Latest News
ਪਟਾਕਿਆਂ ਦੀ ਪਾਬੰਦੀ ਵਾਲੀ ਦੀਵਾਲੀ ਦੇ ਸਬਕ

Published on 08 Nov, 2018 10:46 AM.


ਹਰ ਸਾਲ ਦੀਵਾਲੀ ਦੇ ਮੌਕੇ ਇਹ ਗੱਲ ਕਹੀ ਜਾਂਦੀ ਸੀ ਕਿ ਪਰਦੂਸ਼ਣ ਵਧੀ ਜਾਂਦਾ ਹੈ, ਇਸ ਨੂੰ ਰੋਕਣ ਦੇ ਲਈ ਪ੍ਰਬੰਧ ਹੋਣੇ ਚਾਹੀਦੇ ਹਨ, ਪਰ ਇਹੋ ਜਿਹਾ ਕੰਮ ਕਰੇ ਕੌਣ, ਇਹ ਸਵਾਲ ਖੜਾ ਰਹਿੰਦਾ ਸੀ। ਇਸ ਵਾਰੀ ਇਹ ਮੁੱਦਾ ਸੁਪਰੀਮ ਕੋਰਟ ਦੇ ਸਾਹਮਣੇ ਪੇਸ਼ ਹੋ ਗਿਆ। ਓਥੇ ਸਰਕਾਰ ਨੇ ਵੀ ਪੱਖ ਪੇਸ਼ ਕੀਤਾ ਅਤੇ ਕਾਰੋਬਾਰ ਨਾਲ ਜੁੜੇ ਹੋਏ ਲੋਕਾਂ ਨੇ ਵੀ। ਕੋਰਟ ਨੇ ਸਭ ਦੀ ਗੱਲ ਸੁਣੀ, ਪਰ ਇਸ ਮਾਮਲੇ ਵਿੱਚ ਕਿਸੇ ਕਿਸਮ ਦੀ ਢਿੱਲ ਦੇਣ ਤੋਂ ਸਾਫ ਇਨਕਾਰ ਕਰ ਦਿੱਤਾ।
ਧਾਰਮਿਕ ਖੇਤਰ ਵਿੱਚੋਂ ਪੰਜਾਬ ਦੇ ਸਿੱਖ ਭਾਈਚਾਰੇ ਦੇ ਕੁਝ ਆਗੂ ਅਤੇ ਇਸ ਤੋਂ ਬਾਹਰ ਭਾਜਪਾ ਅਤੇ ਆਰ ਐੱਸ ਐੱਸ ਦੇ ਨਾਲ ਜੁੜੇ ਹੋਏ ਕੁਝ ਏਸੇ ਤਰ੍ਹਾਂ ਦੇ ਆਗੂ ਇਹ ਕਹਿਣ ਲੱਗ ਪਏ ਕਿ ਕੋਈ ਪਾਬੰਦੀ ਨਹੀਂ ਲਾਉਣੀ ਚਾਹੀਦੀ। ਉਨ੍ਹਾਂ ਦੀ ਇਹ ਨਿਕੰਮੀ ਦਲੀਲ ਸੀ ਕਿ ਇਹ ਉਨ੍ਹਾਂ ਦੇ ਧਰਮ ਦੀ ਮੁੱਢ ਤੋਂ ਚੱਲੀ ਆਈ ਰਿਵਾਇਤ ਦਾ ਹਿੱਸਾ ਹੈ ਕਿ ਦੀਵਾਲੀ ਦੀ ਖੁਸ਼ੀ ਦੇ ਲਈ ਪਟਾਕੇ ਆਦਿ ਚਲਾਏ ਜਾਂਦੇ ਹਨ। ਇਹ ਗੱਲ ਅਸਲੋਂ ਹੀ ਗਲਤ ਸੀ। ਸਚਾਈ ਇਹ ਹੈ ਕਿ ਭਗਵਾਨ ਰਾਮ ਦੇ ਵਕਤ ਇਹੋ ਜਿਹੀ ਰਿਵਾਇਤ ਤਾਂ ਕੀ ਹੋਣੀ ਸੀ, ਸਿੱਖ ਗੁਰੂ ਸਾਹਿਬਾਨ ਦੇ ਵਕਤ ਵੀ ਪਟਾਕੇ ਚਲਾਉਣੇ ਸ਼ੁਰੂ ਨਹੀਂ ਸੀ ਹੋਏ। ਹਾਲੇ ਦੋ ਸੌ ਸਾਲ ਮਸਾਂ ਹੋਏ ਹਨ, ਜਦੋਂ ਪਟਾਕੇ ਬਣਨੇ ਅਤੇ ਚੱਲਣੇ ਸ਼ੁਰੂ ਹੋਏ ਸਨ ਅਤੇ ਇਹ ਰਿਵਾਜ ਅੰਗਰੇਜ਼ੀ ਰਾਜ ਤੇ ਵਕਤ ਤੇਜ਼ੀ ਨਾਲ ਵਧਣ ਦੇ ਬਾਅਦ ਇੱਕ ਤਰ੍ਹਾਂ ਧਾਰਮਿਕ ਰਿਵਾਇਤਾਂ ਦਾ ਹਿੱਸਾ ਸਮਝਣ ਦੀ ਗਲਤੀ ਲੱਗਣ ਲੱਗ ਪਈ ਸੀ। ਪਟਾਕਿਆਂ ਦੇ ਵਪਾਰੀ ਇਹ ਪ੍ਰਚਾਰ ਖੁਦ ਕਰਦੇ ਤੇ ਧਾਰਮਿਕ ਲੋਕਾਂ ਤੋਂ ਕਰਵਾਉਂਦੇ ਸਨ ਕਿ ਇਹ ਮੁੱਢਾਂ ਤੋਂ ਚਲੀ ਆਈ ਰਿਵਾਇਤ ਹੈ।
ਆਤਿਸ਼ਬਾਜ਼ੀ ਚੱਲਣ ਨਾਲ ਕਈ ਕਿਸਮ ਦੇ ਨੁਕਸਾਨ ਹੁੰਦੇ ਸਨ। ਪਹਿਲਾ ਨੁਕਸਾਨ ਤਾਂ ਇਹੋ ਹੁੰਦਾ ਸੀ ਕਿ ਦੀਵਾਲੀ ਦੀ ਰਾਤ ਤੇ ਉਸ ਤੋਂ ਦੋ ਦਿਨ ਪਹਿਲਾਂ ਅਤੇ ਇੱਕ ਦਿਨ ਪਿੱਛੋਂ ਬੇਹਿਸਾਬਾ ਬਾਰੂਦ ਫੂਕਣ ਨਾਲ ਪਰਦੂਸ਼ਣ ਵਧ ਜਾਂਦਾ ਸੀ। ਜਦੋਂ ਲੋਕ ਦੀਵਾਲੀ ਤੋਂ ਅਗਲੇ ਦਿਨ ਘਰਾਂ ਤੋਂ ਨਿਕਲਦੇ ਸਨ ਤਾਂ ਉਨ੍ਹਾਂ ਦੀ ਆਪਣੀ ਗਲੀ ਤੋਂ ਲੈ ਕੇ ਬਾਜ਼ਾਰ ਤੱਕ ਹਰ ਪਾਸੇ ਬੀਤੀ ਰਾਤ ਦੇ ਚਲਾਏ ਪਟਾਕਿਆਂ ਦਾ ਕੂੜਾ-ਕਰਕਟ ਖਿੱਲਰਿਆ ਦਿਖਾਈ ਦੇਂਦਾ ਸੀ। ਇਹ ਚਾਰੇ ਦਿਨ ਹਰ ਪਾਸੇ ਪਹਿਲਾਂ ਧੂੰਆਂ ਮਹਿਸੂਸ ਹੁੰਦਾ ਸੀ ਤੇ ਜਦੋਂ ਧੂੰਆਂ ਛਟ ਜਾਂਦਾ ਸੀ, ਓਦੋਂ ਵੀ ਹਵਾ ਵਿੱਚ ਬਾਰੂਦ ਸੜੇ ਹੋਣ ਦੀ ਬਦਬੂ ਏਨੀ ਹੁੰਦੀ ਸੀ ਕਿ ਕਈ ਲੋਕਾਂ ਨੂੰ ਖੰਘ ਤੇ ਇਸ ਨਾਲ ਜੁੜੀਆਂ ਹੋਰ ਮੁਸ਼ਕਲਾਂ ਮਹਿਸੂਸ ਹੁੰਦੀਆਂ ਸਨ। ਇਸ ਵਾਰੀ ਇਹੋ ਜਿਹਾ ਕੁਝ ਨਹੀਂ ਹੋਇਆ। ਲੋਕਾਂ ਨੇ ਬੜੇ ਸਹਿਜ ਭਾਵ ਨਾਲ ਦੀਵਾਲੀ ਮਨਾਈ, ਮਿਥੇ ਸਮੇਂ ਤੱਕ ਉਨ੍ਹਾਂ ਨੇ ਪਟਾਕੇ ਚਲਾਏ ਤੇ ਸਵੇਰੇ ਆਮ ਨਾਲੋਂ ਮਾਮੂਲੀ ਫਰਕ ਵਾਲੀ ਹਵਾ ਵਿੱਚ ਉਨ੍ਹਾਂ ਨੂੰ ਇਸ ਤਰ੍ਹਾਂ ਮਹਿਸੂਸ ਹੀ ਨਹੀਂ ਹੋਇਆ ਕਿ ਕੋਈ ਪਹਿਲਾਂ ਨਾਲੋਂ ਪਰਦੂਸ਼ਣ ਦਾ ਪੱਧਰ ਵਧ ਗਿਆ ਹੈ। ਵੱਖਰੀ ਗੱਲ ਹੈ ਕਿ ਜਿਸ ਦਿਲੀ ਵਿੱਚ ਦੇਸ਼ ਦੀ ਸੁਪਰੀਮ ਕੋਰਟ ਨੇ ਇਹ ਹੁਕਮ ਜਾਰੀ ਕਰ ਕੇ ਸੇਧ ਦਿੱਤੀ ਸੀ, ਉਸ ਰਾਜਧਾਨੀ ਵਿੱਚ ਕੇਂਦਰੀ ਸਰਕਾਰ ਦੀ ਅੱਖ ਹੇਠ ਮਿਥੇ ਸਮੇਂ ਤੋਂ ਬਾਅਦ ਤੱਕ ਪਟਾਕੇ ਚੱਲਦੇ ਰਹੇ ਤੇ ਪਰਦੂਸ਼ਣ ਦਾ ਪੱਧਰ ਵਧ ਗਿਆ ਹੈ।
ਨਵੀਂ ਗੱਲ ਇਹ ਵੇਖੀ ਗਈ ਕਿ ਅੱਗੇ ਹਰ ਦੀਵਾਲੀ ਮੌਕੇ ਕਈ ਥਾਂਈਂ ਅੱਗਾਂ ਲੱਗਦੀਆਂ ਸਨ। ਇਸ ਵਾਰੀ ਫਿਰ ਅੱਗਾਂ ਲੱਗੀਆਂ ਹਨ, ਪਰ ਫਰਕ ਬਹੁਤ ਵੱਡਾ ਹੈ। ਪਹਿਲੀ ਗੱਲ ਤਾਂ ਇਹ ਕਿ ਪਹਿਲਾਂ ਨਾਲੋਂ ਇਸ ਵਾਰ ਮਸਾਂ ਪੰਜ ਫੀਸਦੀ ਥਾਂਵਾਂ ਉਤੇ ਅੱਗ ਲੱਗੀ ਸੁਣੀ ਗਈ ਤੇ ਦੂਸਰੀ ਇਹ ਕਿ ਜਿੱਥੇ ਲੱਗੀ, ਓਥੇ ਖੜੇ ਪੈਰ ਕਾਬੂ ਵੀ ਕਰ ਲਈ ਸੀ। ਅਸਲ ਵਿੱਚ ਸੁਪਰੀਮ ਕੋਰਟ ਨੇ ਜਿਹੜਾ ਇਹ ਹੁਕਮ ਕੀਤਾ ਸੀ ਕਿ ਮਿਥੇ ਹੋਏ ਲਾਇਸੈਂਸੀ ਸਥਾਨਾਂ ਉੱਤੇ ਹੀ ਪਟਾਕੇ ਵੇਚੇ ਜਾਣਗੇ, ਉਸ ਦੇ ਨਾਲ ਪ੍ਰਸ਼ਾਸਨ ਨੇ ਇਹ ਮੱਦ ਵੀ ਜੋੜ ਦਿੱਤੀ ਕਿ ਜਿਸ ਨੇ ਲਾਇਸੈਂਸ ਲੈਣਾ ਹੈ, ਉਹ ਉਸ ਥਾਂ ਅੱਗ ਬੁਝਾਉਣ ਦੇ ਸਾਰੇ ਪ੍ਰਬੰਧ ਅਗੇਤੇ ਕਰ ਕੇ ਇਸ ਬਾਰੇ ਜਾਣਕਾਰੀ ਦੇਵੇਗਾ। ਇਸ ਦਾ ਸਿੱਟਾ ਇਹ ਨਿਕਲਿਆ ਕਿ ਬਹੁਤ ਘੱਟ ਥਾਂਈਂ ਅੱਗ ਲੱਗੀ ਤੇ ਜਿੱਥੇ ਲੱਗੀ ਸੀ, ਓਥੇ ਵਕਤ ਸਿਰ ਕਾਬੂ ਵੀ ਕਰਨ ਵਿੱਚ ਮੁਸ਼ਕਲ ਨਹੀਂ ਆਈ। ਕਿਸੇ ਪਾਸੇ ਕੋਈ ਜਾਨੀ ਨੁਕਸਾਨ ਹੋਣ ਦੀ ਖਬਰ ਵੀ ਨਹੀਂ। ਭਾਰਤ ਦੇ ਲੋਕਾਂ ਨੂੰ ਇਸ ਗੱਲ ਲਈ ਇਸ ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਦਾ ਸ਼ੁਕਰ ਗੁਜ਼ਾਰ ਹੋਣਾ ਚਾਹੀਦਾ ਹੈ।
ਜਿਹੜੀ ਗੱਲ ਸਭ ਤੋਂ ਵੱਡੀ ਗਿਣੀ ਜਾ ਸਕਦੀ ਹੈ, ਉਹ ਇਹ ਕਿ ਇਸ ਇੱਕ ਰਾਤ ਲਈ ਜਾਰੀ ਕੀਤੇ ਅਦਾਲਤੀ ਹੁਕਮ ਨਾਲ ਸਾਰੇ ਨਾਗਰਿਕਾਂ ਨੂੰ ਇਹ ਪਤਾ ਲੱਗ ਗਿਆ ਹੈ ਕਿ ਸਰਕਾਰ ਦੇ ਹੁਕਮ ਜਦੋਂ ਅਦਾਲਤ ਦੀ ਸਖਤੀ ਹੋਵੇ ਤਾਂ ਲਾਗੂ ਹੋਣ ਦੀ ਕੋਈ ਮੁਸ਼ਕਲ ਨਹੀਂ ਰਹਿੰਦੀ। ਜਦੋਂ ਅਦਾਲਤੀ ਹੁਕਮ ਨਾਲ ਇਹ ਹੁਕਮ ਲਾਗੂ ਹੋ ਸਕਦੇ ਹਨ ਤੇ ਲਾਗੂ ਵੀ ਸਰਕਾਰਾਂ ਨੇ ਕਰਨੇ ਹਨ ਤਾਂ ਫਿਰ ਬਾਕੀ ਸਮੱਸਿਆਵਾਂ ਵਾਸਤੇ ਵੀ ਜੇ ਸਰਕਾਰਾਂ ਕੋਈ ਫੈਸਲਾ ਲਾਗੂ ਕਰਨ ਦਾ ਮਨ ਬਣਾ ਲੈਣ ਤਾਂ ਅਮਲ ਦੇ ਅੜਿੱਕੇ ਉਨ੍ਹਾਂ ਦੇ ਅੱਗੋਂ ਵੀ ਹਟਾਏ ਜਾ ਸਕਦੇ ਹਨ। ਇਸ ਵਾਰੀ ਦੀਵਾਲੀ ਮੌਕੇ ਜਿਵੇਂ ਆਤਿਸ਼ਬਾਜ਼ੀ ਬਾਰੇ ਅਦਾਲਤੀ ਹੁਕਮ ਲਾਗੂ ਹੋਇਆ ਹੈ, ਇਹੋ ਕੰਮ ਅਦਾਲਤ ਦੇ ਦਖਲ ਤੋਂ ਬਗੈਰ ਤੇ ਸਰਕਾਰਾਂ ਦੇ ਫੈਸਲੇ ਨਾਲ ਵੀ ਕੀਤਾ ਜਾ ਸਕਦਾ ਸੀ, ਪਰ ਕਿਸੇ ਵੀ ਸਰਕਾਰ ਨੇ ਇਸ ਬਾਰੇ ਜ਼ਿਮੇਵਾਰੀ ਨਹੀਂ ਸੀ ਵਿਖਾਈ ਅਤੇ ਓਦੋਂ ਹੀ ਹਰਕਤ ਵਿੱਚ ਆਈਆਂ ਸਨ, ਜਦੋਂ ਸੁਪਰੀਮ ਕੋਰਟ ਨੇ ਡੰਡਾ ਚੁੱਕਿਆ ਤੇ ਇਸ ਨੂੰ ਲਾਗੂ ਕਰਨ ਤੋਂ ਬਚਣ ਦਾ ਕੋਈ ਰਾਹ ਹੀ ਨਹੀਂ ਸੀ ਰਹਿ ਗਿਆ।
ਸਾਡੇ ਲੋਕ ਇਸ ਵੇਲੇ ਅਗਲਾ ਸਵਾਲ ਇਹ ਪੁੱਛ ਰਹੇ ਹਨ ਕਿ ਜਦੋਂ ਆਤਿਸ਼ਬਾਜ਼ੀ ਉੱਤੇ ਕੰਟਰੋਲ ਹੋ ਗਿਆ ਹੈ ਤਾਂ ਇਸ ਤਰ੍ਹਾਂ ਪੰਜਾਬ ਤੇ ਭਾਰਤ ਦੀਆਂ ਬੰਦੇ ਖਾਣੀਆਂ ਸੜਕਾਂ ਉੱਤੇ ਚੱਲਦੇ ਬੇਤਰਤੀਬੇ ਟਰੈਫਿਕ ਨੂੰ ਵੀ ਕਾਬੂ ਕੀਤਾ ਜਾ ਸਕਦਾ ਹੈ। ਸਰਕਾਰਾਂ ਚਲਾਉਣ ਵਾਲਿਆਂ ਨੂੰ ਇਸ ਬਾਰੇ ਬੇਲਿਹਾਜ਼ ਹੋਣਾ ਪਵੇਗਾ। ਉਨ੍ਹਾਂ ਦੇ ਸਿਫਾਰਸ਼ੀ ਫੋਨ ਬੰਦ ਕਰਾਉਣੇ ਪੈਣਗੇ। ਏਥੇ ਕੋਈ ਜੁਰਮ ਵੀ ਹੋ ਜਾਵੇ, ਪੁਲਸ ਅਜੇ ਅਪਰਾਧੀ ਨੂੰ ਹੱਥ ਹੀ ਪਾਉਂਦੀ ਹੈ ਕਿ ਦਸ ਜਣੇ ਪੁਲਸ ਨੂੰ ਉਸ ਦੇ ਹੱਕ ਵਿੱਚ ਨਰਮੀ ਵਰਤਣ ਵਾਸਤੇ ਫੋਨ ਕਰਨ ਲੱਗ ਜਾਂਦੇ ਹਨ ਅਤੇ ਇਹ ਗੱਲ ਥਾਣੇ ਵਿੱਚ ਖੜੇ ਆਮ ਲੋਕ ਵੀ ਸੁਣਦੇ ਹਨ। ਇਸ ਨਾਲ ਆਮ ਲੋਕਾਂ ਵਿੱਚ ਸਰਕਾਰ ਦੇ ਬਾਰੇ ਮਾੜੀ ਧਾਰਨਾ ਬਣਨ ਦਾ ਕਾਰਨ ਬਣਦੀ ਹੈ। ਸਰਕਾਰਾਂ ਨੂੰ ਆਪਣੇ ਅਕਸ ਦੀ ਚਿੰਤਾ ਕਰਨੀ ਪਵੇਗੀ। ਸਾਨੂੰ ਭਾਰਤ ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਦਾ ਸਿਰਫ ਦੀਵਾਲੀ ਦੇ ਮੌਕੇ ਆਤਿਸ਼ਬਾਜ਼ੀ ਦੀ ਹੁੱਲੜਬਾਜ਼ੀ ਰੋਕਣ ਲਈ ਹੀ ਨਹੀਂ, ਇਸ ਵਾਸਤੇ ਵੀ ਧੰਨਵਾਦੀ ਹੋਣਾ ਚਾਹੀਦਾ ਹੈ ਕਿ ਉਸ ਨੇ ਵਿਖਾ ਦਿੱਤਾ ਹੈ ਕਿ ਇੱਛਾ ਸ਼ਕਤੀ ਹੋਵੇ ਤਾਂ ਹਰ ਫੈਸਲਾ ਲਾਗੂ ਹੋ ਸਕਦਾ ਹੈ।
-ਜਤਿੰਦਰ ਪਨੂੰ

1409 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper