Latest News
ਪ੍ਰਗਟਾਵੇ ਦੀ ਆਜ਼ਾਦੀ 'ਤੇ ਵਾਰ

Published on 21 Nov, 2018 11:34 AM.


ਸਹਿਣਸ਼ੀਲਤਾ ਤੇ ਪ੍ਰਗਟਾਵੇ ਦੀ ਆਜ਼ਾਦੀ ਲੋਕਤੰਤਰੀ ਵਿਵਸਥਾ ਦਾ ਮੂਲ ਆਧਾਰ ਹੁੰਦੇ ਹਨ। ਸਾਡਾ ਸੰਵਿਧਾਨ ਹਰ ਨਾਗਰਿਕ ਨੂੰ ਵਿਚਾਰਾਂ ਦੀ ਸੁਤੰਤਰਤਾ ਦਾ ਅਧਿਕਾਰ ਦਿੰਦਾ ਹੈ। ਸਰਕਾਰ ਦੀ ਇਹ ਜ਼ਿੰਮੇਵਾਰੀ ਹੁੰਦੀ ਹੈ ਕਿ ਉਹ ਹਰ ਵਿਅਕਤੀ ਦੇ ਵਿਚਾਰਾਂ ਦੇ ਪ੍ਰਗਟਾਵੇ ਦੇ ਅਧਿਕਾਰ ਦੀ ਰਾਖੀ ਕਰੇ, ਭਾਵੇਂ ਉਹ ਵਿਚਾਰ ਮੌਜੂਦਾ ਹਾਕਮਾਂ ਦੇ ਹੀ ਵਿਰੁੱਧ ਕਿਉਂ ਨਾ ਜਾਂਦੇ ਹੋਣ। ਪਰ ਪਿਛਲੇ ਕਾਫ਼ੀ ਸਮੇਂ ਤੋਂ ਪ੍ਰਗਟਾਵੇ ਦੇ ਅਧਿਕਾਰ ਨੂੰ ਸੀਮਤ ਕੀਤੇ ਜਾਣ ਦੀਆਂ ਕੋਸ਼ਿਸ਼ਾਂ ਹੁੰਦੀਆਂ ਰਹੀਆਂ ਹਨ। ਮੌਜੂਦਾ ਭਾਜਪਾ ਸਰਕਾਰ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਤਾਂ ਇਹ ਨਾਕਾਰਾਤਮਕ ਰੁਝਾਨ ਹਰ ਖੇਤਰ ਵਿੱਚ ਫੈਲ ਚੁੱਕਾ ਹੈ। ਪਹਿਲਾਂ ਤਾਂ ਸਿਰਫ਼ ਧਾਰਮਿਕ ਖੇਤਰ ਵਿੱਚ ਹੀ ਪ੍ਰਗਟਾਵੇ ਦੀ ਆਜ਼ਾਦੀ ਉੱਤੇ ਕੁਝ ਰੋਕਾਂ ਸਨ, ਪਰ ਹੁਣ ਸਿਆਸੀ, ਸਮਾਜੀ, ਸੱਭਿਆਚਾਰਕ ਤੇ ਸਾਹਿਤਕ ਖੇਤਰ ਵਿੱਚ ਵੀ ਵਿਰੋਧ ਦੀ ਆਵਾਜ਼ ਨੂੰ ਦਬਾਉਣ ਦਾ ਸਿਲਸਿਲਾ ਸ਼ੁਰੂ ਹੋ ਚੁੱਕਾ ਹੈ। ਹਿੰਦੂਤੱਵੀਆਂ ਵੱਲੋਂ ਵਿਰੋਧ ਦੀ ਆਵਾਜ਼ ਨੂੰ ਕੁਚਲਣ ਦਾ ਪੁਰਾਣਾ ਇਤਿਹਾਸ ਹੈ। ਖੱਬੇ-ਪੱਖੀ ਚਿੰਤਕਾਂ ਗੋਬਿੰਦ ਪਾਂਸਰੇ, ਨਰਿੰਦਰ ਡਾਬੋਲਕਰ, ਐੱਮ ਐੱਮ ਕੁਲਬੁਰਗੀ ਤੇ ਗੌਰੀ ਲੰਕੇਸ਼ ਨੂੰ ਇਸ ਲਈ ਕਤਲ ਕਰ ਦਿੱਤਾ ਗਿਆ, ਕਿਉਂਕਿ ਉਹ ਫ਼ਿਰਕੂ ਸਦਭਾਵਨਾ ਦਾ ਸੁਨੇਹਾ ਦਿੰਦੇ ਸਨ ਤੇ ਫੁੱਟ-ਪਾਊ ਸ਼ਕਤੀਆਂ ਦਾ ਵਿਰੋਧ ਕਰਦੇ ਸਨ।
ਇਹਨੀਂ ਦਿਨੀਂ ਅਰਬਨ ਨਕਸਲ ਦੀ ਇੱਕ ਨਵੀਂ ਮਿੱਥ ਘੜ ਕੇ ਹਰ ਉਸ ਬੁੱਧੀਜੀਵੀ ਨੂੰ ਡਰਾਇਆ-ਧਮਕਾਇਆ ਜਾ ਰਿਹਾ ਹੈ, ਜਿਹੜਾ ਹਿੰਦੂਤੱਵੀ ਵਿਚਾਰਧਾਰਾ ਜਾਂ ਨਰਿੰਦਰ ਮੋਦੀ ਤੇ ਭਾਜਪਾ ਦਾ ਵਿਰੋਧ ਕਰਦਾ ਹੈ। ਭੀਮਾ-ਕੋਰੇਗਾਂਵ ਮਾਮਲੇ ਨਾਲ ਜੋੜ ਕੇ ਹੁਣ ਤੱਕ ਦਰਜਨ ਦੇ ਕਰੀਬ ਬੁੱਧੀਜੀਵੀਆਂ ਨੂੰ ਸੀਖਾਂ ਪਿੱਛੇ ਬੰਦ ਕੀਤਾ ਜਾ ਚੁੱਕਾ ਹੈ। ਇਹ ਸਿਲਸਿਲਾ ਲਗਾਤਾਰ ਜਾਰੀ ਹੈ। ਭਾਜਪਾ ਦਾ ਸੋਸ਼ਲ ਮੀਡੀਆ ਸੈੱਲ ਹਰ ਉਸ ਚਿੰਤਕ, ਲੇਖਕ ਜਾਂ ਗਾਇਕ ਉੱਤੇ ਅਰਬਨ ਨਕਸਲ ਦਾ ਲੇਬਲ ਚਿਪਕਾਉਣ ਲਈ ਲਗਾਤਾਰ ਸਰਗਰਮ ਹੈ, ਜਿਹੜਾ ਉਨ੍ਹਾਂ ਨੂੰ ਵਿਰੋਧੀ ਜਾਪਦਾ ਹੈ।
ਤਾਜ਼ਾ ਘਟਨਾ ਦਿੱਲੀ ਦੀ ਹੈ, ਜਿੱਥੇ ਕਰਨਾਟਕ ਸੰਗੀਤ ਦੇ ਮੰਨੇ-ਪ੍ਰਮੰਨੇ ਗਾਇਕ ਟੀ ਐੱਮ ਕ੍ਰਿਸ਼ਨਾ ਨੇ 17 ਨਵੰਬਰ ਨੂੰ ਇੱਕ ਪ੍ਰੋਗਰਾਮ ਵਿੱਚ ਸ਼ਾਮਲ ਹੋਣਾ ਸੀ। ਚਾਣਕਿਆਪੁਰੀ ਦੇ ਨਹਿਰੂ ਪਾਰਕ ਵਿੱਚ ਹੋਣ ਵਾਲੇ 'ਡਾਂਸ ਐਂਡ ਮਿਊਜ਼ੀਕਲ ਇਨ ਦਾ ਪਾਰਕ' ਪ੍ਰੋਗਰਾਮ ਦਾ ਆਯੋਜਨ ਏਅਰਪੋਰਟ ਅਥਾਰਟੀ ਆਫ਼ ਇੰਡੀਆ (ਏ ਏ ਆਈ) ਨੇ ਕਰਨਾ ਸੀ। ਪੰਜ ਨਵੰਬਰ ਨੂੰ ਏ ਏ ਆਈ ਨੇ ਆਪਣੇ ਟਵਿੱਟਰ ਹੈਂਡਲ ਰਾਹੀਂ ਇਸ ਪ੍ਰੋਗਰਾਮ ਦਾ ਐਲਾਨ ਕੀਤਾ ਤੇ ਕਲਾਕਾਰਾਂ ਦੀ ਲਿਸਟ ਵੀ ਜਾਰੀ ਕਰ ਦਿੱਤੀ। ਇਸ ਤੋਂ ਬਾਅਦ ਭਾਜਪਾ ਦੇ ਮੀਡੀਆ ਸੈੱਲ ਵਾਲਿਆਂ ਨੇ ਟੀ ਐੱਮ ਕ੍ਰਿਸ਼ਨਾ ਵਿਰੁੱਧ ਮੁਹਿੰਮ ਸ਼ੁਰੂ ਕਰ ਦਿੱਤੀ। ਉਨ੍ਹਾਂ ਟੀ ਐੱਮ ਕ੍ਰਿਸ਼ਨਾ ਨੂੰ ਭਾਰਤ ਵਿਰੋਧੀ ਤੇ ਅਰਬਨ ਨਕਸਲ ਵਜੋਂ ਪ੍ਰਚਾਰਨਾ ਸ਼ੁਰੂ ਕਰ ਦਿੱਤਾ। ਕ੍ਰਿਸ਼ਨਾ ਨੂੰ ਉਸ ਦੀਆਂ ਸੇਵਾਵਾਂ ਬਦਲੇ 2016 ਦਾ ਰੇਮਨ ਮੈਗਸੈਸੇ ਐਵਾਰਡ ਵੀ ਮਿਲ ਚੁੱਕਾ ਹੈ। ਮੈਗਸੈਸੇ ਕਮੇਟੀ ਮੁਤਾਬਕ ਕ੍ਰਿਸ਼ਨਾ ਨੇ ਸੰਸਕ੍ਰਿਤੀ ਨੂੰ ਦਲਿਤਾਂ ਅਤੇ ਗ਼ਰੀਬਾਂ ਵਿੱਚ ਲੈ ਕੇ ਜਾਣ ਦਾ ਸ਼ਲਾਘਾ ਯੋਗ ਕੰਮ ਕੀਤਾ ਹੈ। ਟੀ ਐੱਮ ਕ੍ਰਿਸ਼ਨਾ ਗਾਇਣ ਤੋਂ ਇਲਾਵਾ ਸਮਾਜਿਕ ਤੇ ਸੰਸਕ੍ਰਿਤਕ ਮੁੱਦਿਆਂ ਉੱਤੇ ਕਿਤਾਬਾਂ ਵੀ ਲਿਖ ਚੁੱਕੇ ਹਨ। ਆਪਣੇ ਵਿਚਾਰਾਂ ਪੱਖੋਂ ਉਹ ਹਿੰਦੂਤੱਵ ਵਿਰੋਧੀ ਹਨ। ਇਸੇ ਲਈ ਉਹ ਹਿੰਦੂਤੱਵੀਆਂ ਦੇ ਨਿਸ਼ਾਨੇ ਉੱਤੇ ਰਹਿੰਦੇ ਹਨ। ਇਸ ਮੁਹਿੰਮ ਤੋਂ ਬਾਅਦ ਏਅਰਪੋਰਟ ਅਥਾਰਟੀ ਆਫ਼ ਇੰਡੀਆ ਨੇ ਉਸ ਦਾ ਪ੍ਰੋਗਰਾਮ ਰੱਦ ਕਰ ਦਿੱਤਾ।
ਇਹ ਤਸੱਲੀ ਵਾਲੀ ਗੱਲ ਹੈ ਕਿ ਪ੍ਰੋਗਰਾਮ ਰੱਦ ਹੋਣ ਤੋਂ ਬਾਅਦ ਟੀ ਐੱਮ ਕ੍ਰਿਸ਼ਨਾ ਨੇ ਕਿਹਾ, ''ਮੈਨੂੰ ਦਿੱਲੀ ਵਿੱਚ 17 ਨਵੰਬਰ ਨੂੰ ਇੱਕ ਸਟੇਜ ਦੇ ਦਿਓ, ਮੈਂ ਆਊਂਗਾ ਅਤੇ ਗਾਊਂਗਾ।'' ਅਸੀਂ ਇਸ ਤਰ੍ਹਾਂ ਦੀਆਂ ਧਮਕੀਆਂ ਅੱਗੇ ਖ਼ੁਦ ਨੂੰ ਝੁਕਾ ਨਹੀਂ ਸਕਦੇ। ਇਸ ਤੋਂ ਬਾਅਦ ਦਿੱਲੀ ਦੀ 'ਆਪ' ਸਰਕਾਰ ਮੈਦਾਨ ਵਿੱਚ ਆਈ ਤੇ 17 ਨਵੰਬਰ ਨੂੰ ਸਾਊਥ ਦਿੱਲੀ ਦੇ 'ਗਾਰਡਨ ਆਫ਼ ਫ਼ਾਈਵ ਸੈਂਸਿਸ ਵਿੱਚ ਟੀ ਐੱਮ ਕ੍ਰਿਸ਼ਨ ਦਾ ਪ੍ਰੋਗਰਾਮ 'ਅਵਾਮ ਦੀ ਆਵਾਜ਼' ਬੈਨਰ ਹੇਠ ਆਯੋਜਤ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਵੱਡੀ ਗਿਣਤੀ ਵਿੱਚ ਦਿੱਲੀ ਵਾਸੀਆਂ ਨੇ ਸ਼ਮੂਲੀਅਤ ਕੀਤੀ।
ਇਸ ਪ੍ਰੋਗਰਾਮ ਤੋਂ ਇੱਕ ਦਿਨ ਪਹਿਲਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਵੀ ਅਜਿਹੀ ਹੀ ਸਥਿਤੀ ਦਾ ਸਾਹਮਣਾ ਕਰਨਾ ਪਿਆ ਸੀ। ਹਰਿਆਣਾ ਦੇ ਕਰਨਾਲ ਜ਼ਿਲ੍ਹੇ ਦੇ ਬਾਲ ਪਬਾਨਾ ਪਿੰਡ ਦੇ ਵਸਨੀਕਾਂ ਦੀ ਮੰਗ ਉੱਤੇ ਉਨ੍ਹਾ ਉੱਥੇ ਜਾਣਾ ਸੀ। ਉਨ੍ਹਾ ਉੱਥੇ ਇੱਕ ਜਨਤਕ ਇਕੱਠ ਨੂੰ ਸੰਬੋਧਨ ਕਰਨਾ ਸੀ, ਪਰ ਸਥਾਨਕ ਅਧਿਕਾਰੀਆਂ ਵੱਲੋਂ ਉਸ ਨੂੰ ਪਾਣੀਪਤ ਵਿਖੇ ਹੀ ਰੋਕ ਲਿਆ ਗਿਆ। ਅਧਿਕਾਰੀਆਂ ਮੁਤਾਬਕ ਬਾਲ ਪਬਾਨਾ ਪਿੰਡ ਨੂੰ ਕੁਝ ਵਿਅਕਤੀਆਂ ਵੱਲੋਂ ਘੇਰਾ ਪਾਇਆ ਹੋਇਆ ਹੈ ਤੇ ਪਿੰਡ ਨੂੰ ਜਾਂਦੇ ਰਾਹ ਉੱਤੇ ਟਰੈਕਟਰ-ਟਰਾਲੀਆਂ ਲਾ ਕੇ ਟ੍ਰੈਫ਼ਿਕ ਜਾਮ ਕੀਤਾ ਹੋਇਆ ਹੈ। 'ਆਪ' ਆਗੂਆਂ ਦਾ ਦੋਸ਼ ਹੈ ਕਿ ਇਹ ਸਾਰੇ ਲੋਕ ਭਾਜਪਾ ਤੇ ਆਰ ਐੱਸ ਐੱਸ ਨਾਲ ਸੰਬੰਧਤ ਸਨ। ਇਹੋ ਨਹੀਂ, ਜਦੋਂ ਕੇਜਰੀਵਾਲ ਪਾਣੀਪਤ ਦੇ ਰੈਸਟ ਹਾਊਸ ਵਿੱਚ ਪ੍ਰੈੱਸ ਕਾਨਫ਼ਰੰਸ ਕਰ ਰਹੇ ਸਨ ਤਾਂ ਭਾਜਪਾ ਦੇ ਕੁਝ ਆਗੂਆਂ ਨੇ ਉਨ੍ਹਾ ਨੂੰ ਬਾਲ ਪਬਾਨਾ ਪਿੰਡ ਜਾਣ ਲਈ ਧਮਕਾਇਆ। ਯਾਦ ਰਹੇ ਕਿ ਭਾਜਪਾ ਦੇ ਮੀਡੀਆ ਸੈੱਲ ਵਾਲਿਆਂ ਵੱਲੋਂ ਅਰਵਿੰਦ ਕੇਜਰੀਵਾਲ ਉੱਪਰ ਵੀ ਅਰਬਨ ਨਕਸਲ ਦਾ ਲੇਬਲ ਚਿਪਕਾਇਆ ਹੋਇਆ ਹੈ।
ਆਖ਼ਰੀ ਘਟਨਾ ਮੱਧ ਪ੍ਰਦੇਸ਼ ਦੇ ਗਵਾਲੀਅਰ ਦੀ ਹੈ, ਜਿੱਥੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਸਾਬਕਾ ਆਗੂ ਕਨੱ੍ਹਈਆ ਕੁਮਾਰ ਤੇ ਗੁਜਰਾਤ ਦੇ ਵਿਧਾਇਕ ਜਿਗਨੇਸ਼ ਮੇਵਾਨੀ ਨੇ ਇੱਕ ਸੈਮੀਨਾਰ ਨੂੰ ਸੰਬੋਧਨ ਕਰਨਾ ਸੀ। ਦੋਵੇਂ ਆਗੂ ਜਦੋਂ ਸੈਮੀਨਾਰ ਵਾਲੀ ਥਾਂ ਪੁੱਜੇ ਤਾਂ ਉੱਥੇ ਹਿੰਦੂ ਸੈਨਾ ਨਾਂਅ ਦੀ ਇੱਕ ਜਥੇਬੰਦੀ ਦੇ ਵਰਕਰ ਪਹਿਲਾਂ ਤੋਂ ਮੌਜੂਦ ਸਨ। ਉਨ੍ਹਾਂ ਨਾਹਰੇਬਾਜ਼ੀ ਕਰਦਿਆਂ ਕਾਰ ਨੂੰ ਘੇਰ ਲਿਆ ਤੇ ਉਨ੍ਹਾਂ ਉੱਤੇ ਸਿਆਹੀ ਸੁੱਟ ਦਿੱਤੀ। ਇਹੋ ਨਹੀਂ, ਹੁੜਦੰਗਬਾਜ਼ਾਂ ਨੇ ਕਨੱ੍ਹਈਆ ਕੁਮਾਰ ਦੇ ਢਿੱਡ ਵਿੱਚ ਮੁੱਕੇ ਵੀ ਮਾਰੇ। ਇਸ ਦੇ ਬਾਵਜੂਦ ਸੈਮੀਨਾਰ ਸਫ਼ਲਤਾ ਪੂਰਵਕ ਸਿਰੇ ਚੜ੍ਹਿਆ ਤੇ ਦੋਹਾਂ ਆਗੂਆਂ ਨੇ ਸੈਮੀਨਾਰ ਨੂੰ ਸੰਬੋਧਨ ਕੀਤਾ।
ਉਪਰੋਕਤ ਤਾਜ਼ੀਆਂ ਘਟਨਾਵਾਂ ਤੋਂ ਸਪੱਸ਼ਟ ਹੈ ਕਿ ਭਾਜਪਾ ਦੀ ਮੋਦੀ ਸਰਕਾਰ ਦੇ ਡਿੱਗ ਰਹੇ ਗਰਾਫ਼ ਨੇ ਹਿੰਦੂਤੱਵੀਆਂ ਨੂੰ ਚਿੰਤਾ ਵਿੱਚ ਪਾ ਦਿੱਤਾ ਹੈ। ਉਨ੍ਹਾਂ ਕੋਲ ਵਿਰੋਧੀ ਵਿਚਾਰਾਂ ਦੇ ਮੁਕਾਬਲੇ ਲਈ ਕੋਈ ਸਪੱਸ਼ਟ ਵਿਚਾਰਧਾਰਾ ਨਹੀਂ ਹੈ। ਹੁਣ ਉਹ ਡਰਾ-ਧਮਕਾ ਕੇ ਅਤੇ ਸੱਤਾ ਦੀ ਤਾਕਤ ਨਾਲ ਵਿਰੋਧੀਆਂ ਨੂੰ ਦਬਾਅ ਕੇ ਮੁੜ ਸੱਤਾ ਦੀ ਪ੍ਰਾਪਤੀ ਦੇ ਸੁਫ਼ਨੇ ਦੇਖ ਰਹੇ ਹਨ, ਜਿਸ ਵਿੱਚ ਉਹ ਕਦੇ ਕਾਮਯਾਬ ਨਹੀਂ ਹੋਣਗੇ।

616 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper