Latest News
ਉਰਜਿਤ ਪਟੇਲ ਦੇ ਅਸਤੀਫ਼ੇ ਤੋਂ ਉਪਜਦੇ ਕੁਝ ਸੁਆਲ

Published on 12 Dec, 2018 10:36 AM.


ਪਿਛਲੇ ਮਹੀਨੇ ਰਿਜ਼ਰਵ ਬੈਂਕ ਦੇ ਡਿਪਟੀ ਗਵਰਨਰ ਵਿਰਲ ਆਚਾਰੀਆ ਨੇ ਇੱਕ ਸਮਾਗਮ ਵਿੱਚ ਦਿੱਤੇ ਭਾਸ਼ਣ ਵਿੱਚ ਮੋਦੀ ਸਰਕਾਰ ਨੂੰ ਇਹ ਚੇਤਾਵਨੀ ਦੇ ਦਿੱਤੀ ਸੀ ਕਿ ਜੇ ਉਸ ਨੇ ਰਿਜ਼ਰਵ ਬੈਂਕ ਦੀ ਖ਼ੁਦ-ਮੁਖਤਿਆਰੀ ਦਾ ਮਾਣ-ਸਨਮਾਨ ਨਾ ਕੀਤਾ ਤੇ ਉਸ ਦੇ ਰਾਖਵੇਂ ਭੰਡਾਰਾਂ ਨੂੰ ਆਪਣੇ ਸੁਆਰਥੀ ਹਿੱਤਾਂ ਲਈ ਵਰਤਣ ਦਾ ਮੋਹ ਨਾ ਤਜਿਆ ਤਾਂ ਇਸ ਅਦਾਰੇ ਦੇ ਵੱਕਾਰ ਨੂੰ ਹੀ ਸੱਟ ਨਹੀਂ ਵੱਜੇਗੀ, ਸਗੋਂ ਪੂੰਜੀ ਬਾਜ਼ਾਰ ਉੱਤੇ ਵੀ ਇਸ ਦਾ ਮੰਦਾ ਪ੍ਰਭਾਵ ਪਵੇਗਾ। ਜਾਪਦਾ ਇੰਜ ਹੈ ਕਿ ਸਰਕਾਰ ਨੇ ਉਨ੍ਹਾ ਦੀ ਇਸ ਚੇਤਾਵਨੀ ਵੱਲ ਧਿਆਨ ਨਹੀਂ ਸੀ ਦਿੱਤਾ। ਇਸ ਦਾ ਸਪੱਸ਼ਟ ਪ੍ਰਗਟਾਵਾ ਓਦੋਂ ਹੋ ਗਿਆ, ਜਦੋਂ ਸਰਕਾਰ ਨੇ ਅਰਥਚਾਰੇ ਤੇ ਪੂੰਜੀ ਬਾਜ਼ਾਰ ਦੀ ਜਾਣਕਾਰੀ ਰੱਖਣ ਵਾਲੇ ਨਾਮਣੇ ਵਾਲੇ ਮਾਹਰਾਂ ਦੀ ਥਾਂ 'ਤੇ ਭਾਜਪਾ ਦੀ ਵਿਚਾਰਧਾਰਾ ਦੇ ਸਮੱਰਥਕਾਂ ਨੂੰ ਰਿਜ਼ਰਵ ਬੈਂਕ ਦੇ ਡਾਇਰੈਕਟਰ ਨਾਮਜ਼ਦ ਕਰ ਦਿੱਤਾ। ਉਨ੍ਹਾਂ ਨੇ ਰਿਜ਼ਰਵ ਬੈਂਕ ਦੇ ਪ੍ਰਬੰਧਕੀ ਬੋਰਡ ਦੀ ਨਵੰਬਰ ਮਹੀਨੇ ਹੋਈ ਮੀਟਿੰਗ ਵਿੱਚ ਰਾਖਵੇਂ ਭੰਡਾਰਾਂ ਬਾਰੇ ਸਰਕਾਰ ਦੇ ਪੱਖ ਵਿੱਚ ਫ਼ੈਸਲਾ ਕਰਵਾਉਣ ਦਾ ਜਤਨ ਕੀਤਾ, ਪਰ ਉਰਜਿਤ ਪਟੇਲ ਤੇ ਦੂਜੇ ਮੈਂਬਰ ਸਹਿਮਤ ਨਾ ਹੋਏ।
ਇਹ ਸੀ ਉਹ ਪਿਛੋਕੜ, ਜਿਸ ਕਾਰਨ ਰਿਜ਼ਰਵ ਬੈਂਕ ਦੇ ਗਵਰਨਰ ਉਰਜਿਤ ਪਟੇਲ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਉਨ੍ਹਾ ਨੇ ਚਾਹੇ ਇਸ ਲਈ ਨਿੱਜੀ ਕਾਰਨ ਦੱਸੇ ਹਨ, ਪਰ ਇਹ ਪ੍ਰਚੱਲਤ ਵਿਹਾਰ ਹੈ ਕਿ ਜਦੋਂ ਵੀ ਕੋਈ ਉੱਚ ਸਰਕਾਰੀ ਅਹੁਦੇਦਾਰ ਆਪਣੀ ਪਦਵੀ ਤੋਂ ਅਸਤੀਫ਼ਾ ਦੇਂਦਾ ਹੈ ਤਾਂ ਉਹ ਆਮ ਕਰ ਕੇ ਅਜਿਹੀ ਭਾਸ਼ਾ ਦੀ ਹੀ ਵਰਤੋਂ ਕਰਦਾ ਹੈ।
ਉਰਜਿਤ ਪਟੇਲ ਨੂੰ ਮੋਦੀ ਸਰਕਾਰ ਨੇ ਉਦੋਂ ਰਿਜ਼ਰਵ ਬੈਂਕ ਦਾ ਗਵਰਨਰ ਨਿਯੁਕਤ ਕੀਤਾ ਸੀ, ਜਦੋਂ ਪਹਿਲੇ ਗਵਰਨਰ ਰਘੂਰਾਮ ਰਾਜਨ ਨੇ ਆਪਣੇ ਅਹੁਦੇ ਦੀ ਮਿਆਦ ਮੁੱਕਣ ਮਗਰੋਂ ਦੁਬਾਰਾ ਇਹ ਅਹੁਦਾ ਕਬੂਲ ਕਰਨ ਤੋਂ ਇਸ ਕਰ ਕੇ ਨਾਂਹ ਕਰ ਦਿੱਤੀ ਸੀ, ਕਿਉਂਕਿ ਉਹ ਸਰਕਾਰ ਦੇ ਵਿਹਾਰ ਤੋਂ ਖ਼ੁਸ਼ ਨਹੀਂ ਸੀ। ਹੁਣ ਤਾਂ ਇਹ ਗੱਲ ਵੀ ਸਾਹਮਣੇ ਆ ਗਈ ਹੈ ਕਿ ਉਨ੍ਹਾ ਨੇ ਨਰਿੰਦਰ ਮੋਦੀ ਦੇ ਨੋਟਬੰਦੀ ਦੇ ਫ਼ੈਸਲੇ ਨੂੰ ਦੇਸ ਦੀ ਆਰਥਕਤਾ ਲਈ ਹਾਨੀਕਾਰਕ ਮੰਨਦਿਆਂ ਹੋਇਆਂ ਉਸ ਨਾਲ ਸਹਿਮਤ ਹੋਣ ਤੋਂ ਇਨਕਾਰ ਕਰ ਦਿੱਤਾ ਸੀ।
ਮੋਦੀ ਸਰਕਾਰ ਦੇ ਤਿੰਨ ਸਾਲ ਤੱਕ ਚੀਫ਼ ਐਡੀਵਾਈਜ਼ਰ ਰਹੇ ਅਰਵਿੰਦ ਸੁਬਰਾਮਨੀਅਨ ਨੇ ਆਪਣੀ ਨਵੀਂ ਕਿਤਾਬ ਦੀ ਘੁੰਡ-ਚੁਕਾਈ ਦੇ ਮੌਕੇ ਇਹ ਗੱਲ ਸਪੱਸ਼ਟ ਤੌਰ ਉੱਤੇ ਕਹੀ ਸੀ ਕਿ ਉਹ ਨੋਟਬੰਦੀ ਦੇ ਫ਼ੈਸਲੇ ਨੂੰ ਦੇਸ ਦੀ ਆਰਥਿਕਤਾ ਲਈ ਹਾਨੀਕਾਰਕ ਮੰਨਦੇ ਹਨ। ਉਨ੍ਹਾ ਨੂੰ ਸਰਕਾਰ ਦੀ ਇਹ ਨੀਤੀ ਵੀ ਪਸੰਦ ਨਹੀਂ ਸੀ ਕਿ ਉਹ ਰਿਜ਼ਰਵ ਬੈਂਕ ਜਿਹੇ ਅਦਾਰੇ ਦੀ ਖ਼ੁਦਮੁਖਤਿਆਰੀ ਨੂੰ ਸੀਮਤ ਕਰੇ ਤੇ ਉਸ ਨੂੰ ਆਪਣੀ ਮਨਮਰਜ਼ੀ ਨਾਲ ਚਲਾਉਣਾ ਚਾਹੇ।
ਇਹੋ ਨਹੀਂ, ਇਸ ਤੋਂ ਪਹਿਲਾਂ ਨੀਤੀ ਆਯੋਗ ਦੇ ਸਾਬਕਾ ਵਾਈਸ-ਚੇਅਰਮੈਨ ਅਰਵਿੰਦ ਪਨਗੜੀਆ, ਜਿਹੜੇ ਕੌਮਾਂਤਰੀ ਪ੍ਰਸਿੱਧੀ ਵਾਲੇ ਆਰਥਕ ਮਾਹਰ ਹਨ, ਨੇ ਵੀ ਅਰਵਿੰਦ ਸੁਬਰਾਮਨੀਅਨ ਵਰਗੇ ਵਿਚਾਰਾਂ ਦਾ ਹੀ ਪ੍ਰਗਟਾਵਾ ਕੀਤਾ ਸੀ। ਅਸਲ ਵਿੱਚ ਰਘੂਰਾਮ ਰਾਜਨ, ਉਰਜਿਤ ਪਟੇਲ, ਅਰਵਿੰਦ ਸੁਬਰਾਮਨੀਅਨ ਤੇ ਅਰਵਿੰਦ ਪਨਗੜੀਆ ਨੇ ਆਪਣੇ ਅਹੁਦਿਆਂ ਦੀ ਮਿਆਦ ਵਿੱਚ ਵਾਧਾ ਕਰਨ ਦੀ ਸਰਕਾਰ ਦੀ ਪੇਸ਼ਕਸ਼ ਨੂੰ ਇਸ ਕਰ ਕੇ ਠੁਕਰਾ ਦਿੱਤਾ ਸੀ, ਕਿਉਂਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਵਿੱਤ ਮੰਤਰੀ ਅਰੁਣ ਜੇਤਲੀ ਦੀਆਂ ਆਰਥਕ ਨੀਤੀਆਂ ਨੂੰ ਦੇਸ ਦੇ ਹਿੱਤ ਵਿੱਚ ਨਹੀਂ ਸਨ ਸਮਝਦੇ।
ਕੇਂਦਰ ਸਰਕਾਰ ਨੇ ਹੁਣ ਸ਼ਕਤੀਕਾਂਤਾ ਦਾਸ ਨੂੰ ਰਿਜ਼ਰਵ ਬੈਂਕ ਦਾ ਨਵਾਂ ਗਵਰਨਰ ਥਾਪਿਆ ਹੈ। ਉਹ ਹੁਣ ਤੱਕ ਪੰਦਰ੍ਹਵੇਂ ਫਾਈਨਾਂਸ ਕਮਿਸ਼ਨ ਦੇ ਮੈਂਬਰ ਸਨ। ਨੋਟਬੰਦੀ ਸਮੇਂ ਉਹ ਵਿੱਤ ਮੰਤਰਾਲੇ ਵਿੱਚ ਰੈਵੇਨਿਊ ਡਿਪਾਰਟਮੈਂਟ ਦੇ ਸਕੱਤਰ ਸਨ। ਸਰਕਾਰ ਵੱਲੋਂ ਨੋਟਬੰਦੀ ਦੇ ਹੱਕ ਵਿੱਚ ਜਾਰੀ ਕੀਤੇ ਜਾਣ ਵਾਲੇ ਬਿਆਨਾਂ ਨੂੰ ਉਹੋ ਮੀਡੀਆ ਨਾਲ ਸਾਂਝਾ ਕਰਿਆ ਕਰਦੇ ਸਨ।
ਹੁਣ ਵੇਖਣਾ ਇਹ ਹੋਵੇਗਾ ਕਿ ਰਿਜ਼ਰਵ ਬੈਂਕ ਦੇ ਨਵੇਂ ਥਾਪੇ ਗਵਰਨਰ ਸ਼ਕਤੀਕਾਂਤਾ ਦਾਸ ਰਿਜ਼ਰਵ ਬੈਂਕ ਦੀ ਹੁਣ ਤੱਕ ਕਾਇਮ ਖ਼ੁਦਮੁਖਤਿਆਰੀ ਤੇ ਭਰੋਸੇ ਯੋਗਤਾ ਨੂੰ ਕਿਸ ਹੱਦ ਤੱਕ ਕਾਇਮ ਰੱਖਦੇ ਹਨ?

1217 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper