Latest News
ਐੱਮ ਜੇ ਅਕਬਰ ਦਾ ਅਸਤੀਫ਼ਾ

Published on 18 Oct, 2018 10:46 AM.

ਕੇਂਦਰੀ ਬਦੇਸ਼ ਰਾਜ ਮੰਤਰੀ ਐੱਮ ਜੇ ਅਕਬਰ 'ਤੇ ਕਈ ਔਰਤ ਪੱਤਰਕਾਰਾਂ ਵੱਲੋਂ ਜਿਨਸੀ ਸ਼ੋਸ਼ਣ ਦੇ ਦੋਸ਼ ਲਾਏ ਗਏ ਸਨ, ਪਰ ਇਸ ਦੀ ਸ਼ੁਰੂਆਤ ਪ੍ਰੀਆ ਰਮਾਨੀ ਵੱਲੋਂ ਕੀਤੀ ਗਈ ਸੀ। ਉਸ ਨੇ ਪਿਛਲੇ ਸਾਲ ਇਸ ਬਾਰੇ ਜ਼ਿਕਰ ਆਪਣੇ ਇੱਕ ਲੇਖ ਵਿੱਚ ਕੀਤਾ ਸੀ, ਪਰ ਉਸ ਵਿੱਚ ਜਿਨਸੀ ਸ਼ੋਸ਼ਣ ਕਰਨ ਵਾਲੇ ਭੱਦਰ-ਪੁਰਸ਼ ਦਾ ਨਾਂਅ ਨਹੀਂ ਸੀ ਲਿਖਿਆ। ਹੁਣ ਉਸ ਨੇ ਐੱਮ ਜੇ ਅਕਬਰ ਦਾ ਨਾਂਅ ਲੈ ਕੇ ਉਨ੍ਹਾ ਉੱਤੇ ਦੋਸ਼ ਲਾਏ ਤੇ ਟਵਿੱਟਰ 'ਤੇ ਵੀ ਇਨ੍ਹਾਂ ਦੋਸ਼ਾਂ ਨੂੰ ਦੁਹਰਾਇਆ। ਇਸ ਪਿੱਛੋਂ ਇੱਕ ਨਹੀਂ, ਵੀਹ ਦੇ ਕਰੀਬ ਪ੍ਰੀਆ ਰਮਾਨੀ ਵਰਗੀਆਂ ਉਨ੍ਹਾਂ ਪੱਤਰਕਾਰਾਂ ਨੇ ਉਨ੍ਹਾਂ ਉੱਤੇ ਦੋਸ਼ ਲਾਏ, ਜਿਨ੍ਹਾਂ ਨੇ ਐੱਮ ਜੇ ਅਕਬਰ ਨਾਲ ਡੇਲੀ ਟੈਲੀਗਰਾਫ, ਏਸ਼ੀਅਨ ਏਜ, ਦੱਕਣ ਕਰੌਨੀਕਲ ਤੇ ਸਪਾਤਿਕ ਸੰਡੇ ਆਦਿ ਪੱਤ੍ਰਿਕਾਵਾਂ ਵਿੱਚ ਕੰਮ ਕੀਤਾ ਸੀ।
ਸ਼ੁਰੂ ਵਿੱਚ ਐੱਮ ਜੇ ਅਕਬਰ ਨੇ ਇਨ੍ਹਾਂ ਦੋਸ਼ਾਂ ਨੂੰ ਇਹ ਕਹਿ ਕੇ ਨਕਾਰਨ ਦਾ ਉਪਰਾਲਾ ਕੀਤਾ ਕਿ ਇਹ ਸਿਆਸੀ ਬਦਲਾਖੋਰੀ ਦੀ ਨੀਅਤ ਨਾਲ ਲਾਏ ਗਏ ਹਨ, ਕਿਉਂਕਿ ਪੰਜ ਰਾਜਾਂ ਦੀਆਂ ਵਿਧਾਨ ਸਭਾ ਤੇ ਉਪਰੰਤ ਲੋਕ ਸਭਾ ਦੀਆਂ ਚੋਣਾਂ ਨੇੜੇ ਆ ਰਹੀਆਂ ਹਨ। ਇਹੋ ਨਹੀਂ, ਉਨ੍ਹਾ ਨੇ ਬਦੇਸ਼ ਦੌਰੇ ਤੋਂ ਵਾਪਸ ਦਿੱਲੀ ਪਹੁੰਚਦੇ ਸਾਰ ਇਹਨਾਂ ਦੋਸ਼ਾਂ ਤੋਂ ਇਨਕਾਰ ਕਰਦਾ ਇੱਕ ਪ੍ਰੈੱਸ ਨੋਟ ਜਾਰੀ ਕਰ ਦਿੱਤਾ। ਬਦੇਸ਼ ਮੰਤਰੀ ਸੁਸ਼ਮਾ ਸਵਰਾਜ ਤੋਂ ਲੈ ਕੇ ਪ੍ਰਧਾਨ ਮੰਤਰੀ ਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਇਸ ਬਾਰੇ ਕੋਈ ਪ੍ਰਤੀਕਿਰਿਆ ਦੇਣ ਦੀ ਥਾਂ ਚੁੱਪ ਵੱਟੀ ਰੱਖੀ। ਇਸ ਤੋਂ ਲੋਕਾਂ ਵਿੱਚ ਇਹੋ ਪ੍ਰਭਾਵ ਗਿਆ ਕਿ ਸਰਕਾਰ ਤੇ ਪਾਰਟੀ ਐੱਮ ਜੇ ਅਕਬਰ ਦੀ ਪੁਸ਼ਤ-ਪਨਾਹੀ ਕਰ ਰਹੀ ਹੈ।
ਐੱਮ ਜੇ ਅਕਬਰ ਨੇ ਦੋਸ਼ਾਂ ਦਾ ਕੋਈ ਢੁੱਕਵਾਂ ਜੁਆਬ ਦੇਣ ਦੀ ਥਾਂ ਪ੍ਰੀਆ ਰਮਾਨੀ ਵਿਰੁੱਧ ਦਿੱਲੀ ਦੀ ਪਟਿਆਲਾ ਹਾਊਸ ਅਦਾਲਤ ਵਿੱਚ ਵਕੀਲਾਂ ਦੀ ਇੱਕ ਲੰਮੀ ਫ਼ੌਜ ਰਾਹੀਂ ਮਾਣਹਾਨੀ ਦਾ ਮੁਕੱਦਮਾ ਦਰਜ ਕਰਵਾ ਦਿੱਤਾ। ਦੋਸ਼ ਲਾਉਣ ਵਾਲਿਆਂ ਦੀ ਗਿਣਤੀ ਲਗਾਤਾਰ ਵਧਣ ਅਤੇ ਪ੍ਰਿੰਟ ਤੇ ਇਲੈਕਟਰਾਨਿਕ ਮੀਡੀਆ ਵਿੱਚ ਚਰਚਾ ਦੇ ਭਖ ਜਾਣ ਅਤੇ ਪੀੜਤ ਮਹਿਲਾਵਾਂ ਪ੍ਰਤੀ ਹਮਦਰਦੀ ਦੇ ਵਧਣ ਕਾਰਨ ਭਾਜਪਾ ਨੂੰ ਇਹ ਸੋਚਣ ਲਈ ਮਜਬੂਰ ਹੋਣਾ ਪਿਆ ਕਿ ਐੱਮ ਜੇ ਅਕਬਰ ਵੱਲੋਂ ਅਦਾਲਤ ਵਿੱਚ ਇੱਕ ਮੰਤਰੀ ਵਜੋਂ ਪੈਰਵੀ ਕੀਤੀ ਜਾਣੀ ਕਿਧਰੇ ਉਸ ਲਈ ਨੁਕਸਾਨਦੇਹ ਸਾਬਤ ਨਾ ਹੋ ਜਾਵੇ, ਕਿਉਂਕਿ ਇਹ ਮਾਮਲਾ ਹੁਣ ਉੱਪ-ਨਗਰਾਂ, ਮਹਾਂ-ਨਗਰਾਂ ਤੋਂ ਹੁੰਦਾ ਹੋਇਆ ਪਿੰਡਾਂ-ਕਸਬਿਆਂ ਦੀਆਂ ਸੱਥਾਂ ਤੱਕ ਅੱਪੜ ਗਿਆ ਹੈ। ਲੋਕ ਭਾਜਪਾ ਵਰਕਰਾਂ ਕੋਲੋਂ ਇਹ ਸੁਆਲ ਵੀ ਪੁੱਛਣ ਲੱਗ ਪਏ ਸਨ ਕਿ ਇਸਤਰੀਆਂ ਦੇ ਮਾਣ-ਸਨਮਾਨ ਦੀ ਸੁਰੱਖਿਆ ਬਾਰੇ ਉਨ੍ਹਾਂ ਦੇ ਦਾਅਵਿਆਂ ਦਾ ਕੀ ਬਣਿਆ।
ਇਸ ਕੇਸ ਦੀ ਸੁਣਵਾਈ ਦੀ ਤਰੀਕ ਐਨ ਨੇੜੇ ਆਉਂਦੀ ਵੇਖ ਕੇ ਭਾਜਪਾ ਦੇ ਸਰਪ੍ਰਸਤ ਸੰਘ ਨੇ ਵੀ ਇਸ ਮਾਮਲੇ ਵਿੱਚ ਸਰਕਾਰ ਦੇ ਕਰਤੇ-ਧਰਤਿਆਂ ਨੂੰ ਇਹ ਸੰਕੇਤ ਦੇ ਦਿੱਤਾ ਕਿ ਐੱਮ ਜੇ ਅਕਬਰ ਨੂੰ ਸਰਕਾਰੀ ਪਦਵੀ ਤੋਂ ਲਾਂਭੇ ਕਰਨ ਵਿੱਚ ਹੀ ਭਲਾ ਹੈ। ਸ਼ਾਇਦ ਇਹ ਸੁਨੇਹਾ ਦੇਣ ਲਈ ਹੀ ਪ੍ਰਧਾਨ ਮੰਤਰੀ ਦੇ ਕੌਮੀ ਸੁਰੱਖਿਆ ਸਲਾਹਕਾਰ ਸ੍ਰੀ ਡੋਵਾਲ ਨੇ ਐੱਮ ਜੇ ਅਕਬਰ ਨਾਲ ਮੁਲਾਕਾਤ ਕੀਤੀ ਤੇ ਤੁਰੰਤ ਮਗਰੋਂ ਐੱਮ ਜੇ ਅਕਬਰ ਦਾ ਇਹ ਐਲਾਨ ਆ ਗਿਆ ਕਿ ਉਨ੍ਹਾ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ ਤੇ ਪ੍ਰਧਾਨ ਮੰਤਰੀ ਵੱਲੋਂ ਇਸ ਦੀ ਪ੍ਰਵਾਨਗੀ ਦੀ ਪੁਸ਼ਟੀ ਵੀ ਕਰ ਦਿੱਤੀ ਗਈ।
ਐੱਮ ਜੇ ਅਕਬਰ ਦੇ ਅਸਤੀਫ਼ੇ ਤੋਂ ਇਹ ਗੱਲ ਸਾਹਮਣੇ ਆ ਗਈ ਹੈ ਕਿ ਜਿਨਸੀ ਸ਼ੋਸ਼ਣ ਵਿਰੁੱਧ ਆਵਾਜ਼ ਹੁਣ ਏਨੀ ਬੁਲੰਦ ਹੋ ਗਈ ਹੈ ਕਿ ਕੋਈ ਵੀ ਸਿਆਸੀ ਪਾਰਟੀ ਜਾਂ ਵਿਅਕਤੀ ਜਾਂ ਅਦਾਰਾ ਇਸ ਮਸਲੇ 'ਤੇ ਖਾਮੋਸ਼ੀ ਧਾਰਨ ਨਹੀਂ ਕਰ ਸਕਦਾ, ਉਸ ਨੂੰ ਜੁਆਬਦੇਹੀ ਦੇ ਕਟਹਿਰੇ ਵਿੱਚ ਖੜੇ ਹੋਣਾ ਹੀ ਪਵੇਗਾ।

1204 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper