Latest News
ਪੱਕੇ ਪਾਟਕ ਦੇ ਰਾਹੇ ਪੈਂਦਾ ਅਕਾਲੀ ਦਲ

Published on 05 Nov, 2018 11:41 AM.


ਜਿਵੇਂ ਪਹਿਲਾਂ ਐਲਾਨ ਕੀਤਾ ਹੋਇਆ ਸੀ, ਇਸ ਐਤਵਾਰ ਦੇ ਦਿਨ ਅਕਾਲੀ ਆਗੂ ਅਤੇ ਪਾਰਲੀਮੈਂਟ ਮੈਂਬਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਆਪਣੇ ਹਲਕੇ ਦੇ ਲੋਕਾਂ ਦਾ ਇੱਕ ਵੱਡਾ ਇਕੱਠ ਕਰ ਕੇ ਤਾਕਤ ਦਿਖਾ ਦਿੱਤੀ ਹੈ। ਬਹੁਤ ਸਾਰੇ ਪੱਤਰਕਾਰਾਂ ਨੇ ਦੱਸਿਆ ਹੈ ਕਿ ਇਕੱਠ ਆਸ ਤੋਂ ਵੱਡਾ ਸੀ। ਵਿਰੋਧੀ ਆਗੂ ਵੀ ਇਸ ਇਕੱਠ ਤੋਂ ਹੈਰਾਨ ਹੋਏ ਸੁਣੀਂਦੇ ਹਨ। ਇਸ ਇਕੱਠ ਦਾ ਮਕਸਦ ਇੱਕੋ ਸੀ ਕਿ ਰਣਜੀਤ ਸਿੰਘ ਬ੍ਰਹਮਪੁਰਾ ਆਪਣੇ ਹਲਕੇ ਦੇ ਲੋਕਾਂ ਨੂੰ ਹਾਲਾਤ ਬਾਰੇ ਦੱਸਣਾ ਚਾਹੁੰਦੇ ਸਨ। ਇਹ ਕਹਿਣਾ ਵੀ ਅਸਲ ਵਿੱਚ ਇੱਕ ਪੱਖ ਵੱਲ ਵੇਖਣਾ ਅਤੇ ਦੂਸਰਾ ਪੱਖ ਅੱਖੋਂ ਪਰੋਖਾ ਕਰਨ ਵਾਲੀ ਗੱਲ ਹੈ। ਰਣਜੀਤ ਸਿੰਘ ਬ੍ਰਹਮਪੁਰਾ ਵੱਲੋਂ ਇਹ ਇਕੱਠ ਸਿਰਫ ਆਪਣੇ ਇਲਾਕੇ ਦੇ ਲੋਕਾਂ ਨੂੰ ਸਥਿਤੀ ਦਾ ਬਿਆਨ ਕਰਨ ਤੱਕ ਸੀਮਤ ਨਹੀਂ, ਸਗੋਂ ਅਕਾਲੀ ਦਲ ਦੀ ਇਸ ਵਕਤ ਦੀ ਹਾਈ ਕਮਾਂਡ ਨੂੰ ਆਪਣੀ ਤਾਕਤ ਦਿਖਾਉਣ ਵਾਸਤੇ ਵੀ ਸੀ ਕਿ ਮੇਰੀਆਂ ਜੜ੍ਹਾਂ ਏਨੀਆਂ ਕੱਚੀਆਂ ਨਹੀਂ ਕਿ ਚਾਰ ਜਣੇ ਮੇਰੇ ਨਾਲੋਂ ਤੋੜ ਕੇ ਕੋਈ ਬਾਹਰੋਂ ਆਇਆ ਆਗੂ ਇਸ ਇਲਾਕੇ ਵਿੱਚ ਮੈਨੂੰ ਹਿਲਾਉਣ ਬਾਰੇ ਸੋਚ ਸਕਦਾ ਹੋਵੇ।
ਜਿਹੜੀ ਰੈਲੀ ਬ੍ਰਹਮਪੁਰਾ ਨੇ ਕੀਤੀ ਹੈ, ਉਸ ਦੇ ਕਈ ਪੱਖ ਬਹੁਤ ਹੈਰਾਨੀ ਵਾਲੇ ਹਨ। ਮਿਸਾਲ ਵਜੋਂ ਰੈਲੀ ਦੌਰਾਨ ਜਿੰਨੇ ਨਾਅਰੇ ਰਣਜੀਤ ਸਿੰਘ ਬ੍ਰਹਮਪੁਰਾ ਦੀ ਜ਼ਿੰਦਾਬਾਦ ਦੇ ਲਾਏ ਗਏ, ਲਗਭਗ ਓਨੇ ਹੀ ਉਸ ਪ੍ਰਕਾਸ਼ ਸਿੰਘ ਬਾਦਲ ਦੀ ਜ਼ਿੰਦਾਬਾਦ ਦੇ ਲੱਗਦੇ ਰਹੇ, ਜਿਸ ਦੇ ਪੁੱਤਰ ਦੇ ਖਿਲਾਫ ਬ੍ਰਹਮਪੁਰਾ ਨੇ ਮੋਰਚਾ ਖੋਲ੍ਹਿਆ ਪਿਆ ਹੈ। ਆਪਣੀ ਤਕਰੀਰ ਵਿੱਚ ਬ੍ਰਹਮਪੁਰਾ ਇਹ ਗੱਲ ਕਹਿਣ ਤੱਕ ਵੀ ਚਲਾ ਗਿਆ ਕਿ ਉਸ ਦੀ ਲੜਾਈ ਪ੍ਰਕਾਸ਼ ਸਿੰਘ ਬਾਦਲ ਦੇ ਵਿਰੁੱਧ ਨਹੀਂ, ਸੁਖਬੀਰ ਸਿੰਘ ਬਾਦਲ ਤੇ ਉਸ ਦੇ ਸਾਲੇ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ ਹੈ। ਉਸ ਨੇ ਅਗਲੀ ਗੱਲ ਇਹ ਵੀ ਕਹਿ ਦਿੱਤੀ ਕਿ ਅੱਜ ਤੱਕ ਮੈਂ ਵੱਡੇ ਬਾਦਲ ਕੋਲੋਂ ਜਦੋਂ ਵੀ ਅਤੇ ਜੋ ਕੁਝ ਵੀ ਆਪਣੇ ਇਲਾਕੇ ਲਈ ਮੰਗਿਆ ਜਾਂ ਕੋਈ ਹੋਰ ਗੱਲ ਆਖੀ ਸੀ, ਭਾਵੇਂ ਸੁਝਾਅ ਹੀ ਦਿੱਤਾ ਹੁੰਦਾ ਸੀ, ਵੱਡੇ ਬਾਦਲ ਨੇ ਕਦੇ ਅੱਗੋਂ ਨਾਂਹ ਨਹੀਂ ਸੀ ਕੀਤੀ, ਪਰ ਜਦੋਂ ਇਹ ਗੱਲ ਆਖੀ ਕਿ ਆਹ ਦੋਵੇਂ ਮੁੰਡੇ ਇਸ ਪਾਰਟੀ ਦਾ ਭੱਠਾ ਬਿਠਾ ਦੇਣਗੇ, ਉਸ ਦਿਨ ਬਾਦਲ ਨੇ ਮੇਰੀ ਗੱਲ ਦਾ ਹੁੰਗਾਰਾ ਨਹੀਂ ਸੀ ਦਿੱਤਾ। ਇਹ ਕਹਿਣ ਨਾਲ ਬ੍ਰਹਮਪੁਰਾ ਨੇ ਇੱਕ ਤਰ੍ਹਾਂ ਉਸ ਰੈਲੀ ਵਿੱਚ ਲੋਕਾਂ ਸਾਹਮਣੇ ਸਾਫ ਗੱਲ ਕਹਿ ਦਿੱਤੀ ਸੀ, ਪਰ ਹੋਰ ਸਪੱਸ਼ਟ ਕਰਨ ਲਈ ਇਹ ਵੀ ਕਹਿ ਦਿੱਤਾ ਕਿ ਸਾਨੂੰ ਪੁੱਛਣਾ ਤਾਂ ਕੀ, ਉਸ ਪਾਰਟੀ ਵਿੱਚ ਅੱਜ ਕੱਲ੍ਹ ਕੋਈ ਖੁਦ ਵੱਡੇ ਬਾਦਲ ਦੀ ਵੀ ਗੱਲ ਨਹੀਂ ਸੁਣਦਾ। ਬ੍ਰਹਮਪੁਰਾ ਨੇ ਇਹ ਗੱਲ ਹੋਰ ਜ਼ੋਰ ਨਾਲ ਆਖੀ ਕਿ ਇਹੋ ਕਾਰਨ ਹੈ ਕਿ ਵੱਡੇ ਬਾਦਲ ਨੂੰ ਸਿਰਫ ਰੈਲੀਆਂ ਦੀ ਸਟੇਜ ਉੱਤੇ ਲਿਆਂਦਾ ਜਾਂਦਾ ਹੈ, ਇਸ ਦੇ ਬਿਨਾਂ ਕਿਸੇ ਵੀ ਹੋਰ ਸਿਆਸੀ ਸਰਗਰਮੀ ਵਿੱਚ ਉਸ ਨੂੰ ਕਿਤੇ ਨਹੀਂ ਜਾਣ ਦਿੱਤਾ ਜਾਂਦਾ ਤੇ ਕੈਦੀ ਬਣਾਇਆ ਪਿਆ ਹੈ।
ਇਸ ਦੌਰਾਨ ਇੱਕ ਗੱਲ ਹੋਰ ਇਹ ਹੋਈ ਹੈ ਕਿ ਸੁਖਬੀਰ ਸਿੰਘ ਬਾਦਲ ਅਤੇ ਉਸ ਦੇ ਜੋੜੀਦਾਰਾਂ ਨੇ ਬ੍ਰਹਮਪੁਰਾ ਦੇ ਬੜੇ ਨੇੜ ਵਾਲੇ ਕੁਝ ਲੋਕਾਂ ਨੂੰ ਆਪਣੇ ਨਾਲ ਮਿਲਾ ਕੇ ਉਨ੍ਹਾਂ ਕੋਲੋਂ ਚਾਂਦਮਾਰੀ ਕਰਵਾਈ ਹੈ। ਇਨ੍ਹਾਂ ਲੋਕਾਂ ਵਿੱਚੋਂ ਸਭ ਤੋਂ ਮੂਹਰੇ ਲੱਗਣ ਵਾਲਾ ਖੁਦ ਰਣਜੀਤ ਸਿੰਘ ਬ੍ਰਹਮਪੁਰਾ ਦਾ ਭਾਣਜਾ ਹੈ, ਜਿਸ ਨੂੰ ਬ੍ਰਹਮਪੁਰਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਬਣਾਇਆ ਤੇ ਫਿਰ ਇਸ ਕਮੇਟੀ ਦਾ ਐਕਟਿੰਗ ਪ੍ਰਧਾਨ ਬਣਨ ਦਾ ਮੌਕਾ ਦਿਵਾਇਆ ਸੀ। ਜਦੋਂ ਉਸ ਨੂੰ ਇੱਕ ਕਮਿਸ਼ਨ ਵਾਸਤੇ ਮੈਂਬਰ ਨਾਮਜ਼ਦ ਕੀਤਾ ਗਿਆ ਤਾਂ ਇਹ ਨਾਮਜ਼ਦਗੀ ਵੀ ਰਣਜੀਤ ਸਿੰਘ ਬ੍ਰਹਮਪੁਰਾ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਕਹਿ ਕੇ ਉਸ ਦੇ ਹੱਕ ਵਿੱਚ ਕਰਵਾਈ ਸੀ। ਉਹ ਲੋਕ ਇਸ ਔਖੀ ਘੜੀ ਬ੍ਰਹਮਪੁਰਾ ਨੂੰ ਛੱਡ ਕੇ ਪਾਸੇ ਹੋ ਗਏ ਹਨ।
ਗੱਲ ਇੱਕੋ ਬ੍ਰਹਮਪੁਰਾ ਜਾਂ ਉਸ ਦੇ ਪਰਵਾਰ ਦੇ ਲੋਕਾਂ ਦੀ ਨਹੀਂ, ਸੁਖਬੀਰ ਸਿੰਘ ਬਾਦਲ ਦੀ ਟੀਮ ਇਸ ਵਕਤ ਹਰ ਉਸ ਪਰਵਾਰ ਦੇ ਅੰਦਰ ਕੁੰਡੀਆਂ ਪਾਈ ਫਿਰਦੀ ਹੈ, ਜਿਸ ਦਾ ਕੋਈ ਟਕਸਾਲੀ ਆਗੂ ਅੱਜ ਅਕਾਲੀ ਦਲ ਦੀ ਹੋਂਦ ਨੂੰ ਖੋਰਾ ਲੱਗਣ ਦੇ ਵਿਰੁੱਧ ਬੋਲਦਾ ਨਜ਼ਰ ਆਉਂਦਾ ਹੈ। ਸੇਵਾ ਸਿੰਘ ਸੇਖਵਾਂ ਦੇ ਨੇੜਲਿਆਂ ਤੋਂ ਵੀ ਪ੍ਰੈੱਸ ਕਾਨਫਰੰਸ ਕਰਵਾਈ ਗਈ ਹੈ। ਸੰਗਰੂਰ ਦੇ ਪੱਤਰਕਾਰਾਂ ਤੋਂ ਪਤਾ ਲੱਗਦਾ ਹੈ ਕਿ ਸੁਖਦੇਵ ਸਿੰਘ ਢੀਂਡਸਾ ਦੇ ਨੇੜ ਵਾਲੇ ਬੰਦਿਆਂ ਨੂੰ ਵੀ ਪਤਿਆਉਣ ਲਈ ਟਿਕਟ ਦੇਣ ਦੀ ਪੇਸ਼ਕਸ਼ ਤੋਂ ਲੈ ਕੇ ਪੁਰਾਣੇ ਭੇਦ ਫੋਲਣ ਤੱਕ ਦੇ ਡਰਾਵੇ ਦਿੱਤੇ ਜਾ ਰਹੇ ਹਨ। ਕਈ ਲੋਕ ਇਹ ਗੱਲ ਵੀ ਚੇਤੇ ਕਰਦੇ ਜਾਂ ਦੂਸਰਿਆਂ ਨੂੰ ਕਰਵਾਉਂਦੇ ਹਨ ਕਿ ਲੰਮਾ ਸਮਾਂ ਇਕੱਠੇ ਰਹਿਣ ਦੇ ਕਾਰਨ ਹਾਈ ਕਮਾਂਡ ਦੇ ਕੋਲ ਆਪਣੇ ਹੇਠ ਕੰਮ ਕਰਦੇ ਵਰਕਰਾਂ ਜਾਂ ਹੋਰ ਲੋਕਾਂ ਦੇ ਕਈ ਗੁੱਝੇ ਭੇਦ ਸਾਂਭੇ ਹੋਏ ਹੁੰਦੇ ਹਨ। ਇਹੋ ਜਿਹੇ ਇੱਕ ਆਗੂ ਨੂੰ ਜਦੋਂ ਇਹ ਗੱਲ ਕਹੀ ਗਈ ਤਾਂ ਉਸ ਨੇ ਇਹ ਕਹਿਣ ਵਿੱਚ ਝਿਜਕ ਨਹੀਂ ਵਿਖਾਈ ਕਿ ਭੇਦ ਸਿਰਫ ਹਾਈ ਕਮਾਂਡ ਕੋਲ ਨਹੀਂ, ਵਰਕਰਾਂ ਕੋਲ ਵੀ ਬਥੇਰੇ ਹੁੰਦੇ ਹਨ।
ਜਿਹੜੇ ਪਾਸੇ ਨੂੰ ਬਾਦਲ ਅਕਾਲੀ ਦਲ ਦੀ ਮੌਜੂਦਾ ਹਾਈ ਕਮਾਂਡ ਅਤੇ ਉਸ ਨੂੰ ਚੁਣੌਤੀ ਦੇਣ ਵਾਲਿਆਂ ਦਾ ਟਕਰਾਅ ਵਧੀ ਜਾ ਰਿਹਾ ਹੈ, ਇਹ ਸਿਰਫ ਟਕਰਾਅ ਦੀ ਉਸ ਹੱਦ ਤੱਕ ਨਹੀਂ ਰਹਿੰਦਾ ਜਾਪਦਾ, ਜਿੱਥੇ ਮੋੜੇ ਦਾ ਰਾਹ ਲੱਭ ਸਕਦਾ ਹੈ, ਸਗੋਂ ਉਸ ਪਾਸੇ ਵੱਲ ਖਿਸਕਦਾ ਦਿਖਾਈ ਦੇਂਦਾ ਹੈ, ਜਿੱਥੇ ਜਾ ਕੇ ਮੋੜੇ ਦੀ ਗੁੰਜਾਇਸ਼ ਨਹੀਂ ਰਹਿੰਦੀ। ਪਾਰਟੀ ਦੀ ਮੌਜੂਦਾ ਹਾਈ ਕਮਾਂਡ ਦੇ ਨਾਲ ਨਾਰਾਜ਼ ਲੋਕ ਅੱਜ ਵੀ ਵੱਡੇ ਬਾਦਲ ਨਾਲ ਨਾਰਾਜ਼ ਨਹੀਂ, ਉਸ ਤੋਂ ਨਿਰਾਸ਼ ਹਨ ਕਿ ਉਹ ਦਖਲ ਨਹੀਂ ਦੇ ਰਿਹਾ। ਸਮਝੌਤਾ ਕੋਈ ਨਿਕਲ ਸਕਦਾ ਹੈ ਤਾਂ ਇਸ ਦੇ ਲਈ ਉਸ ਵੱਡੇ ਬਾਪੂ ਨੂੰ ਅੱਗੇ ਆਉਣਾ ਪਵੇਗਾ, ਜਿਸ ਨੇ ਕਦੀ ਅਕਾਲੀ ਦਲਾਂ ਦੀ ਦਲ-ਦਲ ਵਿੱਚੋਂ ਇੱਕ ਵੱਡਾ ਦਲ ਇਕੱਠਾ ਕੀਤਾ ਸੀ ਤੇ ਅੱਜ ਉਸ ਦੀ ਆਪਣੀ ਹਾਲਤ ਇਹ ਹੈ ਕਿ ਉਹ ਪੁੱਤਰ ਨੂੰ ਪੁੱਛਣ ਤੋਂ ਬਿਨਾਂ ਕਿਸੇ ਆਏ-ਗਏ ਆਗੂ ਨੂੰ ਮਿਲਣ ਦੀ ਹਾਂ ਵੀ ਨਹੀਂ ਕਰਨ ਜੋਗਾ ਸੁਣੀਂਦਾ। ਇਸ ਹਾਲਤ ਵਿੱਚ ਸੌ ਸਾਲ ਪੁਰਾਣੀ ਇਹ ਪਾਰਟੀ ਇੱਕ ਤਰ੍ਹਾਂ ਪਾਟਕ ਦੇ ਪਾਸੇ ਵੱਲ ਤੁਰੀ ਜਾਂਦੀ ਦਿਖਾਈ ਦੇ ਰਹੀ ਹੈ, ਅੱਗੋਂ ਕੁਝ ਵੀ ਹੋ ਸਕਦਾ ਹੈ।
- ਜਤਿੰਦਰ ਪਨੂੰ

1368 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper