Latest News
ਦੇਸ਼ ਦਾ ਹਰ ਵਿਅਕਤੀ ਹੋਇਆ ਤਬਾਹ : ਮਨਮੋਹਨ

Published on 08 Nov, 2018 11:02 AM.


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਨੋਟਬੰਦੀ ਨੂੰ ਦੋ ਸਾਲ ਪੂਰੇ ਹੋਣ ਮੌਕੇ ਵੀਰਵਾਰ ਨੂੰ ਨਰੇਂਦਰ ਮੋਦੀ ਸਰਕਾਰ ਦੀਆਂ ਆਰਥਕ ਨੀਤੀਆਂ 'ਤੇ ਹਮਲਾ ਕੀਤਾ ਅਤੇ ਕਿਹਾ ਕਿ ਅਰਥ-ਵਿਵਸਥਾ ਦੀ ਤਬਾਹੀ ਵਾਲੇ ਇਸ ਫੈਸਲੇ ਦਾ ਅਸਰ ਹੁਣ ਸਪੱਸ਼ਟ ਹੋ ਚੁੱਕਾ ਹੈ ਅਤੇ ਇਸ ਦੇ ਜ਼ਖ਼ਮ ਡੂੰਘੇ ਹੁੰਦੇ ਜਾ ਰਹੇ ਹਨ। ਸ੍ਰੀ ਸਿੰਘ ਨੇ ਇੱਕ ਬਿਆਨ 'ਚ ਇਹ ਵੀ ਕਿਹਾ ਕਿ ਮੋਦੀ ਸਰਕਾਰ ਨੂੰ ਹੁਣ ਇਸ ਤਰ੍ਹਾਂ ਦਾ ਆਰਥਕ ਕਦਮ ਨਹੀਂ ਉਠਾਉਣਾ ਚਾਹੀਦਾ, ਜਿਸ ਨਾਲ ਅਰਥ-ਵਿਵਸਥਾ ਦੇ ਸੰਦਰਭ 'ਚ ਅਨਿਸਚਿਤਤਾ ਦੀ ਸਥਿਤੀ ਪੈਦਾ ਹੋਵੇ।
ਉਨ੍ਹਾ ਕਿਹਾ ਕਿ ਨਰੇਂਦਰ ਮੋਦੀ ਸਰਕਾਰ ਨੇ 2016 'ਚ ਤਰੁੱਟੀਪੂਰਨ ਢੰਗ ਨਾਲ ਅਤੇ ਸਹੀ ਤਰੀਕੇ 'ਤੇ ਵਿਚਾਰ ਕੀਤੇ ਬਿਨਾਂ ਨੋਟਬੰਦੀ ਦਾ ਕਦਮ ਚੁੱਕਿਆ ਸੀ, ਅੱਜ ਉਸ ਦੇ ਦੋ ਸਾਲ ਪੂਰੇ ਹੋ ਗਏ ਹਨ। ਨੋਟਬੰਦੀ ਨਾਲ ਭਾਰਤੀ ਅਰਥ-ਵਿਵਸਥਾ 'ਤੇ ਜੋ ਕਹਿਰ ਪਿਆ, ਉਹ ਸਾਰਿਆਂ ਦੇ ਸਾਹਮਣੇ ਹੈ। ਨੋਟਬੰਦੀ ਨੇ ਹਰ ਵਿਅਕਤੀ ਨੂੰ ਪ੍ਰਭਾਵਤ ਕੀਤਾ, ਚਾਹੇ ਉਹ ਕਿਸੇ ਵੀ ਧਰਮ, ਜਾਤੀ, ਪੇਸ਼ ਜਾਂ ਸੰਪਰਦਾਏ ਦਾ ਹੋਵੇ। ਮਨਮੋਹਨ ਸਿੰਘ ਨੇ ਕਿਹਾ, 'ਅਕਸਰ ਕਿਹਾ ਜਾਂਦਾ ਹੈ ਕਿ ਸਮਾਂ ਜ਼ਖ਼ਮਾਂ ਨੂੰ ਭਰ ਦਿੰਦਾ ਹੈ, ਪਰ ਨੋਟਬੰਦੀ ਦੇ ਜ਼ਖ਼ਮ ਦਿਨ-ਬ-ਦਿਨ ਹੋਰ ਡੂੰਘੇ ਹੁੰਦੇ ਜਾ ਰਹੇ ਹਨ।' ਉਨ੍ਹਾ ਕਿਹਾ ਕਿ ਦੇਸ਼ ਦੇ ਗਰੀਬ ਅਤੇ ਛੋਟੇ ਕਾਰੋਬਾਰੀ ਹਾਲੇ ਵੀ ਨੋਟਬੰਦੀ ਦੀ ਮਾਰ ਤੋਂ ਉਭਰ ਨਹੀਂ ਸਕੇ। ਸਾਬਕਾ ਪ੍ਰਧਾਨ ਮੰਤਰੀ ਨੇ ਕਿਹਾ, 'ਨੋਟਬੰਦੀ ਨਾਲ ਜੀ ਡੀ ਪੀ 'ਚ ਗਿਰਾਵਟ ਆਈ, ਉਸ ਦੇ ਹੋਰ ਵੀ ਅਸਰ ਦੇਖੇ ਜਾ ਰਹੇ ਹਨ। ਛੋਟੇ ਅਤੇ ਗਰੀਬ ਕਾਰੋਬਾਰੀ ਭਾਰਤੀ ਅਰਥ-ਵਿਵਸਥਾ ਦੀ ਰੀੜ੍ਹ ਦੀ ਹੱਡੀ ਹਨ, ਜਿਨ੍ਹਾਂ ਨੂੰ ਨੋਟਬੰਦੀ ਨੇ ਪੂਰੀ ਤਰ੍ਹਾਂ ਤੋੜ ਦਿੱਤਾ। ਅਰਥ-ਵਿਵਸਥਾ ਲਗਾਤਾਰ ਜੂਝਦੀ ਦਿਖਾਹੀ ਦੇ ਰਹੀ ਹੈ, ਜਿਸ ਦਾ ਬੁਰਾ ਅਸਰ ਰੁਜ਼ਗਾਰ 'ਤੇ ਪੈ ਰਿਹਾ ਹੈ। ਨੌਜਵਾਨਾਂ ਨੂੰ ਨੌਕਰੀਆਂ ਨਹੀਂ ਮਿਲ ਰਹੀਆਂ। ਬੁਨਿਆਦੀ ਢਾਂਚੇ ਲਈ ਦਿੱਤੇ ਜਾਣ ਵਾਲੇ ਕਰਜ਼ ਅਤੇ ਬੈਂਕਾਂ ਦੀਆਂ ਗੈਰ-ਵਿੱਤੀ ਸੇਵਾਵਾਂ 'ਤੇ ਵੀ ਬਹੁਤ ਬੁਰਾ ਅਸਰ ਪਿਆ ਹੈ।' ਉਨ੍ਹਾ ਕਿਹਾ, 'ਨੋਟਬੰਦੀ ਕਾਰਨ ਰੁਪਏ ਦਾ ਪੱਧਰ ਡਿੱਗਿਆ ਹੈ, ਜਿਸ ਨਾਲ ਆਰਥਕ ਅੰਕੜੇ ਵੀ ਪ੍ਰਭਾਵਤ ਹੋਏ ਹਨ।'
ਵਰਨਣਯੋਗ ਹੈ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅੱਠ ਨਵੰਬਰ 2016 ਨੂੰ ਨੋਟਬੰਦੀ ਦਾ ਐਲਾਨ ਕੀਤਾ ਸੀ, ਜਿਸ ਦੇ ਤਹਿਤ ਉਨ੍ਹਾਂ ਦਿਨਾਂ 'ਚ ਚੱਲ ਰਹੇ 500 ਅਤੇ ਇੱਕ ਹਜ਼ਾਰ ਦੇ ਨੋਟ ਚਲਣ ਤੋਂ ਬਾਹਰ ਹੋ ਗਏ ਸਨ।
ਨੋਟਬੰਦੀ ਦਾ ਕਾਰਨ ਹਾਲੇ ਵੀ ਇੱਕ ਰਹੱਸ : ਕੇਜਰੀਵਾਲ
ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ (ਆਪ) ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਨੋਟਬੰਦੀ ਦੇ ਦੋ ਸਾਲ ਪੂਰੇ ਹੋਣ 'ਤੇ ਵੀਰਵਾਰ ਨੂੰ ਮੋਦੀ ਸਰਕਾਰ ਦੇ ਇਸ ਫੈਸਲੇ 'ਤੇ ਸਵਾਲੀਆ ਨਿਸ਼ਾਨ ਲਾਉਂਦੇ ਹੋਏ ਇਸ ਨੂੰ ਦੇਸ਼ ਦੀ ਅਰਥ-ਵਿਵਸਥਾ ਲਈ ਗਹਿਰਾ ਜ਼ਖ਼ਮ ਕਰਾਰ ਦਿੱਤਾ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅੱਠ ਨਵੰਬਰ 2016 ਨੂੰ ਨੋਟਬੰਦੀ ਦਾ ਐਲਾਨ ਕੀਤਾ ਸੀ, ਜਿਸ ਦੇ ਤਹਿਤ ਉਨ੍ਹਾਂ ਦਿਨਾਂ 'ਚ ਚੱਲ ਰਹੇ 500 ਅਤੇ ਇੱਕ ਹਜ਼ਾਰ ਦੇ ਨੋਟ ਤਤਕਾਲ ਬੰਦ ਕਰ ਦਿੱਤੇ ਗਏ ਸਨ।
ਕੇਜਰੀਵਾਲ ਨੇ ਕਿਹਾ, 'ਮੋਦੀ ਸਰਕਾਰ ਦੇ ਵਿੱਤੀ ਘੁਟਾਲੇ ਦੀ ਸੂਚੀ ਲੰਮੀ ਹੈ, ਨੋਟਬੰਦੀ ਭਾਰਤੀ ਅਰਥ-ਵਿਵਸਥਾ ਲਈ ਗਹਿਰੇ ਜ਼ਖ਼ਮ ਦੀ ਤਰ੍ਹਾਂ ਹੈ। ਦੋ ਸਾਲ ਪੂਰੇ ਹੋਣ ਤੋਂ ਬਾਅਦ ਵੀ ਇਹ ਰਹੱਸ ਬਣਿਆ ਹੋਇਆ ਹੈ ਕਿ ਦੇਸ਼ ਨੂੰ ਇਸ ਆਫਤ 'ਚ ਕਿਉਂ ਧਕੇਲਿਆ ਗਿਆ।'
ਜ਼ਿਕਰਯੋਗ ਹੈ ਕਿ ਨੋਟਬੰਦੀ ਦੇ ਐਲਾਨ ਨਾਲ ਨਗਦੀ ਸੰਕਟ ਪੈਦਾ ਹੋ ਗਿਆ ਸੀ ਅਤੇ ਬੈਂਕਾਂ ਅੱਗੇ ਪੁਰਾਣੇ ਨੋਟ ਬਦਲਣ ਲਈ ਲੋਕਾਂ ਦੀਆਂ ਲੰਮੀਆਂ ਲਾਈਨਾਂ ਲੱਗ ਗਈਆਂ ਸਨ। ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਇਸ ਫੈਸਲੇ ਦਾ ਬਚਾਅ ਕਰਦੇ ਹੋਏ ਕਹਿੰਦੀ ਹੈ ਕਿ ਗੈਰ-ਕਾਨੂੰਨੀ ਮੁਦਰਾ ਤੇ ਕਾਲੇ ਧਨ ਵਰਗੀ ਸਮੱਸਿਆ 'ਤੇ ਰੋਕ ਲਾਉਣ ਲਈ ਇਹ ਜ਼ਰੂਰੀ ਸੀ।

75 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper