ਤਲਖੀਆਂ ਦਾ ਦੌਰ ਚੱਲਦਾ ਪਿਆ ਹੈ ਤਾਂ ਘੱਟ ਇਹ ਕਿਸੇ ਪਾਸੇ ਵੀ ਨਹੀਂ, ਸਾਡੇ ਪੰਜਾਬ ਵਿੱਚ ਵੀ ਬਹੁਤ ਹਨ ਤੇ ਭਾਰਤ ਦੇ ਬਾਕੀ ਸਾਰੇ ਰਾਜਾਂ ਵਿੱਚ ਵੀ ਹਨ, ਪਰ ਤਲਖੀ ਦਾ ਜਿਹੜਾ ਪੱਧਰ ਦੇਸ਼ ਦੇ ਸਭ ਤੋਂ ਵੱਡੇ ਰਾਜ ਉੱਤਰ ਪ੍ਰਦੇਸ਼ ਵਿੱਚ ਹੈ, ਉਸ ਦਾ ਪੱਧਰ ਹੋਰ ਕਿਸੇ ਪਾਸੇ ਨਹੀਂ ਦਿੱਸਦਾ। ਉਸ ਰਾਜ ਵਿਚਲੀਆਂ ਤਲਖੀਆਂ ਦਾ ਇੱਕ ਰੰਗ ਧਾਰਮਿਕ ਹੈ, ਦੂਸਰਾ ਜਾਤਵਾਦੀ ਤੇ ਤੀਸਰਾ ਸਿਆਸੀ ਰੰਗ ਹੋਣ ਦੇ ਨਾਲ ਹੋਰ ਵੀ ਕਈ ਤਰ੍ਹਾਂ ਦੇ ਰੰਗਾਂ ਦੀ ਤਲਖੀ ਉਸ ਰਾਜ ਦੀ ਫਿਜ਼ਾ ਵਿੱਚ ਹੈ।
ਜਿੱਥੋਂ ਤੱਕ ਧਾਰਮਿਕ ਰੰਗ ਦੀ ਤਲਖੀ ਦਾ ਸਵਾਲ ਹੈ, ਉਹ ਅਯੁੱਧਿਆ ਵਿੱਚ ਰਾਮ ਮੰਦਰ ਦੀ ਉਸਾਰੀ ਅਤੇ ਉਸ ਮੰਤਵ ਲਈ ਲੋਕਾਂ ਨੂੰ ਮਾਨਸਿਕ ਪੱਖੋਂ ਤਿਆਰ ਕਰਨ ਲਈ ਵਰਤੇ ਜਾਂਦੇ ਹਰਬਿਆਂ ਵਿੱਚੋਂ ਲੱਭਦੀ ਹੈ। ਆਏ ਦਿਨ ਜਿਹੜੇ ਹੰਗਾਮੇ ਗਊ ਹੱਤਿਆ ਦੇ ਨਾਂਅ ਨਾਲ ਜੁੜਦੇ ਹੋ ਰਹੇ ਹਨ, ਉਹ ਇਸ ਤਲਖੀ ਦਾ ਹੀ ਇੱਕ ਨਮੂਨਾ ਹਨ। ਲਵ ਜਹਾਦ ਜਾਂ ਮਸਜਿਦਾਂ ਨੂੰ ਮੰਦਰ ਢਾਹ ਕੇ ਬਣਾਈਆਂ ਕਹਿਣ ਦੀ ਇੱਕ ਆਮ ਬਣ ਚੁੱਕੀ ਰੀਤ ਵੀ ਏਸੇ ਦਾ ਹਿੱਸਾ ਹੈ। ਪਿਛਲੇ ਦਿਨੀਂ ਅਯੁੱਧਿਆ ਵਿੱਚ ਕਰਵਾਈ ਗਈ ਧਰਮ ਸੰਸਦ ਅਤੇ ਉਸ ਵਿੱਚ ਰਾਮ ਮੰਦਰ ਦੀ ਉਸਾਰੀ ਸ਼ੁਰੂ ਕਰਨ ਦੀ ਤਰੀਕ ਬਾਰੇ ਵਿਚਾਰ-ਵਟਾਂਦਰੇ ਦਾ ਸਾਰਾ ਚੱਕਰ ਵੀ ਇਸ ਤਰ੍ਹਾਂ ਦੀ ਤਲਖੀ ਵਧਾਉਣ ਦਾ ਕਾਰਨ ਬਣਿਆ ਸੀ ਅਤੇ ਅਜੇ ਵੀ ਬਣ ਰਿਹਾ ਹੈ। ਆਰ ਐੱਸ ਐੱਸ ਅਤੇ ਭਾਜਪਾ ਨਾਲ ਜੁੜੇ ਹੋਏ ਲੋਕ ਇਸ ਵਿੱਚ ਦੋਹਰੀ ਖੇਡ ਖੇਡਦੇ ਹਨ ਕਿ ਇੱਕ ਪਾਸੇ ਕਾਨੂੰਨ ਦੀ ਪਾਲਣਾ ਦੀਆਂ ਗੱਲਾਂ ਕਰਦੇ ਹਨ ਤੇ ਦੂਸਰੇ ਪਾਸੇ ਸਾਧ-ਸੰਤ ਸੱਦ ਕੇ ਉਨ੍ਹਾਂ ਨੂੰ ਇਹ ਭਰੋਸੇ ਦੇਂਦੇ ਹਨ ਕਿ ਰਾਮ ਮੰਦਰ ਮੋਦੀ ਸਰਕਾਰ ਹੀ ਬਣਾਵੇਗੀ।
ਦੂਸਰਾ ਪੱਖ ਜਾਤੀ ਆਧਾਰਤ ਤਲਖੀ ਦਾ ਹੈ। ਇਸ ਦੀ ਸ਼ੁਰੂਆਤ ਓਥੋਂ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਆਪ ਹੀ ਇਹ ਬਿਆਨ ਦੇ ਕੇ ਕਰ ਦਿੱਤੀ ਸੀ ਕਿ ਰਾਮ-ਭਗਤ ਹਨੂੰਮਾਨ ਦਲਿਤ ਜਾਤੀ ਵਿੱਚੋਂ ਸੀ। ਇਸ ਦਾ ਵਿਰੋਧ ਹੋਇਆ ਤਾਂ ਕਈ ਭਾਜਪਾ ਆਗੂਆਂ ਨੇ ਵਲਾਵੇਂ ਪਾ ਕੇ ਯੋਗੀ ਆਦਿਤਿਆਨਾਥ ਦੇ ਕਹੇ ਸ਼ਬਦਾਂ ਦੀ ਕੌੜ ਘਟਾਉਣ ਦਾ ਯਤਨ ਕੀਤਾ, ਪਰ ਜਿਸ ਬੰਦੇ ਵੱਲੋਂ ਇਹ ਸ਼ਬਦ ਕਹੇ ਜਾਣ ਤੋਂ ਪੁਆੜਾ ਪਿਆ ਸੀ, ਉਸ ਨੇ ਕੋਈ ਪ੍ਰਵਾਹ ਨਹੀਂ ਕੀਤੀ। ਨਤੀਜੇ ਵਜੋਂ ਦਲਿਤ ਭੜਕ ਉੱਠੇ ਅਤੇ ਕਈ ਥਾਂਈਂ ਉਨ੍ਹਾਂ ਨੇ ਹਨੂੰਮਾਨ ਮੰਦਰ ਉੱਤੇ ਕਬਜ਼ੇ ਕਰਨ ਦਾ ਕੰਮ ਕਰ ਵਿਖਾਇਆ ਤੇ ਕਾਰਨ ਇਹ ਦੱਸਿਆ ਕਿ ਜਦੋਂ ਉਸ ਨੂੰ ਦਲਿਤ ਹੀ ਕਹਿ ਦਿੱਤਾ ਹੈ ਤਾਂ ਫਿਰ ਓਥੇ ਉੱਚ ਜਾਤੀ ਦਾ ਬ੍ਰਾਹਮਣ ਪੁਜਾਰੀ ਨਹੀਂ ਚਾਹੀਦਾ। ਭਾਜਪਾ ਆਗੂਆਂ ਦੀ ਏਸੇ ਖੇਡ ਤੋਂ ਤੰਗ ਆਈ ਭਾਜਪਾ ਪਾਰਲੀਮੈਂਟ ਮੈਂਬਰ ਸਵਿਤਰੀ ਬਾਈ ਫੂਲੇ ਨੇ ਇਸ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ ਅਤੇ ਇਹ ਵੀ ਕਹਿ ਦਿੱਤਾ ਹੈ ਕਿ ਦੇਸ਼ ਮੰਦਰ ਨਾਲ ਨਹੀਂ ਚੱਲਣਾ, ਸੰਵਿਧਾਨ ਨਾਲ ਚੱਲਣਾ ਹੈ, ਜਿਸ ਨੂੰ ਭਾਜਪਾ ਢਾਹ ਲਾ ਰਹੀ ਹੈ। ਇੱਕ ਵਾਰ ਜਦੋਂ ਦੇਸ਼ ਭਰ ਵਿੱਚ ਦਲਿਤ ਜਾਤੀ ਵਾਲਿਆਂ ਨੇ ਇਹ ਕਹਿ ਕੇ ਬੰਦ ਕਰਵਾਇਆ ਸੀ ਕਿ ਸਾਡੇ ਕਾਨੂੰਨੀ ਹੱਕ ਖੋਹੇ ਜਾ ਰਹੇ ਹਨ, ਉਸ ਵੇਲੇ ਵੀ ਇਹ ਭਾਜਪਾ ਐੱਮ ਪੀ ਬੀਬੀ ਆਪਣੀ ਪਾਰਟੀ ਨਾਲ ਖੜੇ ਰਹਿਣ ਦੀ ਥਾਂ ਦਲਿਤਾਂ ਨਾਲ ਜਾ ਖੜੋਤੀ ਸੀ। ਉਸ ਦਾ ਦੁਖੀ ਹੋ ਕੇ ਅਸਤੀਫਾ ਦੇ ਜਾਣਾ ਦੱਸਦਾ ਹੈ ਕਿ ਉੱਤਰ ਪ੍ਰਦੇਸ਼ ਵਿੱਚ ਹਾਲਾਤ ਚੰਗੇ ਨਹੀਂ ਚੱਲ ਰਹੇ।
ਤੀਸਰਾ ਮਾਮਲਾ ਰਾਜਨੀਤਕ ਤਲਖੀ ਦਾ ਹੈ। ਇਸ ਦਾ ਇੱਕ ਨਮੂਨਾ ਕੱਲ੍ਹ ਉਸ ਵਕਤ ਮਿਲਿਆ, ਜਦੋਂ ਇੱਕ ਹਿੰਦੂ ਯੁਵਾ ਵਾਹਿਨੀ ਵਾਲਿਆਂ ਨੇ ਪੰਜਾਬ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਦਾ ਸਿਰ ਵੱਢਣ ਦੇ ਲਈ ਇੱਕ ਕਰੋੜ ਰੁਪਏ ਦਾ ਇਨਾਮ ਐਲਾਨ ਕਰ ਦਿੱਤਾ। ਇਹ ਹਿੰਦੁ ਜਥੇਬੰਦੀ ਸੋਲਾਂ ਸਾਲ ਪਹਿਲਾਂ ਖੁਦ ਯੋਗੀ ਆਦਿਤਿਆਨਾਥ ਨੇ ਖੜੀ ਕੀਤੀ ਸੀ ਤੇ ਇਸ ਦਾ ਮੁੱਖ ਕੇਂਦਰ ਵੀ ਯੋਗੀ ਆਦਿਤਿਆਨਾਥ ਦੇ ਸ਼ਹਿਰ ਗੋਰਖਪੁਰ ਵਿੱਚ ਹੈ। ਨਵਜੋਤ ਸਿੱਧੂ ਨਾਲ ਇਸ ਹਿੰਦੂ ਜਥੇਬੰਦੀ ਦੀ ਨਾਰਾਜ਼ਗੀ ਇਸ ਕਰ ਕੇ ਹੈ ਕਿ ਉਨ੍ਹਾਂ ਦੇ ਕਹਿਣ ਮੁਤਾਬਕ ਸਿੱਧੂ ਨੇ ਯੋਗੀ ਆਦਿਤਿਆਨਾਥ ਦੇ ਖਿਲਾਫ ਬੜੇ ਭੱਦੇ ਸ਼ਬਦਾਂ ਦੀ ਵਰਤੋਂ ਕੀਤੀ ਹੈ। ਭਾਰਤ ਦੇ ਆਮ ਲੋਕਾਂ ਨੂੰ ਇਹ ਪਤਾ ਵੀ ਨਹੀਂ ਕਿ ਸਿੱਧੂ ਨੇ ਕੀ ਕਿਹਾ ਸੀ, ਪਰ ਜੇ ਇਹ ਸੱਚ ਮੰਨ ਲਿਆ ਜਾਵੇ ਕਿ ਸਿੱਧੂ ਨੇ ਉਸ ਰਾਜ ਦੇ ਮੁੱਖ ਮੰਤਰੀ ਦੇ ਖਿਲਾਫ ਕੋਈ ਸ਼ਬਦ ਕਹੇ ਵੀ ਸਨ ਤਾਂ ਜਿੰਨੇ ਵੀ ਮਾੜੇ ਸ਼ਬਦ ਕਹੇ ਹੋਣ, ਇਸ ਦੇਸ਼ ਦੇ ਕਾਨੂੰਨ ਅਨੁਸਾਰ ਹੀ ਉਸ ਨਾਲ ਸਿੱਝਿਆ ਜਾ ਸਕਦਾ ਹੈ। ਉਸ ਦੇ ਖਿਲਾਫ ਕੇਸ ਵੀ ਕੀਤਾ ਜਾ ਸਕਦਾ ਹੈ। ਇਹ ਹੱਕ ਇਸ ਦੇਸ਼ ਦਾ ਕਾਨੂੰਨ ਕਿਸੇ ਨੂੰ ਵੀ ਨਹੀਂ ਦੇਂਦਾ ਕਿ ਉਹ ਕਿਸੇ ਨੂੰ ਕਤਲ ਕਰਨ ਦੀ ਧਮਕੀ ਦੇਵੇ, ਪਰ ਉੱਤਰ ਪ੍ਰਦੇਸ਼ ਵਿੱਚ ਇਹ ਕੁਝ ਆਮ ਹੀ ਹੁੰਦਾ ਰਹਿੰਦਾ ਹੈ। ਕੁਝ ਚਿਰ ਪਹਿਲਾਂ ਜਦੋਂ ਪਦਮਾਵਤੀ ਫਿਲਮ ਦਾ ਵਿਵਾਦ ਛਿੜਿਆ ਸੀ ਤਾਂ ਹੀਰੋਇਨ ਦੀਪਕਾ ਪਾਦੂਕੋਨ ਦੇ ਖਿਲਾਫ ਅਜਿਹੇ ਹੀ ਇਨਾਮ ਰੱਖੇ ਜਾਂਦੇ ਰਹੇ ਸਨ। ਇੱਕ ਜਥੇਬੰਦੀ ਨੇ ਤਾਂ ਏਸੇ ਉੱਤਰ ਪ੍ਰਦੇਸ਼ ਵਿੱਚੋਂ ਇਹ ਐਲਾਨ ਵੀ ਕਰ ਦਿੱਤਾ ਸੀ ਕਿ ਮਾਰਨ ਦੀ ਲੋੜ ਨਹੀਂ, ਦੀਪਕਾ ਦਾ ਨੱਕ ਵੱਢ ਕੇ ਲਿਆਉਣ ਵਾਲੇ ਨੂੰ ਹੀ ਬਹੁਤ ਵੱਡਾ ਇਨਾਮ ਦੇ ਦਿੱਤਾ ਜਾਵੇਗਾ।
ਭਾਰਤ ਵਿੱਚ ਕਾਨੂੰਨ ਦਾ ਰਾਜ ਹੈ। ਕਾਨੂੰਨ ਦੇ ਰਾਜ ਵਿੱਚ ਕੋਈ ਕਿਸੇ ਨੂੰ ਕਤਲ ਕਰੇ ਤਾਂ ਉਹੀ ਜੁਰਮ ਨਹੀਂ ਹੁੰਦਾ, ਕਤਲ ਕਰਨ ਦੀ ਕੋਸ਼ਿਸ਼ ਕਰਨਾ ਜਾਂ ਧਮਕੀ ਦੇਣਾ ਵੀ ਜੁਰਮ ਹੁੰਦਾ ਹੈ। ਉੱਤਰ ਪ੍ਰਦੇਸ਼ ਦੀ ਸਰਕਾਰ ਇਹ ਸੋਚਦੀ ਹੀ ਨਹੀਂ। ਨਵਜੋਤ ਸਿੰਘ ਸਿੱਧੂ ਦੀ ਬੋਲੀ ਗਲਤ ਹੈ ਤਾਂ ਉਸ ਦੇ ਖਿਲਾਫ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ, ਤਾਂ ਕਿ ਅੱਗੇ ਤੋਂ ਕੋਈ ਦੂਸਰਾ ਇਸ ਤਰ੍ਹਾਂ ਦੀ ਗਲਤੀ ਨਾ ਕਰੇ, ਪਰ ਧਮਕੀਆਂ ਦਾ ਕੋਈ ਮਤਲਬ ਨਹੀਂ। ਇਸ ਵਿਹਾਰ ਨੂੰ ਨੱਥ ਪਾਉਣ ਦੀ ਲੋੜ ਹੈ।
-ਜਤਿੰਦਰ ਪਨੂੰ