Latest News
ਵਿਵਾਦਾਂ ਦਾ ਅਖਾੜਾ ਬਣੀ ਸਭ ਤੋਂ ਵੱਡੀ ਜਾਂਚ ਏਜੰਸੀ

Published on 24 Oct, 2018 11:00 AM.


ਭਾਰਤ ਦੀ ਸਭ ਤੋਂ ਵੱਡੀ ਜਾਂਚ ਏਜੰਸੀ ਸੀ ਬੀ ਆਈ ਇਸ ਵਕਤ ਚਰਚਿਆਂ ਵਿੱਚ ਹੈ। ਇਹ ਸਭ ਤੋਂ ਵੱਡੀ ਹੀ ਨਹੀਂ, ਸਭ ਤੋਂ ਵੱਧ ਭਰੋਸੇ ਵਾਲੀ ਵੀ ਗਿਣੀ ਜਾਇਆ ਕਰਦੀ ਸੀ। ਅੱਜ ਕੱਲ੍ਹ ਉਸ ਹੱਦ ਤੱਕ ਭਰੋਸੇ ਯੋਗ ਨਹੀਂ ਜਾਪਦੀ। ਕਈ ਤਰ੍ਹਾਂ ਦੇ ਕਿੰਤੂ ਇਸ ਏਜੰਸੀ ਦੇ ਕੰਮ-ਕਾਰ ਉੱਤੇ ਕੀਤੇ ਜਾਣ ਲੱਗ ਪਏ ਹਨ। ਰਾਜਸੀ ਵਫਾਦਾਰੀ ਪੱਖੋਂ ਚੁਣ ਕੇ ਲਿਆਂਦੇ ਅਫਸਰਾਂ ਨੇ ਇਸ ਏਜੰਸੀ ਨੂੰ ਇੱਕ ਤਰ੍ਹਾਂ ਗੁੱਟਬੰਦੀ ਦਾ ਅੱਡਾ ਬਣਾ ਧਰਿਆ ਹੈ, ਜਿਸ ਵਿੱਚ ਇਸ ਦੇਸ਼ ਦੀ ਰਾਜ ਕਰਦੀ ਧਿਰ ਦੇ ਲੀਡਰਾਂ ਦੇ ਨਿੱਜੀ ਸਾਂਝ ਵਾਲੇ ਬੰਦੇ ਇੱਕ ਦੂਸਰੇ ਦੇ ਪੈਰ ਮਿੱਧਦੇ ਫਿਰਦੇ ਹਨ। ਲੜਾਈ ਅਦਾਲਤੀ ਕੇਸਾਂ ਤੱਕ ਵੀ ਪਹੁੰਚ ਗਈ ਹੈ। ਇਸ ਦੇ ਬਾਅਦ ਇਹ ਨੌਬਤ ਵੀ ਆ ਗਈ ਕਿ ਇਸ ਏਜੰਸੀ ਨੂੰ ਆਪਣੇ ਦਫਤਰ ਵਿੱਚ ਛਾਪੇ ਮਾਰਨੇ ਪਏ ਹਨ।
ਬੁੱਧਵਾਰ ਦੀ ਸਵੇਰੇ ਸਾਡੇ ਲੋਕਾਂ ਨੂੰ ਇਹ ਹੈਰਾਨੀ ਵਾਲੀ ਖਬਰ ਸੁਣਨ ਨੂੰ ਮਿਲੀ ਕਿ ਅੱਧੀ ਰਾਤ ਵੇਲੇ ਦਿੱਲੀ ਪੁਲਸ ਸੱਦ ਕੇ ਉਸ ਦੀ ਮਦਦ ਨਾਲ ਇਸ ਏਜੰਸੀ ਦੇ ਹੈੱਡ ਕੁਆਰਟਰ ਦੀ ਦਸਵੀਂ ਅਤੇ ਗਿਆਰਵੀਂ ਮੰਜ਼ਲ ਨੂੰ ਸੀਜ਼ ਕਰ ਦਿੱਤਾ ਗਿਆ ਹੈ ਅਤੇ ਉੱਪਰਲੇ ਦੋਵੇਂ ਵੱਡੇ ਅਫਸਰ ਹਟਾ ਕੇ ਤੀਸਰੇ ਨੂੰ ਚਾਰਜ ਦੇ ਦਿੱਤਾ ਗਿਆ ਹੈ। ਪਤਾ ਲੱਗਾ ਹੈ ਕਿ ਇਸ ਮਕਸਦ ਦੇ ਲਈ ਕੇਂਦਰੀ ਵਿਜੀਲੈਂਸ ਕਮਿਸ਼ਨ ਦੀ ਮੀਟਿੰਗ ਵੀ ਕੁਵੇਲੇ ਲਾਈ ਗਈ ਤੇ ਉਸ ਵਿੱਚ ਸਮੁੱਚੀ ਸਥਿਤੀ ਦੀ ਚਰਚਾ ਦੇ ਬਾਅਦ ਫੈਸਲਾ ਕੀਤਾ ਗਿਆ ਕਿ ਜਿਸ ਕਿਸੇ ਉੱਤੇ ਕੋਈ ਵੀ ਦੋਸ਼ ਹੈ, ਉਸ ਨੂੰ ਹਾਲ ਦੀ ਘੜੀ ਏਜੰਸੀ ਤੋਂ ਲਾਂਭੇ ਕਰ ਦਿੱਤਾ ਜਾਵੇ। ਇਹ ਫੈਸਲਾ ਕਈ ਲੋਕਾਂ ਨੂੰ ਠੀਕ ਲੱਗਦਾ ਹੈ ਤੇ ਕਈ ਇਹ ਕਹਿ ਰਹੇ ਹਨ ਕਿ ਇਸ ਬਹਾਨੇ ਦੋਵਾਂ ਧਿਰਾਂ ਦੀ ਗੱਲ ਨਹੀਂ, ਅਸਲ ਵਿੱਚ ਇੱਕ ਬਹੁਤ ਅਹਿਮ ਕੇਸ ਦੀ ਜਾਂਚ ਨੂੰ ਹੈਂਡਲ ਕਰਨ ਵਾਲੇ ਯੋਗ ਅਫਸਰਾਂ ਨੂੰ ਏਜੰਸੀ ਦੇ ਨਾਲ ਇਸ ਸਾਰੀ ਜਾਂਚ ਤੋਂ ਵੀ ਵੱਖ ਕੀਤਾ ਤੇ ਘਪਲੇ ਉੱਤੇ ਪਰਦਾ ਪਾਉਣ ਦਾ ਯਤਨ ਕੀਤਾ ਗਿਆ ਹੈ। ਜ਼ਾਹਰਾ ਤੌਰ ਉੱਤੇ ਕੁਝ ਅਤੇ ਵਿੱਚੋਂ ਕੁਝ ਹੋਰ ਸੁਣਦਾ ਪਿਆ ਹੈ।
ਜ਼ਾਹਰਾ ਤੌਰ ਉੱਤੇ ਕਹਾਣੀ ਇਹ ਹੈ ਕਿ ਖਾੜੀ ਦੇਸ਼ਾਂ ਨੂੰ ਮੀਟ ਸਪਲਾਈ ਕਰਨ ਵਾਲੇ ਮੋਇਨ ਕੁਰੈਸ਼ੀ ਨਾਂਅ ਦੇ ਬੰਦੇ ਉਤੇ ਕਾਨੂੰਨ ਦਾ ਸ਼ਿਕੰਜਾ ਕੱਸੇ ਜਾਣ ਤੋਂ ਬਾਅਦ ਸੌਦਾ ਮਾਰਿਆ ਗਿਆ ਤੇ ਇਸ ਸੌਦੇ ਬਾਰੇ ਇਸ ਏਜੰਸੀ ਦੇ ਮੁਖੀ ਨੇ ਦੂਸਰੇ ਨੰਬਰ ਦੇ ਅਧਿਕਾਰੀ ਉੱਤੇ ਕੇਸ ਦਰਜ ਕਰਾਇਆ ਹੈ। ਇਹ ਵੀ ਜ਼ਾਹਰਾ ਤੌਰ ਉੱਤੇ ਕਿਹਾ ਗਿਆ ਹੈ ਕਿ ਦੂਸਰੇ ਨੰਬਰ ਦੇ ਉਸ ਅਧਿਕਾਰੀ ਨੇ ਇਸ ਏਜੰਸੀ ਦੇ ਮੁਖੀ ਦੇ ਵਿਰੁੱਧ ਪਹਿਲਾਂ ਹੀ ਭਾਰਤ ਦੇ ਕੈਬਨਿਟ ਸੈਕਟਰੀ ਨੂੰ ਪੱਤਰ ਲਿਖ ਦਿੱਤਾ ਸੀ ਤੇ ਜਿਹੜੇ ਦੋਸ਼ ਉਸ ਉੱਤੇ ਲਾਏ ਗਏ ਹਨ, ਇਹ ਦੋਸ਼ ਏਜੰਸੀ ਦੇ ਮੁਖੀ ਉੱਤੇ ਦੋ ਨੰਬਰ ਵਾਲੇ ਅਫਸਰ ਨੇ ਪਹਿਲਾਂ ਲਾ ਦਿੱਤੇ ਸਨ। ਸਿਖਰ ਵਾਲੇ ਦੋਵਾਂ ਅਫਸਰਾਂ ਉੱਤੇ ਇੱਕੋ ਵਪਾਰੀ ਤੋਂ ਪੈਸੇ ਲੈਣ ਦਾ ਇੱਕੋ ਦੋਸ਼ ਹੀ ਇਹ ਜ਼ਾਹਰਾ ਮੁੱਦਾ ਹੈ। ਲੋਕ ਯਕੀਨ ਨਹੀਂ ਕਰਦੇ ਪਏ।
ਦੂਸਰੀ ਕਹਾਣੀ ਇਹ ਨਿਕਲਦੀ ਪਈ ਹੈ ਕਿ ਅਸਲ ਵਿੱਚ ਜਿਸ ਅਫਸਰ ਨੇ ਪਿਛਲੇ ਦਿਨਾਂ ਵਿੱਚ ਫਰਾਂਸ ਤੋਂ ਖਰੀਦੇ ਜਾ ਰਹੇ ਰਾਫੇਲ ਜਹਾਜ਼ਾਂ ਦੇ ਘਪਲੇ ਦੀ ਜਾਂਚ ਵਿੱਚ ਥੋੜ੍ਹਾ ਜਿਹਾ ਕੰਮ ਕੀਤਾ ਤੇ ਅੱਗੇ ਵਧਦਾ ਜਾਪਦਾ ਸੀ, ਉਸ ਦੇ ਕੰਮ ਨੂੰ ਰੋਕਣ ਦੇ ਲਈ ਇਹ ਸਾਰੀ ਚਾਲ ਚੱਲੀ ਗਈ ਹੈ। ਇੱਕੋ ਬੰਦੇ ਤੋਂ ਰਿਸ਼ਵਤ ਲੈਣ ਦਾ ਇੱਕ ਜਣੇ ਉੱਤੇ ਕੇਸ ਬਣ ਗਿਆ, ਦੂਸਰੇ ਦੇ ਖਿਲਾਫ ਇਸ ਬਾਰੇ ਪਹਿਲਾਂ ਚਿੱਠੀ ਲਿਖੀ ਦੀ ਗੱਲ ਨਾਲ ਜੋੜ ਲਈ ਤੇ ਇਸ ਬਹਾਨੇ ਇਹ ਕਹਿ ਦਿੱਤਾ ਗਿਆ ਕਿ ਦੋਵਾਂ ਦੇ ਬਾਰੇ ਜਿਹੜਾ ਸ਼ੱਕ ਦਾ ਮਾਹੌਲ ਬਣਿਆ ਸੀ, ਉਸ ਨੂੰ ਵੇਖਦੇ ਹੋਏ ਇਨਸਾਫ ਲਈ ਤੀਸਰੇ ਬੰਦੇ ਨੂੰ ਕਮਾਨ ਸੌਂਪੀ ਗਈ ਹੈ। ਉਹ ਤੀਸਰਾ ਜਦੋਂ ਆਇਆ ਤਾਂ ਆਉਂਦੇ ਸਾਰ ਏਜੰਸੀ ਦੀ ਗਿਆਰਵੀਂ ਮੰਜ਼ਲ ਅੱਧੀ ਰਾਤ ਨੂੰ ਦਿੱਲੀ ਪੁਲਸ ਦੀ ਮਦਦ ਨਾਲ ਸੀਲ ਕਰਨ ਦਾ ਕੰਮ ਕਰਨ ਲੱਗ ਪਿਆ। ਅਸਲ ਵਿੱਚ ਗਿਆਰਵੀਂ ਮੰਜ਼ਲ ਉੱਤੇ ਏਜੰਸੀ ਦੇ ਸਿਖਰਲੇ ਦੋਵਾਂ ਅਫਸਰਾਂ ਦੇ ਦਫਤਰ ਅਤੇ ਉਨ੍ਹਾਂ ਦੇ ਨਾਲ ਸੰਬੰਧਤ ਸਟਾਫ ਦੇ ਕਮਰੇ ਅਤੇ ਰਿਕਾਰਡ ਹੁੰਦਾ ਹੈ। ਅੱਧੀ ਰਾਤ ਨੂੰ ਜਾ ਕੇ ਰਿਕਾਰਡ ਵੀ ਸੀਲ ਕਰ ਲਿਆ ਗਿਆ। ਦਿੱਲੀ ਪੁਲਸ ਨੂੰ ਨਾਲ ਲਿਆਉਣਾ ਦੱਸਦਾ ਹੈ ਕਿ ਉਸ ਨੂੰ ਜਾਂ ਤਾਂ ਆਪਣੀ ਏਜੰਸੀ ਦੇ ਸਟਾਫ ਵੱਲੋਂ ਸਹਿਯੋਗ ਨਾ ਮਿਲਣ ਦਾ ਡਰ ਸੀ ਜਾਂ ਫਿਰ ਇਹ ਖਤਰਾ ਸੀ ਕਿ ਕੋਈ ਉਸ ਦੀ ਸਕੀਮ ਨੂੰ ਸਾਬੋਤਾਜ ਕਰ ਸਕਦਾ ਹੈ, ਜਾਂ ਫਿਰ ਕਾਹਲੀ ਹੱਦੋਂ ਬਾਹਰੀ ਸੀ।
ਕੁਝ ਵੀ ਹੋਇਆ ਹੋਵੇ, ਇਸ ਸਾਰੇ ਕੁਝ ਵਿੱਚ ਹੈਰਾਨੀ ਵਾਲਾ ਇੱਕ ਪੱਖ ਇਹ ਵੀ ਹੈ ਕਿ ਮੰਗਲਵਾਰ ਨੂੰ ਇੱਕ ਡੀ ਐੱਸ ਪੀ ਨੂੰ ਜਦੋਂ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿਹੜਾ ਡੀ ਐੱਸ ਪੀ ਉਸ ਨੂੰ ਗ੍ਰਿਫਤਾਰ ਕਰ ਕੇ ਲੈ ਕੇ ਗਿਆ, ਬੁੱਧਵਾਰ ਵਾਲਾ ਸੂਰਜ ਚੜ੍ਹਨ ਤੱਕ ਉਸ ਨੂੰ ਕਾਲੇ ਪਾਣੀ ਭੇਜ ਦਿੱਤਾ ਗਿਆ ਹੈ। ਉਸ ਦੀ ਦਿੱਲੀ ਦਫਤਰ ਤੋਂ ਸਿੱਧੀ ਬਦਲੀ ਪੋਰਟ ਬਲੇਅਰ ਕਰ ਦਿੱਤੀ ਗਈ ਅਤੇ ਖੜੇ ਪੈਰ ਓਥੇ ਪਹੁੰਚ ਕੇ ਰਿਪੋਰਟ ਕਰਨ ਨੂੰ ਕਿਹਾ ਗਿਆ ਹੈ। ਇਹ ਉਹੋ ਪੋਰਟ ਬਲੇਅਰ ਹੈ, ਜਿੱਥੇ ਅੰਡੇਮਾਨ ਵਿੱਚ ਦੇਸ਼ ਭਗਤਾਂ ਨੂੰ ਅੰਗਰੇਜ਼ਾਂ ਦੇ ਵਕਤ ਭੇਜਿਆ ਜਾਂਦਾ ਸੀ। ਇਸ ਤਰ੍ਹਾਂ ਜਿਹੜਾ ਡੀ ਐੱਸ ਪੀ ਇੱਕ ਦਿਨ ਪਹਿਲਾਂ ਤੱਕ ਕਿਸੇ ਦੂਸਰੇ ਨੂੰ ਭ੍ਰਿਸ਼ਟਾਚਾਰ ਦੇ ਕੇਸ ਵਿੱਚ ਗੁੱਟੋਂ ਫੜੀ ਫਿਰਦਾ ਸੀ, ਇੱਕ ਦਿਨ ਬਾਅਦ ਉਹ ਕਾਲੇ ਪਾਣੀ ਪੁੱਜ ਗਿਆ ਹੈ। ਕੇਂਦਰ ਦੀ ਸਰਕਾਰ ਕਹਿੰਦੀ ਹੈ ਕਿ ਏਜੰਸੀ ਵਿੱਚ ਹੁੰਦੀ ਚੱਕ-ਥੱਲ ਨਾਲ ਸਾਡਾ ਵਾਸਤਾ ਹੀ ਕੋਈ ਨਹੀਂ। ਲੋਕ ਏਨੇ ਭੋਲੇ ਨਹੀਂ ਕਿ ਸਰਕਾਰ ਦੇ ਏਨੇ ਕੁ ਸਪੱਸ਼ਟੀਕਰਨ ਨੂੰ ਹਜ਼ਮ ਕਰ ਲੈਣਗੇ। ਕਈ ਤਰ੍ਹਾਂ ਦੇ ਸ਼ੱਕ ਪ੍ਰਗਟ ਕੀਤੇ ਜਾ ਰਹੇ ਹਨ।
ਜਿਹੜੀ ਏਜੰਸੀ ਆਪਣੀ ਹਸਤੀ ਦੇ ਅੱਧੀ ਸਦੀ ਤੋਂ ਵੱਧ ਦੇ ਸਾਲਾਂ ਦੌਰਾਨ ਇਹੋ ਜਿਹੇ ਵਿਵਾਦਾਂ ਵਿੱਚ ਕਦੀ ਫਸੀ ਨਹੀਂ ਸੀ ਵੇਖੀ ਗਈ, ਇਸ ਵੇਲੇ ਬਹੁਤ ਵੱਡੇ ਵਿਵਾਦ ਦਾ ਅਖਾੜਾ ਬਣੀ ਪਈ ਹੈ। ਇਸ ਤੋਂ ਦੇਸ਼ ਦੇ ਲੋਕ ਚਿੰਤਾ ਵਿੱਚ ਹਨ।
- ਜਤਿੰਦਰ ਪਨੂੰ

1383 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper