Latest News
ਚੋਣ ਨਤੀਜਿਆਂ ਤੋਂ ਨਿਕਲਦੇ ਸਬਕ

Published on 11 Dec, 2018 11:20 AM.


ਚੋਣ ਨਤੀਜਿਆਂ ਬਾਰੇ ਬਹੁਤ ਸਾਰੇ ਸਿਆਣਿਆਂ ਦੀ ਰਾਏ ਹੈ ਕਿ ਇਹ ਕਦੇ ਵੀ ਉਸ ਤਰ੍ਹਾਂ ਦੇ ਨਹੀਂ ਨਿਕਲਦੇ, ਜਿੱਦਾਂ ਦੇ ਅੰਦਾਜ਼ੇ ਸੁਣਨ ਨੂੰ ਮਿਲਦੇ ਹਨ। ਇਸ ਵਾਰ ਪੰਜ ਰਾਜਾਂ ਦੀਆਂ ਚੋਣਾਂ ਮੌਕੇ ਫਿਰ ਇਹੋ ਕੁਝ ਹੋਇਆ ਹੈ। ਚੋਣ ਸਰਵੇਖਣ ਵੀ ਓਥੋਂ ਦੇ ਲੋਕਾਂ ਦੀਆਂ ਭਾਵਨਾਵਾਂ ਦਾ ਸਹੀ ਅੰਦਾਜ਼ਾ ਨਹੀਂ ਸੀ ਲਾ ਸਕੇ ਤੇ ਐਗਜ਼ਿਟ ਪੋਲ ਵੀ ਨਹੀਂ ਲਾ ਸਕੇ। ਜਦੋਂ ਨਤੀਜੇ ਆਉਣ ਦਾ ਸਿਲਸਿਲਾ ਸ਼ੁਰੂ ਹੋਇਆ ਤਾਂ ਹਰ ਘੰਟੇ ਦੇ ਨਾਲ ਨਹੀਂ, ਹਰ ਮਿੰਟ ਦੇ ਨਾਲ ਸਾਰਾ ਦਿਨ ਅੱਗੇ ਪਿੱਛੇ ਹੁੰਦੇ ਰਹੇ।
ਅਸੀਂ ਤਿਲੰਗਾਨਾ ਦੀ ਗੱਲ ਇਸ ਵਿੱਚ ਨਹੀਂ ਕਰ ਰਹੇ, ਜਿੱਥੇ ਪਹਿਲਾਂ ਹੀ ਸਾਰਿਆਂ ਨੂੰ ਪਤਾ ਸੀ ਕਿ ਤਿਲੰਗਾਨਾ ਰਾਸ਼ਟਰੀ ਸੰਮਤੀ ਵਾਲੇ ਚੰਦਰਸ਼ੇਖਰ ਰਾਓ ਦੀ ਜਕੜ ਪੱਕੀ ਹੈ ਤੇ ਉਸ ਦੀ ਪਾਰਟੀ ਜਿੱਤ ਹੀ ਜਾਣੀ ਹੈ। ਕਾਰਨ ਇਹ ਸੀ ਕਿ ਕਾਂਗਰਸ ਦੀ ਓਥੇ ਖਾਨਾ-ਜੰਗੀ ਨਹੀਂ ਸੀ ਮੁੱਕ ਰਹੀ ਤੇ ਓਥੇ ਵੱਖਰਾ ਰਾਜ ਬਣਾਉਣ ਦੇ ਵਕਤ ਜਿਹੜੀ ਤਿਕੜਮਬਾਜ਼ੀ ਕਾਂਗਰਸ ਪਾਰਟੀ ਵੱਲੋਂ ਕੀਤੀ ਜਾਂਦੀ ਰਹੀ ਸੀ, ਉਸ ਕਾਰਨ ਵੀ ਲੋਕ ਉਸ ਤੋਂ ਨਾਰਾਜ਼ ਸਨ। ਓਥੇ ਨਤੀਜਾ ਉਹੀ ਆਇਆ ਹੈ। ਮੀਜ਼ੋਰਮ ਵਿੱਚ ਕਾਂਗਰਸ ਦੀ ਦੋ ਵਾਰੀਆਂ ਦੀ ਸਰਕਾਰ ਦੇ ਬਾਅਦ ਮੀਜ਼ੋ ਨੈਸ਼ਨਲ ਫਰੰਟ ਨੇ ਦੋ ਵਾਰੀ ਰਾਜ ਕਰ ਲਿਆ ਤਾਂ ਫਿਰ ਕਾਂਗਰਸ ਨੇ ਆਣ ਕੇ ਦੋ ਵਾਰੀਆਂ ਰਾਜ ਦਾ ਸੁਖ ਮਾਣਿਆ ਸੀ। ਇਸ ਵਾਰੀ ਫਿਰ ਲੋਕ ਤਬਦੀਲੀ ਚਾਹੁੰਦੇ ਸੁਣੇ ਸਨ। ਕਾਂਗਰਸ ਆਗੂ ਇਹ ਕਹਿ ਰਹੇ ਸਨ ਕਿ ਉਹ ਫਿਰ ਜਿੱਤ ਜਾਣ ਦੀ ਸਥਿਤੀ ਵਿੱਚ ਹਨ, ਪਰ ਉਨ੍ਹਾਂ ਦੀ ਇਹ ਆਸ ਪੂਰੀ ਨਹੀਂ ਹੋ ਸਕੀ। ਇਸ ਕਾਰਨ ਕਾਂਗਰਸ ਆਗੂ ਇਹੋ ਜਿਹੀ ਹਾਰ ਨੂੰ ਜਾਇਜ਼ ਠਹਿਰਾਉਣ ਦੇ ਲਈ ਬਹਾਨੇ ਪੇਸ਼ ਕਰਦੇ ਫਿਰਦੇ ਹਨ।
ਅਸਲੀ ਲੜਾਈ ਦੇਸ਼ ਦੇ ਤਿੰਨ ਆਪਸ ਵਿੱਚ ਜੁੜਦੇ ਰਾਜਾਂ : ਰਾਜਸਥਾਨ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਵਿੱਚ ਹੋਣ ਬਾਰੇ ਹਰ ਕੋਈ ਜਾਣਦਾ ਸੀ, ਪਰ ਓਥੇ ਜਿੱਤੇਗਾ ਕੌਣ, ਇਹ ਗੱਲ ਕੋਈ ਨਹੀਂ ਸੀ ਕਹਿ ਸਕਦਾ। ਲੜਾਈ ਲੜ ਰਹੀਆਂ ਪਾਰਟੀਆਂ ਦੇ ਆਗੂ ਜ਼ਰੂਰ ਦਾਅਵੇ ਕਰੀ ਜਾ ਰਹੇ ਸਨ, ਪਰ ਉਨ੍ਹਾਂ ਦੇ ਦਾਅਵੇ ਕੋਈ ਪੱਕੇ ਨਹੀਂ ਸਨ ਕਹੇ ਜਾ ਸਕਦੇ। ਕਾਂਗਰਸ ਦੇ ਆਗੂਆਂ ਦਾ ਇਹ ਦਾਅਵਾ ਕਈ ਲੋਕਾਂ ਨੂੰ ਵਾਹਵਾ ਠੀਕ ਲੱਗਦਾ ਸੀ ਕਿ ਉਹ ਰਾਜਸਥਾਨ ਅਤੇ ਮੱਧ ਪ੍ਰਦੇਸ਼ ਵਿੱਚ ਜਿੱਤ ਸਕਦੀ ਹੈ, ਪਰ ਉਹ ਛੱਤੀਸਗੜ੍ਹ ਵਿੱਚ ਵੀ ਜਿੱਤ ਜਾਵੇਗੀ, ਇਹ ਗੱਲ ਹਿੱਕ ਠੋਕ ਕੇ ਕਹਿਣ ਵਾਲਾ ਕੋਈ ਵੀ ਨਹੀਂ ਸੀ। ਹੋਇਆ ਇਹ ਕਿ ਦੂਸਰੇ ਦੋ ਰਾਜਾਂ ਵਿੱਚ ਲੜਾਈ ਗਹਿਗੱਚ ਹੋਈ ਤੇ ਸਿਰਫ ਛੱਤੀਸਗੜ੍ਹ ਇਹੋ ਜਿਹਾ ਸੀ, ਜਿਸ ਵਿੱਚ ਗਿਣਤੀ ਦੇ ਪਹਿਲੇ ਗੇੜ ਨਾਲ ਜਿੱਤਣੀ ਸ਼ੁਰੂ ਹੋਈ ਕਾਂਗਰਸ ਪਾਰਟੀ ਲਗਾਤਾਰ ਜਿੱਤਦੀ ਗਈ ਤੇ ਲੋੜੀਂਦੀ ਬਹੁ-ਗਿਣਤੀ ਦੀ ਬਜਾਏ ਦੋ-ਤਿਹਾਈ ਤੱਕ ਪਹੁੰਚ ਕੇ ਉਸ ਰਾਜ ਦੀ ਕਮਾਨ ਸਾਂਭਣ ਵਾਲੀ ਹੋ ਗਈ ਹੈ। ਇਹ ਭਾਜਪਾ ਲਈ ਬਹੁਤ ਵੱਡਾ ਸਿਆਸੀ ਝਟਕਾ ਹੈ।
ਦੂਸਰੇ ਪਾਸੇ ਰਾਜਸਥਾਨ ਵਿੱਚ ਕਾਂਗਰਸ ਪਾਰਟੀ ਦੀ ਜਿੱਤ ਬਾਰੇ ਆਮ ਕਿਹਾ ਜਾ ਰਿਹਾ ਸੀ ਅਤੇ ਓਥੇ ਉਹ ਬੜੀ ਵੱਡੀ ਅਗੇਤ ਵੀ ਹਾਸਲ ਕਰ ਗਈ, ਪਰ ਉਸ ਨੂੰ ਸੌ ਸੀਟਾਂ ਤੋਂ ਟੱਪ ਕੇ ਹੇਠਾਂ ਡਿੱਗਦੀ ਵੇਖਦੇ ਸਾਰ ਭਾਜਪਾ ਆਗੂ ਇਹ ਵਿਉਂਤਣ ਦੇ ਕੰਮ ਲੱਗ ਪਏ ਸਨ ਕਿ ਜਿਵੇਂ ਕਰਨਾਟਕ ਵਿੱਚ ਹਾਰ ਕੇ ਕਾਂਗਰਸ ਜਿੱਤ ਗਈ ਸੀ, ਏਥੇ ਅਸੀਂ ਇਹੋ ਕਰ ਦੇਈਏ। ਨਤੀਜਿਆਂ ਦੇ ਅਖੀਰ ਤੱਕ ਵੀ ਕਾਂਗਰਸ ਲੀਡਰਸ਼ਿਪ ਦੇ ਸਾਹ ਸੁੱਕੇ ਰਹੇ ਸਨ। ਏਨੀ ਪੱਕੀ ਦਿੱਸਦੀ ਜਿੱਤ ਦੇ ਬਾਅਦ ਏਨੀ ਭਰਮਾਊ ਹਾਲਤ ਇਸ ਲਈ ਬਣ ਗਈ ਕਿ ਉਸ ਰਾਜ ਵਿੱਚ ਇਸ ਪਾਰਟੀ ਦੀ ਜਿੱਤ ਹੁੰਦੀ ਸਮਝ ਕੇ ਮੁੱਖ ਮੰਤਰੀ ਦੀ ਕੁਰਸੀ ਵਾਲੇ ਦਾਅਵੇਦਾਰ ਆਪੋ ਵਿੱਚ ਇੱਕ ਦੂਜੇ ਨੂੰ ਮੋਢੇ ਮਾਰਨ ਦੇ ਰਾਹ ਪੈ ਗਏ ਸਨ। ਅਸੀਂ ਕਈ ਚੋਣਾਂ ਵਿੱਚ ਜਿੱਤ ਰਹੀ ਪਾਰਟੀ ਨੂੰ ਅਖੀਰ ਵਿੱਚ ਏਸੇ ਖਿੱਚੋਤਾਣ ਦੇ ਕਾਰਨ ਹਾਰਦੀ ਵੇਖਿਆ ਹੋਇਆ ਹੈ, ਰਾਜਸਥਾਨ ਦੇ ਲੀਡਰਾਂ ਨੇ ਵੀ ਵੇਖਿਆ ਹੋਵੇਗਾ, ਪਰ ਇਹ ਅਕਲ ਨਹੀਂ ਸੀ ਸਿੱਖ ਸਕੇ ਕਿ ਏਦਾਂ ਦੀ ਲੜਾਈ ਏਨੀ ਅਗੇਤੀ ਵਿੱਢ ਲਈਏ ਤਾਂ ਸਿਰੇ ਉੱਤੇ ਪਹੁੰਚ ਕੇ ਠੇਡਾ ਖਾ ਜਾਈਦਾ ਹੈ। ਜਿਹੜੀ ਭਾਰਤੀ ਜਨਤਾ ਪਾਰਟੀ ਦੇ ਆਪਣੇ ਵਰਕਰ ਵੀ ਆਪਣੀ ਮੁੱਖ ਮੰਤਰੀ ਬੀਬੀ ਵਸੁੰਧਰਾ ਨੂੰ ਹਰਾਉਣ ਲਈ ਕਮਰਕੱਸੇ ਕਰੀ ਫਿਰਦੇ ਸਨ, ਉਨ੍ਹਾਂ ਲਈ ਚੋਣਾਂ ਵਿੱਚ ਆਸ ਬੰਨ੍ਹਾਉਣ ਦਾ ਕੰਮ ਆਖਰੀ ਦਿਨਾਂ ਵਿੱਚ ਕਾਂਗਰਸ ਪਾਰਟੀ ਦੇ ਲੀਡਰਾਂ ਨੇ ਕਰ ਛੱਡਿਆ ਸੀ।
ਬਾਕੀ ਰਹਿੰਦੇ ਰਾਜ ਮੱਧ ਪ੍ਰਦੇਸ਼ ਵਿੱਚ ਭਾਜਪਾ ਮੁੱਖ ਮੰਤਰੀ ਨੂੰ ਆਖਰੀ ਸਾਲ ਵਿੱਚ ਹਾਰ ਹੁੰਦੀ ਦਿੱਸ ਪੈਣ ਉੱਤੇ ਉਸ ਨੇ ਇਹ ਸਾਰਾ ਸਾਲ ਹਿੰਦੂ ਧਰਮ ਦੇ ਸਾਧੂ-ਸੰਤਾਂ ਨੂੰ ਪਲੋਸਣ-ਪਤਿਆਉਣ ਉੱਤੇ ਲਾਈ ਰੱਖਿਆ ਤੇ ਸਮਾਜ ਦੇ ਜਿਹੜੇ ਵਰਗਾਂ ਦੇ ਮਨਾਂ ਵਿੱਚ ਗੁੱਸੇ ਸਨ, ਉਨ੍ਹਾਂ ਲਈ ਸਰਕਾਰੀ ਖਜ਼ਾਨਾ ਲੁਟਾਉਣ ਵਿੱਚ ਵੀ ਕਸਰ ਨਹੀਂ ਛੱਡੀ। ਕਾਂਗਰਸ ਦੇ ਆਗੂ ਇਸ ਪੱਖ ਵੱਲ ਵੇਖਣ ਦੀ ਥਾਂ ਉਸ ਸਰਕਾਰ ਦੇ ਪਿਛਲੇ ਸਾਲਾਂ ਵਿੱਚ ਹੁੰਦੇ ਰਹੇ ਵਿਰੋਧ ਉੱਤੇ ਏਨੀ ਟੇਕ ਰੱਖ ਬੈਠੇ ਕਿ ਵੋਟਾਂ ਵਾਲੇ ਦਿਨ ਆਉਣ ਤੋਂ ਪਹਿਲਾਂ ਹੀ ਮੁੱਖ ਮੰਤਰੀ ਬਣਨ ਲਈ ਦੋ ਜਣਿਆਂ ਦੀ ਕਤਾਰਬੰਦੀ ਸ਼ੁਰੂ ਹੋ ਗਈ ਸੀ। ਜਿਹੜਾ ਵਕਤ ਲੋਕਾਂ ਵਿੱਚ ਜਾ ਕੇ ਕੰਮ ਕਰਨ ਲਈ ਲਾਉਣਾ ਚਾਹੀਦਾ ਸੀ, ਉਹ ਕਾਂਗਰਸ ਲੀਡਰਾਂ ਨੇ ਆਪਣੇ-ਆਪਣੇ ਧੜੇ ਦੇ ਬੰਦਿਆਂ ਨੂੰ ਥਾਪੜੇ ਦੇ ਕੇ ਦੂਸਰੇ ਆਗੂ ਦੇ ਜੜ੍ਹੀਂ ਤੇਲ ਦੇਣ ਵਾਲੇ ਕੰਮ ਲਾਈ ਰੱਖਿਆ ਸੀ। ਪਿਛਲੀਆਂ ਦੋ ਵਾਰੀਆਂ ਵਿੱਚ ਵੀ ਉਸ ਰਾਜ ਵਿੱਚ ਇਸ ਪਾਰਟੀ ਦੇ ਲੀਡਰ ਇਨ੍ਹਾਂ ਹੀ ਗੱਲਾਂ ਕਾਰਨ ਹਾਰਦੇ ਰਹੇ ਸਨ, ਪਰ ਉਸ ਤੋਂ ਇਨ੍ਹਾਂ ਨੇ ਕੋਈ ਸਬਕ ਨਹੀਂ ਸੀ ਸਿੱਖਿਆ।
ਇਸ ਵਕਤ ਸਵਾਲ ਇਹ ਨਹੀਂ ਕਿ ਕਿਸ ਰਾਜ ਵਿੱਚ ਕਿਸ ਪਾਰਟੀ ਦੀ ਜਿੱਤ ਹੋਈ, ਇਹ ਸਾਫ ਹੈ ਕਿ ਭਾਜਪਾ ਨੂੰ ਸੱਟਾਂ ਪਈਆਂ ਤੇ ਕਾਂਗਰਸ ਅੱਗੇ ਵਧੀ ਹੈ, ਪਰ ਵੱਡਾ ਸਵਾਲ ਇਹ ਹੈ ਕਿ ਇਹੋ ਹਾਲ ਰਹੇਗਾ ਤਾਂ ਕਾਂਗਰਸ ਪਾਰਟੀ ਅਗਲੀਆਂ ਲੋਕ ਸਭਾ ਚੋਣਾਂ ਵਿੱਚ ਕੀ ਕਰੇਗੀ? ਕੀ ਉਹ ਫਿਰ ਇੱਕ ਦੂਜੇ ਦੇ ਜੜ੍ਹੀਂ ਤੇਲ ਦੇਣ ਵਾਲਾ ਕੰਮ ਕਰੇਗੀ? ਪਾਰਟੀ ਦੀ ਹਾਈ ਕਮਾਨ ਦੇ ਬਾਰੇ ਕਿਹਾ ਜਾ ਰਿਹਾ ਹੈ ਕਿ ਉਸ ਦਾ ਕਹਿਣਾ ਕੋਈ ਮੰਨਦਾ ਹੀ ਨਹੀਂ ਤੇ ਸਾਰੇ ਪਾਸੇ ਆਪਾ-ਧਾਪੀ ਪਈ ਹੋਈ ਹੈ। ਜੇ ਇਹ ਗੱਲ ਸੱਚ ਮੰਨ ਲਈਏ ਤਾਂ ਅਗਲਾ ਸਾਲ ਇਸ ਪਾਰਟੀ ਲਈ ਚੰਗੇ ਨਤੀਜੇ ਕਿਵੇਂ ਦੇ ਸਕੇਗਾ? ਅਕਲਮੰਦੀ ਇਹ ਹੈ ਕਿ ਲੜਾਈਆਂ ਦੇ ਤਜਰਬੇ ਤੋਂ ਸਿੱਖ ਕੇ ਵੱਡੀ ਜੰਗ ਲਈ ਕੁਝ ਠੋਸ ਕਦਮ ਚੁੱਕੇ ਜਾਣ। ਭਾਜਪਾ ਇਸ ਕੰਮ ਨੂੰ ਤੇਜ਼ ਹੈ। ਉਹ ਇਸ ਚੋਣ ਦੌਰ ਦੀਆਂ ਸੱਟਾਂ ਤੋਂ ਕੁਝ ਸਿੱਖਣ ਅਤੇ ਆਪਣੀਆਂ ਗਲਤੀਆਂ ਨਾਲ ਹੋ ਚੁੱਕੇ ਨੁਕਸਾਨ ਦੀ ਭਰਪਾਈ ਦੇ ਯਤਨ ਕਰ ਸਕਦੀ ਹੈ। ਕਾਂਗਰਸ ਦੇ ਆਗੂਆਂ ਨੇ ਵੀ ਜੇ ਏਦਾਂ ਦਾ ਕੰਮ ਕਰਨਾ ਹੈ ਤਾਂ ਪਹਿਲਾਂ ਉਨ੍ਹਾਂ ਨੂੰ ਆਪਣੀ ਅਹੁਦਿਆਂ ਦੀ ਭੁੱਖ ਨੂੰ ਸੰਭਾਲਣਾ ਹੋਵੇਗਾ।
- ਜਤਿੰਦਰ ਪਨੂੰ

1345 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper