Latest News
ਲੀਹ ਤੋਂ ਲੱਥਾ ਪਿਆ ਅਕਾਲੀ ਦਲ

Published on 09 Dec, 2018 11:34 AM.


ਭਾਰਤ ਦੇਸ਼ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਦੀ ਜੜ੍ਹ ਇਹ ਹੈ ਕਿ ਏਥੇ ਘਾਗ ਸਿਆਸੀ ਆਗੂ ਆਪਣੀ ਰਾਜਨੀਤੀ ਨੂੰ ਇੱਕ ਜਾਂ ਦੂਸਰੇ ਧਰਮ ਦਾ ਨਾਂਅ ਵਰਤ ਕੇ ਚਲਾਈ ਫਿਰਦੇ ਹਨ। ਇਸ ਨਾਲ ਕਈ ਵਾਰੀ ਉਨ੍ਹਾਂ ਦੇ ਧਰਮ ਦੀ ਬੇਅਦਬੀ ਹੁੰਦੀ ਹੈ ਤੇ ਕਈ ਵਾਰ ਖ਼ੁਦ ਉਨ੍ਹਾਂ ਦਾ ਆਪਣਾ ਜਲੂਸ ਨਿਕਲਦਾ ਦਿਖਾਈ ਦੇਂਦਾ ਹੈ। ਅੰਮ੍ਰਿਤਸਰ ਵਿੱਚ ਜਿਹੜਾ ਨਾਟਕ ਸ੍ਰੀ ਦਰਬਾਰ ਸਾਹਿਬ ਵਿਖੇ ਇਸ ਵਕਤ ਅਕਾਲੀ ਦਲ ਦੇ ਆਗੂ ਖੇਡ ਰਹੇ ਹਨ, ਉਸ ਦੀ ਜੜ੍ਹ ਵੀ ਇਹੋ ਰਾਜਨੀਤਕ ਖੇਡ ਹੈ। ਉਹ ਸਿਆਸਤ ਦੇ ਦਾਅ ਖੇਡਣ ਲਈ ਆਪਣੇ ਧਰਮ ਦੇ ਨਾਂਅ ਦੀ ਵਰਤੋਂ ਕਰਦੇ ਰਹੇ ਅਤੇ ਇਸ ਗੇੜ ਵਿੱਚ ਉਲਝਣਾਂ ਪਾ ਬੈਠੇ ਹਨ। ਪੰਜਾਬ ਦੇ ਜਿਨ੍ਹਾਂ ਲੋਕਾਂ ਨੇ ਉਨ੍ਹਾਂ ਨੂੰ ਵੋਟਾਂ ਪਾ ਕੇ ਚੁਣਿਆ ਤੇ ਰਾਜ ਕਰਨ ਦਾ ਮੌਕਾ ਦਿੱਤਾ ਸੀ, ਉਹ ਕੌੜ ਕੱਢ ਰਹੇ ਹਨ।
ਕੋਈ ਸਾਢੇ ਤਿੰਨ ਸਾਲ ਪਹਿਲਾਂ ਅਗਲੀ ਵਿਧਾਨ ਸਭਾ ਚੋਣ ਉੱਤੇ ਅੱਖ ਗੱਡੀ ਬੈਠੇ ਅਕਾਲੀ ਦਲ ਦੇ ਨੌਜਵਾਨ ਪ੍ਰਧਾਨ ਨੂੰ ਇਹ ਫੁਰਨਾ ਫੁਰਿਆ ਕਿ ਆਪਣੇ ਧਰਮ ਵਾਲੇ ਲੋਕ ਤਾਂ ਆਪਣੀ ਜੇਬ ਵਿੱਚ ਹੀ ਹਨ, ਅਹੁ ਸਿਰਸੇ ਡੇਰੇ ਵਾਲਿਆਂ ਦੇ ਬਾਬੇ ਨਾਲ ਵੀ ਸੌਦਾ ਮਾਰਿਆ ਜਾਵੇ ਤਾਂ ਉਸ ਨੂੰ ਅਕਾਲ ਤਖ਼ਤ ਤੋਂ ਮੁਆਫੀ ਦਿਵਾ ਕੇ ਸਦਾ ਲਈ ਆਪਣੇ ਵੱਸ ਕਰ ਲਈਏ। ਇਸ ਮਕਸਦ ਲਈ ਉਸ ਨੇ ਅਕਾਲ ਤਖ਼ਤ ਦੇ ਉਸ ਜਥੇਦਾਰ ਨੂੰ, ਜਿਹੜਾ ਖ਼ੁਦ ਬਾਦਲ ਪਰਵਾਰ ਨੇ ਨਿਯੁਕਤ ਕੀਤਾ ਸੀ, ਮੋਹਰਾ ਬਣਾਇਆ ਸੀ, ਪਰ ਇਹ ਖੇਡ ਸਿਰੇ ਨਹੀਂ ਚੜ੍ਹ ਸਕੀ। ਆਖਰ ਕਦਮ ਪਿੱਛੇ ਖਿੱਚਣੇ ਪੈ ਗਏ। ਉਸ ਤੋਂ ਬਾਅਦ ਪੰਜਾਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਸ਼ੁਰੂ ਹੋ ਕੇ ਹਰ ਪੜਾਅ ਇੱਕ ਨਵੀਂ ਸਮੱਸਿਆ ਪੈਦਾ ਕਰਨ ਵਾਲਾ ਬਣਦਾ ਗਿਆ ਤੇ ਅਕਾਲੀ ਪਾਰਟੀ ਆਪਣੇ ਪ੍ਰਧਾਨ ਦੇ ਕੁਚੱਜੇ ਪੈਂਤੜਿਆਂ ਕਾਰਨ ਹੋਰ ਤੋਂ ਹੋਰ ਵਿਵਾਦਾਂ ਵਿੱਚ ਉਲਝਦੀ ਗਈ। ਵਿਧਾਨ ਸਭਾ ਚੋਣਾਂ ਦੌਰਾਨ ਵੀ ਏਸੇ ਬਦਨੀਤੀ ਨਾਲ ਹਾਰ ਪੱਲੇ ਪੁਆ ਕੇ ਇਹ ਪਾਰਟੀ ਕੱਖੋਂ ਹੌਲੀ ਹੋ ਗਈ, ਪਰ ਰੱਸੀ ਸੜ ਗਈ, ਵੱਟ ਨਹੀਂ ਸੀ ਗਿਆ।
ਨਵੀਂ ਸਰਕਾਰ ਵੱਲੋਂ ਕਾਇਮ ਕੀਤੇ ਗਏ ਜਸਟਿਸ ਰਣਜੀਤ ਸਿੰਘ ਜਾਂਚ ਕਮਿਸ਼ਨ ਦੀ ਰਿਪੋਰਟ ਨੇ ਕਈ ਗੱਲਾਂ ਦਾ ਭੇਦ ਖੋਲ੍ਹਣ ਦਾ ਕੰਮ ਕੀਤਾ ਤਾਂ ਅਕਾਲੀ ਦਲ ਦਾ ਪ੍ਰਧਾਨ ਵਿਧਾਨ ਸਭਾ ਵਿੱਚ ਇਹ ਜਾਂਚ ਰਿਪੋਰਟ ਪੇਸ਼ ਹੋਣ ਵੇਲੇ ਓਥੇ ਖੜੋਤਾ ਰਹਿਣ ਤੇ ਸਥਿਤੀ ਦਾ ਸਾਹਮਣਾ ਕਰਨ ਦੀ ਥਾਂ ਸਾਥੀ ਵਿਧਾਇਕਾਂ ਨੂੰ ਨਾਲ ਕੇ ਬਾਹਰ ਖਿਸਕ ਗਿਆ। ਇਹ ਉਸ ਦੀ ਦੂਸਰੀ ਬੱਜਰ ਭੁੱਲ ਸੀ, ਜਿਸ ਨਾਲ ਸਾਰੇ ਲੋਕਾਂ ਵਿੱਚ ਇਹ ਪ੍ਰਭਾਵ ਬਣ ਗਿਆ ਕਿ ਪਾਰਟੀ ਖ਼ੁਦ ਜਾਣਦੀ ਹੈ ਕਿ ਅਸੀਂ ਝੂਠੇ ਹਾਂ, ਹਾਲਾਤ ਦਾ ਟਾਕਰਾ ਕਰਨ ਦੀ ਹਿੰਮਤ ਨਹੀਂ ਅਤੇ ਐਵੇਂ ਅੱਕੀਂ-ਪਲਾਹੀਂ ਹੱਥ ਮਾਰੇ ਜਾ ਰਹੇ ਹਨ। ਪਾਰਟੀ ਦੇ ਅੰਦਰੋਂ ਵੀ ਇਨ੍ਹਾਂ ਹਾਲਾਤ ਵਿੱਚ ਪ੍ਰਧਾਨ ਦੇ ਖ਼ਿਲਾਫ਼ ਆਵਾਜ਼ਾਂ ਉੱਠਣੀਆਂ ਸ਼ੁਰੂ ਹੋ ਗਈਆਂ, ਪਰ ਪ੍ਰਧਾਨ ਤੇ ਪ੍ਰਧਾਨ ਦਾ ਬਾਪ ਫਿਰ ਇਸ ਝਾਕ ਵਿੱਚ ਖੜੇ ਰਹੇ ਕਿ ਧਰਮ ਦੇ ਖੇਤਰ ਦਾ ਝੰਡਾ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਰਾਹੀਂ ਸਾਡੇ ਹੱਥ ਵਿੱਚ ਹੈ, ਸਾਡਾ ਕੁਝ ਵਿਗੜਨ ਵਾਲਾ ਨਹੀਂ ਤੇ ਏਸੇ ਵਹਿਮ ਨੇ ਹਾਲਾਤ ਹੋਰ ਖ਼ਰਾਬ ਕਰਨ ਵਿੱਚ ਹਿੱਸਾ ਪਾਇਆ ਅਤੇ ਪਾਰਟੀ ਰਸਾਤਲ ਨੂੰ ਰਿੜ੍ਹਦੀ ਗਈ। ਇਹੋ ਹਾਲਾਤ ਤਾਂ ਹਨ, ਜਿਨ੍ਹਾਂ ਵਿੱਚ ਪੰਜ ਵਾਰੀ ਮੁੱਖ ਮੰਤਰੀ ਰਹਿ ਚੁੱਕੇ ਪ੍ਰਕਾਸ਼ ਸਿੰਘ ਬਾਦਲ ਨੂੰ ਕਿਸੇ ਧਾਰਮਿਕ ਹਸਤੀ ਜਾਂ ਸੰਸਥਾ ਵੱਲੋਂ ਨੋਟਿਸ ਆਏ ਤੋਂ ਬਿਨਾਂ ਖ਼ੁਦ ਹੀ ਆਪਣੀਆਂ ਭੁੱਲਾਂ ਦਾ ਇਕਬਾਲ ਕਰਨਾ ਅਤੇ ਬਖਸ਼ਾਉਣ ਲਈ ਗੁਰੂ ਘਰ ਜਾਣਾ ਪਿਆ ਹੈ।
ਹੈਰਾਨੀ ਦੀ ਗੱਲ ਇਹ ਹੈ ਕਿ ਉਹ ਭੁੱਲਾਂ ਬਖਸ਼ਾਉਣ ਤਾਂ ਗੁਰੂ-ਘਰ ਚਲੇ ਗਏ, ਚੇਲੇ-ਚਾਂਟਿਆਂ ਦੀ ਫ਼ੌਜ ਵੀ ਨਾਲ ਪਹੁੰਚ ਗਈ, ਪਰ ਜਿਹੜੀ ਭੁੱਲ ਨੂੰ ਬਖਸ਼ਾਉਣ ਗਏ ਸਨ, ਉਸ ਬਾਰੇ ਅਜੇ ਤੱਕ ਵੀ ਮੂੰਹੋਂ ਮੰਨਣ ਨੂੰ ਤਿਆਰ ਨਹੀਂ। ਅਕਾਲੀ ਦਲ ਦੇ ਪੁਰਾਣੇ ਆਗੂ, ਜਿਨ੍ਹਾਂ ਨੂੰ ਟਕਸਾਲੀ ਕਿਹਾ ਜਾਂਦਾ ਹੈ, ਤਾਂ ਇਸ ਬਾਰੇ ਕਈ ਕਿੰਤੂ ਕਰਦੇ ਹੀ ਹਨ, ਜਿਹੜੀ ਬਾਅਦ ਵਾਲੀ ਭਰਤੀ ਪਾਰਲੀਮੈਂਟ ਅਤੇ ਵਿਧਾਨ ਸਭਾ ਵਿੱਚ ਪੁਚਾਈ ਹੋਈ ਹੈ, ਉਸ ਵਿੱਚੋਂ ਵੀ ਕਈ ਲੋਕ ਇਹ ਗੱਲ ਕਹਿਣ ਲੱਗੇ ਹਨ ਕਿ ਪੰਜਾਬ ਦੇ ਲੋਕਾਂ ਦਾ ਗੁੱਸਾ ਦੂਰ ਕਰਨਾ ਹੈ ਤਾਂ ਟਕਸਾਲੀ ਆਗੂਆਂ ਦੀ ਗੱਲ ਸੁਣਨੀ ਚਾਹੀਦੀ ਹੈ। ਟਕਸਾਲੀ ਆਗੂ ਤਾਂ ਸੌ ਹੱਥ ਰੱਸਾ ਤੇ ਸਿਰੇ ਉੱਤੇ ਗੰਢ ਵਾਲੇ ਮੁਹਾਵਰੇ ਵਾਂਗ ਇਹ ਕਹਿ ਰਹੇ ਹਨ ਕਿ ਏਨੀਆਂ ਗ਼ਲਤੀਆਂ ਕਰ ਕੇ ਪਾਰਟੀ ਦਾ ਭੱਠਾ ਬਿਠਾਉਣ ਵਾਲੇ ਪ੍ਰਧਾਨ ਨੂੰ ਪਾਸੇ ਕਰਨਾ ਚਾਹੀਦਾ ਹੈ, ਫਿਰ ਭਾਵੇਂ ਖ਼ੁਦ ਵੱਡੇ ਬਾਦਲ ਹੀ ਪ੍ਰਧਾਨ ਬਣ ਜਾਣ। ਇਹੋ ਗੱਲ ਬਾਦਲ ਪਰਵਾਰ ਦੇ ਲੋਕਾਂ ਵਾਸਤੇ ਮੰਨਣੀ ਔਖੀ ਹੈ, ਕਿਉਂਕਿ ਉਹ ਜਾਣਦੇ ਹਨ ਕਿ ਇੱਕ ਵਾਰੀ ਪ੍ਰਧਾਨਗੀ ਛੱਡੀ ਤਾਂ ਫਿਰ ਕਦੇ ਨੌਂਗਾ ਨਹੀਂ ਪੈ ਸਕਣਾ।
ਅਕਾਲੀ ਦਲ ਇਸ ਵਕਤ ਦੋਰਾਹੇ ਉੱਤੇ ਹੈ ਤੇ ਇਸ ਤੋਂ ਨਿਕਲਦੇ ਦੋਵੇਂ ਰਾਹਾਂ ਵਿੱਚੋਂ ਇਸ ਦੇ ਮੁਖੀ ਪਰਵਾਰ ਲਈ ਅੱਜ ਦੀ ਸਥਿਤੀ ਕਾਇਮ ਰੱਖ ਸਕਣਾ ਔਖਾ ਹੋ ਗਿਆ ਹੈ। ਉਨ੍ਹਾਂ ਨੂੰ ਇਸ ਅਧੋਗਤੀ ਵਿੱਚ ਧਰਮ ਤੇ ਰਾਜਨੀਤੀ ਨੂੰ ਮੇਲ ਕੇ ਚੱਲਣ ਦੀ ਗ਼ਲਤ ਧਾਰਨਾ ਨੇ ਪੁਚਾਇਆ ਹੈ। ਇਸ ਧਾਰਨਾ ਦੇ ਅਰਥ ਉਹ ਆਪਣੇ ਮਨ-ਪਸੰਦ ਵਾਲੇ ਕੱਢ ਰਹੇ ਹਨ। ਮੌਜੂਦਾ ਹਾਲਾਤ ਵਿੱਚ ਜੇ ਅਕਾਲੀ ਦਲ ਨੂੰ ਬਚਾਉਣਾ ਹੈ ਤਾਂ ਸਥਿਤੀ ਨੂੰ ਸਮਝਣਾ ਅਤੇ ਜ਼ਿਦਾਂ ਕਰਨ ਦੀ ਥਾਂ ਪੰਚ-ਪ੍ਰਧਾਨੀ ਦੇ ਉਹ ਅਸੂਲ ਮੰਨਣ ਵਿੱਚ ਭਲਾਈ ਸਮਝਣੀ ਪਵੇਗੀ, ਜਿਨ੍ਹਾਂ ਨਾਲ ਅਕਾਲੀ ਦਲ ਦੀ ਸਥਾਪਨਾ ਹੋਈ ਸੀ। ਨਵੀਂ ਪੀੜ੍ਹੀ ਨੇ ਇਸ ਪਾਰਟੀ ਦੀ ਗੱਡੀ ਲੀਹ ਤੋਂ ਲਾਹ ਕੇ ਕੁਰਾਹੇ ਪਾ ਦਿੱਤੀ ਹੈ, ਇੱਕ ਵਾਰੀ ਫਿਰ ਉਨ੍ਹਾਂ ਟਕਸਾਲੀਆਂ ਦੀ ਗੱਲ ਸੁਣਨੀ ਪਵੇਗੀ, ਜਿਹੜੇ ਖੂੰਜੇ ਲਾਏ ਗਏ ਹਨ।
-ਜਤਿੰਦਰ ਪਨੂੰ

1278 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper