Latest News
ਲੜਾਈ ਹਾਲੇ ਲੰਮੀ ਹੈ

Published on 30 Oct, 2018 11:07 AM.


ਕੇਰਲਾ ਦੇ ਸਬਰੀਮਾਲਾ ਮੰਦਰ ਵਿੱਚ ਔਰਤਾਂ ਦੇ ਦਾਖ਼ਲੇ ਦਾ ਮਾਮਲਾ ਹਾਲੇ ਕਿਸੇ ਤਣ-ਪੱਤਣ ਨਹੀਂ ਲੱਗਾ। ਇਸ ਮੰਦਰ ਵਿੱਚ 10 ਸਾਲ ਤੋਂ 50 ਸਾਲ ਤੱਕ ਦੀਆਂ ਔਰਤਾਂ ਦੇ ਦਾਖ਼ਲ ਹੋਣ ਦੀ ਮਨਾਹੀ ਹੈ। ਮੰਦਰ ਦੇ ਪ੍ਰਬੰਧਕਾਂ ਦਾ ਮਤ ਹੈ ਕਿ 10 ਤੋਂ 50 ਸਾਲ ਦੀਆਂ ਔਰਤਾਂ ਨੂੰ ਮਾਂਹਵਾਰੀ ਆਉਣ ਕਾਰਨ ਇਸ ਅਰਸੇ ਦੌਰਾਨ ਉਹ ਅਪਵਿੱਤਰ ਹੋ ਜਾਂਦੀਆਂ ਹਨ, ਇਸ ਲਈ ਉਨ੍ਹਾਂ ਦੇ ਮੰਦਰ ਵਿੱਚ ਦਾਖ਼ਲੇ ਦੀ ਮਨਾਹੀ ਹੈ। ਔਰਤਾਂ ਨਾਲ ਭੇਦ-ਭਾਵ ਕਰਨ ਵਾਲੇ ਇਸ ਨਿਯਮ ਵਿਰੁੱਧ ਪੰਜ ਔਰਤ ਵਕੀਲਾਂ ਦੇ ਇੱਕ ਸਮੂਹ ਨੇ ਅਦਾਲਤੀ ਲੜਾਈ ਸ਼ੁਰੂ ਕੀਤੀ। ਹਾਈ ਕੋਰਟ ਵਿੱਚ ਹਾਰ ਜਾਣ ਤੋਂ ਬਾਅਦ ਇਨ੍ਹਾਂ ਵਕੀਲਾਂ ਨੇ ਸੁਪਰੀਮ ਕੋਰਟ ਵਿੱਚ ਅਪੀਲ ਕਰ ਦਿੱਤੀ। ਸੁਪਰੀਮ ਕੋਰਟ ਨੇ ਇਸ ਮਾਮਲੇ ਨੂੰ ਪੰਜ-ਮੈਂਬਰੀ ਸੰਵਿਧਾਨਕ ਬੈਂਚ ਦੇ ਹਵਾਲੇ ਕਰ ਦਿੱਤਾ। ਵੇਲੇ ਦੇ ਚੀਫ਼ ਜਸਟਿਸ ਦੀਪਕ ਮਿਸ਼ਰਾ ਦੀ ਅਗਵਾਈ ਵਾਲੇ ਸੰਵਿਧਾਨਕ ਬੈਂਚ ਨੇ ਆਖ਼ਿਰ ਬੀਤੇ ਸਤੰਬਰ ਵਿੱਚ ਇਸ ਸੰਬੰਧੀ ਆਪਣਾ ਫ਼ੈਸਲਾ ਸੁਣਾ ਦਿੱਤਾ। ਅਦਾਲਤ ਨੇ ਆਪਣੇ ਫ਼ੈਸਲੇ ਵਿੱਚ ਕਿਹਾ ਕਿ ਔਰਤਾਂ ਦੇ ਮੰਦਰ ਵਿੱਚ ਦਾਖ਼ਲੇ ਉੱਤੇ ਰੋਕ ਲਾਉਣਾ ਲਿੰਗਕ ਭੇਦ-ਭਾਵ ਹੈ। ਇਹ ਨਿਯਮ ਔਰਤਾਂ ਦੀ ਧਾਰਮਿਕ ਆਜ਼ਾਦੀ ਨੂੰ ਸੀਮਤ ਕਰਦਾ ਹੈ, ਪਰ ਮੰਦਰ ਪ੍ਰਬੰਧਕ ਇਸ ਫ਼ੈਸਲੇ ਨੂੰ ਮੰਨਣ ਲਈ ਤਿਆਰ ਨਹੀਂ ਹਨ।
ਇਹ ਮਾਮਲਾ ਔਰਤਾਂ ਦੇ ਸਿਰਫ਼ ਇੱਕ ਮੰਦਰ ਵਿੱਚ ਬਿਨਾਂ ਭੇਦ-ਭਾਵ ਦਾਖ਼ਲੇ ਦਾ ਨਹੀਂ ਹੈ, ਸਗੋਂ ਉਸ ਜਗੀਰੂ ਸੋਚ ਦਾ ਹੈ, ਜਿਸ ਕਾਰਨ ਦੇਸ਼ ਦੀ ਅੱਧੀ ਆਬਾਦੀ, ਔਰਤਾਂ, ਨੂੰ ਸਦੀਆਂ ਤੋਂ ਨਰਕ ਵਰਗੀ ਜ਼ਿੰਦਗੀ ਭੋਗਣ ਲਈ ਮਜਬੂਰ ਹੋਣਾ ਪੈਂਦਾ ਰਿਹਾ ਹੈ ਤੇ ਬਹੁਤ ਸਾਰੇ ਹਿੱਸਿਆਂ ਵਿੱਚ ਅੱਜ ਵੀ ਭੋਗ ਰਹੀਆਂ ਹਨ। ਰਾਜਸਥਾਨ ਵਿੱਚ ਬਾਲ ਵਿਆਹ ਅੱਜ ਵੀ ਧੜੱਲੇ ਨਾਲ ਹੋ ਰਹੇ ਹਨ। ਪੱਛਮੀ ਬੰਗਾਲ ਦੇ ਬ੍ਰਾਹਮਣ ਪਰਵਾਰਾਂ ਵਿੱਚ ਵਿਧਵਾ ਵਿਆਹ ਦੀ ਅੱਜ ਵੀ ਮਨਾਹੀ ਹੈ। ਹਰਿਆਣਾ, ਰਾਜਸਥਾਨ, ਯੂ ਪੀ ਤੇ ਪੰਜਾਬ ਦੇ ਜੱਟ ਪਰਵਾਰਾਂ ਦੀਆਂ ਲੜਕੀਆਂ ਨੂੰ ਆਪਣੀ ਪਸੰਦ ਦਾ ਵਰ ਚੁਣਨ 'ਤੇ ਮੌਤ ਦੇ ਘਾਟ ਉਤਾਰ ਦੇਣ ਦੇ ਮਾਮਲੇ ਨਿੱਤ ਦਿਨ ਅਖ਼ਬਾਰਾਂ ਦੀਆਂ ਸੁਰਖੀਆਂ ਬਣਦੇ ਰਹਿੰਦੇ ਹਨ। ਬਿਹਾਰ, ਯੂ ਪੀ ਤੇ ਮੱਧ ਪ੍ਰਦੇਸ਼ ਦੇ ਪੇਂਡੂ ਇਲਾਕਿਆਂ ਵਿੱਚ ਔਰਤਾਂ ਨੂੰ ਸਹੁਰੇ ਤੇ ਜੇਠ ਹੀ ਨਹੀਂ, ਪਤੀ ਤੋਂ ਵੀ ਘੁੰਡ ਕੱਢ ਕੇ ਰੱਖਣਾ ਪੈਂਦਾ ਹੈ।
ਦੇਸ਼ ਦੇ ਸਭ ਤੋਂ ਵੱਧ ਪੜ੍ਹੇ-ਲਿਖੇ ਤੇ ਅਗਾਂਹ-ਵਧੂ ਗਿਣੇ ਜਾਂਦੇ ਸੂਬੇ ਕੇਰਲਾ ਵਿੱਚ ਵੀ ਔਰਤਾਂ ਦੀ ਹਾਲਤ ਕੋਈ ਬਹੁਤੀ ਵੱਖਰੀ ਨਹੀਂ ਰਹੀ। ਰਜਵਾੜਾਸ਼ਾਹੀ ਦੌਰਾਨ ਤਾਂ ਔਰਤਾਂ ਨਾਲ ਕੇਰਲਾ ਵਿੱਚ ਪਸ਼ੂਆਂ ਨਾਲੋਂ ਵੀ ਭੈੜਾ ਵਰਤਾਅ ਕੀਤਾ ਜਾਂਦਾ ਸੀ। ਟਰਾਵਨਕੋਰ ਦੇ ਰਾਜੇ ਨੇ ਆਪਣੇ ਰਾਜ ਵਿੱਚ ਨੀਵੀਂ ਜਾਤ ਦੀਆਂ ਔਰਤਾਂ ਦੇ ਛਾਤੀਆਂ ਢੱਕਣ ਉੱਤੇ ਰੋਕ ਲਾ ਦਿੱਤੀ ਸੀ। ਜੇਕਰ ਨੀਵੀਂ ਜਾਤ ਦੀ ਕੋਈ ਔਰਤ ਛਾਤੀਆਂ ਢੱਕਦੀ ਸੀ ਤਾਂ ਉਸ ਨੂੰ ਰਾਜੇ ਵੱਲੋਂ ਲਾਇਆ 'ਬ੍ਰੈਸਟ ਟੈਕਸ', ਯਾਨੀ 'ਸਤਨ ਕਰ' ਅਦਾ ਕਰਨਾ ਪੈਂਦਾ ਸੀ। ਗ਼ਰੀਬ ਔਰਤਾਂ ਵਾਰ-ਵਾਰ ਟੈਕਸ ਨਹੀਂ ਸੀ ਦੇ ਸਕਦੀਆਂ, ਇਸ ਲਈ ਮਜਬੂਰਨ ਉਨ੍ਹਾਂ ਨੂੰ ਛਾਤੀਆਂ ਨੰਗੀਆਂ ਰੱਖਣੀਆਂ ਪੈਂਦੀਆਂ ਸਨ। ਉਸ ਸਮੇਂ ਸਿਰਫ਼ ਨੀਵੀਂ ਜਾਤ ਦੀਆਂ ਔਰਤਾਂ ਹੀ ਨਹੀਂ, ਸਗੋਂ ਨੰਬੂਦਰੀ ਬ੍ਰਾਹਮਣ ਤੇ ਨਾਇਰ ਕਸ਼ੱਤਰੀ ਔਰਤਾਂ ਨੂੰ ਵੀ ਘਰ ਵਿੱਚ ਛਾਤੀਆਂ ਢੱਕਣ ਦੀ ਮਨਾਹੀ ਸੀ। ਉਹ ਸਿਰਫ਼ ਬਾਹਰ ਨਿਕਲਣ ਸਮੇਂ ਹੀ ਬਲਾਊਜ਼ ਪਾ ਸਕਦੀਆਂ ਸਨ, ਪਰ ਮੰਦਰ ਵਿੱਚ ਉਨ੍ਹਾਂ ਨੂੰ ਬਲਾਊਜ਼ ਖੋਲ੍ਹ ਕੇ ਜਾਣਾ ਪੈਂਦਾ ਸੀ। ਨਾਇਰ ਔਰਤਾਂ ਨੂੰ ਬ੍ਰਾਹਮਣ ਮਰਦਾਂ ਸਾਹਮਣੇ ਆਪਣੀਆਂ ਛਾਤੀਆਂ ਨੰਗੀਆਂ ਰੱਖਣੀਆਂ ਪੈਂਦੀਆਂ ਸਨ। ਰਾਜੇ ਦਾ ਹੁਕਮ ਸੀ ਕਿ ਜਦੋਂ ਮਹਿਲਾਂ ਵਿੱਚੋਂ ਉਸ ਦੀ ਸਵਾਰੀ ਨਿਕਲੇ ਤਾਂ ਨੀਵੀਂ ਜਾਤ ਦੀਆਂ ਕੁਆਰੀਆਂ ਕੁੜੀਆਂ ਅਰਧ-ਨਗਨ ਹੋ ਕੇ ਉਸ ਉੱਤੇ ਫੁੱਲ ਵਰਸਾਉਣ।
ਅਜਿਹੀ ਅਪਮਾਨ ਜਨਕ ਸਥਿਤੀ ਵਿੱਚ ਨੰਗੇਲੀ ਨਾਂਅ ਦੀ ਇੱਕ ਦਲਿਤ ਔਰਤ ਨੇ ਉਹ ਕਾਰਨਾਮਾ ਕਰ ਦਿਖਾਇਆ, ਜੋ ਸਦੀਆਂ ਤੱਕ ਯਾਦ ਰਹੇਗਾ। ਇਸ ਸਾਹਸੀ ਔਰਤ ਨੇ ਬਿਨਾਂ ਟੈਕਸ ਦਿੱਤਿਆਂ ਆਪਣੀਆਂ ਛਾਤੀਆਂ ਢੱਕ ਕੇ ਰੱਖਣ ਦਾ ਫ਼ੈਸਲਾ ਕਰ ਲਿਆ। ਜਦੋਂ ਰਾਜੇ ਦਾ ਅਧਿਕਾਰੀ ਉਸ ਦੇ ਘਰ ਟੈਕਸ ਵਸੂਲ ਕਰਨ ਆਇਆ ਤਾਂ ਨੰਗੇਲੀ ਨੇ ਆਪਣੀਆਂ ਦੋਵੇਂ ਛਾਤੀਆਂ ਕੱਟ ਕੇ ਉਸ ਦੇ ਸਾਹਮਣੇ ਰੱਖ ਦਿੱਤੀਆਂ। ਜ਼ਿਆਦਾ ਖ਼ੂਨ ਵਹਿ ਜਾਣ ਕਾਰਨ ਨੰਗੇਲੀ ਦੀ ਮੌਤ ਹੋ ਗਈ, ਪਰ ਉਸ ਦੀ ਸ਼ਹਾਦਤ ਨੇ ਔਰਤਾਂ ਵਿੱਚ ਇੱਕ ਨਵੀਂ ਸ਼ਕਤੀ ਭਰ ਦਿੱਤੀ। ਹਰ ਸ਼ਹਿਰ-ਕਸਬੇ ਵਿੱਚ ਔਰਤਾਂ ਨੇ ਪੂਰੇ ਕੱਪੜੇ ਪਾ ਕੇ ਬਾਹਰ ਨਿਕਲਣਾ ਸ਼ੁਰੂ ਕਰ ਦਿੱਤਾ। ਵਿਰੋਧ ਦੀ ਅੱਗ ਚਾਰੇ ਪਾਸੇ ਫੈਲ ਗਈ। ਆਖ਼ਿਰ ਮਦਰਾਸ ਦੇ ਕਮਿਸ਼ਨਰ ਨੇ ਰਾਜ ਵਿੱਚ ਫੈਲ ਰਹੀ ਅਸ਼ਾਂਤੀ ਤੋਂ ਬਾਅਦ ਰਾਜੇ ਨੂੰ ਸਲਾਹ ਦਿੱਤੀ ਕਿ ਉਹ ਇਸ ਸੰਬੰਧੀ ਤੁਰੰਤ ਕਦਮ ਚੁੱਕੇ। ਨੰਗੇਲੀ ਦੀ ਸ਼ਹਾਦਤ ਰੰਗ ਲਿਆਈ ਤੇ ਰਾਜੇ ਨੇ 26 ਜੁਲਾਈ 1959 ਨੂੰ ਇੱਕ ਹੁਕਮ ਰਾਹੀਂ ਔਰਤਾਂ ਨੂੰ ਪੂਰੇ ਕੱਪੜੇ ਪਹਿਨਣ ਦੀ ਖੁੱਲ੍ਹ ਦੇ ਦਿੱਤੀ।
ਸਬਰੀਮਾਲਾ ਵਿੱਚ ਸਭ ਔਰਤਾਂ ਦੇ ਦਾਖ਼ਲੇ ਦੀ ਲੜਾਈ ਨੂੰ ਸਾਨੂੰ ਨੰਗੇਲੀ ਦੀ ਸ਼ਹਾਦਤ ਦੇ ਸੰਦਰਭ ਵਿੱਚ ਦੇਖਣਾ ਚਾਹੀਦਾ ਹੈ। ਔਰਤਾਂ ਨੇ ਆਪਣੇ ਮਾਣ-ਸਨਮਾਨ ਤੇ ਬਰਾਬਰ ਦੇ ਸਮਾਜਿਕ ਰੁਤਬੇ ਲਈ ਹਾਲੇ ਲੰਮੀ ਲੜਾਈ ਲੜਨੀ ਹੈ। ਕਦਮ-ਕਦਮ ਅੱਗੇ ਵਧਣਾ ਪੈਣਾ ਹੈ। ਸਾਡੇ ਸਮਾਜ ਵਿੱਚ ਹਾਲੇ ਵੀ ਜਗੀਰੂ ਮਾਨਸਿਕਤਾ ਦਾ ਬੋਲਬਾਲਾ ਹੈ। ਕੇਂਦਰ ਵਿੱਚ ਸੱਤਾਧਾਰੀ ਭਾਜਪਾ ਦੀ ਤਾਂ ਸਿਆਸਤ ਦਾ ਕੇਂਦਰ ਬਿੰਦੂ ਹੀ ਜਗੀਰੂ ਮਾਨਸਿਕਤਾ ਨੂੰ ਧਾਰਮਿਕ ਪੁੱਠ ਦੇ ਕੇ ਸਮਾਜ ਨੂੰ ਪਿਛਲਖੁਰੀ ਮੋੜਨਾ ਹੈ। 'ਢੋਰ, ਗਵਾਰ, ਪਸ਼ੂ, ਸ਼ੂਦਰ ਤੇ ਨਾਰੀ, ਇਹ ਸਭ ਤਾੜਨ ਦੇ ਅਧਿਕਾਰੀ' ਸ਼ਲੋਕ ਹੀ ਭਾਜਪਾ ਦਾ ਮੈਨੀਫੈਸਟੋ ਹੈ। ਅਜਿਹੀ ਸਥਿਤੀ ਵਿੱਚ ਜਦੋਂ ਭਾਜਪਾ ਪ੍ਰਧਾਨ ਅਮਿਤ ਸ਼ਾਹ ਕੇਰਲ ਵਿੱਚ ਜਾ ਕੇ ਇਹ ਕਹਿੰਦਾ ਹੈ ਕਿ ਅਦਾਲਤਾਂ ਨੂੰ ਅਜਿਹੇ ਫ਼ੈਸਲੇ ਨਹੀਂ ਕਰਨੇ ਚਾਹੀਦੇ, ਜਿਨ੍ਹਾਂ ਨੂੰ ਲਾਗੂ ਨਾ ਕਰਵਾਇਆ ਜਾ ਸਕੇ, ਤੇ ਜੋ ਆਸਥਾ ਨਾਲ ਜੁੜੇ ਹੋਣ, ਭਾਜਪਾ ਮੰਦਰ ਪ੍ਰਬੰਧਕਾਂ ਨਾਲ ਚਟਾਨ ਵਾਂਗ ਖੜੀ ਹੈ, ਤਾਂ ਉਨ੍ਹਾ ਦੇ ਇਸ ਬਿਆਨ ਨਾਲ ਕਿਸੇ ਨੂੰ ਹੈਰਾਨੀ ਨਹੀਂ ਹੋਣੀ ਚਾਹੀਦੀ, ਕਿਉਂਕਿ ਭਾਜਪਾ ਦੀ ਤਾਂ ਵਿਚਾਰਧਾਰਾ ਹੀ ਮੂਲਵਾਦੀ ਹੈ। ਇਸ ਲਈ ਜ਼ਰੂਰੀ ਹੈ ਕਿ ਸਭ ਇਨਸਾਫ਼-ਪਸੰਦ ਤੇ ਅਗਾਂਹ-ਵਧੂ ਲੋਕ ਸਬਰੀਮਾਲਾ ਮੰਦਰ ਵਿੱਚ ਔਰਤਾਂ ਦੇ ਬਿਨਾਂ ਵਿਤਕਰਾ ਦਾਖ਼ਲੇ ਦੇ ਹੱਕ ਵਿੱਚ ਆਵਾਜ਼ ਉਠਾਉਣ।

1487 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper