Latest News
ਸੰਘ ਦਾ ਨਵਾਂ ਪੈਂਤੜਾ

Published on 18 Nov, 2018 11:11 AM.


ਲੋਕ ਸਭਾ ਦੀਆਂ 2019 ਵਿੱਚ ਹੋਣ ਵਾਲੀਆਂ ਚੋਣਾਂ ਦਾ ਸਮਾਂ ਜਿਵੇਂ-ਜਿਵੇਂ ਨੇੜੇ ਆ ਰਿਹਾ ਹੈ, ਸਿਆਸੀ ਪਾਰਾ ਦਿਨੋ-ਦਿਨ ਚੜ੍ਹ ਰਿਹਾ ਹੈ। ਪਿਛਲੇ ਅਰਸੇ ਦੌਰਾਨ ਵੱਖ-ਵੱਖ ਰਾਜਾਂ ਵਿੱਚ ਲੋਕ ਸਭਾ ਦੀਆਂ 16 ਸੀਟਾਂ ਲਈ ਹੋਈਆਂ ਜ਼ਿਮਨੀ ਚੋਣਾਂ ਵਿੱਚ 10 ਸੀਟਾਂ ਭਾਜਪਾ ਹੱਥੋਂ ਖਿਸਕ ਚੁੱਕੀਆਂ ਹਨ। ਦੋ ਹੋਰ ਲੋਕ ਸਭਾ ਸੀਟਾਂ ਰਾਜਸਥਾਨ ਦੀ ਦੌਸਾ ਤੇ ਜੰਮੂ-ਕਸ਼ਮੀਰ ਦੀ ਲੱਦਾਖ ਸੀਟ ਤੋਂ ਭਾਜਪਾ ਦੇ ਜਿੱਤੇ ਮੈਂਬਰਾਂ ਨੇ ਹੁਣੇ ਜਿਹੇ ਅਸਤੀਫ਼ੇ ਦੇ ਦਿੱਤੇ ਹਨ। ਦੌਸਾ ਤੋਂ ਜਿੱਤੇ ਹਰੀਸ਼ ਮੀਣਾ ਨੇ ਤਾਂ ਭਾਜਪਾ ਨੂੰ ਛੱਡ ਕੇ ਕਾਂਗਰਸ ਦਾ ਹੱਥ ਫੜ ਲਿਆ ਹੈ। ਭਾਜਪਾ ਜਿਹੜੀ 2014 ਵਿੱਚ 282 ਸੀਟਾਂ ਜਿੱਤ ਕੇ ਪਹਿਲੀ ਵਾਰ ਆਪਣੇ ਸਿਰ ਬਹੁਸੰਮਤੀ ਹਾਸਲ ਕਰਕੇ ਸੱਤਾ ਵਿੱਚ ਆਈ ਸੀ, ਦੇ ਚੁਣੇ ਹੋਏ ਲੋਕ ਸਭਾ ਮੈਂਬਰਾਂ ਦੀ ਗਿਣਤੀ ਘਟ ਕੇ 270 ਰਹਿ ਗਈ ਹੈ।
ਇਸ ਸਮੇਂ ਪੰਜ ਰਾਜਾਂ ਦੀਆਂ ਵਿਧਾਨ ਸਭਾਵਾਂ ਲਈ ਚੋਣ ਪ੍ਰਕ੍ਰਿਆ ਚੱਲ ਰਹੀ ਹੈ। ਇਨ੍ਹਾਂ ਰਾਜਾਂ, ਖਾਸ ਕਰ ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ੍ਹ ਤੇ ਤੇਲੰਗਾਨਾ ਦੇ ਚੋਣ ਘੋਲ ਨੂੰ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੇ ਸੈਮੀਫਾਈਨਲ ਵਜੋਂ ਦੇਖਿਆ ਜਾ ਰਿਹਾ ਹੈ। ਸਭ ਤੋਂ ਸਟੀਕ ਮੰਨੇ ਜਾਂਦੇ ਸੀ-ਵੋਟਰ ਸਰਵੇ ਮੁਤਾਬਕ ਇਹ ਚੋਣਾਂ ਭਾਜਪਾ ਲਈ ਚਿੰਤਾ ਦਾ ਵਿਸ਼ਾ ਬਣ ਸਕਦੀਆਂ ਹਨ। ਇਸ ਸਰਵੇ ਮੁਤਾਬਕ ਰਾਜਸਥਾਨ ਦੇ ਮਾਰਵਾੜ, ਮੇਵਾੜ, ਧੁੰਧਰ ਤੇ ਹਿਰੌਤੀ ਖੇਤਰਾਂ ਵਿੱਚ ਤਾਂ ਕਾਂਗਰਸ ਦੀ ਭਾਜਪਾ ਉੱਤੇ ਬੜ੍ਹਤ 9 ਤੋਂ 5 ਫ਼ੀਸਦੀ ਤੱਕ ਬਣੀ ਹੋਈ ਹੈ। ਸਰਵੇ ਮੁਤਾਬਕ ਸਮੁੱਚੇ ਤੌਰ ਉੱਤੇ ਭਾਜਪਾ ਨੂੰ 39.7 ਫ਼ੀਸਦੀ ਵੋਟ ਅਤੇ ਕਾਂਗਰਸ ਨੂੰ 47.9 ਫ਼ੀਸਦੀ ਵੋਟ ਮਿਲਦੇ ਦਿਸ ਰਹੇ ਹਨ। ਇਸ ਅਨੁਸਾਰ ਕਾਂਗਰਸ ਤੇ ਭਾਜਪਾ ਵਿਚਲੇ ਇਸ ਅੰਤਰ ਨੂੰ ਮਿਟਾ ਸਕਣਾ ਭਾਜਪਾ ਲਈ ਅਸੰਭਵ ਲੱਗਦਾ ਹੈ।
ਮੱਧ ਪ੍ਰਦੇਸ਼ ਵਿੱਚ ਵੀ ਕਾਂਗਰਸ ਹਾਲ ਦੀ ਘੜੀ ਭਾਜਪਾ ਨਾਲੋਂ ਅੱਗੇ ਹੈ। ਸੀ ਵੋਟਰ ਸਰਵੇ ਮੁਤਾਬਕ ਕਾਂਗਰਸ ਦਾ ਵੋਟ ਸ਼ੇਅਰ 42.5 ਤੇ ਭਾਜਪਾ ਦਾ 41.5 ਹੈ। ਮੁੱਖ ਮੰਤਰੀ ਦੇ ਤੌਰ ਉੱਤੇ ਕਾਂਗਰਸ ਦੇ ਨੌਜਵਾਨ ਆਗੂ ਜਿਓਤਰਾਦਿਤਿਆ ਸਿੰਧੀਆ ਲੋਕਾਂ ਦੀ ਪਹਿਲੀ ਪਸੰਦ ਹਨ। ਸਿੰਧੀਆ ਨੂੰ 41.6 ਫ਼ੀਸਦੀ ਲੋਕ ਮੁੱਖ ਮੰਤਰੀ ਵਜੋਂ ਦੇਖਣਾ ਚਾਹੁੰਦੇ ਹਨ ਜਦੋਂ ਕਿ ਤਿੰਨ ਵਾਰ ਦੇ ਭਾਜਪਾ ਮੁੱਖ ਮੰਤਰੀ ਸ਼ਿਵਰਾਜ ਚੌਹਾਨ ਨੂੰ 37.6 ਫ਼ੀਸਦੀ ਲੋਕ ਪਸੰਦ ਕਰਦੇ ਹਨ। ਇਸ ਤਰ੍ਹਾਂ ਮੱਧ ਪ੍ਰਦੇਸ਼ ਵਿੱਚ ਵੀ ਕਾਂਗਰਸ ਭਾਜਪਾ ਨੂੰ ਸਖ਼ਤ ਟੱਕਰ ਦੇ ਰਹੀ ਹੈ। ਛੱਤੀਸਗੜ੍ਹ ਦੀ ਸਥਿਤੀ ਵੀ ਮੱਧ ਪ੍ਰਦੇਸ਼ ਵਰਗੀ ਹੀ ਹੈ। ਸਰਵੇ ਮੁਤਾਬਕ ਇੱਥੇ ਕਾਂਗਰਸ ਨੂੰ 42.2 ਫ਼ੀਸਦੀ ਤੇ ਭਾਜਪਾ ਨੂੰ 41.6 ਫ਼ੀਸਦੀ ਵੋਟ ਮਿਲਦਾ ਦਿਖਾਈ ਦੇ ਰਿਹਾ ਹੈ। ਛੱਤੀਸਗੜ੍ਹ ਵਿੱਚ ਕਾਂਗਰਸ ਤੇ ਭਾਜਪਾ ਵਿੱਚ ਫਸਵੇਂ ਮੁਕਾਬਲੇ ਦੌਰਾਨ ਸੱਤਾ ਦਾ ਸੁੱਖ ਕਿਸ ਨੂੰ ਹਾਸਲ ਹੁੰਦਾ ਹੈ ਇਹ ਇਸ ਗੱਲ ਉੱਤੇ ਨਿਰਭਰ ਹੈ ਕਿ ਅਜੀਤ ਜੋਗੀ-ਮਾਇਆਵਤੀ ਦਾ ਤੀਜਾ ਮੋਰਚਾ ਕਿਸ ਦੀ ਬੇੜੀ 'ਚ ਵੱਟੇ ਪਾਉਂਦਾ ਹੈ।
ਤੇਲੰਗਾਨਾ ਵਿੱਚ ਕਾਂਗਰਸ, ਤੇਲਗੂ ਦੇਸਮ ਤੇ ਸੀ ਪੀ ਆਈ ਮਿਲ ਕੇ ਲੜ ਰਹੀਆਂ ਹਨ। ਮੁੱਖ ਮੰਤਰੀ ਕੇ ਸੀ ਆਰ ਨੇ ਸਮੇਂ ਤੋਂ ਪਹਿਲਾਂ ਅਸੰਬਲੀ ਭੰਗ ਕਰਨ ਦਾ ਕਦਮ ਚੁੱਕਿਆ ਸੀ ਤਾਂ ਲੱਗ ਰਿਹਾ ਸੀ ਕਿ ਉਸ ਦੀ ਪਾਰਟੀ ਤੇਲੰਗਾਨਾ ਰਾਸ਼ਟਰੀ ਸੰਮਤੀ ਅਸਾਨੀ ਨਾਲ ਦੁਬਾਰਾ ਸੱਤਾ ਹਾਸਲ ਕਰ ਲਵੇਗੀ, ਪਰ ਕਾਂਗਰਸ, ਟੀ ਡੀ ਪੀ ਗੱਠਜੋੜ ਨੇ ਉਸ ਦਾ ਰਾਹ ਮੁਸ਼ਕਲ ਬਣਾ ਦਿੱਤਾ ਹੈ। ਸੀ-ਵੋਟਰ ਦੇ ਸਰਵੇ ਮੁਤਾਬਕ ਇਸ ਸਮੇਂ ਗੱਠਜੋੜ ਨੂੰ 33.9 ਫ਼ੀਸਦੀ ਅਤੇ ਟੀ ਆਰ ਐੱਸ ਨੂੰ 29.4 ਫ਼ੀਸਦੀ ਵੋਟ ਸ਼ੇਅਰ ਮਿਲਦਾ ਦਿਖਾਈ ਦੇ ਰਿਹਾ ਹੈ। ਭਾਜਪਾ ਇੱਥੇ ਸ਼ਾਇਦ ਹੀ ਖਾਤਾ ਖੋਲ੍ਹ ਸਕੇ ਕਿਉਂਕਿ ਸਰਵੇ ਮੁਤਾਬਕ ਉਸ ਨੂੰ ਮਿਲਣ ਵਾਲਾ ਵੋਟ ਸ਼ੇਅਰ ਸਿਰਫ਼ 13.5 ਫ਼ੀਸਦੀ ਹੈ। ਪੰਜਵੇਂ ਰਾਜ ਮਿਜ਼ੋਰਮ ਵਿੱਚ ਕਾਂਗਰਸ, ਐੱਮ ਐੱਨ ਐੱਫ਼ ਤੇ ਮਿਜ਼ੋਰਮ ਪੀਪਲਜ਼ ਮੂਵਮੈਂਟ ਵਿੱਚ ਤਿਕੋਣਾ ਮੁਕਾਬਲਾ ਹੈ। ਸਰਵੇ ਮੁਤਾਬਕ ਇਸ ਸਮੇਂ ਐੱਮ ਐੱਨ ਐਫ਼ ਦੂਸਰਿਆਂ ਨਾਲੋਂ ਅੱਗੇ ਚੱਲ ਰਹੀ ਹੈ।
ਅਜਿਹੀ ਸਥਿਤੀ ਵਿੱਚ ਭਾਜਪਾ ਦਾ 'ਕਾਂਗਰਸ ਮੁਕਤ ਭਾਰਤ' ਦਾ ਸੁਫ਼ਨਾ ਬਿਖਰਦਾ ਨਜ਼ਰ ਆ ਰਿਹਾ ਹੈ। ਇਸੇ ਕਾਰਨ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਾਲਾ ਭਵਸਾਗਰ ਪਾਰ ਕਰਨ ਲਈ ਭਾਜਪਾ ਦੇ ਪਿੱਤਰੀ ਸੰਗਠਨ ਆਰ ਐੱਸ ਐੱਸ ਨੂੰ ਸਿਰਫ਼ ਰਾਮ ਦਾ ਸਹਾਰਾ ਹੀ ਨਜ਼ਰ ਆ ਰਿਹਾ ਹੈ। ਸੰਘ ਪ੍ਰਮੁੱਖ ਮੋਹਨ ਭਾਗਵਤ ਅਯੁੱਧਿਆ ਵਿੱਚ ਰਾਮ ਮੰਦਰ ਦੀ ਉਸਾਰੀ ਲਈ ਲਗਾਤਾਰ ਬਿਆਨ ਦੇ ਰਹੇ ਹਨ। ਪਿਛਲੇ ਦਿਨੀਂ ਆਰ ਐੱਸ ਐੱਸ ਨੇ ਵਾਰਾਨਸੀ ਵਿੱਚ 250 ਸੰਘ ਪ੍ਰਚਾਰਕਾਂ ਦੀ ਪੰਜ ਦਿਨਾਂ ਇਸ ਸੰਬੰਧੀ ਵਿਸ਼ੇਸ਼ ਮੀਟਿੰਗ ਕੀਤੀ ਸੀ। ਸੰਘ ਨਾਲ ਜੁੜੀਆਂ ਸਭ ਸੰਸਥਾਵਾਂ ਰਾਮ ਮੰਦਰ ਲਈ ਸਰਗਰਮ ਹੋ ਗਈਆਂ ਹਨ। ਵਿਸ਼ਵ ਹਿੰਦੂ ਪ੍ਰੀਸ਼ਦ ਨੇ 25 ਨਵੰਬਰ ਨੂੰ ਅਯੁੱਧਿਆ ਵਿੱਚ ਧਰਮ ਸਭਾ ਬੁਲਾਈ ਹੈ। ਵਿਸ਼ਵ ਹਿੰਦੂ ਸਭਾ ਦੇ ਸੂਤਰਾਂ ਮੁਤਾਬਕ ਇਸ ਧਰਮ ਸਭਾ ਵਿੱਚ ਇੱਕ ਲੱਖ ਤੋਂ ਵੱਧ ਸਾਧੂ-ਸੰਤ ਇਕੱਠੇ ਕੀਤੇ ਜਾਣਗੇ। ਇਸ ਧਰਮ ਸਭਾ ਨੂੰ ਕਾਮਯਾਬ ਕਰਨ ਲਈ ਸੰਘ ਪ੍ਰਚਾਰਕ ਸਰਗਰਮ ਕੀਤੇ ਗਏ ਹਨ। ਇਸ ਅਯੋਜਨ ਦੀ ਸਫ਼ਲਤਾ ਤੋਂ ਬਾਅਦ ਅਗਲੀ ਧਰਮ ਸਭਾ 9 ਦਸੰਬਰ ਨੂੰ ਦਿੱਲੀ ਵਿੱਚ ਕੀਤੀ ਜਾਵੇਗੀ। ਇਸ ਵਿੱਚ ਪੰਜ ਲੱਖ ਰਾਮ ਭਗਤਾਂ ਨੂੰ ਇਕੱਠਾ ਕਰਨ ਦਾ ਟੀਚਾ ਮਿੱਥਿਆ ਗਿਆ ਹੈ।
ਸੰਘ ਦੀ ਉਪਰੋਕਤ ਸਰਗਰਮੀ ਤੋਂ ਸਪੱਸ਼ਟ ਹੈ ਕਿ ਉਹ ਮੋਦੀ ਰਾਜ ਦੇ ਲੋਕਾਂ ਵਿੱਚੋਂ ਡਿੱਗ ਰਹੇ ਗਰਾਫ਼ ਤੋਂ ਕਾਫ਼ੀ ਚਿੰਤਤ ਹੈ। ਸੰਘ ਸਮਝਦਾ ਹੈ ਕਿ ਜੇਕਰ ਹਿੰਦੂਆਂ ਅੰਦਰਲੀ ਧਾਰਮਿਕ ਚਿੰਗਿਆੜੀ ਨੂੰ ਭੜਕਾਇਆ ਨਾ ਗਿਆ ਤਾਂ ਭਾਜਪਾ ਪਾਸੋਂ ਦੇਸ਼ ਦੀ ਸੱਤਾ ਖੁੱਸ ਜਾਵੇਗੀ। ਇਸ ਲਈ ਇਸ ਵਾਰ ਜੇਕਰ ਮੋਦੀ ਲਹਿਰ ਨਹੀਂ ਹੈ ਤਾਂ ਰਾਮ ਦੀ ਲਹਿਰ ਪੈਦਾ ਕਰਕੇ ਸੱਤਾ ਉੱਤੇ ਕਬਜ਼ਾ ਬਰਕਰਾਰ ਰੱਖਿਆ ਜਾਵੇ। ਸੰਘ ਦੀਆਂ ਇਨ੍ਹਾਂ ਕਾਰਵਾਈਆਂ ਤੋਂ ਬਾਅਦ ਇਹ ਸਪੱਸ਼ਟ ਹੈ ਕਿ ਆਉਣ ਵਾਲੇ ਦਿਨ ਸਿਆਸੀ ਤੌਰ ਉੱਤੇ ਬੇਹੱਦ ਗੰਭੀਰ ਹੋਣਗੇ। ਇਹ ਜਮਹੂਰੀ ਤੇ ਧਰਮ ਨਿਰਪੱਖ ਸ਼ਕਤੀਆਂ ਲਈ ਇੱਕ ਚੁਣੌਤੀ ਹੋਵੇਗੀ। ਉਨ੍ਹਾਂ ਨੂੰ ਇਹ ਸਮਝਣਾ ਪਵੇਗਾ ਕਿ ਉਨ੍ਹਾਂ ਦਾ ਇੱਕਮੁੱਠ ਸੰਘਰਸ਼ ਹੀ ਇਨ੍ਹਾਂ ਵੰਡ-ਪਾਊ ਕੁਚਾਲਾਂ ਦਾ ਮੁਕਾਬਲਾ ਕਰ ਸਕਦਾ ਹੈ।

1323 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper