Latest News
ਅਦਾਲਤ ਨੇ ਬੁੱਧੀਜੀਵੀਆਂ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ 'ਚ ਭੇਜਿਆ

Published on 06 Nov, 2018 11:26 AM.


ਪੁਣੇ (ਨਵਾਂ ਜ਼ਮਾਨਾ ਸਰਵਿਸ)
ਪੁਣੇ ਸੈਸ਼ਨ ਅਦਾਲਤ ਨੇ ਭੀਮਾ-ਕੋਰੇਗਾਓਂ ਹਿੰਸਾ 'ਚ ਬੁੱਧੀਜੀਵੀ ਫੇਰੇਰਾ, ਵਰਨਾਨ ਗਾਂਜੇਲਿਵਸ ਅਤੇ ਸੁਧਾ ਭਾਰਦਵਾਜ ਨੂੰ 14 ਦਿਨ ਦੀ ਨਿਆਂਇਕ ਹਿਰਾਸਤ 'ਚ ਭੇਜ ਦਿੱਤਾ ਹੈ। ਇਸ ਤੋਂ ਪਹਿਲਾਂ ਅਦਾਲਤ ਨੇ ਉਨ੍ਹਾਂ ਦੀ ਜ਼ਮਾਨਤ ਪਟੀਸ਼ਨ ਖਾਰਜ ਕਰ ਦਿੱਤੀ ਸੀ ਅਤੇ ਤਿੰਨਾਂ ਨੂੰ ਨਜ਼ਰਬੰਦ ਰੱਖਿਆ ਗਿਆ ਸੀ। ਜ਼ਿਕਰਯੋਗ ਹੈ ਕਿ ਮਹਾਰਾਸ਼ਟਰ ਪੁਲਸ ਨੇ ਪੰਜ ਬੁੱਧੀਜੀਵੀਆਂ ਵਰਵਰਾ ਰਾਓ, ਅਰੁਣ ਫੇਰੇਰਾ, ਵਰਨਾਨ ਗਾਂਜੇਲਿਵਸ , ਸੁਧਾ ਭਾਰਦਵਾਜ ਅਤੇ ਗੌਤਮ ਨਵਲੱਖਾ ਨੂੰ ਕੋਰੇਗਾਓਂ-ਭੀਮਾ ਹਿੰਸਾ ਦੇ ਮਾਮਲੇ 'ਚ ਗ੍ਰਿਫ਼ਤਾਰ ਕੀਤਾ ਸੀ।
ਭੀਮਾ-ਕੋਰੇਗਾਓਂ 'ਚ ਹੋਈ ਹਿੰਸਾ ਦੇ ਮਾਮਲੇ 'ਚ ਦਰਜ ਐੱਫ ਆਈ ਆਰ ਦੇ ਆਧਾਰ 'ਤੇ ਮਹਾਰਾਸ਼ਟਰ ਪੁਲਸ ਨੇ ਪੰਜਾਂ ਨੂੰ 28 ਅਗਸਤ ਨੂੰ ਗ੍ਰਿਫ਼ਤਾਰ ਕੀਤਾ ਸੀ। ਉਸ ਤੋਂ ਬਾਅਦ ਇਹ ਵਰਕਰ ਨਜ਼ਰਬੰਦ ਸਨ। ਹਾਲਾਂਕਿ ਗੌਤਮ ਨਵਲੱਖਾ ਨੂੰ ਦਿੱਲੀ ਹਾਈ ਕੋਰਟ ਨੇ ਰਿਹਾਅ ਕਰ ਦਿੱਤਾ ਸੀ।
ਇਸ ਤੋਂ ਬਾਅਦ ਬੰਬੇ ਹਾਈ ਕੋਰਟ ਨੇ ਗੌਤਮ ਨਵਲੱਖਾ ਅਤੇ ਪ੍ਰੋਫੈਸਰ ਅਨੰਦ ਤੇਲਤੁੰਬੜੇ ਦੀ ਗ੍ਰਿਫ਼ਤਾਰੀ 'ਤੇ 26 ਅਕਤੂਬਰ ਤੱਕ ਫੈਸਲਾ ਨਾ ਲੈਣ ਦੀ ਗੱਲ ਕਹੀ ਸੀ। ਜ਼ਿਕਰਯੋਗ ਹੈ ਕਿ ਇਸ ਸਾਲ ਦੀ ਸ਼ੁਰੂਆਤ 'ਚ ਪੁਣੇ ਕੋਲ ਭੀਮਾ-ਕੋਰੇਗਾਓਂ 'ਚ ਹਿੰਸਾ ਭੜਕ ਗਈ ਸੀ। ਇਸ ਹਿੰਸਾ 'ਚ ਇਕ ਦੀ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਪੂਰੇ ਮਹਾਰਾਸ਼ਟਰ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਹਿੰਸਾ ਫੈਲ ਗਈ ਸੀ।

46 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper