Latest News
ਪੰਜ ਰਾਜਾਂ ਦੇ ਚੋਣ ਨਤੀਜਿਆਂ ਦੀ ਉਡੀਕ

Published on 06 Dec, 2018 11:29 AM.


ਦੇਸ ਦੀਆਂ ਦੋਵੇਂ ਪ੍ਰਮੁੱਖ ਰਾਜਸੀ ਧਿਰਾਂ ਭਾਜਪਾ ਤੇ ਕਾਂਗਰਸ ਨੇ 2019 ਵਿੱਚ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਨੂੰ ਧਿਆਨ ਵਿੱਚ ਰੱਖ ਕੇ ਪੰਜ ਰਾਜਾਂ; ਮੱਧ ਪ੍ਰਦੇਸ਼, ਰਾਜਸਥਾਨ, ਛੱਤੀਸਗੜ੍ਹ, ਤਿਲੰਗਾਨਾ ਤੇ ਮਿਜ਼ੋਰਮ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਪਣਾ ਪੂਰਾ ਤਾਣ ਲਾਇਆ ਹੈ। ਭਾਜਪਾ ਵੱਲੋਂ ਸਥਾਨਕ ਆਗੂਆਂ ਤੋਂ ਇਲਾਵਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਪਾਰਟੀ ਪ੍ਰਧਾਨ ਅਮਿਤ ਸ਼ਾਹ ਨੇ ਚੋਣ ਮੁਹਿੰਮ ਵਿੱਚ ਆਪਣੀ ਪਾਰਟੀ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ। ਉਨ੍ਹਾਂ ਨੇ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਤਾਂ ਕਰਨਾ ਹੀ ਸੀ, ਪਰ ਨਾਲ ਹੀ ਕਾਂਗਰਸ ਨੂੰ ਭੰਡਣ-ਛੰਡਣ ਵਿੱਚ ਵੀ ਕੋਈ ਢਿੱਲ ਨਹੀਂ ਵਰਤੀ। ਅਜਿਹਾ ਕਰਦੇ ਸਮੇਂ ਉਨ੍ਹਾਂ ਨੇ ਆਪਣੇ ਅਹੁਦਿਆਂ ਦੀ ਮਾਣ-ਮਰਿਆਦਾ ਤੇ ਰਾਜਸੀ ਸ਼ਿਸ਼ਟਾਚਾਰ ਨੂੰ ਉੱਕਾ ਹੀ ਅੱਖੋਂ ਪਰੋਖੇ ਕਰੀ ਰੱਖਿਆ। ਉਨ੍ਹਾਂ ਨੇ ਇਹ ਪ੍ਰਭਾਵ ਵੀ ਦੇਣ ਦਾ ਜਤਨ ਕੀਤਾ ਕਿ ਉਨ੍ਹਾਂ ਨੇ ਆਪਣੇ ਹੁਣ ਤੱਕ ਦੇ ਸ਼ਾਸਨ ਦੌਰਾਨ ਉਹ ਕੁਝ ਕਰ ਵਿਖਾਇਆ ਹੈ, ਜੋ ਕਾਂਗਰਸ ਆਪਣੇ ਸੱਠ ਸਾਲਾ ਰਾਜ ਵਿੱਚ ਵੀ ਨਹੀਂ ਸੀ ਕਰ ਸਕੀ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਹਿੰਦੂਤੱਵੀ ਏਜੰਡੇ ਰਾਹੀਂ ਲੋਕਾਂ ਨੂੰ ਪ੍ਰਭਾਵਤ ਕਰਨ ਦੇ ਜਤਨ ਵੀ ਕੀਤੇ। ਇਹੋ ਨਹੀਂ, ਰਾਮ ਮੰਦਰ ਦੇ ਮੁੱਦੇ ਨੂੰ ਮੁੜ ਉਭਾਰ ਕੇ ਲੋਕਾਂ ਦੀਆਂ ਧਾਰਮਕ ਭਾਵਨਾਵਾਂ ਨੂੰ ਉਤੇਜਤ ਕਰਨ ਦਾ ਵੀ ਉਪਰਾਲਾ ਕੀਤਾ, ਤਾਂ ਜੁ ਵੋਟਾਂ ਦੀ ਭਰਪੂਰ ਫ਼ਸਲ ਹਾਸਲ ਕੀਤੀ ਜਾ ਸਕੇ।
ਮੱਧ ਪ੍ਰਦੇਸ਼ ਤੇ ਛੱਤੀਸਗੜ੍ਹ ਵਿੱਚ ਚੋਣ ਅਮਲ ਨੇਪਰੇ ਚੜ੍ਹ ਚੁੱਕਾ ਹੈ ਤੇ ਇਹ ਸਤਰਾਂ ਪਾਠਕਾਂ ਤੱਕ ਪਹੁੰਚਣ ਸਮੇਂ ਰਾਜਸਥਾਨ, ਤਿਲੰਗਾਨਾ ਤੇ ਮਿਜ਼ੋਰਮ ਵਿੱਚ ਵੋਟਰ ਆਪਣੀ ਰਾਏ ਦਾ ਇਜ਼ਹਾਰ ਕਰ ਰਹੇ ਹੋਣਗੇ। ਲੋਕਾਂ ਨੇ ਕਿਸ ਦੇ ਹੱਕ ਵਿੱਚ ਫਤਵਾ ਦਿੱਤਾ ਹੈ, ਇਸ ਦਾ ਪਤਾ ਗਿਆਰਾਂ ਦਸੰਬਰ ਵਾਲੇ ਦਿਨ ਲੱਗੇਗਾ।
ਪਿਛਲੀਆਂ 2014 ਦੀਆਂ ਲੋਕ ਸਭਾ ਚੋਣਾਂ ਦੇ ਮੁਕਾਬਲੇ ਕਾਂਗਰਸ ਨੇ ਇਸ ਵਾਰ ਰਾਹੁਲ ਗਾਂਧੀ ਦੀ ਅਗਵਾਈ ਵਿੱਚ ਆਪਣਾ ਪਹਿਲਾਂ ਵਾਲਾ ਵੱਕਾਰ ਬਹਾਲ ਕਰਨ ਦੀ ਹਰ ਸੰਭਵ ਕੋਸ਼ਿਸ਼ ਕੀਤੀ। ਸਿਹਤ ਠੀਕ ਨਾ ਹੋਣ ਦੇ ਬਾਵਜੂਦ ਸ੍ਰੀਮਤੀ ਸੋਨੀਆ ਗਾਂਧੀ ਨੇ ਤਿਲੰਗਾਨਾ ਦੀ ਚੋਣ ਮੁਹਿੰਮ ਵਿੱਚ ਹਿੱਸਾ ਲੈ ਕੇ ਪਾਰਟੀ ਵਰਕਰਾਂ ਵਿੱਚ ਜੋਸ਼ ਭਰਨ ਦਾ ਉਪਰਾਲਾ ਕੀਤਾ।
ਏਥੇ ਇਹ ਗੱਲ ਵਰਨਣ ਯੋਗ ਹੈ ਕਿ ਪਿਛਲੇ ਥੋੜ੍ਹੇ ਜਿਹੇ ਅਰਸੇ ਦੌਰਾਨ ਹੀ ਉੱਤਰ ਪ੍ਰਦੇਸ਼, ਮਹਾਰਾਸ਼ਟਰ, ਮੱਧ ਪ੍ਰਦੇਸ਼, ਰਾਜਸਥਾਨ ਤੇ ਬਿਹਾਰ ਵਿੱਚ ਜਿਹੜੀਆਂ ਜ਼ਿਮਨੀ ਚੋਣਾਂ ਹੋਈਆਂ, ਉਨ੍ਹਾਂ ਵਿੱਚ ਭਾਜਪਾ ਨੂੰ ਆਪਣੀਆਂ ਪਹਿਲਾਂ ਜਿੱਤੀਆਂ ਸੀਟਾਂ 'ਤੇ ਵੀ ਹਾਰ ਦਾ ਮੂੰਹ ਵੇਖਣਾ ਪਿਆ ਤੇ ਕਾਂਗਰਸ ਤੇ ਦੂਜੀਆਂ ਵਿਰੋਧੀ ਸਿਆਸੀ ਧਿਰਾਂ ਦੇ ਉਮੀਦਵਾਰਾਂ ਨੇ ਭਾਰੀ ਵੋਟਾਂ ਨਾਲ ਜਿੱਤ ਹਾਸਲ ਕੀਤੀ। ਹੁਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਦੇ ਮੁੱਖ ਪ੍ਰਚਾਰਕਾਂ ਵਜੋਂ ਧੂੰਆਂ-ਧਾਰ ਤਕਰੀਰਾਂ ਕਰਨ ਵਾਲੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨਾ ਆਪਣੀ ਗੋਰਖਪੁਰ ਵਾਲੀ ਪਾਰਲੀਮੈਂਟ ਸੀਟ ਬਚਾਅ ਸਕੇ ਤੇ ਨਾ ਉਨ੍ਹਾ ਦੇ ਡਿਪਟੀ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰੀਆ ਫੂਲਪੁਰ ਵਾਲੀ ਸੀਟ ਬਹਾਲ ਰੱਖ ਸਕੇ। ਰਾਜਸਥਾਨ ਦੀਆਂ ਅਲਵਰ ਤੇ ਭਰਤਪੁਰ ਵਾਲੀਆਂ ਭਾਰੀ ਬਹੁਮੱਤ ਨਾਲ ਜਿੱਤੀਆਂ ਸੀਟਾਂ ਵੀ ਭਾਜਪਾ ਨੂੰ ਗੁਆਉਣੀਆਂ ਪਈਆਂ। ਕਰਨਾਟਕ ਵਿੱਚ ਜਿਸ ਤਰ੍ਹਾਂ ਕਾਂਗਰਸ ਤੇ ਦੇਵਗੌੜਾ ਦੀ ਅਗਵਾਈ ਵਾਲੇ ਜਨਤਾ ਦਲ ਸੈਕੂਲਰ ਨੇ ਮਿਲ ਕੇ ਸਾਂਝੀ ਸਰਕਾਰ ਬਣਾਈ ਤੇ ਉਸ ਦੇ ਸਹੁੰ-ਚੁੱਕ ਸਮਾਗਮ ਸਮੇਂ ਸਾਰੀਆਂ ਭਾਜਪਾ ਵਿਰੋਧੀ ਪਾਰਟੀਆਂ ਇੱਕ ਮੰਚ 'ਤੇ ਇਕੱਠੀਆਂ ਹੋਈਆਂ, ਉਸ ਨੇ ਲੋਕਾਂ ਵਿੱਚ ਇਹ ਚੇਤਨਾ ਪੈਦਾ ਕਰ ਦਿੱਤੀ ਕਿ ਭਾਜਪਾ ਨੂੰ ਰਾਜਾਂ ਦੀ ਪੱਧਰ ਉੱਤੇ ਹੀ ਨਹੀਂ, ਕੌਮੀ ਪੱਧਰ ਉੱਤੇ ਵੀ ਮੈਦਾਨੋਂ ਕੱਢਿਆ ਜਾ ਸਕਦਾ ਹੈ। ਗੁਜਰਾਤ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਚਾਹੇ ਭਾਜਪਾ ਸਰਕਾਰ ਬਣਾਉਣ ਵਿੱਚ ਸਫ਼ਲ ਹੋ ਗਈ, ਪਰ ਜਿਸ ਤਰ੍ਹਾਂ ਪਿੰਡਾਂ ਦੇ ਵੋਟਰਾਂ ਤੇ ਖ਼ਾਸ ਕਰ ਕੇ ਕਿਸਾਨਾਂ ਤੇ ਖੇਤੀ ਨਾਲ ਜੁੜੇ ਦੂਜੇ ਲੋਕਾਂ ਨੇ ਕਾਂਗਰਸ ਦੇ ਹੱਕ ਵਿੱਚ ਫਤਵਾ ਦਿੱਤਾ ਤੇ ਭਾਜਪਾ ਨੂੰ ਨਕਾਰਿਆ, ਉਹੋ ਜਿਹਾ ਅਮਲ ਹੁਣ ਰਾਜਸਥਾਨ, ਮੱਧ ਪ੍ਰਦੇਸ਼ ਤੇ ਛੱਤੀਸਗੜ੍ਹ ਵਿੱਚ ਵੀ ਵੇਖਣ ਨੂੰ ਮਿਲ ਸਕਦਾ ਹੈ, ਕਿਉਂਕਿ ਇਨ੍ਹਾਂ ਰਾਜਾਂ ਦੇ ਕਿਸਾਨ ਅੱਜ ਸੰਕਟ ਦੇ ਦੌਰ ਵਿੱਚੋਂ ਲੰਘ ਰਹੇ ਹਨ। ਸਰਕਾਰੀ ਐਲਾਨਾਂ-ਬਿਆਨਾਂ ਦੇ ਬਾਵਜੂਦ ਇਨ੍ਹਾਂ ਵਿੱਚੋਂ ਕਿਸੇ ਵੀ ਰਾਜ ਵਿੱਚ ਕਿਸਾਨਾਂ ਨੂੰ ਮੰਡੀ ਵਿੱਚ ਲਿਆਂਦੀਆਂ ਆਪਣੀਆਂ ਫ਼ਸਲਾਂ ਦੇ ਲਾਹੇਵੰਦ ਭਾਅ ਹਾਸਲ ਨਹੀਂ ਹੋ ਰਹੇ ਤੇ ਉਨ੍ਹਾਂ ਨੂੰ ਆਪਣੀਆਂ ਜਿਣਸਾਂ ਊਣੇ-ਪੌਣੇ ਭਾਵਾਂ 'ਤੇ ਵੇਚਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਇਨ੍ਹਾਂ ਰਾਜਾਂ ਦੇ ਪੜ੍ਹੇ-ਲਿਖੇ ਨੌਜੁਆਨ ਬੇਰੁਜ਼ਗਾਰੀ ਦੀ ਮਾਰ ਝੱਲ ਰਹੇ ਹਨ ਤੇ ਛੋਟੇ ਵਪਾਰੀ ਤੇ ਕਾਰੋਬਾਰੀ ਨੋਟ-ਬੰਦੀ ਤੇ ਜੀ ਐੱਸ ਟੀ ਦੇ ਮੰਦੇ ਪ੍ਰਭਾਵਾਂ ਕਾਰਨ ਮੰਦਹਾਲੀ ਵਾਲਾ ਜੀਵਨ ਭੋਗ ਰਹੇ ਹਨ।
ਕਾਂਗਰਸ ਤੇ ਦੂਜੀਆਂ ਵਿਰੋਧੀ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਇਨ੍ਹਾਂ ਮੁੱਦਿਆਂ ਨੂੰ ਆਪਣੀ ਚੋਣ ਮੁਹਿੰਮ ਦੌਰਾਨ ਜਿਵੇਂ ਜਨਤਕ ਇਕੱਠਾਂ ਵਿੱਚ ਪੇਸ਼ ਕੀਤਾ ਤੇ ਲੋਕਾਂ ਦਾ ਭਰਵਾਂ ਹੁੰਗਾਰਾ ਮਿਲਿਆ ਹੈ, ਲਾਜ਼ਮੀ ਹੀ ਇਸ ਦਾ ਚੋਣ ਨਤੀਜਿਆਂ 'ਤੇ ਪ੍ਰਭਾਵ ਦਿੱਸੇਗਾ। ਚੋਣ ਨਤੀਜਿਆਂ ਬਾਰੇ ਹਾਲ ਦੀ ਘੜੀ ਕੋਈ ਭਵਿੱਖਬਾਣੀ ਨਹੀਂ ਕੀਤੀ ਜਾ ਸਕਦੀ, ਪਰ ਇਨ੍ਹਾਂ ਤੋਂ 2019 ਦੀਆਂ ਲੋਕ ਸਭਾ ਚੋਣਾਂ ਦੇ ਸੰਕੇਤ ਜ਼ਰੂਰ ਮਿਲ ਜਾਣਗੇ।

1265 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper