Latest News
ਬਿਜਲੀ ਕਾਮਿਆਂ ਦੇ ਮਰਹੂਮ ਆਗੂ ਭਗਵਾਨ ਸਿੰਘ ਅਣਖੀ ਦੀ 27ਵੀਂ ਬਰਸੀ ਅੱਜ

Published on 05 Dec, 2018 11:15 AM.


ਤਰਨ ਤਾਰਨ, (ਨ ਜ਼ ਸ)
ਬਿਜਲੀ ਕਾਮਿਆਂ ਦੀ ਸਿਰਮੌਰ ਜਥੇਬੰਦੀ ਪੀ ਐੱਸ ਈ ਬੀ ਇੰਪ: ਫੈਡ: ਏਟਕ ਪੰਜਾਬ ਦੇ ਸਾਬਕਾ ਸੂਬਾ ਪ੍ਰਧਾਨ ਕਾਮਰੇਡ ਭਗਵਾਨ ਸਿੰਘ ਅਣਖੀ ਜੋ 15 ਅਗਸਤ 1991 ਨੂੰ ਕੈਂਸਰ ਦੀ ਨਾਮੁਰਾਦ ਬਿਮਾਰੀ ਨਾਲ ਜੂਝਦਿਆਂ ਸਦੀਵੀ ਵਿਛੋੜਾ ਦੇ ਗਏ ਸਨ, ਉਨ੍ਹਾਂ ਦੀ ਯਾਦ ਨੂੰ ਤਾਜ਼ਾ ਰੱਖਣ ਅਤੇ ਅਧੂਰੇ ਸੁਪਨਿਆਂ ਨੂੰ ਪੂਰਾ ਕਰਨ ਲਈ ਹਰੇਕ ਸਾਲ ਦੀ ਤਰ੍ਹਾਂ ਅੱਜ ਪਟਿਆਲਾ ਵਿਖੇ 27ਵੀਂ ਬਰਸੀ ਮਨਾਈ ਜਾ ਰਹੀ ਹੈ। ਇਸ ਵਿੱਚ ਸਮੁੱਚੇ ਪੰਜਾਬ ਤੋਂ ਬਿਜਲੀ ਕਾਮੇ ਆਪਣੇ ਮਹਿਬੂਬ ਆਗੂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਵਹੀਰਾਂ ਘੱਤ ਕੇ ਪਹੁੰਚਣਗੇ।
27ਵੇਂ ਸ਼ਰਧਾਂਜਲੀ ਸਮਾਗਮ ਦੀ ਸ਼ੁਰੂਆਤ ਸਮੇਂ ਸਵੇਰੇ 11.30 ਵਜੇ ਜਥੇਬੰਦੀ ਦਾ ਲਾਲ ਝੰਡਾ ਲਹਿਰਾਉਣ ਦੀ ਰਸਮ ਸੂਬਾ ਪ੍ਰਧਾਨ ਕਾਮਰੇਡ ਹਰਭਜਨ ਸਿੰਘ ਪਿੱਲਖਣੀ ਕਰਨਗੇ। ਉਪਰੰਤ ਉੱਘੇ ਟਰੇਡ ਯੂਨੀਅਨ ਆਗੂ ਅਤੇ ਪੰਜਾਬ ਏਟਕ ਦੇ ਪ੍ਰਧਾਨ ਕਾਮਰੇਡ ਬੰਤ ਸਿੰਘ ਬਰਾੜ, ਰੁਜ਼ਗਾਰ ਪ੍ਰਾਪਤੀ ਮੁਹਿੰਮ ਦੇ ਮੁੱਖ ਸਲਾਹਕਾਰ ਕਾਮਰੇਡ ਜਗਰੂਪ ਸਿੰਘ, ਏਟਕ ਪੰਜਾਬ ਦੇ ਸਕੱਤਰ ਕਾਮਰੇਡ ਸੁਖਦੇਵ ਸ਼ਰਮਾ ਤੋਂ ਇਲਾਵਾ ਭਰਾਤਰੀ ਜਥੇਬੰਦੀਆਂ ਦੇ ਆਗੂਆਂ ਸਮੇਤ ਪੀ ਐੱਸ ਈ ਬੀ ਇੰਪ: ਫੈਡ: ਏਟਕ ਪੰਜਾਬ ਅਤੇ ਕੁੱਲ ਹਿੰਦ ਬਿਜਲੀ ਫੈਡਰੇਸ਼ਨ ਦੇ ਸੂਬਾਈ ਅਤੇ ਕੌਮੀ ਪੱਧਰ ਦੇ ਆਗੂ ਕਾਮਰੇਡ ਅਣਖੀ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਉਨ੍ਹਾਂ ਦੇ ਪਾਏ ਪੂਰਨਿਆਂ 'ਤੇ ਚੱਲਣ ਦਾ ਪ੍ਰਣ ਕਰਨਗੇ।
ਇਸ ਮੌਕੇ ਜਥੇਬੰਦੀ ਦੀ ਮਾਸਿਕ ਪੱਤ੍ਰਿਕਾ 'ਬਿਜਲੀ ਉਜਾਲਾ' ਦਾ ਵਿਸ਼ੇਸ਼ ਅੰਕ ਜਾਰੀ ਕੀਤਾ ਜਾਵੇਗਾ। ਨਵੇਂ ਸਾਲ 2019 ਦੀ ਡਾਇਰੀ ਵੀ ਰਿਲੀਜ਼ ਕੀਤੀ ਜਾਵੇਗੀ। ਇਸ ਸਮੇਂ ਜਥੇਬੰਦੀ ਦੇ ਉੱਘੇ ਮਰਹੂਮ ਆਗੂਆਂ ਕਾ. ਐੱਚ ਐੱਸ ਪ੍ਰਮਾਰ, ਕਾ. ਦਰਸ਼ਨ ਸਿੰਘ ਢਿੱਲੋਂ, ਕਾ. ਤਜਿੰਦਰ ਮੋਹੀ, ਕਾ. ਦਰਸ਼ਨ ਚਾਹਲ, ਕਾ. ਬਸੰਤ ਰਾਮ ਵੇਰਕਾ, ਕਾ. ਮਹਿੰਦਰ ਸਿੰਘ ਬਟਾਲਾ, ਪਦਮ ਸਿੰਘ ਠਾਕਰ ਜੀ ਸਮੇਤ ਅਣਖੀ ਦੇ ਪਰਵਾਰਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ਇਸ ਸਮੇਂ ਖਾਣੇ ਅਤੇ ਚਾਹ ਦਾ ਵਧੀਆ ਪ੍ਰਬੰਧ ਕੀਤਾ ਜਾਵੇਗਾ।

87 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper