Latest News
ਮਾਮਲਾ ਫਾਜ਼ਿਲਕਾ ਦੇ ਸਕੂਲ 'ਚ ਵਿਦਿਆਰਥਣਾਂ ਨਾਲ ਬਦਸਲੂਕੀ ਦਾ

Published on 06 Nov, 2018 11:18 AM.


ਪ੍ਰਿੰਸੀਪਲ ਤੇ ਅਧਿਆਪਕਾ ਮੁਅੱਤਲ
ਚੰਡੀਗੜ੍ਹ, (ਨਵਾਂ ਜ਼ਮਾਨਾ ਸਰਵਿਸ)
ਸਕੂਲ ਦੇ ਪਖਾਨੇ ਵਿੱਚ ਸੈਨੇਟਰੀ ਪੈਡ ਮਿਲਣ ਤੋਂ ਬਾਅਦ ਲੜਕੀਆਂ ਦੇ ਕਥਿਤ ਕੱਪੜੇ ਲੁਹਾਉਣ ਦੇ ਮਾਮਲੇ 'ਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਹਦਾਇਤਾਂ 'ਤੇ ਫਾਜ਼ਿਲਕਾ ਜ਼ਿਲ੍ਹੇ ਦੇ ਸਰਕਾਰੀ ਗਰਲਜ਼ ਸਕੂਲ ਕੁੰਡਲ ਦੀ ਪ੍ਰਿੰਸੀਪਲ ਅਤੇ ਇਕ ਅਧਿਆਪਕਾ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਹ ਹੁਕਮ ਸੋਮਵਾਰ ਦੀ ਰਾਤ ਨੂੰ ਜਾਂਚ ਰਿਪੋਰਟ ਮਿਲਣ ਤੋਂ ਬਾਅਦ ਜਾਰੀ ਕੀਤੇ ਗਏ। ਇਸ ਰਿਪੋਰਟ ਵਿੱਚ ਸਕੂਲ ਅਧਿਆਪਕਾਂ ਦੀ ਘੋਰ ਕੁਤਾਹੀ, ਅਣਗਹਿਲੀ ਅਤੇ ਸੰਵੇਦਨਹੀਣਤਾ ਸਾਹਮਣੇ ਆਈ ਹੈ। ਮੁੱਖ ਮੰਤਰੀ ਨੇ ਇਸ ਮਾਮਲੇ ਵਿੱਚ ਕੋਈ ਢਿੱਲ ਨਾ ਵਰਤਣ ਦੀਆਂ ਸਖ਼ਤ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਵਿਦਿਆਰਥਣਾਂ ਦੇ ਇੱਜ਼ਤ-ਮਾਣ ਨਾਲ ਕਿਸੇ ਤਰ੍ਹਾਂ ਦੇ ਖਿਲਵਾੜ ਨੂੰ ਹਰਗਿਜ਼ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾ ਲੜਕੀਆਂ ਦੀ ਸਿੱਖਿਆ ਅਤੇ ਵੱਧ ਅਧਿਕਾਰਾਂ ਲਈ ਢੁਕਵਾਂ ਮਾਹੌਲ ਮੁਹੱਈਆ ਕਰਵਾਉਣ ਲਈ ਸਰਕਾਰ ਦੀ ਵਚਨਬੱਧਤਾ ਨੂੰ ਵੀ ਦੁਹਰਾਇਆ।
ਬੀਤੇ ਸ਼ੁੱਕਰਵਾਰ ਨੂੰ ਕੁਝ ਵਿਦਿਆਰਥਣਾਂ ਅਤੇ ਉਨ੍ਹਾਂ ਦੇ ਮਾਪਿਆਂ ਵੱਲੋਂ ਕੱਪੜੇ ਲੁਹਾਉਣ ਦੇ ਲਾਏ ਦੋਸ਼ ਤੋਂ ਬਾਅਦ ਮੁੱਖ ਮੰਤਰੀ ਨੇ ਇਸ ਦੀ ਜਾਂਚ ਕਰਨ ਦੇ ਹੁਕਮ ਦਿੱਤੇ ਸਨ। ਮੁੱਖ ਮੰਤਰੀ ਨੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੂੰ ਸੋਮਵਾਰ ਤੱਕ ਜਾਂਚ ਮੁਕੰਮਲ ਕਰਨ ਅਤੇ ਲੋੜ ਅਨੁਸਾਰ ਅਗਲੇਰੀ ਕਾਰਵਾਈ ਕਰਨ ਦੀ ਹਦਾਇਤ ਕੀਤੀ ਸੀ। ਵਿਦਿਆਰਥਣਾਂ ਵੱਲੋਂ ਸਕੂਲ ਵਿੱਚ ਅਧਿਆਪਕਾਂ ਦੁਆਰਾ ਉਨ੍ਹਾਂ ਦੇ ਕੱਪੜੇ ਲੁਹਾਉਣ ਬਾਰੇ ਰੋਂਦਿਆਂ ਸ਼ਿਕਾਇਤ ਕਰਨ ਦਾ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਇਹ ਮਾਮਲਾ ਕੈਪਟਨ ਅਮਰਿੰਦਰ ਸਿੰਘ ਦੇ ਧਿਆਨ ਵਿੱਚ ਲਿਆਂਦਾ ਗਿਆ। ਸਕੂਲ ਦੇ ਪਖਾਨੇ ਵਿੱਚ ਸੈਨੇਟਰੀ ਪੈਡ ਮਿਲਣ ਤੋਂ ਬਾਅਦ ਅਧਿਆਪਕਾਂ ਨੇ ਕਥਿਤ ਲੜਕੀਆਂ ਵਿੱਚੋਂ ਕਿਹੜੀ ਲੜਕੀ ਨੇ ਪੈਡ ਪਾਇਆ, ਬਾਰੇ ਲੱਭਣ ਦੀ ਕੋਸ਼ਿਸ਼ ਕੀਤੀ ਗਈ ਸੀ।
ਜਾਂਚ ਰਿਪੋਰਟ ਮੁਤਾਬਕ ਸਕੂਲ ਪ੍ਰਿੰਸੀਪਲ ਕੁਲਦੀਪ ਕੌਰ ਅਤੇ ਅਧਿਆਪਕਾ ਜੋਤੀ ਦੀਆਂ ਹਦਾਇਤਾਂ ਅਤੇ ਉਨ੍ਹਾਂ ਦੀ ਪੂਰੀ ਜਾਣਕਾਰੀ 'ਚ ਵਿਦਿਆਰਥਣਾਂ ਦੀ ਦੋ ਵਾਰ ਤਲਾਸ਼ੀ ਲਈ ਗਈ। ਅਬੋਹਰ ਦੇ ਐੱਸ ਡੀ ਐਮ ਦੇ ਦਫ਼ਤਰ ਵਿੱਚ ਸੋਮਵਾਰ ਨੂੰ ਕੁਲਦੀਪ ਕੌਰ ਅਤੇ ਜੋਤੀ ਦੇ ਬਿਆਨ ਦਰਜ ਕੀਤੇ ਗਏ, ਜਿਸ ਮੁਤਾਬਕ ਪਹਿਲੀ ਵਾਰ ਤਾਂ ਲੜਕੀਆਂ ਦੇ ਕੱਪੜਿਆਂ ਦੀ ਤਲਾਸ਼ੀ ਲਈ ਗਈ ਅਤੇ ਉਸ ਤੋਂ ਬਾਅਦ ਦੋਵਾਂ ਨੇ ਅੱਠਵੀਂ ਜਮਾਤ ਦੀਆਂ ਸੀਨੀਅਰ ਵਿਦਿਆਰਥਣਾਂ ਪਾਸੋਂ ਕੱਪੜੇ ਲੁਹਾ ਕੇ ਤਲਾਸ਼ੀ ਲਈ। ਜਾਂਚ ਕਮੇਟੀ ਦੇ ਮੈਂਬਰਾਂ ਜ਼ਿਲ੍ਹਾ ਸਿੱਖਿਆ ਅਧਿਕਾਰੀ ਫਾਜ਼ਿਲਕਾ ਕੁਲਵੰਤ ਸਿੰਘ, ਅਬੋਹਰ ਦੇ ਐੱਸ ਐੱਚ ਓ ਸਦਰ ਅੰਗਰੇਜ਼ ਸਿੰਘ ਅਤੇ ਫਾਜ਼ਿਲਕਾ ਦੇ ਜ਼ਿਲ੍ਹਾ ਬਾਲ ਸੁਰੱਖਿਆ ਅਧਿਕਾਰੀ ਰਿੱਤੂ ਨੇ ਆਪਣੀ ਰਿਪੋਰਟ ਵਿੱਚ ਦੱਸਿਆ ਕਿ ਪਹਿਲੀ ਵਾਰ ਮਿਡ-ਡੇ-ਮੀਲ ਦੀ ਰਸੋਈ ਵਿੱਚ ਤਲਾਸ਼ੀ ਲਈ ਗਈ ਅਤੇ ਇਸ ਸਮੁੱਚੀ ਪ੍ਰਕ੍ਰਿਆ ਦੌਰਾਨ ਕੁਲਦੀਪ ਕੌਰ ਬਾਹਰ ਖੜ੍ਹੀ ਰਹੀ।
ਕਮੇਟੀ ਨੇ ਇਕਮੱਤ ਹੁੰਦਿਆਂ ਸਹਿਮਤੀ ਪ੍ਰਗਟਾਈ ਕਿ ਸਕੂਲ ਸਟਾਫ ਨੇ ਔਰਤਾਂ ਦੇ ਮਾਣ-ਸਨਮਾਨ ਪ੍ਰਤੀ ਘੋਰ ਅਣਗਹਿਲੀ ਅਤੇ ਅਸੰਵੇਦਨਸ਼ੀਲਤਾ ਵਾਲਾ ਵਤੀਰਾ ਅਪਣਾਇਆ।
ਰਿਪੋਰਟ ਮੁਤਾਬਕ ਭਾਵੇਂ ਕਿ ਕਿਸੇ ਤਰ੍ਹਾਂ ਦੇ ਸਰੀਰਕ/ ਜਿਨਸੀ ਹਮਲੇ ਦਾ ਇਰਾਦਾ ਨਜ਼ਰ ਨਹੀਂ ਆਉਂਦਾ, ਪਰ ਅਧਿਆਪਕਾਂ ਦੀ ਲਾਪਰਵਾਹੀ ਅਤੇ ਅਵੇਸਲਾਪਣ ਸਾਹਮਣੇ ਆਉਂਦਾ ਹੈ। ਫਾਜ਼ਿਲਕਾ ਦੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਮੁਤਾਬਕ ਕੁਲਦੀਪ ਕੌਰ ਅਤੇ ਜੋਤੀ ਖਿਲਾਫ਼ ਕੰਡਕਟ ਰੂਲਜ਼ ਦੇ ਰੂਲ 8 ਅਧੀਨ ਚਾਰਜਸ਼ੀਟ ਜਾਰੀ ਕੀਤੀ ਜਾਵੇਗੀ, ਜਿਨ੍ਹਾਂ ਨੂੰ ਪਹਿਲਾਂ ਹੀ ਮੁਅੱਤਲ ਕੀਤਾ ਜਾ ਚੁੱਕਾ ਹੈ।

94 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper