Latest News
ਭਾਜਪਾ 'ਚੋਂ ਹਿਜਰਤ ਸ਼ੁਰੂ

Published on 15 Nov, 2018 11:15 AM.


ਪੰਜ ਵਿਧਾਨ ਸਭਾਵਾਂ ਦੀਆਂ ਚੋਣਾਂ ਦਾ ਮੈਦਾਨ ਜਿਵੇਂ-ਜਿਵੇਂ ਮਘ ਰਿਹਾ ਹੈ, ਭਾਜਪਾ ਅੰਦਰ ਹਫੜਾ-ਧੱਫੜੀ ਵਾਲਾ ਮਾਹੌਲ ਬਣ ਰਿਹਾ ਹੈ। ਹਿੰਦੀ ਬੈਲਟ ਵਾਲੇ ਤਿੰਨ ਰਾਜਾਂ, ਖ਼ਾਸ ਕਰ ਰਾਜਸਥਾਨ ਵਿੱਚ ਪਾਰਟੀ ਦਾ ਆਧਾਰ ਜਿਸ ਤਰ੍ਹਾਂ ਖਿਸਕਿਆ ਹੈ, ਉਸ ਨਾਲ ਜਿੱਤ ਦੀਆਂ ਸੰਭਾਵਨਾਵਾਂ ਉੱਤੇ ਪ੍ਰਸ਼ਨਚਿੰਨ੍ਹ ਲੱਗਦਾ ਦੇਖ ਕੇ ਇਸ ਦੇ ਕਈ ਆਗੂ ਇਸ ਤੋਂ ਖਹਿੜਾ ਛੁਡਾਉਣ ਵਿੱਚ ਹੀ ਆਪਣੀ ਭਲਾਈ ਸਮਝਦੇ ਲਭਦੇ ਹਨ।
ਤਾਜਾ ਘਟਨਾ ਵਿੱਚ ਭਾਜਪਾ ਦੇ ਦੌਸਾ ਤੋਂ ਲੋਕ ਸਭਾ ਸਾਂਸਦ ਹਰੀਸ਼ ਮੀਣਾ ਪਾਰਟੀ ਵਿੱਚੋਂ ਅਸਤੀਫ਼ਾ ਦੇ ਕੇ ਕਾਂਗਰਸ ਦੀ ਗੱਡੀ ਵਿੱਚ ਸਵਾਰ ਹੋ ਗਏ ਹਨ। ਹਰਸ਼ ਮੀਣਾ ਸਾਬਕਾ ਆਈ ਪੀ ਐੱਸ ਅਧਿਕਾਰੀ ਹਨ। ਅਸ਼ੋਕ ਗਹਿਲੋਤ ਜਦੋਂ ਰਾਜਸਥਾਨ ਦੇ ਮੁੱਖ ਮੰਤਰੀ ਸਨ ਤਾਂ ਹਰਸ਼ ਮੀਣਾ ਰਾਜ ਦੇ ਡਾਇਰੈਕਟਰ ਜਨਰਲ ਪੁਲਸ ਸਨ। ਰਿਟਾਇਰਮੈਂਟ ਤੋਂ ਬਾਅਦ ਉਹ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ। ਪਾਰਟੀ ਨੇ 2014 ਦੀਆਂ ਸੰਸਦੀ ਚੋਣਾਂ ਵਿੱਚ ਉਹਨਾ ਨੂੰ ਦੌਸਾ ਤੋਂ ਉਮੀਦਵਾਰ ਬਣਾਇਆ ਸੀ। ਇਸ ਚੋਣ ਵਿੱਚ ਉਹਨਾਂ ਮੀਣਾ ਬਰਾਦਰੀ ਦੇ ਸ਼ਕਤੀਸ਼ਾਲੀ ਆਗੂ ਕਿਰੋੜੀ ਲਾਲ ਮੀਣਾ ਨੂੰ ਹਰਾਇਆ ਸੀ। ਉਹਨਾ ਦੇ ਭਰਾ ਤੇ ਕਾਂਗਰਸੀ ਉਮੀਦਵਾਰ ਨਮੋ ਨਰਾਇਣ ਮੀਣਾ ਇਸ ਚੋਣ ਵਿੱਚ ਤੀਜੇ ਸਥਾਨ ਉੱਤੇ ਰਹੇ ਸਨ। ਦੌਸਾ ਤੇ ਇਸ ਦੇ ਆਸ-ਪਾਸ ਦੇ ਆਦੀਵਾਸੀ ਬਹੁ-ਗਿਣਤੀ ਵਾਲੇ ਇਲਾਕੇ ਵਿੱਚ ਹਰਸ਼ ਮੀਣਾ ਤੇ ਉਸ ਦੇ ਭਾਈ ਨਮੋ ਨਰਾਇਣ ਮੀਣਾ ਦਾ ਕਾਫ਼ੀ ਵੱਕਾਰ ਹੈ। ਇਸ ਦੇ ਨਾਲ ਹੀ 2014 ਵਿੱਚ 282 ਦੇ ਅੰਕੜੇ ਨਾਲ ਬਹੁ-ਸੰਮਤੀ ਵਿੱਚ ਆਈ ਭਾਜਪਾ ਚੁਣੇ ਹੋਏ ਸਾਸਦਾਂ ਦੀ ਗਿਣਤੀ 271 ਰਹਿ ਜਾਣ ਬਾਅਦ ਮਾਮੂਲੀ ਤੌਰ 'ਤੇ ਉਹ ਘੱਟ ਗਿਣਤੀ ਵਿੱਚ ਆ ਗਈ ਹੈ। ਉਹ ਹੁਣ ਨਾਮਜ਼ਦ ਕੀਤੇ ਗਏ ਤਿੰਨ ਮੈਂਬਰਾਂ ਨਾਲ ਹੀ ਬਹੁ-ਸੰਮਤੀ ਵਿੱਚ ਹੈ। ਹਰਸ਼ ਮੀਣਾ ਭਾਜਪਾ ਛੱਡਣ ਵਾਲੇ ਦੂਜੇ ਸਾਂਸਦ ਹਨ। ਉਸ ਤੋਂ ਪਹਿਲਾਂ ਮਹਾਂਰਾਸ਼ਟਰ ਦੀ ਭੰਡਾਰਾ-ਗੋਦੀਆ ਸੀਟ ਤੋਂ ਬੀ ਜੇ ਪੀ ਸਾਂਸਦ ਨਾਨਾ ਪਟੋਲੇ ਨੇ ਭਾਜਪਾ ਛੱਡ ਕੇ ਕਾਂਗਰਸ ਦਾ ਹੱਥ ਫੜ ਲਿਆ ਸੀ।
ਰਾਜਸਥਾਨ ਦੇ ਨਗੌਰ ਤੋਂ ਵਿਧਾਇਕ ਹਬੀਬੂਉਰ ਰਹਿਮਾਨ ਵੀ ਭਾਜਪਾ ਤੋਂ ਅਸਤੀਫ਼ਾ ਦੇ ਕੇ ਕਾਂਗਰਸ ਵਿੱਚ ਸ਼ਾਮਲ ਹੋ ਗਏ ਹਨ। ਇਸ ਤੋਂ ਪਹਿਲਾਂ ਵਸੁੰਧਰਾ ਰਾਜੇ ਦੀ ਸਰਕਾਰ ਵਿੱਚ ਕੈਬਨਿਟ ਮੰਤਰੀ ਰਹੇ ਸੁਰਿੰਦਰ ਗੋਇਲ ਨੇ ਵੀ ਭਾਜਪਾ ਤੋਂ ਅਸਤੀਫ਼ਾ ਦੇ ਦਿੱਤਾ ਸੀ। ਉਹ ਭਾਜਪਾ ਨਾਲ ਏਨੇ ਨਰਾਜ ਹਨ ਕਿ ਉਹਨਾ ਜਨਤਕ ਤੌਰ 'ਤੇ ਕਸਮ ਖਾਧੀ ਕਿ ਉਹ ਭਾਜਪਾ ਨੂੰ ਬਰਬਾਦ ਕਰ ਕੇ ਰੱਖ ਦੇਣਗੇ। ਰਾਜਸਥਾਨ ਵਿੱਚ 7 ਦਸੰਬਰ ਨੂੰ ਵਿਧਾਨ ਸਭਾ ਲਈ ਵੋਟਾਂ ਪੈਣੀਆਂ ਹਨ। ਭਾਜਪਾ ਦੇ ਇੱਕ ਤੋਂ ਬਾਅਦ ਇੱਕ ਵੱਡੇ ਤੋਂ ਲੈ ਕੇ ਛੋਟੇ ਤੱਕ ਆਗੂਆਂ ਵੱਲੋਂ ਭਾਜਪਾ ਨੂੰ ਅਲਵਿਦਾ ਕਹਿਣਾ ਇਸ ਗੱਲ ਦਾ ਸੰਕੇਤ ਹੈ ਕਿ ਇਸ ਵਾਰ ਰਾਜਸਥਾਨ ਵਿੱਚ ਭਾਜਪਾ ਦਾ ਰਾਹ ਸੌਖਾ ਨਹੀਂ ਹੈ।
ਭਾਜਪਾ ਆਗੂਆਂ ਦੇ ਇਸ ਤਰ੍ਹਾਂ ਪਾਰਟੀ ਛੱਡਣ ਨਾਲ ਪਾਰਟੀ ਨੂੰ ਵੱਡਾ ਧੱਕਾ ਲੱਗ ਸਕਦਾ ਹੈ। ਇਹ ਰੁਝਾਨ ਸਿਰਫ ਵਿਧਾਨ ਸਭਾ ਚੋਣਾਂ ਵਾਲੇ ਰਾਜਾਂ ਤੱਕ ਹੀ ਸੀਮਿਤ ਨਹੀਂ ਹੈ। ਪਿੱਛੇ ਜਿਹੇ ਮਹਾਂਰਾਸ਼ਟਰ ਦੇ ਕੱਦਾਵਰ ਭਾਜਪਾ ਆਗੂ ਤੇ ਧੁਲੇ ਵਿਧਾਨ ਸਭਾ ਸੀਟ ਤੋਂ ਵਿਧਾਇਕ ਅਨਿਲ ਗੋਟੇ ਨੇ ਇਹ ਕਹਿ ਕੇ ਅਸਤੀਫ਼ਾ ਦੇ ਦਿੱਤਾ ਸੀ ਕਿ ਭਾਜਪਾ ਹੁਣ ਅਪਰਾਧੀਆਂ ਦਾ ਗੜ੍ਹ ਬਣ ਚੁੱਕੀ ਹੈ। ਇਸੇ ਤਰ੍ਹਾਂ ਹੀ ਮਹਾਰਾਸ਼ਟਰ ਦੀ ਕਟੋਲ ਵਿਧਾਨ ਸਭਾ ਸੀਟ ਤੋਂ ਭਾਜਪਾ ਵਿਧਾਇਕ ਅਸ਼ੀਸ਼ ਦੇਸਮੁੱਖ ਨੇ ਪਾਰਟੀ ਛੱਡ ਦਿੱਤੀ ਸੀ। ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਇਸ ਸਮੇਂ ਕੁਝ ਮਹੀਨੇ ਹੀ ਰਹਿੰਦੇ ਹਨ। ਅਜਿਹੇ ਸਮੇਂ ਆਗੂਆਂ ਦਾ ਇਸ ਤਰ੍ਹਾਂ ਪਾਰਟੀ ਵਿੱਚੋਂ ਹਿਜਰਤ ਕਰੀ ਜਾਣਾ ਸਾਬਤ ਕਰਦਾ ਹੈ ਕਿ ਭਾਜਪਾ ਲਈ 2019 ਵਾਲੀਆਂ ਚੋਣਾਂ ਦਾ ਭਵਸਾਗਰ ਪਾਰ ਕਰਨਾ ਅਸੰਭਵ ਨਹੀਂ ਤਾਂ ਮੁਸ਼ਕਲ ਜ਼ਰੂਰ ਹੈ।

530 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper