Latest News
ਕੈਪਟਨ ਵੱਲੋਂ ਦੀਵਾਲੀ ਮੌਕੇ ਕਾਨੂੰਨ ਵਿਵਸਥਾ ਤੇ ਸੁਰੱਖਿਆ ਦਾ ਜਾਇਜ਼ਾ

Published on 05 Nov, 2018 11:54 AM.


ਚੰਡੀਗੜ੍ਹ (ਨਵਾਂ ਜ਼ਮਾਨਾ ਸਰਵਿਸ)
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿੱਚ ਗੜਬੜ ਪੈਦਾ ਕਰਨ ਲਈ ਸਹਹੱਦ ਪਾਰਲੀਆਂ ਦੋਖੀ ਸ਼ਕਤੀਆਂ ਦੀ ਸਹਾਇਤਾ ਪ੍ਰਾਪਤ ਕੱਟੜਪੰਥੀਆਂ ਵੱਲੋਂ ਕੀਤੀਆਂ ਗਈਆਂ ਹਾਲ ਹੀ ਦੀਆਂ ਕੋਸ਼ਿਸ਼ਾਂ ਦੀ ਰੌਸ਼ਨੀ ਵਿੱਚ ਦੀਵਾਲੀ ਦੇ ਸਮਾਰੋਹਾਂ ਦੌਰਾਨ ਪੁਲਸ ਨੂੰ ਅਤਿ ਚੌਕਸੀ ਵਰਤਣ ਦੇ ਨਿਰਦੇਸ਼ ਦਿੱਤੇ ਹਨ। ਇਥੇ ਇਕ ਉੱਚ ਪੱਧਰੀ ਮੀਟਿੰਗ ਦੌਰਾਨ ਸੂਬੇ ਵਿੱਚ ਕਾਨੂੰਨ ਵਿਵਸਥਾ ਅਤੇ ਸੁਰੱਖਿਆ ਦੀ ਸਥਿਤੀ ਦਾ ਜ਼ਾਇਜਾ ਲੈਂਦੇ ਹੋਏ ਮੁੱਖ ਮੰਤਰੀ ਨੇ ਇਹ ਨਿਰਦੇਸ਼ ਜਾਰੀ ਕੀਤੇ। ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਮੁੱਖ ਮੰਤਰੀ ਦੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ, ਡੀ ਜੀ ਪੀ ਸੁਰੇਸ਼ ਅਰੋੜਾ ਅਤੇ ਡੀ ਜੀ ਪੀ ਇੰਟੈਲੀਜੈਂਸ ਦਿਨਕਰ ਗੁਪਤਾ ਹਾਜ਼ਰ ਸਨ।
ਡੀ ਜੀ ਪੀ ਨੇ ਵੱਖ-ਵੱਖ ਸਰੋਤਾਂ ਤੋਂ ਪ੍ਰਾਪਤ ਜਾਣਕਾਰੀ ਅਤੇ ਸੂਬੇ ਦੀਆਂ ਘਟਨਾਵਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾ 3-4 ਨਵੰਬਰ ਨੂੰ ਪੰਜਾਬ ਪੁਲਸ ਵੱਲੋਂ ਅੰਸਾਰ ਘਜ਼ਵਤ ਉਲ ਹਿੰਦ (ਏ ਜੀ ਐੱਚ) ਦੇ ਅੱਤਵਾਦੀ ਗਰੋਹ ਨੂੰ ਖਤਮ ਕੀਤੇ ਜਾਣ ਬਾਰੇ ਵੀ ਮੁੱਖ ਮੰਤਰੀ ਨੂੰ ਸੰਖੇਪ ਜਾਣਕਾਰੀ ਦਿੱਤੀ।
ਕੈਪਟਨ ਅਮਰਿੰਦਰ ਸਿੰਘ ਨੇ ਭੀੜ-ਭੜੱਕੇ ਵਾਲੀਆਂ ਮਾਰਕੀਟਾਂ ਆਦਿ ਅਤੇ ਹੋਰ ਮਹੱਤਵਪੂਰਨ ਥਾਵਾਂ 'ਤੇ ਸਖਤ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਅਧਿਕਾਰੀਆਂ ਨੂੰ ਹੁਕਮ ਦਿੱਤੇ। ਉਨ੍ਹਾ ਦੀਵਾਲੀ ਦੇ ਸਮਾਰੋਹ ਦੌਰਾਨ ਉੱਚ ਸੁਰੱਖਿਆ ਵਰਤੇ ਜਾਣ ਲਈ ਸਾਰੇ ਪੁਲਸ ਮੁਲਾਜ਼ਮਾਂ ਨੂੰ ਵਾਪਸ ਸੱਦੇ ਜਾਣ ਵਾਸਤੇ ਡੀ ਜੀ ਪੀ ਨੂੰ ਆਖਿਆ। ਮੁੱਖ ਮੰਤਰੀ ਨੇ ਕਿਸੇ ਵੀ ਤਰ੍ਹਾਂ ਦੀ ਗੜਬੜ ਪੈਦਾ ਕਰਨ ਵਾਲੇ ਵਿਅਕਤੀ ਵਿਰੁੱਧ ਤੁਰੰਤ ਕਾਰਵਾਈ ਕਰਨ ਵਾਸਤੇ ਡੀ ਜੀ ਪੀ ਨੂੰ ਨਿਰਦੇਸ਼ ਦਿੱਤੇ।
ਉਨ੍ਹਾ ਕਿਹਾ ਕਿ ਪੰਜਾਬ ਦੇ ਲੋਕਾਂ ਲਈ ਦੀਵਾਲੀ ਪੂਰੀ ਤਰ੍ਹਾਂ ਸੁਰੱਖਿਅਤ ਬਣਾਉਣਾ ਪੁਲਸ ਦੀ ਜ਼ਿੰਮੇਵਾਰੀ ਹੈ। ਮੁੱਖ ਮੰਤਰੀ ਵੱਲੋਂ ਦਿੱਤੇ ਗਏ ਨਿਰਦੇਸ਼ਾਂ 'ਤੇ ਗ੍ਰਹਿ ਵਿਭਾਗ ਨੇ ਦੀਵਾਲੀ ਦੇ ਦੌਰਾਨ ਪਟਾਕੇ ਵਜਾਉਣ ਜਾਂ ਇਨ੍ਹਾਂ ਦੀ ਵਿਕਰੀ ਕਾਰਨ ਪੈਦਾ ਹੋਣ ਵਾਲੀ ਕਿਸੇ ਵੀ ਮਾੜੀ ਘਟਨਾ ਨੂੰ ਰੋਕਣ ਲਈ ਜ਼ਿਲਾ ਮੈਜਿਸਟਰੇਟਾਂ ਨੂੰ ਨਿਰਦੇਸ਼ ਜਾਰੀ ਕੀਤੇ ਹਨ।
ਬੁਲਾਰੇ ਨੇ ਦੱਸਿਆ ਕਿ ਐਕਸਪਲੋਸਿਵ ਰੂਲਜ਼-2008 ਦੇ ਹੇਠ ਜ਼ਿਲ੍ਹਾ ਮੈਜਿਸਟਰੇਟਾਂ ਨੂੰ ਨਿਰਪੱਖ ਅਤੇ ਨਿਆਂ ਯੁਕਤ ਕਾਰਵਾਈ ਕਰਨ ਲਈ ਆਖਿਆ ਗਿਆ ਹੈ।
ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪਟਾਕੇ 7 ਨਵੰਬਰ ਨੂੰ ਸਵੇਰੇ 10 ਵਜੇ ਤੋਂ 7.30 ਵਜੇ ਤੱਕ ਵੇਚੇ ਜਾਣਗੇ। ਇਸ ਸੰਬੰਧੀ ਆਰਜ਼ੀ ਲਾਇਸੈਂਸ ਜਿਲ੍ਹਾ ਮੈਜਿਸਟਰੇਟਾਂ ਵੱਲੋਂ ਹਾਈ ਕੋਰਟ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਾਰੀ ਕੀਤੇ ਜਾਣਗੇ। ਸਾਲ 2016 ਦੌਰਾਨ ਜਾਰੀ ਕੀਤੇ ਆਰਜ਼ੀ ਲਾਇਸੈਂਸਾਂ ਦੀ ਕੁਲ ਗਿਣਤੀ ਦਾ ਇਹ 20 ਫੀਸਦੀ ਤੱਕ ਹੋਣਗੇ। ਸੰਬੰਧਤ ਡਿਪਟੀ ਕਮਿਸ਼ਨਰਾਂ ਵੱਲੋਂ ਡਰਾਅ ਦੇ ਆਧਾਰ 'ਤੇ ਇਹ ਲਾਇਸੈਂਸ ਜਾਰੀ ਕੀਤੇ ਜਾਣਗੇ ਅਤੇ ਕਿਸੇ ਵੀ ਸੂਰਤ ਵਿੱਚ ਇਸ ਸੰਬੰਧੀ ਸ਼ਕਤੀਆਂ ਦੀ ਸਪੁਰਦਗੀ ਨਹੀਂ ਕੀਤੀ ਜਾਵੇਗੀ।
ਜ਼ਿਲ੍ਹਾ ਮੈਜਿਸਟਰੇਟਾਂ ਨੂੰ ਜਾਰੀ ਕੀਤੇ ਨਿਰਦੇਸ਼ਾਂ ਅਨੁਸਾਰ ਸੁਰੱਖਿਆ ਦੀ ਵਿਵਸਥਾ ਦੇ ਮੱਦੇਨਜ਼ਰ ਇਹ ਯਕੀਨੀ ਬਣਾਇਆ ਜਾਏਗਾ ਕਿ ਪਟਾਕਿਆਂ ਦੀ ਵਿਕਰੀ ਨਿਰਧਾਰਤ ਥਾਵਾਂ 'ਤੇ ਹੋਵੇ ਅਤੇ ਰਾਸ਼ਟਰੀ ਤੇ ਸੂਬਾਈ ਮਾਰਗਾਂ, ਰੇਲਵੇ ਲਾਈਨਾਂ ਤੇ ਭੀੜ-ਭੜੱਕੇ ਵਾਲੇ ਥਾਵਾਂ 'ਤੇ ਪਟਾਕਿਆਂ ਦੀ ਵਿਕਰੀ ਕਰਨ ਦੀ ਆਗਿਆ ਨਾ ਦਿੱਤੀ ਜਾਵੇ।

139 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper