Latest News
ਸਾਰੇ ਪੈਸੇ ਲੈ ਲਓ, ਪਰ ਮੈਨੂੰ ਚੋਰ ਨਾ ਕਹੋ : ਮਾਲਿਆ

Published on 06 Dec, 2018 11:40 AM.


ਲੰਡਨ (ਨਵਾਂ ਜ਼ਮਾਨਾ ਸਰਵਿਸ)
ਭਗੌੜੇ ਕਾਰੋਬਾਰੀ ਵਿਜੈ ਮਾਲਿਆ ਨੇ ਬੈਂਕਾਂ ਤੋਂ ਲਏ ਗਏ ਪੈਸੇ ਚੁਕਾਉਣ ਦੇ ਆਪਣੇ ਪ੍ਰਸਤਾਵ ਦਾ ਆਪਣੇ ਜਾਂ ਮਿਸ਼ੇਲ ਦੇ ਹਵਾਲਗੀ ਨਾਲ ਕਿਸੇ ਤਰ੍ਹਾਂ ਦਾ ਕੋਈ ਲਿੰਕ ਹੋਣ ਤੋਂ ਇਨਕਾਰ ਕੀਤਾ ਹੈ। ਮਾਲਿਆ ਨੇ ਕਿਹਾ ਕਿ ਉਹ ਸਿਰਫ ਏਨਾ ਚਾਹੁੰਦੇ ਹਨ ਕਿ ਪੈਸਾ ਵਾਪਸ ਲੈ ਲਿਆ ਜਾਵੇ ਅਤੇ ਉਸ ਨੂੰ ਪੈਸੇ ਚੋਰੀ ਕਰਨ ਵਾਲਾ ਨਾ ਕਿਹਾ ਜਾਵੇ। ਬ੍ਰਿਟੇਨ ਦੀ ਅਦਾਲਤ 'ਚ ਮਾਲਿਆ ਦੇ ਹਵਾਲਗੀ ਮਾਮਲੇ ਦੀ ਸੁਣਵਾਈ ਚੱਲ ਰਹੀ ਹੈ। ਭਾਰਤ ਬੈਂਕਾਂ ਤੋਂ ਕਰੀਬ 9 ਹਜ਼ਾਰ ਕਰੋੜ ਰੁਪਏ ਲੈ ਕੇ ਦੌੜੇ ਮਾਲਿਆ ਨੂੰ ਦੇਸ਼ ਵਾਪਸ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਹੈ।
ਮੰਗਲਵਾਰ ਨੂੰ ਅਗਸਤਾ ਵੈਸਟਲੈਂਡ ਸਮਝੌਤੇ 'ਚ ਕਥਿਤ ਦਲਾਲ ਕ੍ਰਿਸਟੀਅਨ ਮਿਸ਼ੇਲ ਨੂੰ ਦੁਬਈ ਤੋਂ ਭਾਰਤ ਲਿਆਉਣ 'ਚ ਸਫ਼ਲਤਾ ਮਿਲੀ ਸੀ। ਇਸ ਤੋਂ ਬਾਅਦ ਬੁੱਧਵਾਰ ਨੂੰ ਮਾਲਿਆ ਨੇ ਟਵੀਟ ਕਰਕੇ ਕਿਹਾ ਸੀ ਕਿ ਉਹ ਬੈਂਕਾਂ ਦਾ 100 ਫੀਸਦੀ ਮੂਲਧਨ (ਸਿਰਫ਼ ਕਰਜ਼ ਦੀ ਰਕਮ, ਵਿਆਜ ਨਹੀਂ) ਦੇਣ ਨੂੰ ਤਿਆਰ ਹੈ। ਇਸ ਤੋਂ ਬਾਅਦ ਮਾਲਿਆ ਦੀ ਹਵਾਲਗੀ ਨੂੰ ਲੈ ਕੇ ਸਾਰੀਆਂ ਚਰਚਾਵਾਂ ਸ਼ੁਰੂ ਹੋ ਗਈਆਂ। ਮਾਲਿਆ ਨੇ ਫਿਰ ਟਵੀਟ ਕਰਕੇ ਇਸ ਮਾਮਲੇ 'ਚ ਆਪਣਾ ਪੱਖ ਸਪੱਸ਼ਟ ਕਰਨ ਦੀ ਕੋਸ਼ਿਸ਼ ਕੀਤੀ ਹੈ।
ਮਾਲਿਆ ਨੇ ਹਾਲੀਆ ਟਵੀਟ 'ਚ ਲਿਖਿਆ ਕਿ ਉਹ ਸਮਝ ਨਹੀਂ ਪਾ ਰਿਹਾ ਕਿ ਉਸ ਦੇ ਸੈਟਲਮੈਂਟ ਦੇ ਆਫ਼ਰ ਅਤੇ ਉਸ ਦੇ ਜਾਂ ਦੁਬਈ ਤੋਂ ਹਾਲੀਆ ਹਵਾਲਗੀ ਨੂੰ ਕਿਸ ਤਰ੍ਹਾਂ ਜੋੜਿਆ ਜਾ ਸਕਦਾ ਹੈ। ਮਾਲਿਆ ਨੇ ਕਿਹਾ, 'ਮੈਂ ਜਿੱਥੇ ਵੀ ਹਾਂ, ਬਸ ਇਹੀ ਅਪੀਲ ਕਰਦਾ ਹਾਂ ਕਿ ਪਲੀਜ਼ ਪੈਸੇ ਲੈ ਲਓ, ਮੈਂ ਚਾਹੁੰਦਾ ਹਾਂ ਕਿ ਇਹ ਕਿੱਸਾ ਖ਼ਤਮ ਹੋਵੇ।'
ਜ਼ਿਕਰਯੋਗ ਹੈ ਕਿ ਮਿਸ਼ੇਲ ਦੀ ਹਵਾਲਗੀ ਦੇ ਤੁਰੰਤ ਬਾਅਦ ਮਾਲਿਆ ਨੇ ਟਵੀਟ ਕਰਕੇ ਪੈਸੇ ਵਾਪਸ ਕਰਨ ਦਾ ਆਫ਼ਰ ਦਿੱਤਾ ਸੀ।
ਮਾਲਿਆ ਨੇ ਲਿਖਿਆ ਸੀ, 'ਨੇਤਾ ਅਤੇ ਮੀਡੀਆ ਲਗਾਤਾਰ ਜ਼ੋਰ-ਜ਼ੋਰ ਨਾਲ ਮੈਨੂੰ ਇਸ ਤਰ੍ਹਾਂ ਡਿਫਾਲਟਰ ਦੱਸ ਰਹੇ ਹਨ, ਜੋ ਸਰਕਾਰੀ ਬੈਂਕਾਂ ਦਾ ਪੈਸਾ ਲੈ ਕੇ ਭੱਜਿਆ ਹੈ, ਇਹ ਸਭ ਝੂਠ ਹੈ। ਮੇਰੇ ਨਾਲ ਸਹੀ ਵਿਹਾਰ ਕਿਉਂ ਨਹੀਂ ਕੀਤਾ ਜਾਂਦਾ ਅਤੇ ਮੈਨੂੰ ਕਰਨਾਟਕ ਹਾਈ ਕੋਰਟ ਦੇ ਸਾਹਮਣੇ ਕਰਜ਼ ਸੈਟਲਮੈਂਟ ਦਾ ਜੋ ਬਿਊਰਾ ਪੇਸ਼ ਕੀਤਾ ਸੀ, ਉਸ ਦੀ ਏਨੀ ਜ਼ੋਰ-ਸ਼ੋਰ ਨਾਲ ਗੱਲ ਕਿਉਂ ਨਹੀਂ ਹੁੰਦੀ।'

69 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper