Latest News
ਲੋਕ ਸਭਾ ਉਪ ਚੋਣਾਂ 'ਚ ਭਾਜਪਾ 10ਵੀਂ ਹਾਰ

Published on 06 Nov, 2018 11:17 AM.


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਕਰਨਾਟਕ 'ਚ ਤਿੰਨ ਲੋਕ ਸਭਾ ਅਤੇ ਦੋ ਵਿਧਾਨ ਸਭਾ ਸੀਟਾਂ 'ਤੇ ਹੋਈਆਂ ਉਪ ਚੋਣਾਂ 'ਚ ਭਾਜਪਾ ਨੂੰ ਵੱਡਾ ਝਟਕਾ ਲੱਗਾ ਹੈ। ਉਥੇ ਹੀ ਜੇ ਡੀ ਐੱਸ-ਕਾਂਗਰਸ ਗਠਜੋੜ ਆਪਣਾ ਕਿਲ੍ਹਾ ਬਚਾਉਣ 'ਚ ਕਾਮਯਾਬ ਰਿਹਾ, ਬਲਕਿ ਭਾਜਪਾ ਦੇ ਵੱਡੇ ਨੇਤਾ ਸ੍ਰੀਰਾਮੱਲੂ ਦੇ ਗੜ੍ਹ 'ਚ ਜਿੱਤ ਹਾਸਲ ਕੀਤੀ ਹੈ। ਸਾਲ 2014 'ਚ ਮੋਦੀ ਸਰਕਾਰ ਦੇ ਗਠਨ ਤੋਂ ਬਾਅਦ ਪਾਰਟੀ ਨੂੰ ਲਗਾਤਾਰ ਉਪ ਚੋਣਾਂ 'ਚ ਹਾਰ ਝੱਲਣੀ ਪਈ ਹੈ।
ਬੇਲਾਰੀ, ਸਿਮੋਗਾ ਅਤੇ ਮਾਂਡਯਾ ਲੋਕ ਸਭਾ ਸੀਟ ਦੇ ਨਤੀਜੇ ਆਏ ਹਨ। ਇਸ 'ਚ ਬੇਲਾਰੀ, ਸਿਮੋਗਾ ਸੀਟ ਭਾਜਪਾ ਦੇ ਕਬਜੇ 'ਚ ਸੀ, ਜਦਕਿ ਮਾਂਡਯਾ ਸੀਟ ਜੇ ਡੀ ਐੱਸ ਦੇ ਕੋਲ ਸੀ। ਮੰਗਲਵਾਰ ਨੂੰ ਆਏ ਉਪ ਚੋਣਾਂ ਦੇ ਨਤੀਜੇ 'ਚ ਬੀ ਐੱਸ ਯੇਦੀਯੁਰੱਪਾ ਦੇ ਲੜਕੇ ਬੀ ਵਾਈ ਰਾਘਵੇਂਦਰ ਯੇਦੀਯੁਰੱਪਾ ਸਿਮੋਗਾ ਸੀਟ ਤੋਂ ਜਿੱਤ ਹਾਸਲ ਕਰ ਸਕੇ।
ਬੇਲਾਰੀ ਲੋਕ ਸਭਾ ਸੀਟ ਤੋਂ ਭਾਜਪਾ ਦੇ ਦਿਗਜ਼ ਨੇਤਾ ਸ੍ਰੀਰਾਮੱਲੂ ਸਾਂਸਦ ਸਨ, ਪਰ ਵਿਧਾਨ ਸਭਾ ਚੋਣਾਂ 'ਚ ਜਿੱਤ ਹਾਸਲ ਕਰਨ ਤੋਂ ਬਾਅਦ ਉਨ੍ਹਾ ਲੋਕ ਸਭਾ ਮੈਂਬਰੀ ਤੋਂ ਅਸਤੀਫ਼ਾ ਦੇ ਦਿੱਤਾ ਸੀ। ਇਸ ਤੋਂ ਬਾਅਦ ਹੋਈਆਂ ਉਪ ਚੋਣਾਂ 'ਚ ਪਾਰਟੀ ਨੇ ਉਨ੍ਹਾ ਦੀ ਭੈਣ ਨੂੰ ਉਮੀਦਵਾਰ ਬਣਾਇਆ ਸੀ। ਉਨ੍ਹਾ ਕਾਂਗਰਸ ਉਮੀਦਵਾਰ ਵੀ ਐੱਸ ਉਗਰੱਪਾ ਨੂੰ ਮਾਤ ਦਿੱਤੀ ਹੈ। ਮਾਂਡਯਾ ਲੋਕ ਸਭਾ ਹਲਕੇ ਤੋਂ ਜੇ ਡੀ ਐੱਸ ਉਮੀਦਵਾਰ ਐੱਲ ਆਰ ਸੀਵਰਾਮੇ ਗੌੜਾ ਨੇ ਜਿੱਤ ਹਾਸਲ ਕੀਤੀ। 2014 ਦੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਹੁਣ ਤੱਕ 30 ਲੋਕ ਸਭਾ ਸੀਟਾਂ 'ਤੇ ਉਪ ਚੋਣ ਹੋਈ ਹੈ। ਭਾਜਪਾ ਲਗਾਤਾਰ ਆਪਣੀਆਂ ਜਿੱਤੀਆਂ ਹੋਈਆਂ ਸੀਟਾਂ ਇੱਕ-ਇੱਕ ਕਰਕੇ ਹਾਰਦੀ ਜਾ ਰਹੀ ਹੈ। ਨਰੇਂਦਰ ਮੋਦੀ ਦੀ ਅਗਵਾਈ 'ਚ 282 ਸੀਟਾਂ 'ਤੇ ਕਮਲ ਖਿਲਾਉਣ ਵਾਲੀ ਭਾਜਪਾ 1984 ਦੇ ਬਾਅਦ 30 ਸਾਲ 'ਚ ਆਪਣੇ ਬਲਬੂਤੇ 'ਤੇ ਬਹੁਮਤ ਹਾਸਲ ਕਰਨ ਵਾਲੀ ਪਹਿਲੀ ਪਾਰਟੀ ਬਣੀ ਸੀ।
2014 ਤੋਂ ਬਾਅਦ 30 ਲੋਕ ਸਭਾ ਸੀਟਾਂ 'ਤੇ ਉਪ ਚੋਣ ਹੋਈ, ਜਿਨ੍ਹਾਂ 'ਚੋਂ 16 ਸੀਟਾਂ 'ਤੇ ਭਾਜਪਾ ਦਾ ਕਬਜ਼ਾ ਸੀ, ਪਰ ਹੁਣ ਇਨ੍ਹਾਂ 'ਚੋਂ ਸਿਰਫ਼ 6 ਸੀਟਾਂ ਹੀ ਭਾਜਪਾ ਬਚਾ ਸਕੀ ਹੈ। ਮਤਲਬ ਪਾਰਟੀ ਨੇ 10 ਸੀਟਾਂ ਗੁਆਈਆਂ ਹਨ। ਇਹੀ ਕਾਰਨ ਹੈ ਕਿ ਲੋਕ ਸਭਾ 'ਚ ਉਨ੍ਹਾਂ ਦੀਆਂ ਸੀਟਾਂ ਦਾ ਅੰਕੜਾ 292 ਤੋਂ ਘਟ ਕੇ 272 ਰਹਿ ਗਿਆ ਹੈ।

37 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper