੀਹ ਸਾਲ ਵਾਲੀ ਦੋਹਰੀ ਸਜ਼ਾ ਅਮਲ ਵਿੱਚ ਚਾਲੀ ਸਾਲ ਬਣ ਜਾਵੇਗੀ ਤੇ ਭਾਵੇਂ ਮਰਨ ਦੇ ਦਿਨ ਤੱਕ ਲਿਖਿਆ ਬੇਸ਼ੱਕ ਨਹੀਂ ਗਿਆ, ਅਮਲ ਵਿੱਚ ਉਹ ਵੀ ਆਖਰੀ ਸਾਹ ਤੱਕ ਬਾਹਰ ਨਹੀਂ ਆ ਸਕਣਾ। ਏਦਾਂ ਦਾ ਦੂਸਰਾ ਫ਼ੈਸਲਾ ਇਹ ਕੱਲ੍ਹ ਆਇਆ ਹੈ, ਜਿਹੜਾ ਕਿਸੇ ਸਾਧ ਦੇ ਖ਼ਿਲਾਫ਼ ਅਦਾਲਤ ਨੇ ਉਸ ਦਾ ਜੁਰਮ ਵੇਖਦੇ ਹੋਏ ਕੀਤਾ ਹੈ।
ਇਸ ਦੌਰਾਨ ਇੱਕ ਹੋਰ ਫ਼ੈਸਲਾ ਹਿੰਦੂ ਕਥਾ-ਵਾਚਕ ਆਸਾ ਰਾਮ ਦੇ ਮਾਮਲੇ ਵਿੱਚ ਵੀ ਆ ਚੁੱਕਾ ਹੈ। ਉਹ ਵੀ ਵਿਗੜਿਆ ਹੋਇਆ ਸੀ ਤੇ ਜੇਲ੍ਹ ਜਾਣ ਤੋਂ ਬਾਅਦ ਵੀ ਆਪਣੀ ਸਰੀਰਕ ਭੁੱਖ ਸ਼ਾਂਤ ਕਰਨ ਲਈ ਮਾਲਸ਼ ਕਰਨ ਦੇ ਬਹਾਨੇ ਇੱਕ ਕੁੜੀ ਜੇਲ੍ਹ ਵਿੱਚ ਆਪਣੇ ਨਾਲ ਰੱਖਣ ਦੀ ਮੰਗ ਕਰਦਾ ਰਿਹਾ ਸੀ। ਰਾਮ ਰਹੀਮ ਵੀ ਕਹਿੰਦਾ ਸੀ ਕਿ ਉਸ ਦੀ ਜੱਗ-ਵਿਖਾਵੇ ਲਈ ਧੀ ਕਹੀ ਜਾਂਦੀ ਹਨੀਪ੍ਰੀਤ ਨੂੰ ਉਸ ਦੇ ਨਾਲ ਜੇਲ੍ਹ ਦੇ ਸੈੱਲ ਵਿੱਚ ਰਹਿਣ ਦੀ ਆਗਿਆ ਦਿੱਤੀ ਜਾਵੇ। ਜਵਾਨ ਕੁੜੀ ਸਾਧ ਨਾਲ ਜੇਲ੍ਹ ਅੰਦਰ ਰੱਖਣ ਦੀ ਕਾਨੂੰਨ ਨੇ ਨਾ ਇਜਾਜ਼ਤ ਦੇਣੀ ਸੀ ਤੇ ਨਾ ਦਿੱਤੀ ਸੀ, ਪਰ ਇਸ ਨਾਲ ਉਸ ਸਾਧ ਦੀ ਵਿਗੜੀ ਮਾਨਸਿਕਤਾ ਦੀ ਇੱਕ ਹੋਰ ਝਲਕ ਲੋਕਾਂ ਸਾਹਮਣੇ ਆ ਗਈ ਸੀ। ਖ਼ੁਦ ਹਨੀਪ੍ਰੀਤ ਵੀ ਇਹੋ ਮੰਗ ਕਰਦੀ ਦੱਸੀ ਗਈ ਸੀ।
ਰਾਮਪਾਲ ਦਾ ਕੇਸ ਰਾਮ ਰਹੀਮ ਅਤੇ ਆਸਾ ਰਾਮ ਤੋਂ ਕੁਝ ਵੱਖਰਾ ਹੈ। ਉਹ ਦੋਵੇਂ ਅਣਪੜ੍ਹ ਜਾਂ ਅਣਪੜ੍ਹਾਂ ਵਰਗੇ ਸਨ ਤੇ ਮੁਫਤ ਦਾ ਮਾਲ ਛਕਣ ਲਈ ਇਸ ਰਾਹ ਪਏ ਸਨ। ਰਾਮਪਾਲ ਅਣਪੜ੍ਹ ਨਹੀਂ ਸੀ। ਉਹ ਇੰਜੀਨੀਅਰ ਸੀ ਤੇ ਇਹੋ ਜਿਹੇ ਪੜ੍ਹੇ-ਲਿਖੇ ਬੰਦੇ ਨੂੰ ਪੈਸੇ ਦੀ ਕੋਈ ਬਹੁਤੀ ਘਾਟ ਨਹੀਂ ਹੋ ਸਕਦੀ। ਫਿਰ ਵੀ ਕੰਮ ਤਾਂ ਕਰਨਾ ਪੈਂਦਾ ਸੀ। ਕੰਮ-ਚੋਰ ਰਾਮਪਾਲ ਆਪਣੇ ਕਿਸਮ ਦਾ ਇੱਕ ਡੇਰਾ ਖੋਲ੍ਹ ਬੈਠਾ ਤੇ ਅੰਨ੍ਹੀ ਸ਼ਰਧਾ ਵਾਲੇ ਲੋਕ ਆਉਣ ਲੱਗ ਪਏ। 'ਚੰਗਾ ਖਾਣਾ ਅਤੇ ਕੰਮ ਕੋਈ ਕਰਨਾ ਨਹੀਂ'’ਦੇ ਮਾਹੌਲ ਵਿੱਚ ਇਸ ਆਦਮੀ ਦਾ ਦਿਮਾਗ਼ ਏਨਾ ਵਿਗੜ ਗਿਆ ਕਿ ਸਰਕਾਰ ਅਤੇ ਕਾਨੂੰਨ ਨੂੰ ਵੀ ਟਿੱਚ ਜਾਣਨ ਲੱਗ ਪਿਆ ਤੇ ਜਦੋਂ ਇੱਕ ਕੇਸ ਵਿੱਚ ਅਦਾਲਤ ਦਾ ਸੱਦਾ ਆਇਆ ਤਾਂ ਕਾਨੂੰਨ ਅੱਗੇ ਵੀ ਆਕੜ ਬੈਠਾ। ਏਦਾਂ ਦੇ ਮੌਕੇ ਰਾਜ ਸਰਕਾਰ ਚਲਾ ਰਹੀ ਪਾਰਟੀ ਦਾ ਕੰਮ ਸੀ ਕਿ ਇਸ ਨੂੰ ਸਿੱਧੇ ਰਾਹ ਆਉਣ ਨੂੰ ਕਹਿੰਦੀ, ਪਰ ਉਸ ਨੇ ਏਦਾਂ ਨਹੀਂ ਸੀ ਕੀਤਾ। ਵੋਟਾਂ ਮਿਲਣ ਦੀ ਝਾਕ ਕਾਰਨ ਜਿਵੇਂ ਉਸ ਵਕਤ ਦੀ ਕਾਂਗਰਸ ਸਰਕਾਰ ਨੇ ਇਹ ਕੰਮ ਕਰਨ ਤੋਂ ਕੰਨੀ ਕਤਰਾਈ, ਉਵੇਂ ਹੀ ਉਸ ਦੇ ਬਾਅਦ ਹਰਿਆਣਾ ਦੀ ਕਮਾਨ ਸਾਂਭਣ ਵਾਲੀ ਭਾਜਪਾ ਦੇ ਆਗੂ ਵੀ ਇਸ ਸਾਧ ਦੇ ਅੱਗੇ ਝੁਕਣ ਲੱਗ ਪਏ। ਉਹ ਰਾਜ ਸਰਕਾਰ ਦੀ ਸਰਪ੍ਰਸਤੀ ਹੇਠ ਹਾਈ ਕੋਰਟ ਅੱਗੇ ਵੀ ਆਕੜ ਗਿਆ ਤੇ ਅੰਤ ਨੂੰ ਬਹੁਤ ਸਾਰੀ ਫੋਰਸ ਲਿਆ ਕੇ ਗ੍ਰਿਫਤਾਰ ਕਰਨਾ ਪਿਆ ਸੀ।
ਜਦੋਂ ਸਾਰੀ ਅਦਾਲਤੀ ਕਾਰਵਾਈ ਦੇ ਬਾਅਦ ਇਹ ਸਾਧ ਗ੍ਰਿਫਤਾਰ ਕੀਤਾ ਗਿਆ ਤਾਂ ਜਿਹੜੇ ਲੋਕ ਇਸ ਨੇ ਆਪਣੇ ਲਈ ਰਾਖਾ ਫੋਰਸ ਵਜੋਂ ਤਿਆਰ ਕਰਵਾਏ ਸਨ, ਸਾਰਾ ਗੁਨਾਹ ਉਨ੍ਹਾਂ ਸਿਰ ਪਾਉਣ ਤੁਰ ਪਿਆ ਕਿ ਮੈਂ ਉਨ੍ਹਾਂ ਦੇ ਘੇਰੇ ਵਿੱਚ ਕੈਦੀਆਂ ਵਾਲੀ ਸਥਿਤੀ ਵਿੱਚ ਸਾਂ, ਸਾਰਾ ਕਸੂਰ ਉਨ੍ਹਾਂ ਦਾ ਹੈ। ਇਸ ਬਹਾਨੇ ਨਾਲ ਉਹ ਬਚ ਨਹੀਂ ਸੀ ਸਕਿਆ। ਡੇਰੇ ਵਿੱਚ ਹੁੰਦੇ ਰਹੇ ਕੁਝ ਕਤਲ ਉਸ ਦੇ ਸਿਰ ਪੈ ਗਏ ਅਤੇ ਮੁਕੱਦਮਾ ਅੱਗੇ ਵਧਣ ਲੱਗ ਪਿਆ। ਆਖਰ ਨੂੰ ਫ਼ੈਸਲੇ ਦੀ ਘੜੀ ਆ ਗਈ। ਸੁਣਵਾਈ ਮਗਰੋਂ ਅਦਾਲਤ ਨੇ ਇਸ ਵਿਗੜੇ ਹੋਏ ਸਾਧ ਨੂੰ ਦੋਸ਼ੀ ਕਰਾਰ ਦੇ ਦਿੱਤਾ ਤੇ ਫਿਰ ਸਜ਼ਾ ਵੀ ਸੁਣਾ ਦਿੱਤੀ ਹੈ। ਡੇਰਾ ਸੱਚਾ ਸੌਦਾ ਵਾਲੇ ਕੇਸ ਵਿੱਚ ਹੋਈ ਹਿੰਸਾ ਦੇ ਕਾਰਨ ਇਸ ਵਾਰੀ ਸੁਰੱਖਿਆ ਦੇ ਪ੍ਰਬੰਧ ਵੀ ਸਰਕਾਰ ਨੇ ਚੋਖੇ ਕੀਤੇ ਹੋਏ ਸਨ। ਉਂਜ ਵੀ ਰਾਮ ਰਹੀਮ ਤੇ ਆਸਾ ਰਾਮ ਵਾਲੇ ਕੇਸਾਂ ਦਾ ਹਸ਼ਰ ਵੇਖਣ ਤੋਂ ਬਾਅਦ ਇਸ ਸਾਧ ਦੇ ਚੇਲੇ-ਚੇਲੀਆਂ ਇਸ ਵਾਰ ਉਹੋ ਜਿਹੀ ਗ਼ਲਤੀ ਕਰਨ ਲਈ ਤਿਆਰ ਨਹੀਂ ਸਨ ਹੋ ਸਕਦੇ। ਉਨ੍ਹਾਂ ਨੂੰ ਪਤਾ ਸੀ ਕਿ ਬਾਅਦ ਵਿੱਚ ਮਹਿੰਗਾ ਬਹੁਤ ਪੈਂਦਾ ਹੈ।
ਜਦੋਂ ਇਹ ਤੀਸਰਾ ਵਿਗੜਿਆ ਹੋਇਆ ਸਾਧ ਆਪਣੇ ਕੀਤੇ ਦੀ ਸਜ਼ਾ ਪਾ ਚੁੱਕਾ ਹੈ, ਇਸ ਦੇ ਬਾਅਦ ਭਾਰਤ ਵਿੱਚ ਲੋਕਾਂ ਦੀਆਂ ਅੱਖਾਂ ਉੱਤੇ ਬੱਝੀ ਹੋਈ ਸ਼ਰਧਾ ਦੀ ਪੱਟੀ ਕੁਝ ਢਿੱਲੀ ਹੋਣੀ ਚਾਹੀਦੀ ਹੈ। ਲੱਗਦਾ ਨਹੀਂ ਕਿ ਏਦਾਂ ਹੋ ਸਕੇਗਾ। ਇਸ ਦੇਸ਼ ਦੀ ਜ਼ਮੀਨ ਸੱਜਣ ਠੱਗ ਵਰਗੇ ਸਾਧਾਂ ਲਈ ਮੁੱਢਲੇ ਸਮਿਆਂ ਤੋਂ ਬਹੁਤ ਵੱਡੀ ਫ਼ਸਲ ਦੇਂਦੀ ਰਹੀ ਹੈ। ਇਸ ਵੇਲੇ ਵੀ ਸ਼ਰਧਾ ਵਾਲੇ ਲੋਕ ਇਨ੍ਹਾਂ ਠੱਗਾਂ ਦੇ ਹਸ਼ਰ ਤੋਂ ਕੁਝ ਸਿੱਖਣ ਨੂੰ ਤਿਆਰ ਨਹੀਂ ਜਾਪਦੇ। ਸੱਚੇ ਸੌਦੇ ਵਾਲੇ ਸਾਧ ਦੇ ਚੇਲੇ ਅੱਜ ਵੀ ਇਹ ਮੰਨਣ ਨੂੰ ਤਿਆਰ ਨਹੀਂ ਕਿ ਉਨ੍ਹਾਂ ਦਾ ਗੁਰੂ ਗ਼ਲਤ ਸਾਬਤ ਹੋ ਚੁੱਕਾ ਹੈ, ਸਗੋਂ ਇਹ ਕਹੀ ਜਾਂਦੇ ਹਨ ਕਿ ਉਨ੍ਹਾਂ ਦਾ ਗੁਰੂ ਇੱਕ ਕੌਤਕ ਵਜੋਂ ਜੇਲ੍ਹ ਵਿੱਚ ਬੈਠਾ ਹੈ। ਰਾਮਪਾਲ ਦੁੱਧ ਨਾਲ ਨਹਾਉਣ ਪਿੱਛੋਂ ਉਸ ਗੰਦੇ ਦੁੱਧ ਦੀ ਖੀਰ ਆਪਣੇ ਜਿਨ੍ਹਾਂ ਚੇਲਿਆਂ ਨੂੰ ਖਵਾਉਂਦਾ ਰਿਹਾ ਸੀ, ਉਨ੍ਹਾਂ ਵਿੱਚੋਂ ਵੀ ਬਹੁਤ ਸਾਰੇ ਏਦਾਂ ਦੇ ਨਿਕਲ ਸਕਦੇ ਹਨ। ਇਸ ਨੂੰ ਸੰਭਾਲਣਾ ਸਰਕਾਰ ਦਾ ਕੰਮ ਹੈ। ਭਾਰਤ ਦਾ ਸੰਵਿਧਾਨ ਇਹ ਕਹਿੰਦਾ ਹੈ ਕਿ ਦੇਸ਼ ਦੀ ਸਰਕਾਰ ਆਪਣੇ ਨਾਗਰਿਕਾਂ ਵਿੱਚ ਵਿਗਿਆਨਕ ਨਜ਼ਰੀਆ ਵਿਕਸਤ ਕਰਨ ਦੇ ਲਈ ਹਰ ਜ਼ਰੂਰੀ ਕਦਮ ਉਠਾਉਣ ਦਾ ਯਤਨ ਕਰੇਗੀ। ਬਦਕਿਸਮਤੀ ਨਾਲ ਇਹ ਅੱਜ ਤੱਕ ਨਹੀਂ ਹੋਇਆ। ਰਾਜਨੀਤੀ ਨੇ ਦੇਸ਼ ਕੁਰਾਹੇ ਪਾਇਆ ਪਿਆ ਹੈ। ਇਹ ਕੁਰਾਹਾ ਅੱਗੇ ਤੋਂ ਬੰਦ ਹੋਣਾ ਚਾਹੀਦਾ ਹੈ, ਤਦੇ ਹੀ ਇਹ ਘਾਲੇ-ਮਾਲੇ ਹਟ ਸਕਣਗੇ।
- ਜਤਿੰਦਰ ਪਨੂੰ

925 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper