Latest News
ਸੀ ਬੀ ਆਈ ਨੂੰ ਰਾਫ਼ੇਲ ਦਾ ਸੇਕ

Published on 28 Oct, 2018 11:15 AM.


ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤਾ ਗਿਆ ਰਾਫੇਲ ਲੜਾਕੂ ਜਹਾਜ਼ ਸੌਦਾ ਦਿਨੋ-ਦਿਨ ਆਪਣਾ ਰੰਗ ਦਿਖਾ ਰਿਹਾ ਹੈ। ਇਸ ਸੌਦੇ ਦੇ ਸ਼ੁਰੂ ਵਿੱਚ ਹੀ ਇਹ ਦੋਸ਼ ਲੱਗਣ ਲੱਗੇ ਸਨ ਕਿ ਸਰਕਾਰੀ ਮਾਲਕੀ ਵਾਲੀ ਕੰਪਨੀ ਹਿੰਦੋਸਤਾਨ ਐਰੋਨਾਟਿਕਸ ਲਿਮਟਿਡ ਤੋਂ ਖੋਹ ਕੇ ਇਸ ਨੂੰ ਅਨਿਲ ਅੰਬਾਨੀ ਦੀ ਕੰਪਨੀ ਨੂੰ ਦੇਣ ਪਿੱਛੇ ਕੁਝ ਨਾ ਕੁਝ ਗੜਬੜ ਜ਼ਰੂਰ ਹੈ। ਇਹ ਵੀ ਦੋਸ਼ ਲੱਗ ਰਹੇ ਹਨ ਕਿ ਮਨਮੋਹਨ ਸਿੰਘ ਦੀ ਸਰਕਾਰ ਵੇਲੇ ਜਿਸ ਰਾਫੇਲ ਜਹਾਜ਼ ਦੀ ਕੀਮਤ 670 ਕਰੋੜ ਰੁਪਏ ਸੀ, ਉਸ ਨੂੰ ਨਵੇਂ ਸੌਦੇ ਵਿੱਚ ਵਧਾ ਕੇ ਤਿੰਨ ਗੁਣਾਂ ਕਰ ਦਿੱਤਾ ਗਿਆ। ਮਾਮਲਾ ਇੱਥੋਂ ਤੱਕ ਵਧ ਗਿਆ ਕਿ ਲੋਕ ਜਨਤਕ ਜਲਸਿਆਂ-ਇਕੱਠਾਂ ਵਿੱਚ ਇਹ ਨਾਹਰੇ ਲਾਉਣ ਲੱਗ ਪਏ ਕਿ ਦੇਸ਼ ਦਾ ਚੌਕੀਦਾਰ ਚੋਰ ਹੈ। ਯਾਦ ਰਹੇ ਕਿ ਨਰਿੰਦਰ ਮੋਦੀ ਨੇ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਕਿਹਾ ਸੀ ਕਿ ਉਹ ਪ੍ਰਧਾਨ ਮੰਤਰੀ ਨਹੀਂ, ਸਗੋਂ ਦੇਸ਼ ਦਾ ਚੌਕੀਦਾਰ ਹੈ। ਹੈਰਾਨੀ ਤਾਂ ਇਸ ਗੱਲ ਦੀ ਹੈ ਕਿ ਏਨਾ ਰੌਲਾ ਪੈਣ ਦੇ ਬਾਵਜੂਦ ਪ੍ਰਧਾਨ ਮੰਤਰੀ ਨੇ ਆਪਣੇ ਵੱਲੋਂ ਸਫ਼ਾਈ ਦੇਣ ਲਈ ਇੱਕ ਸ਼ਬਦ ਤੱਕ ਬੋਲਣ ਦੀ ਵੀ ਜ਼ਰੂਰਤ ਨਹੀਂ ਸਮਝੀ।
ਇੱਕ ਕਹਾਵਤ ਹੈ ਕਿ ਜਦੋਂ ਬੰਦਾ ਇੱਕ ਝੂਠ ਬੋਲਦਾ ਹੈ ਤਾਂ ਉਸ ਝੂਠ ਨੂੰ ਛੁਪਾਉਣ ਲਈ ਉਸ ਨੂੰ 100 ਝੂਠ ਬੋਲਣੇ ਪੈਂਦੇ ਹਨ। ਇਸ ਕਹਾਵਤ ਨੂੰ ਇਸ ਤਰ੍ਹਾਂ ਵੀ ਕਿਹਾ ਜਾ ਸਕਦਾ ਹੈ ਕਿ ਜਦੋਂ ਕੋਈ ਬੰਦਾ ਇੱਕ ਗੁਨਾਹ ਕਰਦਾ ਹੈ ਤਾਂ ਉਸ ਗੁਨਾਹ ਨੂੰ ਛੁਪਾਉਣ ਲਈ ਉਸ ਨੂੰ ਵਾਰ-ਵਾਰ ਗੁਨਾਹ ਕਰਨਾ ਪੈਂਦਾ ਹੈ। ਦੇਸ਼ ਦੀ ਸਭ ਤੋਂ ਵੱਡੀ ਜਾਂਚ ਏਜੰਸੀ ਸੀ ਬੀ ਆਈ ਵਿੱਚ ਇਨ੍ਹੀਂ ਦਿਨੀਂ ਪਿਆ ਭੜਥੂ ਇਸ ਦੀ ਤਾਜ਼ਾ ਮਿਸਾਲ ਹੈ।
ਦੇਸ਼ ਦੇ ਨਾਮੀ ਵਕੀਲ ਤੇ ਸਮਾਜਿਕ ਕਾਰਕੁਨ ਪ੍ਰਸ਼ਾਂਤ ਭੂਸ਼ਨ ਵੱਲੋਂ ਕੱਲ੍ਹ ਕੀਤੀ ਗਈ ਪ੍ਰੈੱਸ ਕਾਨਫ਼ਰੰਸ ਵਿੱਚ ਦਿੱਤੇ ਗਏ ਵੇਰਵੇ ਇਸੇ ਗੱਲ ਦੀ ਗਵਾਹੀ ਭਰਦੇ ਹਨ ਕਿ ਸੀ ਬੀ ਆਈ ਵਿੱਚ ਵਾਪਰਿਆ ਘਟਨਾਕ੍ਰਮ ਰਾਫੇਲ ਜਹਾਜ਼ ਸੌਦੇ ਦਾ ਸੱਚ ਸਾਹਮਣੇ ਆਉਣ ਦੇ ਡਰ ਦਾ ਹੀ ਨਤੀਜਾ ਹੈ। ਪ੍ਰਸ਼ਾਂਤ ਭੂਸ਼ਨ ਨੇ ਕਿਹਾ ਹੈ ਕਿ ਸਬੂਤਾਂ ਤੇ ਤੱਥਾਂ ਤੋਂ ਇਹ ਗੱਲ ਸਾਹਮਣੇ ਆ ਚੁੱਕੀ ਹੈ ਕਿ ਪ੍ਰਧਾਨ ਮੰਤਰੀ ਨੇ ਅਨਿਲ ਅੰਬਾਨੀ ਨੂੰ 21 ਹਜ਼ਾਰ ਕਰੋੜ ਰੁਪਏ ਦਾ ਲਾਭ ਦੇਣ ਲਈ ਹੀ ਰਾਫੇਲ ਜਹਾਜ਼ ਦੇ ਸੌਦੇ ਲਈ ਰਿਲਾਇੰਸ ਦੀ ਚੋਣ ਕੀਤੀ। ਇਸ ਸੰੰਬੰਧੀ ਉਨ੍ਹਾ ਸਾਰੇ ਸਬੂਤ 4 ਅਕਤੂਬਰ ਨੂੰ ਸੀ ਬੀ ਆਈ ਦੇ ਡਾਇਰੈਕਟਰ ਅਲੋਕ ਵਰਮਾ ਨੂੰ ਸ਼ਿਕਾਇਤ ਸਮੇਤ ਸੌਂਪੇ ਸਨ। ਉਨ੍ਹਾ ਕਿਹਾ ਕਿ ਉਨ੍ਹਾ ਦੀ ਸ਼ਾਕਇਤ ਨਾਲ 46 ਦਸਤਾਵੇਜ਼ ਲੱਗੇ ਹੋਏ ਸਨ। ਉਨ੍ਹਾ ਇਹ ਵੀ ਦੋਸ਼ ਲਾਇਆ ਕਿ ਇਹ ਤੱਥ ਜੱਗ-ਜ਼ਾਹਿਰ ਹਨ ਕਿ ਅਨਿਲ ਅੰਬਾਨੀ ਵੱਲੋਂ ਚੰਦੇ ਦੇ ਰੂਪ ਵਿੱਚ ਭਾਜਪਾ ਨੂੰ ਮੋਟੀ ਰਕਮ ਦਿੱਤੀ ਜਾਂਦੀ ਹੈ। ਉਨ੍ਹਾ ਕਿਹਾ ਕਿ ਸੀ ਬੀ ਆਈ ਦੇ ਸਪੈਸ਼ਲ ਡਾਇਰੈਕਟਰ ਰਾਕੇਸ਼ ਅਸਥਾਨਾ ਦਾ ਸੇਵਾ ਕਾਲ ਸ਼ੱਕੀ ਰਿਹਾ ਹੈ।
ਯਾਦ ਰਹੇ ਕਿ 2002 ਦੇ ਗੋਧਰਾ ਕਾਂਡ ਤੇ ਸਾਬਰਮਤੀ ਐਕਸਪ੍ਰੈੱਸ ਵਿੱਚ ਹੋਏ ਅਗਨੀ ਕਾਂਡ ਤੇ ਦੰਗਿਆਂ ਦੀ ਜਾਂਚ ਜਿਸ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਨੇ ਕੀਤੀ ਸੀ, ਉਸ ਦਾ ਮੁਖੀ ਰਾਕੇਸ਼ ਅਸਥਾਨਾ ਹੀ ਸੀ। ਉਸੇ ਨੇ ਹੀ ਉਸ ਸਮੇਂ ਦੇ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੂੰ ਇਸ ਕੇਸ ਵਿੱਚ ਕਲੀਨ ਚਿੱਟ ਦਿੱਤੀ ਸੀ। ਪ੍ਰਸ਼ਾਂਤ ਭੂਸ਼ਨ ਨੇ ਉਕਤ ਦੋਵੇਂ ਡਾਇਰੈਕਟਰਾਂ ਨੂੰ ਜਬਰੀ ਛੁੱਟੀ ਭੇਜੇ ਜਾਣ ਤੋਂ ਬਾਅਦ ਨਿਯੁਕਤ ਕੀਤੇ ਨਵੇਂ ਡਾਇਰੈਕਟਰ ਬਾਰੇ ਕਿਹਾ ਕਿ ਉਸ ਦਾ ਰਿਕਾਰਡ ਵੀ ਦਾਗ਼ੀ ਹੈ। ਉਨ੍ਹਾ ਕਿਹਾ ਕਿ ਜਦੋਂ ਅਲੋਕ ਵਰਮਾ ਨੇ ਆਜ਼ਾਦਾਨਾ ਤੌਰ ਉੱਤੇ ਕੰਮ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿੱਚ ਲਈ ਗਈ।
ਸੀ ਬੀ ਆਈ ਅੰਦਰ ਵਾਪਰੇ ਇਸ ਬਾਰੇ ਘਟਨਾਕ੍ਰਮ ਨੂੰ ਦੇਖਿਆ ਜਾਵੇ ਤਾਂ ਕਿਸੇ ਸ਼ੱਕ ਦੀ ਗੁੰਜਾਇਸ਼ ਨਹੀਂ ਰਹਿੰਦੀ ਕਿ ਮਾਮਲਾ ਬੇਹੱਦ ਗੰਭੀਰ ਹੈ। ਸੀ ਬੀ ਆਈ ਦੇ ਦਫ਼ਤਰ ਵਿੱਚ ਅੱਧੀ ਰਾਤ ਨੂੰ ਛਾਪਾ, ਅਗਲੇ ਦਿਨ ਨਵੇਂ ਥਾਪੇ ਡਾਇਰੈਕਟਰ ਵੱਲੋਂ ਵੱਖ-ਵੱਖ ਘੁਟਾਲਿਆਂ ਦੀ ਜਾਂਚ ਨਾਲ ਜੁੜੇ 13 ਅਧਿਕਾਰੀਆਂ ਦੇ ਥੋਕ ਵਿੱਚ ਤਬਾਦਲੇ, ਇਸ ਤਰ੍ਹਾਂ ਲੱਗਦਾ ਹੈ ਕਿ ਮਾਮਲਾ ਜਿਵੇਂ ਦੇਸ਼ ਦੀ ਸੁਰੱਖਿਆ ਨਾਲ ਜੁੜਿਆ ਹੋਵੇ। ਅਲੋਕ ਵਰਮਾ ਤੇ ਉਸ ਦੀ ਟੀਮ ਜਿਨ੍ਹਾਂ ਘੁਟਾਲਿਆਂ ਵਿੱਚ ਜਾਂਚ ਕਰ ਰਹੀ ਸੀ, ਉਨ੍ਹਾਂ ਵਿੱਚੋਂ ਕਈ ਤਾਂ ਆਖਰੀ ਪੜਾਅ ਉੱਤੇ ਸਨ। ਇੱਕ ਅੰਗਰੇਜ਼ੀ ਅਖ਼ਬਾਰ ਦੀ ਰਿਪੋਰਟ ਅਨੁਸਾਰ ਅਲੋਕ ਵਰਮਾ ਜਿਨ੍ਹਾਂ ਮਾਮਲਿਆਂ ਨੂੰ ਦੇਖ ਰਹੇ ਸਨ, ਉਨ੍ਹਾਂ ਵਿੱਚ ਮੁੱਖ ਮਾਮਲਾ ਰਾਫੇਲ ਸੌਦੇ ਬਾਰੇ ਘੁਟਾਲਾ ਸੀ। ਇਸ ਸੰਬੰਧੀ ਪ੍ਰਸ਼ਾਂਤ ਭੂਸ਼ਨ ਦੀ ਸ਼ਿਕਾਇਤ ਨੂੰ ਅਲੋਕ ਵਰਮਾ ਨੇ ਸਵੀਕਾਰ ਕਰ ਲਿਆ ਸੀ ਤੇ ਮੁੱਢਲੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਸੀ। ਇਸ ਤੋਂ ਬਿਨਾਂ ਮੈਡੀਕਲ ਕੌਂਸਲ ਆਫ਼ ਇੰਡੀਆ ਰਿਸ਼ਵਤ ਮਾਮਲੇ ਵਿੱਚ ਚਾਰਜਸ਼ੀਟ ਤਿਆਰ ਕੀਤੀ ਜਾ ਚੁੱਕੀ ਸੀ, ਸਿਰਫ਼ ਅਲੋਕ ਵਰਮਾ ਦੇ ਦਸਤਖਤ ਹੋਣੇ ਸਨ। ਮੈਡੀਕਲ ਦਾਖ਼ਲੇ ਵਿੱਚ ਭ੍ਰਿਸ਼ਟਾਚਾਰ ਦੀ ਜਾਂਚ ਵੀ ਪੂਰੀ ਹੋ ਚੁੱਕੀ ਸੀ ਤੇ ਅਲੋਕ ਵਰਮਾ ਦੇ ਦਸਤਖਤ ਹੀ ਹੋਣੇ ਸਨ। ਭਾਜਪਾ ਸਾਂਸਦ ਸੁਭਰਾਮਨੀਅਮ ਸਵਾਮੀ ਵੱਲੋਂ ਵਿੱਤ ਸਕੱਤਰ ਹਸਮੁੱਖ ਆਦੀਆ ਖ਼ਿਲਾਫ਼ ਸ਼ਿਕਾਇਤ ਤੇ ਪ੍ਰਧਾਨ ਮੰਤਰੀ ਦੇ ਸਕੱਤਰ ਭਾਸਕਰ ਕੁਲਬੇ ਦੀ ਕੋਇਲਾ ਖ਼ਾਨਾਂ ਦੀ ਵੰਡ ਸੰਬੰਧੀ ਭੂਮਿਕਾ ਦੀ ਵੀ ਸੀ ਬੀ ਆਈ ਜਾਂਚ ਜਾਰੀ ਸੀ। ਸੀ ਬੀ ਆਈ ਨਿਤਨ ਸੰਦੇਸਰਾ ਅਤੇ ਸਟਰਲਿੰਗ ਬਾਇਓਟੈੱਕ ਮਾਮਲੇ ਦੀ ਜਾਂਚ ਵੀ ਖ਼ਤਮ ਕਰਨ ਵਾਲੀ ਸੀ। ਇਸ ਮਾਮਲੇ ਵਿੱਚ ਰਾਕੇਸ਼ ਅਸਥਾਨਾ ਦੀ ਭੂਮਿਕਾ ਵੀ ਜਾਂਚ ਦੇ ਘੇਰੇ ਵਿੱਚ ਸੀ।
ਸਰਕਾਰ ਦੀ ਸੀ ਬੀ ਆਈ ਨਾਲ ਕੀਤੀ ਗਈ ਛੇੜਛਾੜ ਹੁਣ ਉਸ ਨੂੰ ਉਲਟੀ ਪੈਂਦੀ ਜਾਪ ਰਹੀ ਹੈ। ਸੁਪਰੀਮ ਕੋਰਟ ਨੇ ਅਲੋਕ ਵਰਮਾ ਦੀ ਰਿੱਟ ਉੱਤੇ ਸੁਣਵਾਈ ਕਰਦਿਆਂ ਸੀ ਵੀ ਸੀ ਨੂੰ ਦੋ ਹਫ਼ਤਿਆਂ ਵਿੱਚ ਆਪਣੀ ਜਾਂਚ ਰਿਪੋਰਟ ਪੇਸ਼ ਕਰਨ ਲਈ ਕਿਹਾ ਹੈ। ਇਸ ਦੇ ਨਾਲ ਹੀ ਜਾਂਚ ਟੀਮ ਦੀ ਅਗਵਾਈ ਇੱਕ ਰਿਟਾਇਰਡ ਜੱਜ ਦੇ ਹਵਾਲੇ ਕਰ ਦਿੱਤੀ ਹੈ। ਇਸ ਦੇ ਨਾਲ ਹੀ ਸਰਕਾਰ ਵੱਲੋਂ ਨਿਯੁਕਤ ਕੀਤੇ ਨਵੇਂ ਡਾਇਰੈਕਟਰ ਦੇ ਕੋਈ ਵੀ ਨੀਤੀਗਤ ਫ਼ੈਸਲਾ ਲੈਣ ਉੱਤੇ ਰੋਕ ਲਾ ਦਿੱਤੀ ਗਈ ਹੈ। ਸੁਪਰੀਮ ਕੋਰਟ ਦੇ ਇਸ ਫ਼ੈਸਲੇ ਨੇ ਲੋਕਾਂ ਦੇ ਨਿਆਂ ਪਾਲਿਕਾ ਵਿੱਚ ਵਿਸ਼ਵਾਸ ਨੂੰ ਹੋਰ ਪੱਕਾ ਕੀਤਾ ਹੈ।

1329 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper