Latest News
ਨਕਸਲੀ ਹਮਲੇ 'ਚ 1 ਜਵਾਨ ਸਮੇਤ 5 ਦੀ ਮੌਤ

Published on 08 Nov, 2018 11:02 AM.


ਦਾਂਤੇਵਾੜਾ (ਨਵਾਂ ਜ਼ਮਾਨਾ ਸਰਵਿਸ)
ਛੱਤੀਸਗੜ੍ਹ 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਨਕਸਲੀਆਂ ਨੇ ਅੱਠ ਦਿਨਾਂ ਦੇ ਅੰਦਰ ਇੱਕ ਵਾਰ ਫਿਰ ਸੁਰੱਖਿਆ ਬਲਾਂ ਨੂੰ ਨਿਸ਼ਾਨਾ ਬਣਾਇਆ ਹੈ। ਦਾਂਤੇਵਾੜਾ 'ਚ ਹੋਏ ਇਸ ਹਮਲੇ ਵਿੱਚ ਪੰਜ ਲੋਕਾਂ ਦੀ ਮੌਤ ਹੋ ਗਈ। ਮਰਨ ਵਾਲਿਆਂ 'ਚ ਚਾਰ ਆਮ ਨਾਗਰਿਕ ਹਨ, ਜਦਕਿ ਇੱਕ ਜਵਾਨ ਸ਼ਹੀਦ ਹੋਇਆ ਹੈ। ਇਸ ਹਮਲੇ 'ਚ ਸੀ ਆਈ ਐੱਸ ਐੱਫ਼ ਦੇ ਦੋ ਜਵਾਨ ਜ਼ਖ਼ਮੀ ਵੀ ਹੋ ਗਏ। ਜ਼ਖ਼ਮੀ ਜਵਾਨਾਂ ਨੂੰ ਹਸਪਤਾਲ 'ਚ ਭਰਤੀ ਕਰਾਇਆ ਗਿਆ ਹੈ। ਸੂਬੇ 'ਚ ਦੋ ਗੇੜਾਂ 'ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਪਹਿਲੇ ਗੇੜ 'ਚ 12 ਨਵੰਬਰ ਨੂੰ 18 ਵਿਧਾਨ ਸਭਾ ਸੀਟਾਂ 'ਤੇ ਵੋਟਾਂ ਪੈਣੀਆਂ ਹਨ। 
ਨਕਸਲੀਆਂ ਨੇ ਸੁਰੱਖਿਆ ਬਲਾਂ ਨੂੰ ਨਿਸ਼ਾਨਾ ਬਣਾਇਆ, ਜਿੱਥੇ ਇੱਕ ਮਿੰਨੀ ਬੱਸ ਨੂੰ ਆਈ ਈ ਡੀ ਧਮਾਕੇ ਨਾਲ ਉਡਾ ਦਿੱਤਾ । ਦੱਸਿਆ ਜਾ ਰਿਹਾ ਹੈ ਕਿ ਇਸ ਬੱਸ 'ਚ ਸੀ ਆਈ ਐੱਸ ਐੱਫ ਦੇ 7 ਜਵਾਨ ਮੌਜੂਦ ਸਨ। ਫਿਲਹਾਲ ਦੋ ਜਵਾਨਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। 
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਦਾਂਤੇਵਾੜਾ ਦੇ ਹੀ ਅਰਨਪੁਰ ਖੇਤਰ 'ਚ 30 ਅਕਤੂਬਰ ਨੂੰ ਨਕਸਲੀਆਂ ਦੁਆਰਾ ਕੇਤੇ ਗਏ ਹਮਲੇ 'ਚ ਇੱਕ ਪੱਤਰਕਾਰ ਦੀ ਮੌਤ ਹੋ ਗਈ ਸੀ, ਜਦਕਿ ਦੋ ਜਵਾਨ ਸ਼ਹੀਦ ਹੋ ਗਏ ਸਨ। ਇਸ ਤੋਂ ਪਹਿਲਾਂ ਬੀਜਾਪੁਰ 'ਚ ਨਕਸਲੀਆਂ ਦੇ ਹਮਲੇ 'ਚ ਚਾਰ ਜਵਾਨ ਸ਼ਹੀਦ ਹੋ ਗਏ ਸਨ। 
ਹਾਲ ਹੀ ਦੇ ਦਿਨਾਂ 'ਚ ਨਕਸਲੀ ਪਰਚੇ ਵੰਡ ਕੇ ਭਾਜਪਾ ਨੂੰ ਵੋਟ ਨਾ ਦੇਣ ਦੀ ਅਪੀਲ ਕਰ ਚੁੱਕੇ ਹਨ। ਛੱਤੀਸਗੜ੍ਹ 'ਚ ਵਿਧਾਨ ਸਭਾ ਚੋਣਾਂ ਦੇ ਪਹਿਲੇ ਗੇੜ ਦੀ ਵੋਟਿੰਗ 12 ਨਵੰਬਰ ਨੂੰ ਹੋਣੀ ਹੈ। ਪਹਿਲੇ ਗੇੜ ਦੇ ਤਹਿਤ ਨਕਸਲ ਪ੍ਰਭਾਵਤ ਬਸਤਰ ਖੇਤਰ 'ਚ ਸੱਤ ਜ਼ਿਲ੍ਹਿਆਂ ਅਤੇ ਰਾਜਨੰਦਗਾਓਂ ਜ਼ਿਲ੍ਹੇ ਦੀਆਂ 18 ਸੀਟਾਂ ਲਈ 12 ਨਵੰਬਰ ਨੂੰ ਵੋਟਾਂ ਹੋਣਗੀਆਂ। ਪਹਿਲੇ ਗੇੜ 'ਚ ਮੁੱਖ ਮੰਤਰੀ ਰਮਨ ਸਿੰਘ, ਉਨ੍ਹਾ ਦੇ ਮੰਤਰੀ ਮੰਡਲ ਦੇ ਦੋ ਮੈਂਬਰਾਂ ਅਤੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਭਤੀਜੀ ਕਰੁਣਾ ਸ਼ੁਕਲਾ ਦੀ ਕਿਸਮਤ ਦਾ ਫੈਸਲਾ ਹੋਵੇਗਾ। 
ਉਥੇ ਹੀ ਦੂਸਰੇ ਗੇੜ 'ਚ 72 ਸੀਟਾਂ ਲਈ 20 ਤਰੀਕ ਨੂੰ ਵੋਟਾਂ ਹੋਣਗੀਆਂ। ਸੂਬੇ 'ਚ 90 'ਚੋਂ 10 ਸੀਟਾਂ ਅਨੁਸੂਚਿਤ ਜਾਤੀ ਲਈ ਅਤੇ 29 ਸੀਟਾਂ ਅਨੁਸੂਚਿਤ ਜਨਜਾਤੀ ਲਈ ਰਾਖਵੀਆਂ ਹਨ। ਸੂਬੇ 'ਚ ਕੁੱਲ 1,85,59,936 ਵੋਟਰ ਹਨ।

64 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper