Latest News
ਤੀਸਰੀ ਧਿਰ ਲਈ ਠੀਏ-ਠੱਪੇ ਦੇ ਯਤਨ!

Published on 29 Nov, 2018 08:45 AM.


ਚੋਣਾਂ ਨੇੜੇ ਆਈਆਂ ਤੋਂ ਆਮ ਕਰ ਕੇ ਇਹ ਕੁਝ ਹੋਇਆ ਕਰਦਾ ਹੈ ਕਿ ਕੁਝ ਲੋਕ ਵੱਖ-ਵੱਖ ਪਾਰਟੀਆਂ ਵਿੱਚੋਂ ਨਿਕਲ ਕੇ ਕਿਸੇ ਤੀਸਰੇ ਬਦਲ ਦੀ ਗੱਲ ਛੇੜ ਲੈਂਦੇ ਹਨ। ਬਹੁਤੀ ਵਾਰੀ ਇਹ ਲੋਕ ਉਹੀ ਹੋਇਆ ਕਰਦੇ ਹਨ, ਜਿਹੜੇ ਆਪਣੀ ਪਹਿਲੀ ਪਾਰਟੀ ਕੋਲੋਂ ਟਿਕਟ ਦੀ ਝਾਕ ਨਾ ਹੋਣ ਕਾਰਨ ਇਸ ਤਰ੍ਹਾਂ ਦਾ ਨਵਾਂ ਵਿੱਢ ਵਿੱਢਦੇ ਹਨ ਕਿ ਪਾਰਟੀ ਉਨ੍ਹਾਂ ਨੂੰ ਮਨਾਉਣ ਖ਼ਾਤਰ ਉਸ ਹਲਕੇ ਦੀ ਟਿਕਟ ਉਨ੍ਹਾਂ ਨੂੰ ਦੇਣ ਦੀ ਹਾਂ ਕਰ ਦੇਵੇ, ਪਰ ਕਈ ਵਾਰ ਏਦਾਂ ਦੇ ਲੋਕ ਇਹੋ ਜਿਹੀ ਖੇਡ ਵਿੱਚ ਪਹਿਲੀ ਭੱਲ ਵੀ ਗਵਾ ਲਿਆ ਕਰਦੇ ਹਨ। ਪਾਰਟੀ ਇਹ ਸੋਚਣ ਲੱਗ ਪੈਂਦੀ ਹੈ ਕਿ ਜਿੱਤ ਗਿਆ ਤਾਂ ਫਿਰ ਵੀ ਇਹੋ ਕੁਝ ਕਰਦਾ ਰਹੂਗਾ, ਇਸ ਨੂੰ ਇਸ ਵੇਲੇ ਹੀ ਪਾਸੇ ਹੁੰਦਾ ਹੈ ਤਾਂ ਹੋ ਲੈਣ ਦੇਣਾ ਚਾਹੀਦਾ ਹੈ। ਇਸ ਵਾਰੀ ਕੁਝ ਨਵੀਂ ਖੇਡ ਸ਼ੁਰੂ ਹੋਈ ਹੈ।
ਮੰਗਲਵਾਰ ਦੇ ਦਿਨ ਇੱਕ ਪਾਰਲੀਮੈਂਟ ਮੈਂਬਰ ਅਤੇ ਚਾਰ ਵਿਧਾਇਕਾਂ ਨੇ ਸਾਂਝੀ ਪ੍ਰੈੱਸ ਕਾਨਫ਼ਰੰਸ ਕੀਤੀ ਤੇ ਇਹ ਐਲਾਨ ਕੀਤਾ ਹੈ ਕਿ ਉਹ ਪਹਿਲਾਂ ਇਨਸਾਫ ਮਾਰਚ ਕਰਨਗੇ ਤੇ ਫਿਰ ਲੋਕਾਂ ਦੀ ਰਾਏ ਨਾਲ ਜੇ ਲੋੜ ਪਈ ਤਾਂ ਨਵੀਂ ਪਾਰਟੀ ਬਣਾਉਣਾ ਆਰੰਭ ਕਰਨਗੇ। ਇਨ੍ਹਾਂ ਵਿੱਚੋਂ ਕੋਈ ਇੱਕ ਵੀ ਇਹੋ ਜਿਹਾ ਸੱਜਣ ਨਹੀਂ, ਜਿਸ ਨੂੰ ਆਪਣੀ ਪਾਰਟੀ ਵਿੱਚੋਂ ਕੱਢ ਦਿੱਤੇ ਜਾਣ ਦੀ ਚਿੰਤਾ ਹੋਵੇ। ਪਾਰਲੀਮੈਂਟ ਮੈਂਬਰ ਡਾਕਟਰ ਧਰਮਵੀਰ ਗਾਂਧੀ ਪਿਛਲੀ ਵਾਰੀ ਆਮ ਆਦਮੀ ਪਾਰਟੀ ਦੀ ਟਿਕਟ ਉੱਤੇ ਜਿੱਤਣ ਦੇ ਬਾਅਦ ਛੇ ਮਹੀਨੇ ਵੀ ਉਸ ਪਾਰਟੀ ਨਾਲ ਨਹੀਂ ਸੀ ਰਿਹਾ ਤੇ ਵੱਖਰੇ ਰਾਹੇ ਪੈ ਗਿਆ ਸੀ। ਕਮਾਲ ਦੀ ਗੱਲ ਇਹ ਕਿ ਖ਼ੁਦ ਉਸ ਨੇ ਵੀ ਪਾਰਲੀਮੈਂਟ ਦੀ ਸੀਟ ਬਚਾਈ ਰੱਖਣ ਖ਼ਾਤਰ ਆਪਣੀ ਪਾਰਟੀ ਤੋਂ ਵੱਖ ਹੋਣ ਦਾ ਐਲਾਨ ਨਹੀਂ ਕੀਤਾ ਤੇ ਪਾਰਟੀ ਨੇ ਵੀ ਉਸ ਨੂੰ ਬਾਹਰ ਇਸ ਲਈ ਕਦੇ ਨਹੀਂ ਕੱਢਿਆ ਕਿ ਲੋੜ ਪਈ ਤਾਂ ਪਾਰਲੀਮੈਂਟ ਵਿੱਚ ਪਾਰਟੀ ਦੇ ਨਾਲ ਖੜੇ ਹੋਣ ਲਈ ਮਜਬੂਰ ਕੀਤਾ ਜਾ ਸਕੇਗਾ। ਦੂਸਰੇ ਦੋ ਲੁਧਿਆਣੇ ਵਾਲੇ ਵਿਧਾਇਕ ਬੈਂਸ ਭਰਾ ਪਹਿਲਾਂ ਕਦੇ ਅਕਾਲੀ ਦਲ ਨਾਲ ਹੁੰਦੇ ਸਨ, ਪਰ ਉਸ ਪਾਰਟੀ ਦੇ ਬਾਕਾਇਦਾ ਮੈਂਬਰ ਇਸ ਲਈ ਨਹੀਂ ਸਨ ਬਣੇ ਕਿ ਲੋੜ ਪਈ ਤੋਂ ਉਸ ਗੱਡੀ ਤੋਂ ਛਾਲ ਮਾਰਨ ਦੀ ਖੁੱਲ੍ਹ ਰਹੇ। ਪਿਛਲੀ ਵਾਰ ਉਹ ਦੋਵੇਂ ਜਣੇ ਆਪਣੀ ਨਵੀਂ ਲੋਕ ਇਨਸਾਫ ਪਾਰਟੀ ਬਣਾ ਕੇ ਜਿੱਤ ਗਏ ਤੇ ਉਸ ਦੇ ਬਾਅਦ ਵੱਖ ਚੱਲਦੇ ਰਹੇ ਸਨ। ਉਨ੍ਹਾਂ ਦੋਵਾਂ ਦੇ ਨਾਲ ਸੈਨਤ ਮਿਲਾ ਕੇ ਚੱਲ ਰਹੇ ਦੋ ਵਿਧਾਇਕ ਸੁਖਪਾਲ ਸਿੰਘ ਖਹਿਰਾ ਤੇ ਕੰਵਰ ਸੰਧੂ ਆਮ ਆਦਮੀ ਪਾਰਟੀ ਦੇ ਟਿਕਟ ਉੱਤੇ ਜਿੱਤਣ ਪਿੱਛੋਂ ਇਸੇ ਸਾਲ ਇੱਕ ਮੋੜ ਉੱਤੇ ਅੱਡ ਹੋ ਗਏ ਸਨ ਤੇ ਫਿਰ ਪਾਰਟੀ ਵੱਲੋਂ ਸਸਪੈਂਡ ਕਰ ਦਿੱਤੇ ਗਏ ਸਨ।
ਕੋਈ ਵਕਤ ਸੀ ਕਿ ਇਨ੍ਹਾਂ ਸਾਰਿਆਂ ਦੀ ਆਪੋ ਆਪਣੀ ਥਾਂ ਤਕੜੀ ਭੱਲ ਹੁੰਦੀ ਸੀ, ਅੱਜ ਓਨੀ ਭੱਲ ਕਿਸੇ ਦੇ ਪੱਲੇ ਹੈ ਕਿ ਨਹੀਂ, ਇਸ ਦੀ ਪਰਖ ਅਗਲੇ ਸਾਲ ਆ ਰਹੀਆਂ ਲੋਕ ਸਭਾ ਚੋਣਾਂ ਵਿੱਚ ਹੋਵੇਗੀ। ਹਾਲ ਦੀ ਘੜੀ ਉਹ ਇੱਕ ਨਵੀਂ ਪਾਰਟੀ ਡੌਲ ਸਕਣ ਲਈ ਯਤਨ ਆਰੰਭਣ ਲੱਗੇ ਹਨ। ਇਨ੍ਹਾਂ ਸਾਰੇ ਆਗੂਆਂ ਨੇ ਇੱਕੋ ਸੁਰ ਵਿੱਚ ਇਸ ਵਕਤ ਦੀ ਸਿਆਸੀ ਹਾਲਤ ਤੇ ਪੰਜਾਬ ਦੀ ਰਾਜਨੀਤੀ ਵਿੱਚ ਸਰਗਰਮ ਧਿਰਾਂ ਬਾਰੇ ਗੱਲ ਕੀਤੀ ਹੈ ਤੇ ਨਾਲ ਇਹ ਕਹਿ ਦਿੱਤਾ ਹੈ ਕਿ ਜਗਮੀਤ ਸਿੰਘ ਬਰਾੜ ਅਤੇ ਬੀਰ ਦਵਿੰਦਰ ਸਿੰਘ ਹੀ ਨਹੀਂ, ਆਮ ਆਦਮੀ ਪਾਰਟੀ ਵੱਲੋਂ ਪਿਛਲੇਰੇ ਸਾਲ ਲਾਂਭੇ ਕਰ ਦਿੱਤੇ ਗਏ ਸੁੱਚਾ ਸਿੰਘ ਛੋਟੇਪੁਰ ਨੂੰ ਵੀ ਮਿਲ ਕੇ ਨਾਲ ਚੱਲਣ ਲਈ ਕਹਿਣਗੇ। ਸੁੱਚਾ ਸਿੰਘ ਛੋਟੇਪੁਰ ਕਾਫ਼ੀ ਸਮੇਂ ਤੋਂ ਇੱਕ ਤਰ੍ਹਾਂ ਸਰਗਰਮ ਰਾਜਨੀਤੀ ਵਿੱਚ ਦੋਬਾਰਾ ਆਉਣ ਨੂੰ ਯਤਨਸ਼ੀਲ ਹਨ। ਇਨ੍ਹਾਂ ਵਿੱਚੋਂ ਕੁਝ ਲੋਕ ਆਮ ਆਦਮੀ ਪਾਰਟੀ ਵਾਲੇ ਉਸ ਦੇ ਪੁਰਾਣੇ ਸੱਜਣ ਹਨ। ਜਗਮੀਤ ਸਿੰਘ ਬਰਾੜ ਤੇ ਬੀਰ ਦਵਿੰਦਰ ਸਿੰਘ ਕਿਸੇ ਸਮੇਂ ਕਾਂਗਰਸ ਨਾਲ ਸਨ, ਫਿਰ ਉਸ ਤੋਂ ਟੁੱਟ ਕੇ ਕਈ ਥਾਂ ਅੱਕੀਂ-ਪਲਾਹੀਂ ਹੱਥ ਮਾਰ ਚੁੱਕੇ ਹਨ ਤੇ ਇਸ ਵਕਤ ਇਸ ਯਤਨ ਵਿੱਚ ਹਨ ਕਿ ਕਿਸੇ ਰਾਜਸੀ ਪਿੰਡ ਦੀ ਠਾਹਰ ਲੱਭ ਪਵੇ। ਇਸ ਲਈ ਇਨ੍ਹਾਂ ਤਿੰਨਾਂ ਧਿਰਾਂ ਦਾ ਯਤਨ ਭਾਵੇਂ ਠੀਕ ਪਾਸੇ ਵੱਲ ਹੈ, ਪਰ ਇਸ ਵਿੱਚੋਂ ਫੌਰੀ ਸਿੱਟੇ ਨਿਕਲਣ ਦੀ ਆਸ ਕਰਨ ਤਾਂ ਇਹ ਲੋਕ ਭੁਲੇਖੇ ਵਿੱਚ ਹੋਣਗੇ।
ਇਹੋ ਜਿਹੀ ਸਰਗਰਮੀ ਹੁੰਦੀ ਵੇਖ ਕੇ ਕੋਈ ਵੀ ਇਹ ਸਲਾਹ ਦੇਣ ਬਾਰੇ ਮਨ ਬਣਾ ਸਕਦਾ ਹੈ ਕਿ ਤੀਜੀ ਧਿਰ ਸਿਰਜਣ ਲਈ ਖੱਬੇ ਪੱਖੀਆਂ ਤੱਕ ਵੀ ਇਨ੍ਹਾਂ ਨੂੰ ਪਹੁੰਚ ਕਰ ਲੈਣੀ ਚਾਹੀਦੀ ਹੈ, ਪਰ ਇਨ੍ਹਾਂ ਦੇ ਪੈਂਤੜੇ ਨੂੰ ਵੇਖਣ ਅਤੇ ਜਾਨਣ ਵਾਲਾ ਕੋਈ ਵੀ ਬੰਦਾ ਏਦਾਂ ਦੀ ਸਲਾਹ ਨਹੀਂ ਦੇਵੇਗਾ। ਕਾਰਨ ਇਹ ਹੈ ਕਿ ਇਹ ਲੋਕ ਹੌਲੀ-ਹੌਲੀ ਬਰਗਾੜੀ ਦੇ ਉਸ ਰਾਹ ਪੈਂਦੇ ਜਾਂਦੇ ਹਨ, ਜਿਹੜਾ ਚੱਬੇ ਵਾਲੇ ਸਰਬੱਤ ਖਾਲਸਾ ਤੋਂ ਲੈ ਕੇ ਇੱਕ ਖ਼ਾਸ ਦਿਸ਼ਾ ਨੂੰ ਖਿਸਕਦਾ ਗਿਆ ਹੈ। ਇੱਕ ਸਮੇਂ ਕਾਂਗਰਸ ਦੇ ਲੀਡਰ ਵੀ ਚੱਬੇ ਵਾਲੀ ਧਿਰ ਵੱਲ ਕਾਫ਼ੀ ਜ਼ਿਆਦਾ ਉਲਾਰ ਹੋਣ ਲੱਗ ਪਏ ਸਨ, ਪਰ ਜਦੋਂ ਇਸ ਪਿੱਛੇ ਲੁਕਵੀਂ ਸਿਆਸਤ ਦੀ ਸਮਝ ਪਈ ਤਾਂ ਉਹ ਪਿੱਛੇ ਹਟ ਗਏ ਸਨ। ਜਿਹੜੀਆਂ ਤਿੰਨ ਧਿਰਾਂ ਇਸ ਵੇਲੇ ਤੀਸਰਾ ਮੋਰਚਾ ਸਿਰਜਣ ਬਾਰੇ ਸੋਚਦੀਆਂ ਪਈਆਂ ਹਨ, ਉਹ ਜਦੋਂ ਇੱਕੋ ਪਾਸੇ ਵੱਲ ਝੁਕਦੀਆਂ ਗਈਆਂ ਅਤੇ ਆਪਣੇ ਪਹਿਲੇ ਸਾਂਝੇ ਪ੍ਰੋਗਰਾਮ ਨੂੰ ਵੀ ਬਰਗਾੜੀ ਦੀ ਨਕਲ ਕਰ ਕੇ ਇਨਸਾਫ ਮਾਰਚ ਬਣਾ ਕੇ ਤੁਰਨ ਲੱਗੀਆਂ ਹਨ ਤਾਂ ਖੱਬੇ ਪੱਖੀ ਇਨ੍ਹਾਂ ਨਾਲ ਨਹੀਂ ਤੁਰ ਸਕਣਗੇ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਰੋਸ ਹਰ ਕਿਸੇ ਨੇਕ ਦਿਲ ਪੰਜਾਬੀ ਦੇ ਮਨ ਵਿੱਚ ਹੋ ਸਕਦਾ ਹੈ, ਪਰ ਉਸ ਰੋਸ ਵਜੋਂ ਏਨੀ ਦੂਰ ਅੱਗੇ ਜਾਣ ਵਾਸਤੇ ਹਰ ਕੋਈ ਤਿਆਰ ਨਹੀਂ ਹੋ ਸਕਦਾ। ਇਸ ਤਰ੍ਹਾਂ ਇਹ ਖੇਡ ਇਨ੍ਹਾਂ ਤੱਕ ਹੀ ਸੀਮਤ ਰਹਿਣੀ ਲੱਗਦੀ ਹੈ। ਜੇ ਇਸ ਬਾਰੇ ਵਿੱਚ ਉਹ ਗੰਭੀਰ ਹੋਣ ਅਤੇ ਸੱਚਮੁੱਚ ਤੀਸਰੀ ਧਿਰ ਖੜੀ ਕਰਨ ਲਈ ਕੁਝ ਕਰਨਾ ਚਾਹੁੰਦੇ ਹੋਣ ਤਾਂ ਇਸ ਕਿਸਮ ਦੀ ਕਿਸੇ ਵੀ ਉਸ ਸੋਚ ਤੋਂ ਕੁਝ ਫਾਸਲਾ ਰੱਖਣ ਦੀ ਲੋੜ ਹੋਵੇਗੀ, ਜਿਸ ਨਾਲ ਜੁੜਨ ਦਾ ਮੁੱਖ ਧਾਰਾ ਦੇ ਕਈ ਲੋਕਾਂ ਨੂੰ ਇਤਰਾਜ਼ ਹੋ ਸਕਦਾ ਹੈ।
ਇਸ ਕਰ ਕੇ ਇਸ ਵਕਤ ਜਿਹੜੀਆਂ ਤਿੰਨ ਧਿਰਾਂ ਆਪੋ ਵਿੱਚ ਇੱਕ ਦੂਸਰੇ ਦੇ ਹੱਥ ਫੜ ਕੇ ਚੱਲਣ ਲਈ ਸਹਿਮਤੀ ਕਰ ਰਹੀਆਂ ਹਨ, ਉਨ੍ਹਾਂ ਬਾਰੇ ਖੜੇ ਪੈਰ ਕੁਝ ਕਹਿਣਾ ਔਖਾ ਹੋਵੇਗਾ, ਕੁਝ ਚਿਰ ਉਡੀਕਣਾ ਪਵੇਗਾ।
-ਜਤਿੰਦਰ ਪਨੂੰ

1533 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper