Latest News
ਕਸ਼ਮੀਰ 'ਚ ਖ਼ੂਨੀ ਖੇਡ ਰੁਕਣੀ ਚਾਹੀਦੀ ਹੈ

Published on 16 Dec, 2018 08:48 AM.


ਕਸ਼ਮੀਰ ਸਮੱਸਿਆ ਦੀ ਤਾਣੀ ਦਿਨੋ-ਦਿਨ ਉਲਝਦੀ ਜਾ ਰਹੀ ਹੈ। ਬੀਤੇ ਕੱਲ੍ਹ ਪੁਲਵਾਮਾ ਜ਼ਿਲ੍ਹੇ ਵਿੱਚ ਫ਼ੌਜ ਤੇ ਅੱਤਵਾਦੀਆਂ ਵਿੱਚ ਹੋਏ ਮੁਕਾਬਲੇ ਦੌਰਾਨ ਜਿੱਥੇ ਤਿੰਨ ਦਹਿਸ਼ਤਗਰਦ ਮਾਰੇ ਗਏ ਤੇ ਇੱਕ ਜਵਾਨ ਸ਼ਹੀਦ ਹੋ ਗਿਆ, ਉੱਥੇ ਵਿਰੋਧ ਕਰ ਰਹੇ ਨਾਗਰਿਕਾਂ ਉੱਤੇ ਫ਼ੌਜ ਵੱਲੋਂ ਚਲਾਈ ਗੋਲੀ ਕਾਰਨ 7 ਆਮ ਵਿਅਕਤੀ ਮਾਰੇ ਗਏ। ਪੁਲਸ ਦੇ ਇੱਕ ਉੱਚ ਅਧਿਕਾਰੀ ਮੁਤਾਬਕ ਇੱਕ ਪੱਕੀ ਸੂਚਨਾ ਦੇ ਆਧਾਰ ਉੱਤੇ ਸੁਰੱਖਿਆ ਫ਼ੋਰਸਾਂ ਨੇ ਪੁਲਵਾਮਾ ਦੇ ਖਾਰਪੁਰਾ-ਸਿਰਨੋ ਪਿੰਡ ਵਿੱਚ ਤਲਾਸ਼ੀ ਅਭਿਆਨ ਸ਼ੁਰੂ ਕੀਤਾ। ਇਸ ਦੌਰਾਨ ਦਹਿਸ਼ਤਗਰਦਾਂ ਨੇ ਉਨ੍ਹਾਂ ਦੇ ਲੁਕਣ ਟਿਕਾਣੇ ਉੱਤੇ ਪੁੱਜੇ ਜਵਾਨਾਂ ਉੱਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਗੋਲੀਬਾਰੀ ਵਿੱਚ ਫ਼ੌਜ ਦਾ ਇੱਕ ਜਵਾਨ ਸ਼ਹੀਦ ਤੇ ਇੱਕ ਜਵਾਨ ਜ਼ਖ਼ਮੀ ਹੋ ਗਿਆ। ਜਵਾਬੀ ਗੋਲੀਬਾਰੀ ਵਿੱਚ ਫ਼ੌਜ ਨੇ ਲੁਕੇ ਹੋਏ ਤਿੰਨ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ। ਸਿਰਫ਼ ਡੇਢ ਘੰਟਾ ਚੱਲੇ ਇਸ ਮੁਕਾਬਲੇ ਵਿੱਚ ਸਥਿਤੀ ਨੇ ਉਸ ਸਮੇਂ ਨਾਜ਼ੁਕ ਮੋੜ ਲੈ ਲਿਆ, ਜਦੋਂ ਪਿੰਡ ਦੇ ਆਮ ਲੋਕਾਂ ਨੇ ਸੁਰੱਖਿਆ ਜਵਾਨਾਂ ਨੂੰ ਘੇਰ ਲਿਆ। ਇਸ ਸਥਿਤੀ ਵਿੱਚ ਸੁਰੱਖਿਆ ਜਵਾਨਾਂ ਵੱਲੋਂ ਕੀਤੀ ਗਈ ਫਾਇਰਿੰਗ ਵਿੱਚ 7 ਨਾਗਰਿਕ ਮਾਰੇ ਗਏ ਤੇ 65 ਹੋਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਵਿੱਚੋਂ ਵੀ ਕਈਆਂ ਦੀ ਹਾਲਤ ਗੰਭੀਰ ਦੱਸੀ ਜਾਂਦੀ ਹੈ। ਇਸ ਘਟਨਾ ਪਿੱਛੋਂ ਪੈਦਾ ਹੋਏ ਤਨਾਅ ਕਾਰਨ ਸਮੁੱਚੇ ਦੱਖਣੀ ਕਸ਼ਮੀਰ ਵਿੱਚ ਇੰਟਰਨੈੱਟ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਗਈਆਂ ਹਨ। ਸਕੂਲ-ਕਾਲਜ ਬੰਦ ਕਰ ਦਿੱਤੇ ਗਏ ਹਨ। ਬਾਰਾਮੂਲਾ-ਬਨਿਹਾਲ ਰੇਲ ਸੇਵਾ ਵੀ ਰੋਕ ਦਿੱਤੀ ਗਈ ਹੈ।
ਵੱਖ-ਵੱਖ ਪਾਰਟੀਆਂ ਦੇ ਆਗੂਆਂ ਨੇ ਆਮ ਨਾਗਰਿਕਾਂ ਦੇ ਮਾਰੇ ਜਾਣ ਦੀ ਇਸ ਘਟਨਾ ਬਾਰੇ ਤਿੱਖੇ ਪ੍ਰਤੀਕਰਮ ਪ੍ਰਗਟ ਕੀਤੇ ਹਨ। ਨੈਸ਼ਨਲ ਕਾਨਫ਼ਰੰਸ ਦੇ ਮੀਤ ਪ੍ਰਧਾਨ ਉਮਰ ਅਬਦੁੱਲਾ ਨੇ ਕਿਹਾ ਹੈ ਕਿ ਫ਼ੌਜ ਦੀ ਇਹ ਵਧੀਕੀ ਕਤਲੇਆਮ ਤੋਂ ਘੱਟ ਨਹੀਂ। ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਦਾ ਬਿਆਨ ਹੈ ਕਿ ਕੋਈ ਵੀ ਮੁਲਕ ਆਪਣੇ ਲੋਕਾਂ ਨੂੰ ਮਾਰ ਕੇ ਜੰਗ ਨਹੀਂ ਜਿੱਤ ਸਕਦਾ ਤੇ ਕੋਈ ਵੀ ਜਾਂਚ ਮਾਰੇ ਗਏ ਨਾਗਰਿਕਾਂ ਨੂੰ ਵਾਪਸ ਨਹੀਂ ਲਿਆ ਸਕਦੀ। ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਜੀ ਏ ਮੀਰ ਨੇ ਕਤਲੇਆਮ ਤੁਰੰਤ ਬੰਦ ਕਰਨ ਦਾ ਸੱਦਾ ਦਿੱਤਾ ਹੈ।
ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2014 ਵਿੱਚ ਆਪਣੀ ਚੋਣ ਮੁਹਿੰਮ ਦੌਰਾਨ ਕਿਹਾ ਸੀ ਕਿ ਉਹ ਕਸ਼ਮੀਰ ਸਮੱਸਿਆ ਨੂੰ ਚੁਟਕੀ ਵਿੱਚ ਹੱਲ ਕਰ ਦੇਣਗੇ। ਉਨ੍ਹਾ ਦਾ ਕਹਿਣਾ ਸੀ ਕਿ ਕਸ਼ਮੀਰ ਸਮੱਸਿਆ ਖਾਲਿਸਤਾਨ ਦੀ ਪੈਦਾ ਕੀਤੀ ਹੋਈ ਹੈ। ਉਹ ਸੱਤਾ ਵਿੱਚ ਆਉਣਗੇ ਤਾਂ ਪਾਕਿਸਤਾਨ ਨੂੰ ਅਜਿਹਾ ਸਬਕ ਸਿਖਾਉਣਗੇ ਕਿ ਕਸ਼ਮੀਰ ਸਮੱਸਿਆ ਖ਼ੁਦ-ਬ-ਖ਼ੁਦ ਹੱਲ ਹੋ ਜਾਵੇਗੀ। ਲੋਕ ਸਭਾ ਚੋਣਾਂ ਜਿੱਤ ਲੈਣ ਤੋਂ ਬਾਅਦ ਭਾਜਪਾ ਵੱਲੋਂ ਸੂਬਾਈ ਅਸੰਬਲੀਆਂ ਦੀਆਂ ਚੋਣਾਂ ਦੌਰਾਨ ਵੀ ਇਸ ਮਸਲੇ ਨੂੰ ਉਭਾਰ ਕੇ ਵੋਟਾਂ ਬਟੋਰਨ ਦੀ ਪਹੁੰਚ ਅਪਣਾਈ ਗਈ ਸੀ। ਤਿਰੰਗਾ ਯਾਤਰਾਵਾਂ, ਵੰਦੇ ਮਾਤਰਮ ਤੇ ਭਾਰਤ ਮਾਤਾ ਦੀ ਜੈ ਵਰਗੇ ਨਾਹਰਿਆਂ ਰਾਹੀਂ ਅੰਧ-ਰਾਸ਼ਟਰਵਾਦ ਦਾ ਪ੍ਰਚਾਰ ਕਰ ਕੇ ਆਮ ਲੋਕਾਂ ਵਿੱਚ ਇਹ ਧਾਰਨਾ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਸਭ ਕਸ਼ਮੀਰੀ ਹੀ ਪਾਕਿਸਤਾਨ ਦੇ ਦੁੰਮਛੱਲੇ ਹਨ। ਇਸ ਤਰ੍ਹਾਂ ਕਰ ਕੇ ਭਾਜਪਾ ਨੇ ਸੂਬਾਈ ਅਸੰਬਲੀ ਚੋਣਾਂ ਤਾਂ ਜਿੱਤ ਲਈਆਂ, ਪਰ ਕਸ਼ਮੀਰ ਨੂੰ ਬਲਦੀ ਦੇ ਬੁਥੇ ਦੇ ਦਿੱਤਾ।
ਸੱਤਾਧਾਰੀ ਭਾਜਪਾ ਆਗੂਆਂ ਦੇ ਅੱਗ ਉਗਲਦੇ ਬਿਆਨਾਂ ਨੇ ਕਸ਼ਮੀਰੀ ਲੋਕਾਂ ਵਿੱਚ ਇਸ ਭਾਵਨਾ ਨੂੰ ਬਲ ਦਿੱਤਾ ਕਿ ਉਨ੍ਹਾਂ ਦੀ ਸੁਣਨ ਵਾਲਾ ਕੋਈ ਨਹੀਂ। ਅਜਿਹੀ ਹਾਲਤ ਵਿੱਚ ਉਹ ਮਰਨ-ਮਾਰਨ ਉੱਤੇ ਉਤਾਰੂ ਹੋ ਗਏ। ਉਨ੍ਹਾਂ ਗੋਲੀਆਂ ਦੇ ਜਵਾਬ ਵਿੱਚ ਪੱਥਰ ਚੁੱਕ ਲਏ। ਇਹ ਪੱਥਰਬਾਜ਼ ਕੋਈ ਅੱਤਵਾਦੀ ਨਹੀਂ, ਆਮ ਲੋਕ ਹਨ। ਇੱਥੋਂ ਤੱਕ ਕਿ 10-10 ਸਾਲ ਦੇ ਮੁੰਡੇ-ਕੁੜੀਆਂ ਦੇ ਹੱਥਾਂ ਵਿੱਚ ਵੀ ਪੱਥਰ ਆ ਗਏ। ਸੈਨਾ ਦੀਆਂ ਗੋਲੀਆਂ ਤੇ ਪੈਲੇਟ ਗੰਨਾਂ ਵੀ ਇਨ੍ਹਾਂ ਨੂੰ ਡਰਾ ਨਾ ਸਕੀਆਂ। ਗ੍ਰਹਿ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਮੁਤਾਬਕ 2016 ਤੇ 2017 ਵਿੱਚ ਪੱਥਰਬਾਜ਼ੀ ਦੇ ਦੋਸ਼ ਹੇਠ 11280 ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਨ੍ਹਾਂ ਵਿੱਚੋਂ ਸਿਰਫ਼ 16 ਨੌਜਵਾਨ ਹੀ ਸਨ, ਜਿਹੜੇ ਅੱਤਵਾਦੀ ਸੰਗਠਨਾਂ ਨਾਲ ਜੁੜੇ ਹੋਏ ਸਨ, ਬਾਕੀ ਸਾਰੇ ਆਮ ਨਾਗਰਿਕ ਸਨ। ਇਸ ਦੇ ਨਤੀਜੇ ਵਜੋਂ ਪਿਛਲੇ ਸਾਢੇ ਸਾਲ ਦੌਰਾਨ ਅੱਤਵਾਦੀ ਵਾਰਦਾਤਾਂ ਵਧੀਆਂ ਤੇ ਸਾਡੇ 250 ਜਵਾਨਾਂ ਨੂੰ ਜਾਨਾਂ ਗੁਆਉਣੀਆਂ ਪਈਆਂ। ਬੀਤੇ ਇੱਕ ਸਾਲ ਵਿੱਚ ਹੀ 337 ਹਮਲੇ ਹੋਏ, ਜਿਨ੍ਹਾਂ ਵਿੱਚ 318 ਜਾਨਾਂ ਗਈਆਂ।
ਹੁਣ ਗੱਲ ਇਥੋਂ ਤੱਕ ਪੁੱਜ ਚੁੱਕੀ ਹੈ ਕਿ ਨਾ ਸੈਨਾ ਨੂੰ ਕਸ਼ਮੀਰੀਆਂ ਉੱਤੇ ਭਰੋਸਾ ਰਿਹਾ ਹੈ ਤੇ ਨਾ ਕਸ਼ਮੀਰੀਆਂ ਨੂੰ ਸੈਨਾ ਉੱਤੇ। ਇਹ ਸਥਿਤੀ ਨਾ ਸੈਨਾ ਲਈ ਲਾਹੇਵੰਦੀ ਹੈ, ਨਾ ਕਸ਼ਮੀਰੀਆਂ ਲਈ ਤੇ ਨਾ ਹੀ ਸਾਡੇ ਹਾਕਮਾਂ ਲਈ। ਹਿੰਦੂ ਵੋਟਾਂ ਦੇ ਧਰੁਵੀਕਰਨ ਲਈ ਕਸ਼ਮੀਰੀਆਂ ਨੂੰ ਬਲੀ ਦੇ ਬੱਕਰੇ ਬਣਾਇਆ ਜਾ ਰਿਹਾ ਹੈ। ਇਹ ਪਹੁੰਚ ਕਿਸੇ ਤਰ੍ਹਾਂ ਵੀ ਸਾਡੇ ਦੇਸ ਤੇ ਸਮਾਜ ਦੇ ਹਿੱਤ ਵਿੱਚ ਨਹੀਂ।
ਇੱਕ ਕਹਾਵਤ ਹੈ ਕਿ ਹੱਥਾਂ ਦੀਆਂ ਦਿੱਤੀਆਂ ਗੰਢਾਂ ਨੂੰ ਮੂੰਹ ਨਾਲ ਖੋਲ੍ਹਣਾ ਪੈਂਦਾ ਹੈ। ਪਿਛਲੇ ਸਾਲ ਕੇਂਦਰ ਨੇ ਕਸ਼ਮੀਰ ਮਸਲੇ ਦੇ ਹੱਲ ਲਈ ਸਾਬਕਾ ਆਈ ਬੀ ਅਧਿਕਾਰੀ ਦਿਨੇਸ਼ਵਰ ਸ਼ਰਮਾ ਨੂੰ ਨਿਯੁਕਤ ਕੀਤਾ ਸੀ। ਇੱਕ ਸਾਲ ਬੀਤ ਜਾਣ ਤੋਂ ਬਾਅਦ ਵੀ ਉਸ ਦੀ ਨਿਯੁਕਤੀ ਕੋਈ ਸਾਕਾਰਾਤਮਕ ਪਹਿਲ ਕਦਮੀ ਵਾਲੀ ਸਾਬਤ ਨਹੀਂ ਹੋਈ। ਮੌਜੂਦਾ ਸਰਕਾਰ ਨੇ ਮਾਮਲੇ ਨੂੰ ਏਨਾ ਉਲਝਾ ਦਿੱਤਾ ਹੈ ਕਿ ਹੁਣ ਛੋਟੇ-ਮੋਟੇ ਕਦਮ ਕਸ਼ਮੀਰ ਵਿੱਚ ਸ਼ਾਂਤੀ ਬਹਾਲੀ ਲਈ ਨਾ-ਕਾਫ਼ੀ ਸਾਬਤ ਹੋਣਗੇ।
ਇਸ ਸਾਲ ਦੇ ਸ਼ੁਰੂ ਵਿੱਚ ਭਾਜਪਾ ਆਗੂ ਤੇ ਸਾਬਕਾ ਵਿੱਤ ਮੰਤਰੀ ਯਸ਼ਵੰਤ ਸਿਨਹਾ ਨੇ ਸੁਝਾਅ ਦਿੱਤਾ ਸੀ ਕਿ ਕਸ਼ਮੀਰ ਵਿੱਚੋਂ ਸੈਨਾ ਹਟਾ ਕੇ ਅੰਦਰੂਨੀ ਸੁਰੱਖਿਆ ਦੀ ਜ਼ਿੰਮੇਵਾਰੀ ਸੀ ਆਰ ਪੀ ਐੱਫ਼ ਤੇ ਸਥਾਨਕ ਪੁਲਸ ਨੂੰ ਸੌਂਪ ਦੇਣੀ ਚਾਹੀਦੀ ਹੈ। ਫ਼ੌਜਾਂ ਨੂੰ ਸਰਹੱਦ ਦੀ ਰਾਖੀ ਉੱਤੇ ਲਾ ਕੇ ਪਾਕਿਸਤਾਨ ਵੱਲੋਂ ਹੁੰਦੀ ਅੱਤਵਾਦੀਆਂ ਦੀ ਘੁਸਪੈਠ ਨੂੰ ਰੋਕਣ ਦਾ ਕੰਮ ਸੌਂਪਣਾ ਚਾਹੀਦਾ ਹੈ। ਸਾਬਕਾ ਵਿੱਤ ਮੰਤਰੀ ਨੇ ਯਾਦ ਦਿਵਾਇਆ ਸੀ ਕਿ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਜ਼ਾਦੀ ਦਿਵਸ ਮੌਕੇ ਆਪਣੇ ਭਾਸ਼ਣ ਵਿੱਚ ਕਿਹਾ ਸੀ ਕਿ ਕਸ਼ਮੀਰ ਸਮੱਸਿਆ ਨਾ ਗੋਲੀ ਨਾਲ ਹੱਲ ਹੋਵੇਗੀ, ਨਾ ਗਾਲ਼ੀ ਨਾਲ, ਸਗੋਂ ਕਸ਼ਮੀਰੀਆਂ ਨੂੰ ਗਲੇ ਲਾਉਣ ਨਾਲ ਹੋਵੇਗੀ, ਉਸ ਸਮੇਂ ਵੱਡੀ ਗਿਣਤੀ ਵਿੱਚ ਕਸ਼ਮੀਰੀਆਂ ਨੇ ਇਸ ਦਾ ਸਵਾਗਤ ਕੀਤਾ ਸੀ।
ਕਸ਼ਮੀਰ ਵਿੱਚ ਪ੍ਰਧਾਨ ਮੰਤਰੀ ਦੇ ਉਕਤ ਭਾਸ਼ਣ ਦੀ ਸੇਧ ਵਿੱਚ ਅੱਗੇ ਵਧਣ ਦੀ ਲੋੜ ਹੈ। ਉੱਥੇ ਬਿਨਾਂ ਦੇਰ ਕੀਤਿਆਂ ਗੱਲਬਾਤ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਣੀ ਚਾਹੀਦੀ ਹੈ। ਜੰਮੂ-ਕਸ਼ਮੀਰ ਦੇ ਹਰ ਤਬਕੇ, ਸਿਆਸੀ ਪਾਰਟੀਆਂ, ਨਾਗਰਿਕ ਸਮੂਹਾਂ, ਬੁੱਧੀਜੀਵੀਆਂ, ਨੌਜਵਾਨਾਂ ਤੇ ਵਪਾਰਕ ਸੰਗਠਨਾਂ ਦੇ ਲੋਕਾਂ ਨੂੰ ਗੱਲਬਾਤ ਵਿੱਚ ਸ਼ਾਮਲ ਕਰ ਕੇ ਮਸਲੇ ਦੇ ਸਥਾਈ ਹੱਲ ਲਈ ਕੋਸ਼ਿਸ਼ਾਂ ਸ਼ੁਰੂ ਕੀਤੇ ਜਾਣ ਦੀ ਲੋੜ ਹੈ।
ਬਿਨਾਂ ਸ਼ੱਕ ਪਾਕਿਸਤਾਨ ਹਰ ਅਮਨ ਪ੍ਰਕਿਰਿਆ ਵਿੱਚ ਟੰਗ ਅੜਾਏਗਾ, ਪਰ ਮਸਲਾ ਸਾਡੇ ਲੋਕਾਂ ਦਾ ਹੈ। ਮਰਦੇ ਵੀ ਸਾਡੇ ਲੋਕ ਹਨ, ਭਾਵੇਂ ਉਹ ਸੁਰੱਖਿਆ ਫ਼ੋਰਸਾਂ ਦੇ ਹੋਣ, ਗੁੰਮਰਾਹ ਹੋਏ ਨੌਜਵਾਨ ਹੋਣ ਜਾਂ ਆਮ ਨਾਗਰਿਕ। ਇਹ ਖ਼ੂਨੀ ਖੇਡ ਹਰ ਹਾਲ ਵਿੱਚ ਰੁਕਣੀ ਚਾਹੀਦੀ ਹੈ। ਕਸ਼ਮੀਰ ਸਮੱਸਿਆ ਦਾ ਸ਼ਾਂਤੀ ਪੂਰਨ ਹੱਲ ਹੀ ਪਾਕਿਸਤਾਨੀ ਕੁਚਾਲਾਂ ਦਾ ਮੋੜਵਾਂ ਜਵਾਬ ਹੋਵੇਗਾ।

619 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper