Latest News
ਅਕਾਲੀ ਦਲ ਵਿੱਚ ਨਿਬੇੜੇ ਦੀ ਘੜੀ ਹੋਰ ਨੇੜੇ ਆਈ

Published on 03 Dec, 2018 11:21 AM.


ਅਕਾਲੀ ਦਲ ਦੀ ਲੀਡਰਸ਼ਿਪ ਬੇਸ਼ੱਕ ਨਵਜੋਤ ਸਿੰਘ ਸਿੱਧੂ ਵੱਲ ਤੀਰ ਚਲਾ ਕੇ ਲੋਕਾਂ ਅਤੇ ਅਕਾਲੀ ਵਰਕਰਾਂ ਦਾ ਧਿਆਨ ਹੋਰ ਪਾਸੇ ਪਾਉਣਾ ਚਾਹੁੰਦੀ ਹੈ, ਉਸ ਦੇ ਅੰਦਰਲਾ ਸੰਕਟ ਇਸ ਦੇ ਬਾਵਜੂਦ ਗੰਭੀਰ ਹੋਈ ਜਾ ਰਿਹਾ ਹੈ। ਜਿਹੜੇ ਤਿੰਨ ਬਜ਼ੁਰਗ ਅਕਾਲੀ ਆਗੂਆਂ ਨੇ ਮਾਝੇ ਵਿੱਚੋਂ ਇੱਕ ਸੁਰ ਵਿੱਚ ਚੁਣੌਤੀ ਦਿੱਤੀ ਸੀ, ਉਨ੍ਹਾਂ ਨੇ ਇਹ ਵੀ ਆਖ ਦਿੱਤਾ ਹੈ ਕਿ ਹੋਰ ਕੋਈ ਰਸਤਾ ਨਾ ਬਚਣ ਕਾਰਨ ਉਹ ਇੱਕ ਬਦਲਵੇਂ ਅਕਾਲੀ ਦਲ ਦੀ ਕਾਇਮੀ ਵਾਸਤੇ ਮਨ ਬਣਾ ਚੁੱਕੇ ਹਨ। ਉਨ੍ਹਾਂ ਨੇ ਇਸ ਮਕਸਦ ਵਾਸਤੇ ਚੌਦਾਂ ਦਸੰਬਰ ਦਾ ਦਿਨ ਵੀ ਚੁਣ ਲਿਆ ਹੈ, ਜਦੋਂ ਨਵੀਂ ਬਣਾਈ ਜਾ ਰਹੀ ਪਾਰਟੀ ਦੇ ਨਾਂਅ ਦਾ ਐਲਾਨ ਕੀਤਾ ਜਾਵੇਗਾ ਤੇ ਇਸ ਦੇ ਨਾਲ ਉਹ ਬਾਕੀ ਸਾਰੇ ਮੁੱਦੇ ਵੀ ਓਸੇ ਦਿਨ ਲੋਕਾਂ ਅੱਗੇ ਪੇਸ਼ ਕਰਨਗੇ। ਆਪਣੇ ਇਸ ਐਲਾਨ ਦੇ ਵਕਤ ਵੀ ਉਨ੍ਹਾਂ ਨੇ ਇਹ ਹੀ ਕਿਹਾ ਹੈ ਕਿ ਉਹ ਅਕਾਲੀ ਦਲ ਨੂੰ ਖਤਮ ਨਹੀਂ ਕਰਨਾ ਚਾਹੁੰਦੇ, ਸਗੋਂ ਅਕਾਲੀ ਦਲ ਨੂੰ ਨਵੇਂ ਨਾਂਅ ਦੇ ਨਾਲ ਮੁੜ ਸੁਰਜੀਤ ਕਰ ਕੇ ਉਸ ਦੇ ਮੁੱਢ ਬੱਝਣ ਦੇ ਦਿਨਾਂ ਵਾਲੀ ਦਿੱਖ ਵਾਲਾ ਬਣਾਉਣ ਵਾਸਤੇ ਯਤਨ ਕਰਦੇ ਪਏ ਹਨ।
ਜਿਸ ਦਿਨ ਇਨ੍ਹਾਂ ਤਿੰਨ ਆਗੂਆਂ ਨੇ ਪਹਿਲੀ ਵਾਰੀ ਅਕਾਲੀ ਲੀਡਰਸ਼ਿਪ ਨੂੰ ਚੁਣੌਤੀ ਦਿੱਤੀ ਸੀ, ਉਸ ਵਕਤ ਤੱਕ ਇਨ੍ਹਾਂ ਦੀ ਬੋਲ-ਬਾਣੀ ਵਿੱਚ ਨਵੀਂ ਪੀੜ੍ਹੀ ਵਾਲੇ ਪਾਰਟੀ ਪ੍ਰਧਾਨ ਅਤੇ ਉਸ ਦੇ ਨੇੜੂਆਂ ਦੇ ਖਿਲਾਫ ਹੀ ਰੋਹ ਝਲਕਦਾ ਸੀ। ਉਹ ਆਖਦੇ ਸਨ ਕਿ ਪ੍ਰਕਾਸ਼ ਸਿੰਘ ਬਾਦਲ ਨਾਲ ਸਾਨੂੰ ਹਮਦਰਦੀ ਹੈ ਕਿ ਉਹ ਪਾਰਟੀ ਨੂੰ ਬਚਾਉਣ ਵਾਸਤੇ ਕੁਝ ਕਰਨ ਜੋਗੇ ਨਹੀਂ ਜਾਂ ਕੁਝ ਕਰਦੇ ਨਹੀਂ ਪਏ। ਫਿਰ ਉਹ ਹੌਲੀ-ਹੌਲੀ ਉਨ੍ਹਾਂ ਬਾਰੇ ਵੀ ਕੌੜ ਜ਼ਾਹਰ ਕਰਨ ਅਤੇ ਇਹ ਕਹਿਣ ਲੱਗੇ ਕਿ ਜਦੋਂ ਉਸ ਕੋਲ ਇਸ ਸਥਿਤੀ ਵਿੱਚ ਕੁਝ ਕਰਨ ਦੀ ਹਸਤੀ ਹੀ ਨਹੀਂ ਤਾਂ ਉਸ ਲੀਡਰ ਤੋਂ ਆਸ ਵੀ ਕੀ ਰੱਖਣੀ ਹੈ, ਪਰ ਫਿਰ ਵੀ ਕੁਝ ਫਰਕ ਕਰ ਕੇ ਬੋਲਦੇ ਸਨ। ਇਸ ਐਤਵਾਰ ਦੇ ਦਿਨ ਉਨ੍ਹਾਂ ਨੇ ਪਹਿਲੀ ਵਾਰੀ ਉਹ ਹੱਦ ਟੱਪੀ ਹੈ। ਤਿੰਨਾਂ ਅਕਾਲੀ ਆਗੂਆਂ ਨੇ ਸਾਫ ਕਿਹਾ ਹੈ ਕਿ ਪਾਰਟੀ ਦੀ ਸਥਿਤੀ ਪਾਣੀਓਂ ਪਤਲੀ ਕਰਨ ਵਿੱਚ ਬਾਦਲ ਪਰਵਾਰ ਤੇ ਮਜੀਠੀਆ ਪਰਵਾਰ ਜ਼ਿੰਮੇਵਾਰ ਹਨ, ਜਿਹੜੇ ਸਿਰਫ ਇੱਕੋ ਕੁਰਸੀ ਦੀ ਇੱਛਾ ਕਾਰਨ ਅਸੂਲਾਂ ਤੋਂ ਸੱਖਣੇ ਸਮਝੌਤੇ ਕਰਦੇ ਤੇ ਪੈਂਤੜੇ ਬਦਲਦੇ ਰਹੇ ਹਨ। ਮਾਮਲਾ ਸੱਚੇ ਸੌਦੇ ਡੇਰੇ ਵਾਲੇ ਬਾਬੇ ਦਾ ਹੋਵੇ ਜਾਂ ਕੋਈ ਹੋਰ, ਇਨ੍ਹਾਂ ਤਿੰਨਾਂ ਆਗੂਆਂ ਨੇ ਪਹਿਲੀ ਵਾਰ ਸਾਰੇ ਬਾਦਲ-ਮਜੀਠੀਆ ਪਰਵਾਰ ਦੇ ਖਿਲਾਫ ਚਾਂਦਮਾਰੀ ਕਰਨ ਵੇਲੇ ਵੱਡੇ ਬਾਦਲ ਨੂੰ ਵੱਖਰਾ ਰੱਖਣ ਲਈ ਸ਼ਬਦਾਂ ਦਾ ਜਾਲ ਬੁਣਨ ਦੀ ਲੋੜ ਨਹੀਂ ਸੀ ਸਮਝੀ।
ਸਥਿਤੀ ਦਾ ਦੂਸਰਾ ਪਹਿਲੂ ਇਹ ਹੈ ਕਿ ਇਸ ਹਾਲਤ ਵਿੱਚ ਬਾਦਲ-ਮਜੀਠੀਆ ਪਰਵਾਰ ਦੇ ਪੱਖ ਵਿੱਚ ਸਿਰਫ ਤਿੰਨ ਕੁ ਉਹ ਲੀਡਰ ਬੋਲੇ ਹਨ, ਜਿਹੜੇ ਬਾਕੀ ਅਕਾਲੀ ਸਫਾਂ ਵਿੱਚ ਬਹੁਤੀ ਚੰਗੀ ਦਿੱਖ ਵਾਲੇ ਨਹੀਂ ਗਿਣੇ ਜਾਂਦੇ। ਇਸ ਦਾ ਮਤਲਬ ਇਹ ਨਹੀਂ ਕਿ ਬਾਦਲ-ਮਜੀਠੀਆ ਧੜੇ ਕੋਲ ਹੋਰ ਕੋਈ ਆਗੂ ਨਹੀਂ ਹਨ, ਉਨ੍ਹਾਂ ਨਾਲ ਆਗੂ ਬੜੇ ਹਨ, ਪਰ ਇਸ ਮੌਕੇ ਉਹ ਬਹੁਤਾ ਕਰ ਕੇ ਜੱਕੋ-ਤੱਕੇ ਵਾਲੇ ਰੌਂਅ ਵਿੱਚ ਹਨ ਤੇ ਸਥਿਤੀ ਉੱਤੇ ਇਸ ਗੱਲ ਲਈ ਅੱਖ ਰੱਖ ਰਹੇ ਹਨ ਕਿ ਜਦੋਂ ਸਾਰਾ ਨਕਸ਼ਾ ਜ਼ਰਾ ਕੁ ਸਾਫ ਹੋ ਜਾਵੇ ਤਾਂ ਉਹ ਆਪਣੇ ਪੱਤੇ ਖੋਲ੍ਹਣਗੇ। ਇਹ ਨਿਬੇੜੇ ਦੀ ਘੜੀ ਵੀ ਬਹੁਤੀ ਦੂਰ ਨਹੀਂ ਰਹਿ ਗਈ। ਜਦੋਂ ਬਾਗੀ ਹੋ ਚੁੱਕੇ ਤਿੰਨਾਂ ਟਕਸਾਲੀ ਆਗੂਆਂ ਨੇ ਇਹ ਐਲਾਨ ਕਰ ਦਿੱਤਾ ਹੈ ਕਿ ਨਵੀਂ ਪਾਰਟੀ ਦੇ ਨਾਂਅ ਦਾ ਐਲਾਨ ਚੌਦਾਂ ਦਸੰਬਰ ਨੂੰ ਕਰ ਦੇਣਾ ਹੈ ਤਾਂ ਹਾਲੇ ਤੱਕ ਚੁੱਪ ਬੈਠੇ ਆਗੂਆਂ ਨੂੰ ਵੀ ਏਧਰ ਜਾਂ ਓਧਰ ਖੜੇ ਹੋਣਾ ਪਵੇਗਾ, ਚੁੱਪ ਲਈ ਬਹੁਤਾ ਸਮਾਂ ਨਹੀਂ। ਜਿਹੜੇ ਚਾਰ ਕੁ ਜਣੇ ਇਸ ਵਕਤ ਬੋਲਦੇ ਹਨ, ਉਨ੍ਹਾਂ ਦੇ ਕੋਲ ਬਾਦਲ-ਮਜੀਠੀਆ ਧੜੇ ਨਾਲ ਰਹਿਣ ਤੋਂ ਸਿਵਾ ਕੋਈ ਰਸਤਾ ਨਹੀਂ ਹੈ।
ਜਿਹੜੀ ਗੱਲ ਹੈਰਾਨੀ ਵਾਲੀ ਹੈ, ਉਹ ਇਹ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਹਾਲੇ ਤੱਕ ਚੁੱਪ ਰੱਖੀ ਸੀ ਤੇ ਇਸ ਐਤਵਾਰ ਪਹਿਲੀ ਵਾਰੀ ਉਸ ਨੇ ਚੁੱਪ ਛੱਡ ਕੇ ਬਾਦਲ-ਮਜੀਠੀਆ ਲੀਡਰਸ਼ਿਪ ਦੇ ਖਿਲਾਫ ਆਪਣੇ ਮਨ ਦੀ ਗੱਲ ਕਹੀ ਹੈ। ਉਸ ਨੇ ਪਾਰਟੀ ਦੀ ਮਾੜੀ ਹਾਲਤ ਲਈ ਵੀ ਅਤੇ ਡੇਰਾ ਸੱਚਾ ਸੌਦਾ ਸਮੇਤ ਕਈ ਕਸੂਤੇ ਮਾਮਲਿਆਂ ਬਾਰੇ ਵੀ ਪਾਰਟੀ ਲੀਡਰਸ਼ਿਪ ਵੱਲ ਇਸ਼ਾਰੇ ਕੀਤੇ ਹਨ। ਇਹੋ ਨਹੀਂ, ਅਵਤਾਰ ਸਿੰਘ ਮੱਕੜ ਨੇ ਨਵਜੋਤ ਸਿੰਘ ਸਿੱਧੂ ਦੇ ਪੱਖ ਵਿੱਚ ਵੀ ਕਈ ਕੁਝ ਕਹਿ ਦਿੱਤਾ ਹੈ, ਜਿਸ ਨੂੰ ਬਾਦਲ-ਮਜੀਠੀਆ ਲੀਡਰਸ਼ਿਪ ਕਿਸੇ ਵੀ ਤਰ੍ਹਾਂ ਬਰਦਾਸ਼ਤ ਕਰਨ ਲਈ ਤਿਆਰ ਨਹੀਂ ਹੋ ਸਕਦੀ। ਉਹ ਇਸ ਵੇਲੇ ਉਸ ਦੇ ਵਿਰੁੱਧ ਕਾਰਵਾਈ ਵੀ ਨਹੀਂ ਕਰ ਸਕਦੇ। ਉਨ੍ਹਾਂ ਲਈ ਇਹ ਗੱਲ ਚੁੱਪ ਕਰ ਕੇ ਟਾਲਣ ਦੀ ਕੋਸ਼ਿਸ਼ ਵੀ ਬਖੇੜੇ ਖੜੇ ਕਰ ਸਕਦੀ ਹੈ, ਕਿਉਂਕਿ ਇਸ ਤਰ੍ਹਾਂ ਕਈ ਹੋਰ ਪੁਰਾਣੇ ਆਗੂ ਅਤੇ ਵਰਕਰ ਮੂੰਹ ਖੋਲ੍ਹ ਸਕਦੇ ਹਨ ਤੇ ਜੇ ਇਹ ਖੇਡ ਇੱਕ ਵਾਰੀ ਸ਼ੁਰੂ ਹੋ ਗਈ ਤਾਂ ਫਿਰ ਰੁਕਣ ਦੀ ਸੰਭਾਵਨਾ ਘਟ ਜਾਵੇਗੀ।
ਆਮ ਲੋਕਾਂ ਦਾ ਇੱਕ ਬਹੁਤ ਵੱਡਾ ਹਿੱਸਾ ਇਸ ਵੇਲੇ ਬਾਦਲ-ਮਜੀਠੀਆ ਲੀਡਰਸ਼ਿਪ ਦੇ ਵਿਹਾਰ ਨੂੰ ਮਾਨਤਾ ਦੇਣ ਦੀ ਥਾਂ ਉਨ੍ਹਾਂ ਦੇ ਵਿਰੋਧ ਦੀਆਂ ਸੁਰਾਂ ਨਾਲ ਸੁਰ ਮਿਲਾ ਰਿਹਾ ਹੈ। ਪਿਛਲੇ ਮਹੀਨੇ ਜਦੋਂ ਤਰਨ ਤਾਰਨ ਜ਼ਿਲੇ ਦੇ ਝਬਾਲ ਅੱਡੇ ਕੋਲੋਂ ਬਾਦਲ ਪਰਵਾਰ ਦੀ ਨੂੰਹ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਮੂਸੇ ਪਿੰਡ ਵਿਚਲੇ ਪਰਵਾਰਕ ਜਠੇਰੇ ਪੂਜਣ ਬਿਨਾਂ ਮੁੜਨਾ ਪਿਆ ਸੀ, ਉਸ ਵੇਲੇ ਅਕਾਲੀ ਆਧਾਰ ਵਾਲਾ ਇਲਾਕਾ ਗਿਣੇ ਜਾਂਦੇ ਮਾਝੇ ਵਿੱਚ ਉਨ੍ਹਾਂ ਦੇ ਪੱਖ ਵਿੱਚ ਕੋਈ ਖਾਸ ਵਿਅਕਤੀ ਅੱਗੇ ਨਹੀਂ ਸੀ ਆਇਆ। ਮੋਰਿੰਡੇ ਵਿੱਚ ਸੁਖਬੀਰ ਸਿੰਘ ਬਾਦਲ ਦੇ ਜਾਣ ਉੱਤੇ ਕਾਲੀਆਂ ਝੰਡੀਆਂ ਵਿਖਾ ਰਹੇ ਮਾਨ ਦਲ ਦੇ ਲੋਕਾਂ ਤੋਂ ਬਚਾਅ ਕਰਨ ਲਈ ਪੁਲਸ ਨੂੰ ਅੱਗੇ ਆਉਣਾ ਪਿਆ ਸੀ, ਬਾਦਲ ਦਲ ਦੇ ਆਪਣੇ ਵਰਕਰ ਨਾਲ ਨਹੀਂ ਸੀ ਖੜੋਤੇ। ਇਹ ਮਾਹੌਲ ਪਿਛਲੇ ਦਿਨਾਂ ਵਿੱਚ ਕਈ ਥਾਂਈਂ ਬਣ ਚੁੱਕਾ ਹੈ ਤੇ ਅੱਗੋਂ ਵੀ ਪਿੰਡਾਂ ਦੀ ਹਾਲਤ ਖਾਸ ਤੌਰ ਉੱਤੇ ਏਦਾਂ ਦੀ ਹੈ ਕਿ ਅਕਾਲੀ ਦਲ ਦੇ ਆਗੂ ਓਥੇ ਜਾਣ ਵੇਲੇ ਦਸ ਵਾਰ ਸੋਚਣ ਲੱਗੇ ਹਨ ਤੇ ਟਾਲਣ ਦਾ ਰਾਹ ਕੋਈ ਨਹੀਂ ਲੱਭ ਰਿਹਾ।
ਇਸ ਸਥਿਤੀ ਵਿੱਚ ਅਕਾਲੀ ਦਲ ਦੀ ਲੀਡਰਸ਼ਿਪ ਦੇ ਸਾਹਮਣੇ ਵੀ ਚੁਣੌਤੀ ਹੈ, ਪਰ ਵੱਡੀ ਚੁਣੌਤੀ ਅਕਾਲੀ ਦਲ ਵਿਚਲੇ ਉਨ੍ਹਾਂ ਲੋਕਾਂ ਵਾਸਤੇ ਹੈ, ਜਿਹੜੇ ਮੁੱਢਾਂ ਤੋਂ ਨਾਲ ਬੱਝੇ ਰਹੇ ਹਨ। ਉਨ੍ਹਾਂ ਨੂੰ ਪੈਂਤੜਾ ਸਪੱਸ਼ਟ ਕਰਨਾ ਪਵੇਗਾ।
-ਜਤਿੰਦਰ ਪਨੂੰ

1304 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper