Latest News
ਪੰਜਾਬ ਦਾ ਅਮਨ ਕਾਇਮ ਰਹੇ

Published on 19 Nov, 2018 11:09 AM.


ਐਤਵਾਰ ਦੀ ਸਵੇਰੇ ਨੂੰ ਅੰਮ੍ਰਿਤਸਰ ਜ਼ਿਲੇ ਵਿੱਚ ਰਾਜਾਸਾਂਸੀ ਨਿਰੰਕਾਰੀ ਭਵਨ ਵਿੱਚ ਹੁੰਦੇ ਸਤਿਸੰਗ ਉੱਤੇ ਹਮਲਾ ਹੋਣ ਦੀ ਘਟਨਾ ਬਾਰੇ ਖੜੇ ਪੈਰ ਕੋਈ ਪ੍ਰਤੀਕਰਮ ਦੇਣ ਦੀ ਥਾਂ ਅਸੀਂ ਇੱਕ ਪੂਰਾ ਦਿਨ ਉਡੀਕ ਕੀਤੀ ਹੈ, ਤਾਂ ਜੁ ਸਾਰੇ ਵੇਰਵੇ ਹਾਸਲ ਹੋ ਜਾਣ। ਸੋਮਵਾਰ ਸਵੇਰ ਤੱਕ ਸਾਰੇ ਵੇਰਵੇ ਮੀਡੀਏ ਨੇ ਪੇਸ਼ ਕਰ ਦਿੱਤੇ ਹਨ। ਖਬਰ ਦਾ ਸਾਰ ਦੱਸਦਾ ਹੈ ਕਿ ਸਤਿਸੰਗ ਭਵਨ ਦੇ ਅੰਦਰ ਜਦੋਂ ਸੰਗਤ ਬੈਠੀ ਹੋਈ ਤੇ ਉਨ੍ਹਾਂ ਦਾ ਪ੍ਰੋਗਰਾਮ ਚੱਲ ਰਿਹਾ ਸੀ ਤਾਂ ਅਚਾਨਕ ਦੋ ਮੋਟਰਸਾਈਕਲ ਸਵਾਰ ਉਸ ਦੇ ਵਿੱਚ ਜ਼ਬਰਦਸਤੀ ਗਏ ਤੇ ਗਰਨੇਡ ਸੁੱਟ ਕੇ ਨਿਕਲ ਗਏ। ਇਸ ਘਟਨਾ ਵਿੱਚ ਤਿੰਨ ਜਣਿਆਂ ਦੀ ਖੜੇ ਪੈਰ ਮੌਤ ਹੋਣ ਤੇ ਕਰੀਬ ਦਸ ਕੁ ਜਣਿਆਂ ਦੇ ਸਖਤ ਜ਼ਖਮੀ ਹੋਣ ਦੀ ਖਬਰ ਹੈ। ਇਹ ਸਾਰੀ ਘਟਨਾ ਦੁਖਦਾਈ ਹੈ।
ਸਾਰੀ ਘਟਨਾ ਨੂੰ ਮੁੱਢਲੇ ਤੌਰ ਉੱਤੇ ਹਰ ਕੋਈ ਇਸ ਲਈ ਦੁਖਦਾਈ ਕਹਿ ਰਿਹਾ ਹੈ ਕਿ ਅੰਦਰ ਬੈਠ ਸਤਿਸੰਗ ਕਰ ਰਹੇ ਲੋਕ ਕਿਸੇ ਦੇ ਵਿਰੁੱਧ ਕੁਝ ਨਹੀਂ ਸਨ ਕਹਿ ਰਹੇ, ਸਿਰਫ ਆਪਣੇ ਵਿਸ਼ਵਾਸ ਦੇ ਮੁਤਾਬਕ ਧਾਰਮਿਕ ਕਾਰਜ ਹੀ ਕਰਦੇ ਪਏ ਸਨ ਤੇ ਜਿਨ੍ਹਾਂ ਨੇ ਗਰਨੇਡ ਸੁੱਟਿਆ, ਉਨ੍ਹਾਂ ਨਾਲ ਕਿਸੇ ਤਰ੍ਹਾਂ ਦੀ ਕੋਈ ਦੁਸ਼ਮਣੀ ਵੀ ਨਹੀਂ ਸੀ। ਕਈ ਲੋਕ ਕੱਲ੍ਹ ਵਾਲੀ ਇਸ ਘਟਨਾ ਨੂੰ ਚਾਲੀ ਸਾਲ ਪਹਿਲਾਂ ਅੰਮ੍ਰਿਤਸਰ ਵਿੱਚ ਸਿੱਖਾਂ ਦੇ ਕੁਝ ਸੰਗਠਨਾਂ ਅਤੇ ਨਿਰੰਕਾਰੀ ਮੱਤ ਦੇ ਪੈਰੋਕਾਰਾਂ ਦੇ ਝਗੜੇ ਨਾਲ ਮੇਲ ਕੇ ਪੇਸ਼ ਕਰ ਰਹੇ ਹਨ। ਅਸਲ ਵਿੱਚ ਦੋਵਾਂ ਦਾ ਕੋਈ ਮੇਲ ਨਹੀਂ ਬਣ ਸਕਦਾ। ਓਦੋਂ ਦੋਵਾਂ ਧਿਰਾਂ ਵਿੱਚ ਕਈ ਗੱਲਾਂ ਦਾ ਮੱਤਭਦੇ ਹੋਣ ਕਾਰਨ ਪਹਿਲਾਂ ਤੋਂ ਟਕਰਾਅ ਵਾਲੀ ਸਥਿਤੀ ਸੀ ਤੇ ਨਿਰੰਕਾਰੀਆਂ ਦਾ ਸਮਾਗਮ ਰੋਕਣ ਦਾ ਐਲਾਨ ਕਰ ਕੇ ਇੱਕ ਧਿਰ ਉਸ ਪਾਸੇ ਗਈ ਸੀ, ਜਿੱਥੇ ਦੁਵੱਲੇ ਝਗੜੇ ਵਿੱਚ ਸਤਾਰਾਂ ਮੌਤਾਂ ਹੋ ਗਈਆਂ ਸਨ। ਏਥੇ ਟਕਰਾਅ ਵਾਲੀ ਕੋਈ ਅਗਾਊਂ ਸਥਿਤੀ ਨਹੀਂ ਸੀ ਤੇ ਇਹ ਵੀ ਕਿਸੇ ਨੇ ਐਲਾਨ ਨਹੀਂ ਸੀ ਕੀਤਾ ਕਿ ਉਨ੍ਹਾਂ ਨੂੰ ਸਮਾਗਮ ਨਹੀਂ ਕਰਨ ਦੇਣਾ, ਸਗੋਂ ਅਚਾਨਕ ਹਮਲਾ ਕਰ ਕੇ ਕਾਤਲਾਂ ਨੇ ਅੰਦਰ ਸ਼ਾਂਤਮਈ ਬੈਠੇ ਲੋਕਾਂ ਉੱਤੇ ਇੱਕ ਗਰਨੇਡ ਜਾ ਸੁੱਟਿਆ ਸੀ। ਜਿਸ ਪੁਰਾਣੇ ਝਗੜੇ ਦੀ ਗੱਲ ਕੀਤੀ ਜਾ ਰਹੀ ਹੈ, ਉਸ ਦੀ ਪਿਛਲੇ ਸਾਢੇ ਤਿੰਨ ਦਹਾਕਿਆਂ ਤੋਂ ਕਦੀ ਕਿਸੇ ਨੇ ਕੋਈ ਚਰਚਾ ਹੀ ਨਹੀਂ ਕੀਤੀ ਤੇ ਜਦੋਂ ਨਿਰੰਕਾਰੀ ਸੰਪਰਦਾ ਦੇ ਉਸ ਵਕਤ ਦੇ ਮੁਖੀ ਦਾ ਕਤਲ ਹੋ ਗਿਆ ਤਾਂ ਉਸ ਤੋਂ ਬਾਅਦ ਉਨ੍ਹਾਂ ਦਾ ਵਿਰੋਧ ਕਰਨ ਵਾਲੇ ਸੰਗਠਨਾਂ ਨੇ ਵੀ ਕੋਈ ਇਹੋ ਜਿਹੀ ਗੱਲ ਨਹੀਂ ਸੀ ਕਹੀ ਕਿ ਇਸ ਸੰਪਰਦਾ ਨਾਲ ਅੱਗੋਂ ਵੀ ਕਿਸੇ ਤਰ੍ਹਾਂ ਦੀ ਦੁਸ਼ਮਣੀ ਜਾਰੀ ਰਹੇਗੀ। ਦੋਵੇਂ ਧਿਰਾਂ ਸ਼ਾਂਤਮਈ ਚੱਲ ਰਹੀਆਂ ਸਨ।
ਹਰ ਹੋਰ ਘਟਨਾ ਨੂੰ ਰਾਜਨੀਤੀ ਦੀਆਂ ਐਨਕਾਂ ਦੇ ਸ਼ੀਸ਼ੇ ਵਿੱਚੋਂ ਵੇਖਣ ਵਾਲਿਆਂ ਨੇ ਇਸ ਵਾਰੀ ਵੀ ਰਾਜਨੀਤਕ ਨਜ਼ਰੀਏ ਤੋਂ ਵੇਖਣ ਦੀ ਕੋਸ਼ਿਸ਼ ਕੀਤੀ ਹੈ। ਕੁਝ ਲੋਕਾਂ ਨੇ ਰਾਜ ਸਰਕਾਰ ਦਾ ਦੋਸ਼ ਕੱਢਿਆ ਅਤੇ ਕੁਝ ਨੇ ਕੇਂਦਰ ਸਰਕਾਰ ਦੀਆਂ ਸੂਹੀਆ ਅਤੇ ਸੁਰੱਖਿਆ ਏਜੰਸੀਆਂ ਵੱਲ ਉਂਗਲ ਉਠਾਈ ਹੈ। ਇੱਕ ਵਿਧਾਇਕ ਨੇ ਤਾਂ ਇਸ ਬਾਰੇ ਭਾਰਤੀ ਫੌਜ ਦੇ ਮੁਖੀ ਵੱਲ ਵੀ ਬਹੁਤ ਅਜੀਬ ਜਿਹਾ ਇਸ਼ਾਰਾ ਕਰ ਦਿੱਤਾ ਹੈ, ਜਿਹੜਾ ਕਿਵੇਂ ਵੀ ਕੀਤਾ ਨਹੀਂ ਸੀ ਜਾਣਾ ਚਾਹੀਦਾ। ਇਸ ਮਾਮਲੇ ਦੀ ਜਾਂਚ ਵਿੱਚ ਬਾਅਦ ਵਿੱਚ ਜੋ ਕੁਝ ਵੀ ਨਿਕਲੇ, ਉਸ ਦੀ ਉਡੀਕ ਕਰਨ ਤੱਕ ਬੇਲੋੜੀ ਬਿਆਨਬਾਜ਼ੀ ਤੋਂ ਬਚਣ ਦੀ ਲੋੜ ਹੈ। ਉਂਜ ਇਹ ਘਟਨਾ ਨਾ ਹੋ ਕੇ ਉਨ੍ਹਾਂ ਘਟਨਾਵਾਂ ਦੀ ਇੱਕ ਲੜੀ ਦਾ ਹਿੱਸਾ ਵੀ ਹੋ ਸਕਦੀ ਹੈ, ਜਿਹੜੀਆਂ ਪਿਛਲੀ ਸਰਕਾਰ ਦੇ ਵਕਤ ਕੁਝ ਖਾਸ ਰਾਜਨੀਤਕ ਧਿਰ ਨਾਲ ਜੁੜੇ ਹੋਏ ਆਗੂਆਂ ਉੱਤੇ ਹੋਏ ਕਾਤਲਾਨਾ ਹਮਲਿਆਂ ਜਾਂ ਕਤਲਾਂ ਨਾਲ ਸੰਬੰਧਤ ਸਨ ਅਤੇ ਚੋਣਾਂ ਪਿੱਛੋਂ ਨਵੀਂ ਸਰਕਾਰ ਦੇ ਆ ਜਾਣ ਪਿੱਛੋਂ ਵੀ ਗਾਹੇ-ਬਗਾਹੇ ਹੋਈ ਜਾ ਰਹੀਆਂ ਹਨ। ਫਿਰ ਵੀ ਜਾਂਚ ਦੀ ਉਡੀਕ ਕਰ ਲੈਣੀ ਚਾਹੀਦੀ ਹੈ।
ਇੱਕ ਗੱਲ ਅਤੇ ਇੱਕੋ ਇੱਕ ਗੱਲ ਜਿਹੜੀ ਕਿਸੇ ਵੀ ਤਰ੍ਹਾਂ ਦੀ ਝਿਜਕ ਦੇ ਬਗੈਰ ਕਹੀ ਜਾ ਸਕਦੀ ਹੈ, ਉਹ ਪਾਕਿਸਤਾਨ ਦੀ ਖੁਫੀਆ ਏਜੰਸੀ ਅਤੇ ਉਸ ਦੇ ਪਾਲੇ ਹੋਏ ਦਹਿਸ਼ਤਗਰਦ ਟੋਲਿਆਂ ਦਾ ਹੱਥ ਹੋਣ ਦੀ ਹੈ। ਗਵਾਂਢੀ ਦੇਸ਼ ਦੀ ਇਸ ਏਜੰਸੀ ਦੇ ਕਿਰਾਏ ਦੇ ਕਾਰਿੰਦੇ ਤੇ ਜਨੂੰਨ ਦੀ ਪੁੱਠ ਚਾੜ੍ਹ ਕੇ ਮਛਰਾਏ ਹੋਏ ਛੋਕਰੇ ਜਿਸ ਤਰ੍ਹਾਂ ਆਏ ਦਿਨ ਭਾਰਤ ਦੇ ਜੰਮੂ-ਕਸ਼ਮੀਰ ਵਿੱਚ ਲਗਾਤਾਰ ਵਾਰਦਾਤਾਂ ਕਰੀ ਜਾ ਰਹੇ ਹਨ, ਉਸ ਵੱਲ ਵੇਖਿਆ ਜਾਵੇ ਤਾਂ ਉਨ੍ਹਾਂ ਦੀਆਂ ਸਾਜ਼ਿਸ਼ਾਂ ਨੂੰ ਸਿਰੇ ਚਾੜ੍ਹਨ ਦੀ ਲੋੜ ਮੁਤਾਬਕ ਪੰਜਾਬ ਦੇ ਹਾਲਾਤ ਜਾਣ-ਬੁੱਝ ਕੇ ਵਿਗਾੜਨ ਲਈ ਵੀ ਇਹ ਕਾਂਡ ਕਰਵਾਇਆ ਗਿਆ ਹੋ ਸਕਦਾ ਹੈ। ਪਹਿਲਾਂ ਕਿਸੇ ਵੇਲੇ ਭਾਰਤ ਦੀ ਫੌਜ ਨੂੰ ਕਸ਼ਮੀਰ ਘਾਟੀ ਵਿੱਚ ਘੇਰਨ ਲਈ ਉਨ੍ਹਾਂ ਨੇ ਜੰਮੂ ਨੇੜੇ ਅਖਨੂਰ ਸੈਕਟਰ ਵਿੱਚੋਂ ਹਮਲਾ ਕਰ ਕੇ ਪਠਾਨਕੋਟ ਤੋਂ ਅੱਗੇ ਰਾਵੀ ਦਰਿਆ ਦੇ ਮਾਧੋਪੁਰ ਵਾਲੇ ਪੁਲ ਨੂੰ ਕੱਟਣ ਦੀ ਕੋਸ਼ਿਸ਼ ਕੀਤੀ ਸੀ, ਪਰ ਕਾਮਯਾਬ ਨਹੀਂ ਸੀ ਹੋਏ। ਫਿਰ ਇੱਕ ਵਾਰ ਸਾਡੇ ਪੰਜਾਬ ਵਿੱਚ ਕੁਝ ਇਹੋ ਜਿਹੇ ਕਾਂਡ ਕਰਵਾਏ ਸਨ ਕਿ ਭਾਰਤ ਸਰਕਾਰ ਖੁਦ ਹੀ ਮਾਧੋਪੁਰ ਵਾਲੇ ਪੁਲ ਤੋਂ ਉਰੇ ਪੰਜਾਬ ਦੇ ਵਿੱਚ ਉਲਝ ਜਾਵੇ ਤੇ ਰਾਵੀ ਪਾਰਲੇ ਖੇਤਰਾਂ ਵਿੱਚ ਉਹ ਦਹਿਸ਼ਤਗਰਦਾਂ ਦੇ ਰਾਹੀਂ ਆਪਣੀਆਂ ਗੁੰਦੀਆਂ ਹੋਈਆਂ ਗੋਂਦਾਂ ਉੱਤੇ ਅਮਲ ਦੇ ਲਈ ਸਰਗਰਮੀ ਤੇਜ਼ ਕਰ ਸਕਣ। ਓਦੋਂ ਵੀ ਉਨ੍ਹਾਂ ਦੀ ਦਾਲ ਨਹੀਂ ਸੀ ਗਲੀ ਤੇ ਭਾਰਤੀ ਫੋਰਸਾਂ ਨੇ ਮੌਕਾ ਸੰਭਾਲ ਲਿਆ ਸੀ।
ਜਿਹੜਾ ਕੁਝ ਇਸ ਐਤਵਾਰ ਨੂੰ ਹੋਇਆ ਹੈ, ਇਸ ਵਿੱਚੋਂ ਖੜੇ ਪੈਰ ਨਿਰੰਕਾਰੀ ਭਾਈਚਾਰੇ ਨਾਲ ਕਿਸੇ ਦੇ ਸਿੱਧੇ ਦੁਸ਼ਮਣ ਹੋਣ ਵਾਲੀ ਕਹਾਣੀ ਬਹੁਤੇ ਲੋਕਾਂ ਨੂੰ ਇਸ ਲਈ ਹਜ਼ਮ ਨਹੀਂ ਹੋ ਰਹੀ ਕਿ ਪਿਛਲੇ ਦਿਨਾਂ ਵਿੱਚ ਇਹੋ ਜਿਹੇ ਕਿਸੇ ਵਿਰੋਧ ਦੇ ਬਾਰੇ ਸੁਣਿਆ ਹੀ ਨਹੀਂ ਸੀ ਗਿਆ। ਕੱਲ੍ਹ ਨੂੰ ਕੀ ਨਿਕਲਦਾ ਹੈ, ਇਹ ਤਾਂ ਪਤਾ ਨਹੀਂ, ਪਰ ਇਸ ਵੇਲੇ ਹਰ ਕਿਸੇ ਨੂੰ ਸਿਰਫ ਇਸ ਗੱਲ ਬਾਰੇ ਚਿੰਤਾ ਕਰਨੀ ਚਾਹੀਦੀ ਹੈ ਕਿ ਸਾਡੇ ਪੰਜਾਬ ਦਾ ਅਮਨ ਕਾਇਮ ਰਹੇ, ਅਮਨ ਤੋਂ ਵੱਡਾ ਹੋਰ ਕੁਝ ਨਹੀਂ।
-ਜਤਿੰਦਰ ਪਨੂੰ

1443 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
SSA Pannu ...

e-Paper