Latest News
ਚੌਥਾ ਸਨਅਤੀ ਇਨਕਲਾਬ ਤੇ ਸਾਡੇ ਸ਼ਾਸਕ

Published on 25 Oct, 2018 10:56 AM.


ਅੱਜ ਸਾਡੇ ਦੇਸ ਲਈ ਜੋ ਸਭ ਤੋਂ ਵੱਡੀ ਚੁਣੌਤੀ ਬਣੀ ਹੋਈ ਹੈ, ਉਹ ਹੈ ਬੇਕਾਰੀ ਦੀ ਸਮੱਸਿਆ। ਹੁਣ ਤੱਕ ਦੀਆਂ ਸਰਕਾਰਾਂ ਯੋਜਨਾਬੰਦੀ ਰਾਹੀਂ ਇਹੋ ਦਾਅਵੇ ਕਰਦੀਆਂ ਰਹੀਆਂ ਹਨ ਕਿ ਪੜ੍ਹੇ-ਲਿਖੇ ਨੌਜੁਆਨਾਂ ਲਈ ਰੁਜ਼ਗਾਰ ਦੇ ਨਵੇਂ ਅਵਸਰ ਪੈਦਾ ਕੀਤੇ ਜਾਣਗੇ, ਪਰ ਯੋਜਨਾਬੰਦੀ ਵਾਲੀ ਆਰਥਿਕਤਾ ਤੇ ਖੁੱਲ੍ਹੇ ਬਾਜ਼ਾਰ ਵਾਲੀ ਵਿਵਸਥਾ ਨੂੰ ਅਪਣਾਏ ਜਾਣ ਦੇ ਬਾਵਜੂਦ ਰੁਜ਼ਗਾਰ ਦੀ ਸਮੱਸਿਆ ਹੱਲ ਤਾਂ ਕੀ ਹੋਣੀ ਸੀ, ਸਗੋਂ ਪਹਿਲਾਂ ਨਾਲੋਂ ਵੀ ਵੱਧ ਵਿਕਰਾਲ ਰੂਪ ਧਾਰਨ ਕਰਦੀ ਜਾ ਰਹੀ ਹੈ।
ਮੋਦੀ ਸਰਕਾਰ ਦੇ ਇਸ ਦਾਅਵੇ ਨਾਲ ਨੌਜੁਆਨਾਂ ਨੂੰ ਆਸ ਬੱਝੀ ਸੀ ਕਿ ਉਹ ਹਰ ਸਾਲ ਦੋ ਕਰੋੜ ਰੁਜ਼ਗਾਰ ਦੇ ਨਵੇਂ ਅਵਸਰ ਸਿਰਜਿਆ ਕਰੇਗੀ। ਇਸ ਸਰਕਾਰ ਦੇ ਸ਼ਾਸਨ ਕਾਲ ਦਾ ਕੁਝ ਹੀ ਸਮਾਂ ਬਚਿਆ ਹੈ, ਪਰ ਉਸ ਦਾ ਇਹ ਇਕਰਾਰ ਅਮਲਾਂ ਵਿੱਚ ਨਹੀਂ ਵਟ ਸਕਿਆ।
ਹੁਣ ਇੱਕ ਹੋਰ ਨਵੀਂ ਸਮੱਸਿਆ ਸਾਡੇ ਸਨਮੁੱਖ ਆ ਖੜੀ ਹੋਈ ਹੈ, ਤੇ ਉਹ ਹੈ ਚੌਥੇ ਸਨਅਤੀ ਇਨਕਲਾਬ ਦੇ ਸਿੱਟੇ ਵਜੋਂ ਆਰਟੀਫਿਸ਼ੀਅਲ ਇੰਟੈਲੀਜੈਂਸ ਤੇ ਰੋਬੋਟ ਦੀ ਦਿਨੋ-ਦਿਨ ਵਧਦੀ ਜਾਂਦੀ ਵਰਤਂੋ। ਇਸ ਸਮੱਸਿਆ ਨੇ ਕੇਵਲ ਸਾਡੇ ਵਰਗੇ ਵਿਕਾਸਸ਼ੀਲ ਦੇਸਾਂ ਹੀ ਨਹੀਂ, ਸਗੋਂ ਅਮਰੀਕਾ ਸਮੇਤ ਪੱਛਮ ਤੇ ਏਸ਼ੀਆ ਦੇ ਚੀਨ, ਜਾਪਾਨ ਤੇ ਦੱਖਣੀ ਕੋਰੀਆ ਵਰਗੇ ਸਨਅਤੀ ਪੱਖੋਂ ਵਿਕਸਤ ਦੇਸ਼ਾਂ ਨੂੰ ਵੀ ਆਪਣੇ ਕਲਾਵੇ ਵਿੱਚ ਲੈ ਲਿਆ ਹੈ। ਰੋਬੋਟ ਦੀ ਵਧਦੀ ਵਰਤੋਂ ਕਾਰਨ ਪੱਛਮ ਦੇ ਵਿਕਸਤ ਸਨਅਤੀ ਦੇਸਾਂ ਵਿੱਚ ਲੱਖਾਂ ਨਹੀਂ, ਕਰੋੜਾਂ ਦੀ ਗਿਣਤੀ ਵਿੱਚ ਲੋਕ ਬੇਰੁਜ਼ਗਾਰ ਹੋ ਗਏ ਹਨ। ਇਹੋ ਨਹੀਂ, ਪਹਿਲਾਂ ਤੋਂ ਕੰਮ 'ਤੇ ਲੱਗੇ ਅਨੇਕ ਲੋਕ ਰੋਬੋਟ ਦੀ ਵਰਤੋਂ ਤੋਂ ਅਣਜਾਣ ਹੋਣ ਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਹਾਣੀ ਨਾ ਹੋ ਸਕਣ ਕਾਰਨ ਕੰਮ ਤੋਂ ਵਾਂਝੇ ਕਰ ਦਿੱਤੇ ਗਏ ਹਨ।
ਸਾਡੇ ਦੇਸ਼ ਭਾਰਤ ਵਿੱਚ ਵੀ ਆਟੋ-ਮੋਬਾਈਲ ਦੇ ਕਲ-ਪੁਰਜ਼ੇ ਤਿਆਰ ਕਰਨ ਤੇ ਮੋਟਰ ਵਹੀਕਲ ਤਿਆਰ ਕਰਨ ਵਾਲੀਆਂ ਅਸੰਬਲੀ ਲਾਈਨਾਂ ਵਿੱਚ ਵਰਕਰਾਂ ਦੀ ਥਾਂ ਰੋਬੋਟ ਲੈਣ ਲੱਗੇ ਹਨ। ਉਹ ਨਾ ਕੰਮ ਕਰਨ ਵਾਲੇ ਕਿਰਤੀਆਂ ਵਾਂਗ ਥਕਾਵਟ ਮਹਿਸੂਸ ਕਰਦੇ ਹਨ ਤੇ ਨਾ ਜਿਉਣ ਜੋਗੀਆਂ ਵਾਧੂ ਉਜਰਤਾਂ, ਭੱਤਿਆਂ ਤੇ ਕੰਮ ਸਹੂਲਤਾਂ ਦੀ ਮੰਗ ਕਰਦੇ ਹਨ। ਇਸ ਕਰ ਕੇ ਸਨਅਤਕਾਰ ਵਾਧੂ ਮੁਨਾਫ਼ਾ ਹਾਸਲ ਕਰਨ ਦੀ ਚਾਹਤ ਨੂੰ ਪੂਰਾ ਕਰਨ ਅਤੇ ਕਿਰਤੀਆਂ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਹਾਸਲ ਕਰਨ ਲਈ ਰੋਬੋਟਾਂ ਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਮਦਦ ਨਾਲ ਚੱਲਣ ਵਾਲੀਆਂ ਸਵੈ-ਚਲਿਤ ਮਸ਼ੀਨਾਂ ਨੂੰ ਪਹਿਲ ਦੇ ਰਹੇ ਹਨ। ਨਤੀਜੇ ਵਜੋਂ ਰੁਜ਼ਗਾਰ ਦੇ ਨਵੇਂ ਮੌਕੇ ਤਾਂ ਕੀ ਪੈਦਾ ਹੋਣੇ ਸਨ, ਪਹਿਲਾਂ ਤੋਂ ਕੰਮ 'ਤੇ ਲੱਗੇ ਕਿਰਤੀ ਵੀ ਬੇਰੁਜ਼ਗਾਰਾਂ ਦੀ ਫ਼ੌਜ ਵੱਲ ਧੱਕੇ ਜਾ ਰਹੇ ਹਨ।
ਪੱਛਮ ਦੇ ਵਿਕਸਤ ਦੇਸਾਂ, ਚੀਨ, ਜਾਪਾਨ ਤੇ ਦੱਖਣੀ ਕੋਰੀਆ ਵਰਗੇ ਦੇਸਾਂ ਦੇ ਸ਼ਾਸਕਾਂ ਨੇ ਇਸ ਸਮੱਸਿਆ ਨਾਲ ਨਜਿੱਠਣ ਲਈ ਆਪਣੇ ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ ਵਿੱਚ ਵਿਦਿਆਰਥੀਆਂ ਨੂੰ ਆਰਟੀਫਿਸ਼ੀਅਲ ਇੰਟੈਲੀਜੈਂਸ ਤੇ ਥਰੀ ਡਾਇਮੈਨਸ਼ਨਲ ਤਕਨੀਕ ਤੋਂ ਜਾਣੂ ਕਰਵਾਉਣ ਲਈ ਪਾਠ-ਕ੍ਰਮ ਨੂੰ ਨਵੇਂ ਸਿਰੇ ਤੋਂ ਤਰਤੀਬ ਦੇਣੀ ਸ਼ੁਰੂ ਕਰ ਦਿੱਤੀ ਹੈ। ਮੁੱਢਲੀ ਸਿੱਖਿਆ ਦੇਣ ਵਾਲੇ ਐਲੀਮੈਂਟਰੀ ਸਕੂਲਾਂ ਦੇ ਬੱਚਿਆਂ ਨੂੰ ਕੇਵਲ ਕੰਪਿਊਟਰ ਚਲਾਉਣਾ ਹੀ ਨਹੀਂ ਸਿਖਾਇਆ ਜਾ ਰਿਹਾ, ਸਗੋਂ ਉਸ ਦੇ ਪ੍ਰੋਗਰਾਮ ਨੂੰ ਵੀ ਸਿਲੇਬਸ ਦਾ ਹਿੱਸਾ ਬਣਾ ਦਿੱਤਾ ਗਿਆ ਹੈ।
ਆਰੰਭ ਵਿੱਚ ਰੋਬੋਟ ਦੀ ਇਜਾਦ ਇਸ ਮਕਸਦ ਨਾਲ ਕੀਤੀ ਗਈ ਸੀ ਕਿ ਇਹਨਾਂ ਤੋਂ ਉਹ ਕੰਮ ਲਏ ਜਾਣਗੇ, ਜਿਹੜੇ ਮਨੁੱਖੀ ਸਿਹਤ ਲਈ ਹਾਨੀਕਾਰਕ ਸਿੱਧ ਹੁੰਦੇ ਹਨ, ਜਿਵੇਂ ਪੇਂਟਿੰਗ ਦਾ ਕੰਮ, ਲੋਹੇ ਤੇ ਦੂਜੀਆਂ ਧਾਤਾਂ ਢਾਲਣ ਵਾਲੀਆਂ ਭੱਠੀਆਂ ਆਦਿ ਦਾ ਸੰਚਾਲਨ, ਪਰ ਹੁਣ ਤਾਂ ਇਹਨਾਂ ਦੀ ਵਰਤੋਂ ਸਨਅਤਕਾਰਾਂ ਵੱਲੋਂ ਕਿਰਤੀਆਂ ਤੋਂ ਛੁਟਕਾਰਾ ਹਾਸਲ ਕਰਨ ਤੇ ਵੱਧ ਉਤਪਾਦਨ ਹਾਸਲ ਕਰਨ ਲਈ ਕੀਤੀ ਜਾਣ ਲੱਗੀ ਹੈ। ਅਸੀਂ ਇਸ ਚੌਥੇ ਸਨਅਤੀ ਇਨਕਲਾਬ ਦੇ ਹਾਣੀ ਹੋਣ ਲਈ ਨਾ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਇਸ ਤਕਨੀਕ ਦਾ ਗਿਆਨ ਦੇਣ ਦੀ ਵਿਵਸਥਾ ਕਰ ਰਹੇ ਹਾਂ ਤੇ ਨਾ ਸਰਕਾਰ ਨੇ ਇਸ ਬਾਰੇ ਕੋਈ ਠੋਸ ਯੋਜਨਾਬੰਦੀ ਕੀਤੀ ਹੈ।
ਜੇ ਸਮਾਂ ਰਹਿੰਦੇ ਸਾਡੇ ਸ਼ਾਸਕਾਂ ਨੇ ਇਸ ਪਾਸੇ ਬਣਦਾ ਧਿਆਨ ਨਾ ਦਿੱਤਾ ਤਾਂ ਅਸੀਂ ਹੋਰ ਵੀ ਪਛੜ ਜਾਵਾਂਗੇ ਤੇ ਭਵਿੱਖੀ ਪੀੜ੍ਹੀਆਂ ਇਸ ਲਈ ਸਾਨੂੰ ਕਦੇ ਵੀ ਮੁਆਫ਼ ਨਹੀਂ ਕਰਨਗੀਆਂ।

1493 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper