Latest News
ਟੀਪੂ ਸੁਲਤਾਨ ਦਾ ਸੱਚ ਤੇ ਭਾਜਪਾ

Published on 12 Nov, 2018 11:08 AM.


ਮਹਾਨ ਦੇਸ਼ ਭਗਤ ਸ਼ਾਸਕ ਟੀਪੂ ਸੁਲਤਾਨ ਦੀ ਜਯੰਤੀ ਸੰਬੰਧੀ ਇਨ੍ਹੀਂ ਦਿਨੀ ਕਰਨਾਟਕ ਵਿੱਚ ਸਿਆਸੀ ਘਮਾਸਾਨ ਛਿੜਿਆ ਹੋਇਆ ਹੈ। ਇੱਕ ਪਾਸੇ ਕਾਂਗਰਸ ਤੇ ਜਨਤਾ ਦਲ ਸੈਕੂਲਰ ਦੀ ਸਾਂਝੀ ਸਰਕਾਰ 'ਮੈਸੂਰ ਦਾ ਸ਼ੇਰ' ਕਹੇ ਜਾਣ ਵਾਲੇ ਇਸ ਬਹਾਦਰ ਸ਼ਾਸਕ ਦੀ ਜਯੰਤੀ ਸਰਕਾਰੀ ਪੱਧਰ ਉੱਤੇ ਮਨਾ ਰਹੀ ਹੈ, ਦੂਜੇ ਪਾਸੇ ਕਰਨਾਟਕ ਦੀ ਭਾਜਪਾ ਇਕਾਈ ਇਸ ਦੇ ਵਿਰੋਧ ਵਿੱਚ ਸੜਕਾਂ ਉੱਤੇ ਆ ਚੁੱਕੀ ਹੈ। ਆਰ ਐੱਸ ਐੱਸ ਦੇ ਪਰਚੇ 'ਪੰਚਜਨਿਆ' ਨੇ ਪਿੱਛੇ ਜਿਹੇ ਇੱਕ ਲੇਖ ਵਿੱਚ ਟੀਪੂ ਸੁਲਤਾਨ ਨੂੰ ਦੱਖਣ ਭਾਰਤ ਦਾ ਔਰੰਗਜ਼ੇਬ ਕਿਹਾ ਹੈ, ਜਿਸ ਨੇ ਲੱਖਾਂ ਹਿੰਦੂਆਂ ਨੂੰ ਜਬਰੀ ਮੁਸਲਮਾਨ ਬਣਾਇਆ ਸੀ। ਭਾਜਪਾ ਦੀ ਰਾਜ ਇਕਾਈ ਨੇ ਤਾਂ ਇਸ ਤੋਂ ਵੀ ਅੱਗੇ ਵੱਧਦਿਆਂ ਇਹ ਕਹਿ ਦਿੱਤਾ ਹੈ ਕਿ ਕਾਂਗਰਸ ਪਾਰਟੀ ਤੇ ਟੀਪੂ ਦੋਵੇਂ ਹੀ ਹਿੰਦੂ ਵਿਰੋਧੀ ਹਨ। ਦੋਵੇਂ ਹੀ ਹਿੰਦੂਆਂ ਦੀ ਹੱਤਿਆ ਲਈ ਦੋਸ਼ੀ ਹਨ। ਦੋਵੇਂ ਹੀ ਹਿੰਦੂਆਂ ਨੂੰ ਪਾੜਨਾ ਚਾਹੁੰਦੇ ਹਨ। ਇਸੇ ਲਈ ਕਾਂਗਰਸ ਅੱਤਿਆਚਾਰੀ ਟੀਪੂ ਦੀ ਪੂਜਾ ਕਰ ਰਹੀ ਹੈ।
ਅਸਲੀਅਤ ਇਹ ਹੈ ਕਿ ਜਦੋਂ ਕਰਨਾਟਕ ਵਿੱਚ ਭਾਜਪਾ ਦਾ ਰਾਜ ਸੀ ਤਾਂ ਉਹ ਖੁਦ ਟੀਪੂ ਸੁਲਤਾਨ ਨੂੰ ਇੱਕ ਜਨਨਾਇਕ ਕਹਿੰਦੀ ਰਹੀ ਹੈ। ਉਸ ਸਮੇਂ ਦੇ ਮੁੱਖ ਮੰਤਰੀ ਜਗਦੀਸ਼ ਸ਼ੇਟਰ ਨੇ ਟੀਪੂ ਸੁਲਤਾਨ ਨੂੰ ਇੱਕ ਮਹਾਂਨਾਇਕ ਕਿਹਾ ਸੀ। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਵੀ ਕਰਨਾਟਕ ਵਿਧਾਨ ਸਭਾ ਦੀ 60ਵੀਂ ਵਰ੍ਹੇਗੰਢ ਮੌਕੇ ਟੀਪੂ ਸੁਲਤਾਨ ਨੂੰ ਅੰਗਰੇਜ਼ਾਂ ਖ਼ਿਲਾਫ਼ ਲੜਨ ਵਾਲੇ ਹੀਰੋ ਤੇ ਸ਼ਹੀਦ ਦਾ ਦਰਜਾ ਦਿੱਤਾ ਸੀ, ਪ੍ਰੰਤੂ ਭਾਜਪਾ ਜ਼ਰੂਰਤ ਦੇ ਹਿਸਾਬ ਮੁੱਦੇ ਘੜਨ ਵਿੱਚ ਮਾਹਰ ਹੈ। ਟੀਪੂ ਸੁਲਤਾਨ, ਕਿਉਂਕਿ ਇੱਕ ਮੁਸਲਿਮ ਸ਼ਾਸਕ ਸੀ, ਇਸ ਲਈ ਉਸ ਨੂੰ ਇੱਕ ਅੱਤਿਆਚਾਰੀ ਤੇ ਹਿੰਦੂਆਂ ਨੂੰ ਜ਼ਬਰਦਸਤੀ ਮੁਸਲਮਾਨ ਬਣਾਉਣ ਵਾਲੇ ਸ਼ਾਸਕ ਵਜੋਂ ਪੇਸ਼ ਕਰਨਾ ਭਾਜਪਾ ਦੀ ਫਿਰਕੂ ਰਾਜਨੀਤੀ ਨੂੰ ਲਾਹੇਵੰਦ ਬੈਠਦਾ ਹੈ।
ਅਸਲੀਅਤ ਇਹ ਹੈ ਕਿ ਟੀਪੂ ਸੁਲਤਾਨ ਜਦੋਂ ਅੰਗਰੇਜ਼ਾਂ ਨਾਲ ਲੜ ਰਿਹਾ ਸੀ ਤਾਂ ਬ੍ਰਾਹਮਣ ਪੇਸ਼ਵਾ, ਤੰਜੌਰ ਤੇ ਟਰਾਵਨਕੋਰ ਦੇ ਹਿੰਦੂ ਰਾਜੇ ਅਤੇ ਹੈਦਰਾਬਾਦ ਦਾ ਨਿਜ਼ਾਮ ਅੰਗਰੇਜ਼ਾਂ ਦੀ ਈਨ ਮੰਨ ਚੁੱਕੇ ਸਨ। ਟੀਪੂ ਸੁਲਤਾਨ ਨੇ ਅੰਗਰੇਜ਼ਾਂ, ਬ੍ਰਾਹਮਣ ਪੇਸ਼ਵਾ ਅਤੇ ਨਿਜ਼ਾਮ ਤਿੰਨਾਂ ਦੀਆਂ ਸਾਂਝੀਆਂ ਫ਼ੌਜਾਂ ਨਾਲ ਟੱਕਰ ਲਈ, ਕਿਉਂਕਿ ਮਾਮਲਾ ਹਿੰਦੂ-ਮੁਸਲਮਾਨ ਦਾ ਨਹੀਂ, ਦੇਸ਼ ਭਗਤੀ ਤੇ ਗਦਾਰੀ ਦਾ ਸੀ। ਬ੍ਰਾਹਮਣ ਪੇਸ਼ਵਾ ਤੇ ਮੁਸਲਮਾਨ ਨਿਜ਼ਾਮ ਗਦਾਰ ਸਨ ਤੇ ਟੀਪੂ ਪੱਕਾ ਦੇਸ਼ ਭਗਤ। ਬਰਤਾਨੀਆ ਦੇ ਮਿਲਟਰੀ ਮਿਊਜ਼ੀਅਮ ਵਿੱਚ ਉਨ੍ਹਾਂ ਵਿਰੋਧੀ ਸੈਨਾਪਤੀਆਂ ਦੀ ਇੱਕ ਲਿਸਟ ਰੱਖੀ ਹੋਈ ਹੈ, ਜਿਹੜੇ ਬਰਤਾਨਵੀ ਸਾਮਰਾਜ ਲਈ ਸਭ ਤੋਂ ਵੱਧ ਖ਼ਤਰਨਾਕ ਸਾਬਤ ਹੋਏ। ਇਨ੍ਹਾਂ ਵਿੱਚ ਸਿਰਫ਼ ਦੋ ਭਾਰਤੀਆਂ ਦਾ ਨਾਂਅ ਦਰਜ ਹੈ, ਇੱਕ ਟੀਪੂ ਸੁਲਤਾਨ ਦਾ ਤੇ ਦੂਜਾ ਝਾਂਸੀ ਦੀ ਰਾਣੀ ਦਾ।
ਭਾਜਪਾ ਤੇ ਆਰ ਐੱਸ ਐੱਸ ਵਾਲੇ ਜਿਨ੍ਹਾਂ ਮਿੱਥਾਂ ਨੂੰ ਪ੍ਰਚਾਰ ਰਹੇ ਹਨ, ਉਹ ਬਰਤਾਨਵੀ ਇਤਿਹਾਸਕਾਰਾਂ ਵੱਲੋਂ ਗਿਣ-ਮਿੱਥ ਕੇ ਦਰਜ ਕੀਤੀਆਂ ਗਈਆਂ ਸਨ, ਤਾਂ ਕਿ ਆਪਣੀ 'ਪਾੜੋ ਤੇ ਰਾਜ ਕਰੋ' ਦੀ ਬਦਨਾਮ ਨੀਤੀ ਨੂੰ ਅੱਗੇ ਵਧਾਇਆ ਜਾ ਸਕੇ। ਪ੍ਰਸਿੱਧ ਇਤਿਹਾਸਕਾਰ ਪ੍ਰੋ. ਬੀ ਐੱਨ ਪਾਂਡੇ ਜਦੋਂ ਟੀਪੂ ਸੁਲਤਾਨ ਬਾਰੇ ਖੋਜ ਕਰ ਰਹੇ ਸਨ ਤਾਂ ਉਨ੍ਹਾ ਦੇ ਹੱਥ ਇੱਕ ਕਿਤਾਬ ਲੱਗੀ, ਜੋ ਕਲਕੱਤਾ ਯੂਨੀਵਰਸਿਟੀ 'ਚ ਸੰਸਕ੍ਰਿਤ ਵਿਭਾਗ ਦੇ ਮੁਖੀ ਡਾ. ਪਰਪ੍ਰਸ਼ਾਦ ਸ਼ਾਸਤਰੀ ਦੀ ਲਿਖੀ ਹੋਈ ਸੀ। ਉਸ ਵਿੱਚ ਲਿਖਿਆ ਹੋਇਆ ਸੀ ਕਿ ਮੈਸੂਰ ਰਾਜ ਦੇ ਤਿੰਨ ਹਜ਼ਾਰ ਬ੍ਰਾਹਮਣਾਂ ਨੇ ਆਤਮ ਹੱਤਿਆ ਕਰ ਲਈ ਸੀ, ਕਿਉਂਕਿ ਟੀਪੂ ਉਨ੍ਹਾਂ ਨੂੰ ਜ਼ਬਰਦਸਤੀ ਮੁਸਲਮਾਨ ਬਣਾਉਣਾ ਚਾਹੁੰਦਾ ਸੀ। ਪ੍ਰੋ. ਪਾਂਡੇ ਨੇ ਤੁਰੰਤ ਸ਼ਾਸਤਰੀ ਨਾਲ ਸੰਪਰਕ ਕੀਤਾ ਤਾਂ ਉਸ ਨੇ ਦੱਸਿਆ ਕਿ ਉਸ ਨੇ ਇਹ ਤੱਥ 'ਮੈਸ਼ੂਰ ਗਜਟ' ਵਿੱਚੋਂ ਲਿਆ ਹੈ। ਪ੍ਰੋ. ਪਾਂਡੇ ਨੇ ਜਦੋਂ ਮੈਸ਼ੂਰ ਗਜਟ ਦੀ ਪੜਤਾਲ ਕੀਤੀ ਤਾਂ ਉਸ ਵਿੱਚ ਕਿਤੇ ਵੀ ਅਜਿਹੀ ਘਟਨਾ ਦਾ ਜ਼ਿਕਰ ਨਹੀਂ ਸੀ। ਇਸ ਦੌਰਾਨ ਪ੍ਰੋ. ਪਾਂਡੇ ਨੂੰ ਪਤਾ ਲੱਗਾ ਕਿ ਬਰਤਾਨਵੀ ਇਤਿਹਾਸਕਾਰ ਕਰਨਲ ਮਾਈਲਸ ਨੇ ਆਪਣੀ ਕਿਤਾਬ 'ਹਿਸਟਰੀ ਆਫ਼ ਮੈਸੂਰ' ਵਿੱਚ ਇਸ ਘਟਨਾ ਦਾ ਜ਼ਿਕਰ ਕੀਤਾ ਹੈ। ਮਾਈਲਸ ਨੇ ਕਿਤਾਬ 'ਚ ਦਾਅਵਾ ਕੀਤਾ ਹੈ ਕਿ ਉਸ ਨੇ ਇਸ ਘਟਨਾ ਦਾ ਇੱਕ ਪ੍ਰਾਚੀਨ ਫਾਰਸੀ ਪਾਂਡੂਲਿਪੀ ਤੋਂ ਅਨੁਵਾਦ ਕੀਤਾ ਹੈ ਤੇ ਇਹ ਪਾਂਡੂਲਿਪੀ ਮਹਾਰਾਣੀ ਵਿਕਟੋਰੀਆ ਦੀ ਲਾਇਬ੍ਰੇਰੀ ਵਿੱਚ ਰੱਖੀ ਹੋਈ ਹੈ। ਜਦੋਂ ਪ੍ਰੋ. ਪਾਂਡੇ ਨੇ ਮਹਾਰਾਣੀ ਦੀ ਲਾਇਬ੍ਰੇਰੀ ਤੋਂ ਪੜਤਾਲ ਕੀਤੀ ਤਾਂ ਪਤਾ ਲੱਗਾ ਕਿ ਉੱਥੇ ਅਜਿਹੀ ਕੋਈ ਪਾਂਡੂਲਿਪੀ ਨਹੀਂ ਹੈ। ਅਸਲ ਵਿੱਚ ਕਰਨਲ ਮਾਈਲਸ ਵੱਲੋਂ ਲਿਖੀ ਗਈ 'ਹਿਸਟਰੀ ਆਫ਼ ਮੈਸੂਰ' ਇੱਕ ਝੂਠ ਦਾ ਪੁਲੰਦਾ ਹੈ। ਸਭ ਤੋਂ ਗੰਭੀਰ ਮੁੱਦਾ ਇਹ ਹੈ ਕਿ ਕਰਨਲ ਮਾਈਲਸ ਦੀ ਇਸ ਕਿਤਾਬ ਨੂੰ ਅਧਾਰ ਬਣਾ ਕੇ ਲਿਖੀਆਂ ਇਤਿਹਾਸ ਦੀਆਂ ਕਿਤਾਬਾਂ ਅੱਜ ਵੀ ਪੱਛਮੀ ਬੰਗਾਲ, ਅਸਾਮ, ਬਿਹਾਰ, ਉੜੀਸਾ, ਮੱਧ ਪ੍ਰਦੇਸ਼ ਤੇ ਰਾਜਸਥਾਨ ਵਿੱਚ ਵਿਦਿਆਰਥੀਆਂ ਨੂੰ ਪੜ੍ਹਾਈਆਂ ਜਾ ਰਹੀਆਂ ਹਨ।
ਇਸ ਦੇ ਉਲਟ ਜੇਕਰ ਅਸੀਂ ਮੌਜੂਦ ਸਰੋਤਾਂ ਦੇ ਅਧਾਰ ਉੱਤੇ ਟੀਪੂ ਸੁਲਤਾਨ ਦਾ ਮੁੱਲਅੰਕਣ ਕਰੀਏ ਤਾਂ ਤਸਵੀਰ ਬਿਲਕੁੱਲ ਵੱਖਰੀ ਦਿਖਾਈ ਦਿੰਦੀ ਹੈ। ਟੀਪੂ ਸੁਲਤਾਨ ਨੇ ਮੰਦਰਾਂ ਦੀ ਦੇਖ-ਰੇਖ ਲਈ ਇੱਕ ਅਹੁਦਾ ਕਾਇਮ ਕੀਤਾ ਹੋਇਆ ਸੀ, ਜਿਸ ਨੂੰ ਸ੍ਰੀਮਤੁਦੇਵਾਸਥਾਨਾਦਸਿਮੇ ਕਿਹਾ ਜਾਂਦਾ ਸੀ। ਇਸ ਦਾ ਮੁਖੀ ਕ੍ਰਿਪਾ ਨਾਂਅ ਦਾ ਇੱਕ ਬ੍ਰਾਹਮਣ ਸੀ। ਟੀਪੂ ਸੁਲਤਾਨ ਪ੍ਰਸਿੱਧ ਮੰਦਰਾਂ ਨੂੰ ਬਾਕਾਇਦਾ ਭੇਟਾ ਦਿੰਦਾ ਸੀ। ਮੈਸੂਰ ਵਿੱਚ ਸੇਰਿੰਗਾਪਟਨਮ ਦੇ ਰੰਗਾਨਾਥ ਮੰਦਰ, ਮੇਲੁਕੋਟ ਦੇ ਨਰਸਿਮਹਾ ਮੰਦਰ ਤੇ ਨਰਾਇਣ ਸਵਾਮੀ ਮੰਦਰ, ਕਾਲਲੇ ਦੇ ਲਕਸ਼ਮੀ ਕਾਂਤ ਮੰਦਰ ਅਤੇ ਨੰਜਨਗੜ੍ਹ ਦੇ ਸ੍ਰੀਕੰਤੇਸ਼ਵਰਾ ਮੰਦਰ ਵਿੱਚ ਟੀਪੂ ਸੁਲਤਾਨ ਵੱਲੋਂ ਭੇਟ ਕੀਤੇ ਗਏ ਚਾਂਦੀ ਦੇ ਬਰਤਨ ਅੱਜ ਵੀ ਮੌਜੂਦ ਹਨ। ਟੀਪੂ ਸੁਲਤਾਨ ਵੱਲੋਂ ਸਰੰਗੇਰੀ ਮੱਠ ਨੂੰ ਲਿਖੇ ਗਏ 30 ਖਤ ਇਸ ਗੱਲ ਦੇ ਗਵਾਹ ਹਨ ਕਿ ਉਸ ਨੂੰ ਆਪਣੇ ਰਾਜ ਦੀ ਧਾਰਮਿਕ ਵਿਧਵਤਾ ਦਾ ਪਤਾ ਸੀ ਤੇ ਉਹ ਸਭ ਧਰਮ ਅਨੁਆਈਆਂ ਦਾ ਦਿਲ ਜਿੱਤਣਾ ਚਾਹੁੰਦਾ ਸੀ। ਇੱਕ ਪੱਤਰ ਵਿੱਚ ਟੀਪੂ ਰਾਜ ਦੇ ਤਿੰਨ ਦੁਸ਼ਮਣਾਂ: ਨਿਜ਼ਾਮ, ਅੰਗਰੇਜ਼ ਤੇ ਮਰਾਠਿਆਂ ਦਾ ਹਵਾਲਾ ਦੇ ਕੇ ਮੱਠ ਦੇ ਸਵਾਮੀ ਨੂੰ ਬੇਨਤੀ ਕਰਦਾ ਹੈ ਕਿ ਉਹ ਰਾਜ ਦੀ ਜਿੱਤ ਲਈ ਚੰਡੀ ਦਾ ਯੱਗ ਕਰੇ, ਜਿਸ ਲਈ ਜ਼ਰੂਰੀ ਸਮੱਗਰੀ ਦਾ ਪ੍ਰਬੰਧ ਰਾਜ ਵੱਲੋਂ ਕੀਤਾ ਗਿਆ ਹੈ। ਇਹੋ ਨਹੀਂ ਸਰੰਗੇਰੀ ਮੱਠ ਉੱਤੇ ਮਰਾਠਿਆਂ ਦੇ ਹਮਲੇ ਸਮੇਂ ਟੀਪੂ ਹਿੰਦੂ ਧਰਮ ਦੇ ਰਾਖੇ ਵਜੋਂ ਸਾਹਮਣੇ ਆਇਆ ਤੇ ਉਸ ਨੇ ਤੋੜੇ ਗਏ ਮੱਠ ਦੀ ਮੁਰੰਮਤ ਕਰਵਾਈ। 1793 ਵਿੱਚ ਲਿਖੇ ਇੱਕ ਹੋਰ ਖਤ ਵਿੱਚ ਟੀਪੂ ਸੁਲਤਾਨ ਨੇ ਮੱਠ ਦੇ ਸੁਆਮੀ ਨੂੰ ਸੰਬੋਧਨ ਹੁੰਦਿਆ ਲਿਖਿਆ ਹੈ, ''ਆਪ ਜਗਤਗੁਰੂ ਹੈਂ, ਵਿਸ਼ਵ ਦੇ ਗੁਰੂ। ਆਪ ਨੇ ਹਮੇਸ਼ਾ ਸਾਰੇ ਵਿਸ਼ਵ ਦੀ ਭਲਾਈ ਲਈ ਅਤੇ ਲੋਕਾਂ ਦੇ ਸੁੱਖ ਲਈ ਕਸ਼ਟ ਕੱਟੇ ਹਨ। ਕ੍ਰਿਪਾ ਕਰਕੇ ਈਸ਼ਵਰ ਅੱਗੇ ਸਾਡੀ ਮਜ਼ਬੂਤੀ ਦੀ ਕਾਮਨਾ ਕਰੋ। ਜਿਸ ਕਿਸੇ ਦੇਸ਼ ਵਿੱਚ ਵੀ ਆਪ ਵਰਗੀ ਪਵਿੱਤਰ ਆਤਮਾ ਨਿਵਾਸ ਕਰੇਗੀ, ਚੰਗੀ ਬਾਰਸ਼ ਤੇ ਫ਼ਸਲ ਨਾਲ ਦੇਸ਼ ਮਜਬੂਤ ਹੋਵੇਗਾ।'' ਇਹ ਵੀ ਤੱਥ ਹੈ ਕਿ ਟੀਪੂ ਦੇ ਅੰਗਰੇਜ਼ਾਂ ਵਿਰੁੱਧ ਲੜਦਿਆਂ ਸ਼ਹੀਦੀ ਪ੍ਰਾਪਤ ਕਰਨ ਬਾਅਦ ਬਰਤਾਨਵੀ ਫ਼ੌਜੀ ਉਸ ਦੀ ਉਂਗਲੀ ਕੱਟ ਕੇ ਜਿਹੜੀ ਅੰਗੂਠੀ ਲਾਹ ਕੇ ਲੈ ਗਏ ਸਨ, ਉਸ ਉੱਤੇ 'ਰਾਮ' ਸ਼ਬਦ ਲਿਖਿਆ ਹੋਇਆ ਸੀ। ਅੱਜ ਵੀ ਉਹ ਅਗੂੰਠੀ ਟੀਪੂ ਦੀਆਂ ਹੋਰ ਵਸਤਾਂ ਸਮੇਤ ਬ੍ਰਿਟਿਸ਼ ਮਿਊਜ਼ੀਅਮ ਵਿੱਚ ਮੌਜੂਦ ਹੈ।
ਪ੍ਰੰਤੂ ਹਿੰਦੂਤਵੀਆਂ ਲਈ ਤਾਂ ਟੀਪੂ ਸੁਲਤਾਨ ਇੱਕ ਮੁਸਲਮਾਨ ਸ਼ਾਸਕ ਹੈ ਤੇ ਮੁਸਲਮਾਨ ਕਦੇ ਚੰਗਾ ਨਹੀਂ ਹੋ ਸਕਦਾ। ਅਸਲ ਵਿੱਚ ਭਾਜਪਾ ਲਈ ਬਰਤਾਨਵੀ ਲੇਖਕਾਂ ਵੱਲੋਂ ਲਿਖੀਆਂ ਹੋਈ ਮਨਘੜਤ ਕਹਾਣੀ ਲਾਹੇਵੰਦੀਆਂ ਹਨ, ਕਿਉਂਕਿ ਦੋਵਾਂ ਦਾ ਹੀ ਨਿਸ਼ਾਨਾ ਇੱਕ ਹੈ। ਬਰਤਾਨਵੀ ਹਾਕਮ ਵੀ ਆਪਣੇ ਰਾਜ ਦੀ ਪਕਿਆਈ ਲਈ ਹਿੰਦੂ-ਮੁਸਲਮਾਨ ਵਿੱਚ ਪਾੜਾ ਪਾਉਣਾ ਚਾਹੁੰਦੇ ਸਨ ਤੇ ਭਾਜਪਾ ਵਾਲੇ ਵੀ ਆਪਣੇ ਹਿੰਦੂਤਵੀ ਏਜੰਡੇ ਨੂੰ ਅੱਗੇ ਵਧਾਉਣ ਲਈ ਹਿੰਦੂ-ਮੁਸਲਮਾਨ ਨੂੰ ਲੜਾਉਣ ਦੀ ਖੇਡ ਖੇਡ ਰਹੇ ਹਨ।

1260 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper