Latest News
ਫ਼ੌਜ ਨਾਲ ਮੁਕਾਬਲੇ 'ਚ 2 ਅੱਤਵਾਦੀ ਢੇਰ

Published on 06 Nov, 2018 11:30 AM.


ਸ੍ਰੀਨਗਰ
(ਨਵਾਂ ਜ਼ਮਾਨਾ ਸਰਵਿਸ)
ਜੰਮੂ-ਕਸ਼ਮੀਰ ਦੇ ਸ਼ੋਪਿਆਂ ਜ਼ਿਲ੍ਹੇ 'ਚ ਸੁਰੱਖਿਆ ਬਲਾਂ ਨਾਲ ਮੁਕਾਬਲੇ 'ਚ ਹਿਜ਼ਬੁਲ ਮੁਜਾਹਦੀਨ ਦੇ ਦੋ ਅੱਤਵਾਦੀ ਮਾਰੇ ਗਏ। ਇਨ੍ਹਾਂ ਵਿੱਚੋਂ ਇੱਕ ਅੱਤਵਾਦੀ ਪਹਿਲਾਂ ਫ਼ੌਜ 'ਚ ਸੀ, ਜੋ ਬਾਅਦ 'ਚ ਅੱਤਵਾਦੀਆਂ ਨਾਲ ਰਲ਼ ਗਿਆ ਸੀ। ਪੁਲਸ ਦੇ ਬੁਲਾਰੇ ਮੁਤਾਬਕ ਦੱਖਣੀ ਕਸ਼ਮੀਰ ਦੇ ਜੈਨਾਪੁਰਾ ਦੇ ਸਫ਼ਾਨਗਰੀ ਇਲਾਕੇ 'ਚ ਅੱਤਵਾਦੀਆਂ ਦੀ ਮੌਜੂਦਗੀ ਦੀ ਖ਼ਬਰ ਮਿਲਣ 'ਤੇ ਸੁਰੱਖਿਆ ਬਲਾਂ ਨੇ ਮੰਗਲਵਾਰ ਨੂੰ ਤੜਕੇ ਘੇਰਾਬੰਦੀ ਕੀਤੀ ਤੇ ਤਲਾਸ਼ੀ ਮੁਹਿੰਮ ਚਲਾਈ ਸੀ। ਉਨ੍ਹਾ ਦੱਸਿਆ ਕਿ ਜਦੋਂ ਤਲਾਸ਼ੀ ਮੁਹਿੰਮ ਹਾਲੇ ਚੱਲ ਹੀ ਰਹੀ ਸੀ ਕਿ ਲੁਕੇ ਹੋਏ ਅੱਤਵਾਦੀਆਂ ਨੇ ਸੁਰੱਖਿਆ ਬਲਾਂ 'ਤੇ ਗੋਲੀਬਾਰੀ ਕੀਤੀ। ਜਵਾਨਾਂ ਨੇ ਜਵਾਬੀ ਗੋਲੀਬਾਰੀ ਕੀਤੀ, ਜਿਸ ਤੋਂ ਬਾਅਦ ਮੁਕਾਬਲਾ ਸ਼ੁਰੂ ਹੋ ਗਿਆ ਤੇ ਦੋ ਅੱਤਵਾਦੀ ਮਾਰੇ ਗਏ।
ਮਾਰੇ ਗਏ ਅੱਤਵਾਦੀਆਂ ਦੀ ਸ਼ਨਾਖ਼ਤ ਮੁਹੰਮਦ ਇਦਰੀਸ ਸੁਲਤਾਨ ਉਰਫ਼ ਛੋਟਾ ਅਬਰਾਰ ਤੇ ਆਮਿਰ ਹੁਸੈਨ ਰਾਥਰ ਉਰਫ਼ ਅਬੂ ਸੋਬਾਨ ਵਜੋਂ ਕੀਤੀ ਗਈ। ਸੁਲਤਾਨ ਸਫ਼ਾਨਗਰੀ ਸ਼ੋਪਿਆਂ ਦਾ ਰਹਿਣ ਵਾਲਾ ਸੀ, ਜਦਕਿ ਸੋਬਾਨ ਅਵਨੀਰਾ, ਸ਼ੋਪਿਆਂ ਦਾ ਰਹਿਣ ਵਾਲਾ ਸੀ। ਉਨ੍ਹਾ ਦੱਸਿਆ ਕਿ ਉਹ ਪਾਬੰਦੀਸ਼ੁਦਾ ਅੱਤਵਾਦੀ ਜਥੇਬੰਦੀ ਹਿਜ਼ਬੁਲ ਨਾਲ ਜੁੜੇ ਹੋਏ ਸਨ। ਸੁਰੱਖਿਆ ਸੰਗਠਨਾਂ ਦੀਆਂ ਇਮਾਰਤਾਂ ਜਾਂ ਕੈਂਪਾਂ 'ਤੇ ਹਮਲਿਆਂ ਅਤੇ ਇਲਾਕੇ 'ਚ ਨਾਗਰਿਕਾਂ 'ਤੇ ਕਈ ਤਰ੍ਹਾਂ ਦੇ ਤਸ਼ੱਦਦ ਢਾਹੁਣ ਦੀਆਂ ਘਟਨਾਵਾਂ ਵਿੱਚ ਉਨ੍ਹਾਂ ਦਾ ਹੱਥ ਸੀ। ਬੁਲਾਰੇ ਨੇ ਦੱਸਿਆ ਕਿ ਸੁਲਤਾਨ ਫ਼ੌਜ 'ਚੋਂ ਭਗੌੜਾ ਸੀ ਤੇ ਇਸ ਸਾਲ ਅਪ੍ਰੈਲ 'ਚ ਉਹ ਅੱਤਵਾਦੀ ਜਥੇਬੰਦੀ ਨਾਲ ਜੁੜ ਗਿਆ ਸੀ। ਉਨ੍ਹਾ ਦੱਸਿਆ ਕਿ ਮੁਹਿੰਮ ਦੌਰਾਨ ਆਲੇ-ਦੁਆਲੇ ਕੋਈ ਨੁਕਸਾਨ ਨਹੀਂ ਹੋਇਆ। ਮੁਕਾਬਲੇ ਵਾਲੀ ਥਾਂ ਤੋਂ ਕਾਫ਼ੀ ਗੋਲੀ-ਸਿੱਕਾ ਬਰਾਮਦ ਕੀਤਾ ਗਿਆ ਹੈ। ਉਨ੍ਹਾ ਲੋਕਾਂ ਨੂੰ ਅਪੀਲ ਕੀਤੀ ਕਿ ਮੁਕਾਬਲੇ ਵਾਲੀ ਥਾਂ ਦੀ ਜਦੋਂ ਤੱਕ ਪੂਰੀ ਸਫ਼ਾਈ ਨਾ ਕਰ ਦਿੱਤੀ ਜਾਵੇ, ਤਦ ਤੱਕ ਉਹ ਉੱਥੇ ਨਾ ਜਾਣ।

66 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper