Latest News
ਗੱਲ ਹਾਦਸੇ ਦੀ ਨਹੀਂ, ਹਾਦਸਿਆਂ ਦੀ ਸੋਚਣੀ ਪਵੇਗੀ

Published on 21 Oct, 2018 10:46 AM.


ਦਸਹਿਰੇ ਦੀ ਸ਼ਾਮ ਅੰਮ੍ਰਿਤਸਰ ਵਿੱਚ ਵਾਪਰੇ ਬਹੁਤ ਵੱਡੇ ਦੁਖਾਂਤ ਨੇ ਸਮੁੱਚਾ ਦੇਸ਼ ਹਿਲਾ ਕੇ ਰੱਖ ਦਿੱਤਾ ਹੈ। ਹਰ ਪਾਰਟੀ ਅਤੇ ਹਰ ਸੰਗਠਨ ਦੇ ਲੋਕਾਂ ਨੇ ਇਸ ਦਾ ਦੁੱਖ ਮਨਾਇਆ ਹੈ। ਸੰਸਾਰ ਦੀ ਪੰਚਾਇਤ ਯੂ ਐੱਨ ਦੇ ਮੁਖੀ, ਅਮਰੀਕਾ, ਕੈਨੇਡਾ, ਰੂਸ ਅਤੇ ਕਈ ਹੋਰ ਦੇਸ਼ਾਂ ਦੇ ਮੁਖੀਆਂ ਦੇ ਵੀ ਸ਼ੋਕ ਸੁਨੇਹੇ ਆਏ ਹਨ। ਇਹ ਦੁੱਖ ਹੈ ਵੀ ਬਹੁਤ ਵੱਡਾ। ਭਾਰਤ ਦੇ ਰੇਲ ਰਾਜ ਮੰਤਰੀ ਨੇ ਖ਼ੁਦ ਅੰਮ੍ਰਿਤਸਰ ਦਾ ਚੱਕਰ ਲਾਇਆ, ਰੇਲਵੇ ਬੋਰਡ ਦਾ ਮੁਖੀ ਵੀ ਆਇਆ ਤੇ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਵੀ ਆਪਣਾ ਇਸਰਾਈਲ ਦੌਰਾ ਛੱਡ ਕੇ ਏਅਰਪੋਰਟ ਤੋਂ ਵਾਪਸ ਆਏ ਹਨ। ਆਉਣਾ ਵੀ ਬਣਦਾ ਸੀ। ਰਾਜ ਸਰਕਾਰ ਦਾ ਮੁਖੀ ਇਹੋ ਜਿਹੇ ਸਮੇਂ ਆਪਣੇ ਲੋਕਾਂ ਵਿੱਚ ਹੀ ਹੋਣਾ ਚਾਹੀਦਾ ਹੈ ਤੇ ਉਨ੍ਹਾ ਨੇ ਦੌਰਾ ਛੱਡ ਕੇ ਠੀਕ ਕੀਤਾ ਹੈ।
ਇਸ ਦੌਰਾਨ ਤਿੰਨ ਕਿਸਮ ਦੀਆਂ ਗੱਲਾਂ ਨੇ ਹਰ ਕਿਸੇ ਦਾ ਧਿਆਨ ਖਿੱਚਿਆ ਹੈ। ਇਨ੍ਹਾਂ ਵਿੱਚੋਂ ਪਹਿਲੀ ਤਾਂ ਮਾਰੇ ਜਾ ਚੁੱਕੇ ਲੋਕਾਂ ਦੇ ਪਰਵਾਰਾਂ ਦੀ ਮਦਦ ਦਾ ਸਵਾਲ ਹੈ। ਪੰਜਾਬ ਸਰਕਾਰ ਨੇ ਖੜੇ ਪੈਰ ਬਣਦਾ ਐਲਾਨ ਕੀਤਾ ਹੈ। ਕੁਝ ਧਿਰਾਂ ਨੇ ਇਸ ਬਾਰੇ ਟਿੱਪਣੀ ਕੀਤੀ ਹੈ ਕਿ ਇਹ ਥੋੜ੍ਹਾ ਹੈ। ਬੇਗਾਨੇ ਹੱਥ ਕਹੀ ਹੌਲੀ ਹੁੰਦੀ ਹੈ। ਜਦੋਂ ਦੂਸਰੀਆਂ ਧਿਰਾਂ ਦੇ ਕੋਲ ਸਰਕਾਰ ਦਾ ਕੰਟਰੋਲ ਸੀ ਤਾਂ ਕਾਂਗਰਸੀ ਵੀ ਇਹੋ ਜਿਹੇ ਵਕਤ ਇਹੋ ਕਿਹਾ ਕਰਦੇ ਸਨ। ਉਂਜ ਪੀੜਤ ਪਰਵਾਰਾਂ ਦੀ ਜਿੰਨੀ ਵੀ ਮਦਦ ਕੀਤੀ ਜਾ ਸਕੇ, ਕਰਨ ਦੀ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ ਤੇ ਵੇਲੇ ਸਿਰ ਕਰਨੀ ਚਾਹੀਦੀ ਹੈ। ਪੀੜਤਾਂ ਦੇ ਇਲਾਜ ਬਾਰੇ ਇਹ ਲਗਭਗ ਸਭਨਾਂ ਦੀ ਰਾਏ ਹੈ ਕਿ ਜਿੰਨਾ ਕੁਝ ਹੋ ਸਕਦਾ ਹੈ, ਉਸ ਵਿੱਚ ਕਿਸੇ ਪਾਸੇ ਤੋਂ ਕਸਰ ਨਹੀਂ ਛੱਡੀ ਜਾ ਰਹੀ।
ਦੂਸਰਾ ਪੱਖ ਰਾਜਨੀਤੀ ਦਾ ਹੈ। ਇਹ ਬੜੀ ਚੰਦਰੀ ਚੀਜ਼ ਹੈ। ਵਿਰੋਧੀ ਧਿਰਾਂ ਨੇ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਪਤਨੀ ਤੇ ਸਾਬਕਾ ਵਿਧਾਇਕਾ ਨਵਜੋਤ ਕੌਰ ਸਿੱਧੂ ਉੱਤੇ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ। ਇੱਕ ਜਣੇ ਨੇ ਇਹ ਵੀ ਕਹਿ ਦਿੱਤਾ ਹੈ ਕਿ ਜਦੋਂ ਲੋਕ ਗੱਡੀ ਹੇਠ ਆ ਰਹੇ ਸਨ, ਨਵਜੋਤ ਕੌਰ ਭਾਸ਼ਣ ਕਰਦੀ ਪਈ ਸੀ। ਏਸੇ ਤੋਂ ਰਾਜਨੀਤੀ ਦਿੱਸ ਪੈਂਦੀ ਹੈ। ਦਸਹਿਰੇ ਮੌਕੇ ਰਾਵਣ ਨੂੰ ਅੱਗ ਲਾਉਣ ਤੋਂ ਪਹਿਲਾਂ ਮੁੱਖ ਮਹਿਮਾਨ ਦਾ ਭਾਸ਼ਣ ਹੋ ਜਾਂਦਾ ਹੈ ਤੇ ਅੱਗ ਲਾਏ ਜਾਣ ਪਿੱਛੋਂ ਜਦੋਂ ਰਾਵਣ ਸੜਦਾ ਪਿਆ ਸੀ, ਗੱਡੀ ਹੇਠ ਲੋਕ ਓਦੋਂ ਆਏ ਸਨ। ਸਾਫ਼ ਹੈ ਕਿ ਓਦੋਂ ਕੋਈ ਭਾਸ਼ਣ ਨਹੀਂ ਸੀ ਹੋ ਸਕਦਾ। ਉਂਜ ਰਾਜ ਸਰਕਾਰ ਨੂੰ ਵੀ ਅਤੇ ਸਮੁੱਚੇ ਪ੍ਰਸ਼ਾਸਨ ਨੂੰ ਵੀ ਇਸ ਗੱਲ ਬਾਰੇ ਦੋਸ਼ੀ ਕਿਹਾ ਜਾ ਸਕਦਾ ਹੈ ਕਿ ਇਹੋ ਜਿਹੀਆਂ ਥਾਂਵਾਂ ਉੱਤੇ ਇਹੋ ਜਿਹੇ ਸਮਾਗਮ ਕਰਨ ਕਿਉਂ ਦਿੱਤੇ ਜਾਂਦੇ ਹਨ, ਜਿੱਥੇ ਏਦਾਂ ਦੇ ਹਾਦਸੇ ਦਾ ਖ਼ਤਰਾ ਹੁੰਦਾ ਹੈ ਤੇ ਇਹ ਕੁਝ ਪਿਛਲੇ ਸਾਰੇ ਸਮੇਂ ਤੋਂ ਏਦਾਂ ਹੀ ਚੱਲਦਾ ਆਇਆ ਹੈ। ਸਰਕਾਰਾਂ ਬਦਲ ਜਾਂਦੀਆਂ ਹਨ, ਪਰ ਕਦੇ ਕਿਸੇ ਇੱਕ ਵੀ ਪਾਰਟੀ ਨੇ ਇਸ ਬਾਰੇ ਸੋਚਿਆ ਤੱਕ ਨਹੀਂ ਸੀ। ਅਗਲੇ ਸਮੇਂ ਵਿੱਚ ਇਹੋ ਜਿਹੇ ਦੁਖਾਂਤ ਹੋਣ ਤੋਂ ਰੋਕਣੇ ਹਨ ਤਾਂ ਇਹ ਵੇਖਣਾ ਚਾਹੀਦਾ ਹੈ ਕਿ ਪੰਜਾਬ ਭਰ ਵਿੱਚ ਇੱਕੀ ਥਾਂਵਾਂ ਇਸ ਤਰ੍ਹਾਂ ਦੀਆਂ ਹਨ, ਜਿੱਥੇ ਲੋਕ ਰੇਲਵੇ ਲਾਈਨਾਂ ਉੱਤੇ ਖੜੇ ਹੋ ਕੇ ਦਸਹਿਰਾ ਵੇਖਦੇ ਹਨ। ਦੁਖਾਂਤ ਕਿਸੇ ਥਾਂ ਵੀ ਵਾਪਰ ਸਕਦਾ ਹੈ।
ਤੀਸਰਾ ਪੱਖ ਧਾਰਮਿਕ ਅਤੇ ਸਮਾਜੀ ਸਮਾਗਮਾਂ ਦੇ ਪ੍ਰਬੰਧਕਾਂ, ਸਿਵਲ ਪ੍ਰਸ਼ਾਸਨ ਅਤੇ ਪੁਲਸ ਦੇ ਆਪਸੀ ਤਾਲਮੇਲ ਦਾ ਹੈ ਕਿ ਹਰ ਇਹੋ ਜਿਹੇ ਪੱਖ ਬਾਰੇ ਅਗੇਤਾ ਵਿਚਾਰ ਲਿਆ ਜਾਵੇ, ਜਿਸ ਨਾਲ ਕਿਸੇ ਤਰ੍ਹਾਂ ਦਾ ਖ਼ਤਰਾ ਹੋ ਸਕਦਾ ਹੋਵੇ। ਸਮਾਗਮ ਲਈ ਚਾਰ ਬੰਦੇ ਕੋਈ ਅਰਜ਼ੀ ਲੈ ਕੇ ਚਲੇ ਜਾਣ ਤਾਂ ਪੁਲਸ ਵਾਲੇ ਕਿਸੇ ਕੌਂਸਲਰ ਜਾਂ ਵਿਧਾਇਕ ਦੇ ਸਿਫਾਰਸ਼ੀ ਦਸਖਤ ਵੇਖ ਕੇ ਉਸ ਦੀ ਆਗਿਆ ਦੇ ਦੇਂਦੇ ਹਨ, ਬਾਕੀ ਕੋਈ ਪ੍ਰਬੰਧ ਉਹ ਸੋਚਦੇ ਜਾਂ ਕਰਦੇ ਹੀ ਨਹੀਂ। ਵੱਡੀ ਗੱਲ ਇਹ ਹੁੰਦੀ ਹੈ ਕਿ ਅਮਨ ਕਾਨੂੰਨ ਦੀ ਸਥਿਤੀ ਕੰਟਰੋਲ ਕਰਨ ਲਈ ਚਾਰ ਪੁਲਸ ਮੁਲਾਜ਼ਮ ਭੇਜ ਦਿੱਤੇ ਜਾਂਦੇ ਹਨ। ਇਹ ਕੁਝ ਕਾਫ਼ੀ ਨਹੀਂ। ਭਾਰਤੀ ਲੋਕਾਂ ਨੂੰ ਦੂਸਰੇ ਦੇਸ਼ਾਂ, ਅਤੇ ਖ਼ਾਸ ਤੌਰ ਉੱਤੇ ਵਿਕਸਤ ਦੇਸ਼ਾਂ ਤੋਂ ਇਹ ਸਿੱਖਣਾ ਚਾਹੀਦਾ ਹੈ ਕਿ ਜਿੱਥੇ ਕਿਤੇ ਵੀ ਕੋਈ ਜਨਤਕ ਸਮਾਗਮ ਕਰਨ ਦੀ ਤਜਵੀਜ਼ ਹੋਵੇ, ਉਸ ਦੇ ਲਈ ਅੱਗ ਬੁਝਾਉਣ ਤੋਂ ਲੈ ਕੇ ਡਾਕਟਰੀ ਸਹਾਇਤਾ ਤੱਕ ਦੇ ਸਾਰੇ ਪ੍ਰਬੰਧ ਵੀ ਅਗੇਤੇ ਕਰਨ ਬਾਰੇ ਪੱਕੀ ਨੀਤੀ ਬਣਾ ਲੈਣੀ ਚਾਹੀਦੀ ਹੈ। ਮੁੱਖ ਮੰਤਰੀ ਨੇ ਇਹ ਗੱਲ ਪੰਜਾਬ ਦੇ ਗ੍ਰਹਿ ਸਕੱਤਰ ਨੂੰ ਕਹੀ ਵੀ ਹੈ। ਆਮ ਕਰ ਕੇ ਏਦਾਂ ਦੇ ਕੰਮਾਂ ਬਾਰੇ ਗੱਲ ਠੰਢੀ ਪੈਣ ਤੋਂ ਬਾਅਦ ਚੇਤਾ ਭੁਲਾ ਦਿੱਤੇ ਜਾਣ ਦੀ ਰਿਵਾਇਤ ਹੈ ਤੇ ਅਗਲੀ ਵਾਰੀ ਕਿਸੇ ਦੁਖਾਂਤ ਹੋਏ ਪਿੱਛੋਂ ਫਿਰ ਚੇਤਾ ਆਇਆ ਕਰਦਾ ਹੈ, ਇਸ ਵਾਰੀ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ, ਅਮਲੀ ਕੰਮ ਕਰਨਾ ਚਾਹੀਦਾ ਹੈ। ਸੋਚ ਏਨੀ ਕੁ ਨਹੀਂ ਹੋਣੀ ਚਾਹੀਦੀ ਕਿ ਇੱਕ ਹਾਦਸਾ ਹੋਇਆ ਹੈ ਅਤੇ ਇਸ ਦੇ ਸੰਬੰਧ ਵਿੱਚ ਕੁਝ ਕਰਨਾ ਹੈ, ਸਗੋਂ ਹਾਦਸੇ ਦੀ ਥਾਂ ਹਾਦਸਿਆਂ ਬਾਰੇ ਲੰਮੇ ਸਮੇਂ ਲਈ ਵਕਤ ਰਹਿੰਦਿਆਂ ਤੋਂ ਵਿਚਾਰ ਕਰਨ ਦੀ ਲੋੜ ਸਮਝਣੀ ਚਾਹੀਦੀ ਹੈ।
-ਜਤਿੰਦਰ ਪਨੂੰ

1298 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper