Latest News
ਚੌਤੀ ਸਾਲ ਬਾਅਦ ਇਨਸਾਫ! ਉਫ!

Published on 18 Dec, 2018 11:03 AM.


ਬੜਾ ਲੰਮਾ ਸਮਾਂ ਹੁੰਦਾ ਹੈ ਚੌਤੀ ਸਾਲ। ਏਨੇ ਲੰਮੇ ਸਾਲ ਲੱਗ ਗਏ ਦਿੱਲੀ ਕਤਲੇਆਮ ਦੇ ਇੱਕ ਕੇਸ ਦੇ ਦੋਸ਼ੀ ਕਾਂਗਰਸ ਆਗੂ ਸੱਜਣ ਕੁਮਾਰ ਨੂੰ ਉਸ ਦੇ ਕੀਤੇ ਦੀ ਸਜ਼ਾ ਮਿਲਣ ਤੱਕ। ਓਦੋਂ ਭਾਰਤ ਦੀ ਪ੍ਰਧਾਨ ਮੰਤਰੀ ਦਾ ਕਤਲ ਹੋਇਆ ਸੀ। ਇਸ ਦੇ ਬਾਅਦ ਕੁਝ ਕਾਂਗਰਸੀ ਆਗੂਆਂ ਦੀ ਉਕਸਾਹਟ ਉੁੱਤੇ ਦੇਸ਼ ਦੀ ਰਾਜਧਾਨੀ ਦਿੱਲੀ ਅਤੇ ਕੁਝ ਹੋਰ ਸ਼ਹਿਰਾਂ ਵਿੱਚ ਸਿੱਖਾਂ ਦੇ ਕਤਲ ਹੋਏ ਸਨ। ਇਕੱਲੀ ਦਿੱਲੀ ਵਿੱਚ ਹੀ ਤਿੰਨ ਹਜ਼ਾਰ ਦੇ ਕਰੀਬ ਸਿੱਖ ਮਾਰ ਦਿੱਤੇ ਗਏ ਸਨ। ਆਖਿਆ ਇਹ ਗਿਆ ਸੀ ਕਿ ਇੰਦਰਾ ਗਾਂਧੀ ਦਾ ਕਤਲ ਕਿਉਂਕਿ ਦੋ ਸਿੱਖ ਸੁਰੱਖਿਆ ਗਾਰਡਾਂ ਨੇ ਕੀਤਾ ਸੀ, ਇਸ ਲਈ ਇਹ ਗੁੱਸਾ ਕੱਢਿਆ ਗਿਆ ਹੈ। ਜਿਹੜੇ ਲੋਕਾਂ ਦਾ ਕਤਲ ਕੀਤਾ ਗਿਆ, ਉਹ ਕਿਸੇ ਕਤਲ ਦੀ ਨਾ ਵਾਰਦਾਤ ਵਿੱਚ ਸ਼ਾਮਲ ਸਨ, ਨਾ ਸਾਜ਼ਿਸ਼ ਕਰਨ ਵਿੱਚ ਤੇ ਸਿਰਫ ਉਨ੍ਹਾਂ ਦੋਂਹ ਦੇ ਭਾਈਚਾਰੇ ਵਿੱਚੋਂ ਹੋਣ ਕਾਰਨ ਮਾਰ ਦਿੱਤੇ ਗਏ ਸਨ। ਇਸ ਦਾ ਨਿਆਂ ਹੋਣਾ ਚਾਹੀਦਾ ਸੀ। ਮੌਕੇ ਦੀ ਸਰਕਾਰ ਨੇ ਇਨਸਾਫ ਦਾ ਵਾਅਦਾ ਕੀਤਾ ਸੀ, ਪਰ ਇਹ ਹੋਇਆ ਨਹੀਂ ਸੀ ਤੇ ਪ੍ਰਸ਼ਾਸਨ ਅਤੇ ਪੁਲਸ ਦੀ ਇਸ ਵਿੱਚ ਕੋਈ ਰੁਚੀ ਵੀ ਨਹੀਂ ਸੀ।
ਸਾਲਾਂ ਬੱਧੀ ਕਮਿਸ਼ਨ ਅਤੇ ਕਮੇਟੀਆਂ ਬਣਦੇ ਰਹੇ ਤੇ ਹਰ ਵਾਰੀ ਇਹ ਆਸ ਬੰਨ੍ਹਾਈ ਜਾਂਦੀ ਕਿ ਇਨਸਾਫ ਮਿਲਣ ਵਾਲਾ ਹੈ, ਪਰ ਮਿਲਦਾ ਨਹੀਂ ਸੀ। ਇਸ ਦੌਰਾਨ ਗਵਾਹਾਂ ਨੂੰ ਧਮਕਾਇਆ ਗਿਆ ਤੇ ਲਾਲਚ ਵੀ ਦਿੱਤੇ ਗਏ। ਵਿਕਣ ਵਾਲੇ ਵਿਕਣ ਲੱਗ ਪਏ, ਪਰ ਜਿਨ੍ਹਾਂ ਦੇ ਪੱਲੇ ਸਿਦਕ ਸੀ, ਉਹ ਸੱਚ ਉੱਤੇ ਡਟੇ ਰਹੇ। ਦੋ ਬੀਬੀਆਂ ਦੀ ਸਿਦਕਦਿਲੀ ਦੀ ਪਰਖ ਹੋਈ। ਇੱਕ ਨੂੰ ਸੱਚ ਉੱਤੇ ਪਹਿਰਾ ਦੇਣ ਕਾਰਨ ਝੂਠੇ ਕੇਸ ਪਾ ਕੇ ਜੇਲ੍ਹ ਭੇਜ ਦਿੱਤਾ ਗਿਆ। ਕਾਤਲ ਬਾਹਰ ਘੁੰਮਦੇ ਫਿਰਨ ਤੇ ਜਿਸ ਵਿਚਾਰੀ ਦਾ ਬਾਪ ਉਸ ਦੀਆਂ ਅੱਖਾਂ ਸਾਹਮਣੇ ਜਿੰਦਾ ਸਾੜ ਦਿੱਤਾ ਗਿਆ ਸੀ, ਉਹ ਨੌਂ ਸਾਲ ਜੇਲ੍ਹ ਵਿੱਚ ਕੈਦ ਰਹੀ। ਉਹ ਫਿਰ ਵੀ ਸਿਦਕ ਤੋਂ ਨਹੀਂ ਸੀ ਡੋਲੀ। ਗਵਾਹੀ ਆਖਰ ਤੱਕ ਦਿੱਤੀ ਅਤੇ ਨਿਆਂ ਦੀ ਪ੍ਰਾਪਤੀ ਵਾਲੀ ਮੰਜ਼ਲ ਤੱਕ ਜਾ ਪਹੁੰਚੀ।
ਇਸ ਕੇਸ ਵਿੱਚ ਕੁਝ ਚਿਰ ਪਹਿਲਾਂ ਹੇਠਲੀ ਅਦਾਲਤ ਨੇ ਕੁਝ ਲੋਕਾਂ ਨੂੰ ਸਜ਼ਾ ਦੇ ਕੇ ਉਨ੍ਹਾਂ ਕੋਲੋਂ ਕਤਲ ਕਰਵਾਉਣ ਵਾਲੇ ਸਾਬਕਾ ਮੈਂਬਰ ਪਾਰਲੀਮੈਂਟ ਸੱਜਣ ਕੁਮਾਰ ਨੂੰ ਛੱਡ ਦਿੱਤਾ ਸੀ। ਕੇਸ ਹਾਈ ਕੋਰਟ ਵਿੱਚ ਪਹੁੰਚ ਗਿਆ। ਸੋਮਵਾਰ ਦੇ ਦਿਨ ਜਦੋਂ ਇਸ ਬਾਰੇ ਫੈਸਲਾ ਆਇਆ ਤਾਂ ਨਿਆਂ ਦੀ ਜਿੱਤ ਹੋ ਗਈ ਹੈ। ਕਾਤਲਾਂ ਦੇ ਨਾਲ ਉਨ੍ਹਾਂ ਤੋਂ ਜੁਰਮ ਕਰਵਾ ਕੇ ਪਾਸੇ ਨਿਕਲਣ ਵਾਲੇ ਸੱਜਣ ਕੁਮਾਰ ਨੂੰ ਉਮਰ ਕੈਦ ਦਾ ਹੁਕਮ ਹੋਇਆ ਹੈ। ਉਹ ਏਸੇ ਲਾਇਕ ਸੀ। ਆਮ ਲੋਕ ਤਾਂ ਏਥੋਂ ਤੀਕਰ ਵੀ ਕਹਿੰਦੇ ਹਨ ਕਿ ਉਮਰ ਕੈਦ ਥੋੜ੍ਹੀ ਹੈ, ਉਸ ਨੂੰ ਫਾਂਸੀ ਦਾ ਹੁਕਮ ਹੋਣਾ ਚਾਹੀਦਾ ਸੀ। ਇਸ ਬਾਰੇ ਵੀ ਯਤਨ ਹੋਣਗੇ। ਕਾਤਲਾਂ ਦਾ ਰਿੰਗ ਲੀਡਰ ਵੀ ਸੁਪਰੀਮ ਕੋਰਟ ਪਹੁੰਚ ਕਰ ਕੇ ਛੁੱਟਣ ਦਾ ਚਾਰਾ ਕਰੇਗਾ। ਕਾਨੂੰਨੀ ਜੰਗ ਅਜੇ ਕੁਝ ਹੋਰ ਚੱਲੇਗੀ।
ਸਥਿਤੀ ਦਾ ਦੂਸਰਾ ਪਹਿਲੂ ਸਿਆਸਤ ਦੀਆਂ ਖੇਡਾਂ ਦਾ ਹੈ। ਇਸ ਵਿੱਚ ਹਰ ਆਗੂ ਅਤੇ ਹਰ ਪਾਰਟੀ ਆਪਣੇ ਆਪ ਨੂੰ ਦਿੱਲੀ ਦੇ ਕਤਲੇਆਮ ਦੇ ਪੀੜਤਾਂ ਦਾ ਹੇਜਲਾ ਸਾਬਤ ਕਰਨਾ ਚਾਹੁੰਦੇ ਹਨ। ਜਿਹੜੀ ਕਾਂਗਰਸ ਪਾਰਟੀ ਦੇ ਆਗੂਆਂ ਨੇ ਓਦੋਂ ਬੇਗੁਨਾਹ ਲੋਕਾਂ ਦੇ ਕਤਲ ਕਰਵਾਏ ਸਨ, ਉਸ ਦੇ ਆਗੂ ਵੀ ਇਹ ਕਹਿ ਰਹੇ ਹਨ ਕਿ ਅਸੀਂ ਇਨਸਾਫ ਦਿਵਾਉਣ ਵਿੱਚ ਹਿੱਸਾ ਪਾਇਆ ਹੈ ਤੇ ਜਿਸ ਭਾਜਪਾ ਦੇ ਅਜੋਕੇ ਰਾਜ ਦੇ ਪਹਿਲੇ ਸਾਲ ਕਾਤਲਾਂ ਦੇ ਇੱਕ ਹੋਰ ਲੀਡਰ ਜਗਦੀਸ਼ ਟਾਈਟਲਰ ਨੂੰ ਕਲੀਨ ਚਿੱਟ ਮਿਲੀ ਸੀ, ਉਸ ਦੇ ਲੀਡਰ ਵੀ ਸਿਹਰਾ ਲੈਣਾ ਚਾਹੁੰਦੇ ਹਨ। ਅਕਾਲੀ ਆਗੂ ਬਿਨਾਂ ਕੁਝ ਕੀਤੇ ਤੋਂ ਸਾਰੇ ਕੁਝ ਦੇ ਲਈ ਆਪਣੇ ਆਪ ਨੂੰ ਥਾਪੀਆਂ ਦੇਈ ਜਾ ਰਹੇ ਹਨ। ਅਸਲ ਵਿੱਚ ਜੇ ਕਿਸੇ ਨੂੰ ਇਸ ਦੀ ਸ਼ਾਬਾਸ਼ ਦਿੱਤੀ ਜਾ ਸਕਦੀ ਹੈ ਤਾਂ ਸਭ ਤੋਂ ਪਹਿਲਾਂ ਉਨ੍ਹਾਂ ਦੋਵਾਂ ਪੀੜਤ ਬੀਬੀਆਂ ਨੂੰ ਦੇਣੀ ਬਣਦੀ ਹੈ, ਜਿਨ੍ਹਾਂ ਨੇ ਆਪਣੇ ਪਰਵਾਰ ਦੇ ਜੀਆਂ ਦੀ ਮੌਤ ਮਗਰੋਂ ਨਾ ਕਿਸੇ ਨਾਲ ਸੌਦਾ ਮਾਰ ਕੇ ਅਤੇ ਨਾ ਕਿਸੇ ਦੇ ਡਰਾਵੇ ਤੋਂ ਸਹਿਮ ਕੇ ਪੈਰਵੀ ਛੱਡੀ ਸੀ। ਦੂਸਰਾ ਸਿਹਰਾ ਉਸ ਸੀਨੀਅਰ ਵਕੀਲ ਐੱਚ ਐੱਸ ਫੂਲਕਾ ਨੂੰ ਦਿੱਤਾ ਜਾ ਸਕਦਾ ਹੈ, ਜਿਸ ਨੇ ਚੌਤੀ ਸਾਲ ਇਸ ਕੇਸ ਦੀ ਅਤੇ ਇਹੋ ਜਿਹੇ ਕਈ ਹੋਰ ਕੇਸਾਂ ਦੀ ਮੁਫਤ ਪੈਰਵੀ ਕੀਤੀ ਅਤੇ ਇਸ ਕੰਮ ਦੇ ਲਈ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੀ ਲੀਡਰੀ ਨੂੰ ਵੀ ਲੱਤ ਮਾਰ ਕੇ ਤੁਰ ਗਿਆ ਸੀ। ਤੀਸਰਾ ਅਤੇ ਬਹੁਤ ਅਹਿਮ ਹੱਕਦਾਰ ਸੀਨੀਅਰ ਵਕੀਲ ਆਰ ਐੱਸ ਚੀਮਾ ਕਿਹਾ ਜਾ ਸਕਦਾ ਹੈ, ਜਿਹੜਾ ਜਦੋਂ ਅਦਾਲਤ ਦੀ ਪ੍ਰਵਾਨਗੀ ਮਗਰੋਂ ਇਨ੍ਹਾਂ ਕੇਸਾਂ ਨਾਲ ਜੁੜਿਆ ਤਾਂ ਦੱਬੇ ਪਏ ਮਾਮਲੇ ਵੀ ਨਿਕਲਣ ਲੱਗੇ ਸਨ। ਤਾਜ਼ਾ ਕੇਸ ਦੇ ਫੈਸਲੇ ਵਿੱਚ ਅਦਾਲਤ ਨੇ ਫੂਲਕਾ ਨਾਲ ਚੀਮਾ ਹੁਰਾਂ ਬਾਰੇ ਵੀ ਲਿਖਿਆ ਹੈ ਕਿ ਇਨ੍ਹਾਂ ਦੇ ਸਿਰੜ ਸਦਕਾ ਗਵਾਹ ਆਪਣੇ ਮਨ ਦੀ ਗੱਲ ਕਹਿਣ ਜੋਗੇ ਹੋ ਸਕੇ ਸਨ ਤੇ ਕੇਸ ਦਾ ਫੈਸਲਾ ਪੀੜਤਾਂ ਨੂੰ ਇਨਸਾਫ ਮਿਲਣ ਦੀ ਮੰਜ਼ਲ ਤੱਕ ਪਹੁੰਚ ਸਕਿਆ ਹੈ। ਬਾਕੀ ਸਭ ਨੰਬਰ ਬਣਾਉਣ ਵਾਲੇ ਹੀ ਹਨ।
ਭਾਵੇਂ ਅਸੀਂ ਇਸ ਗੱਲ ਨਾਲ ਸਹਿਮਤ ਹਾਂ ਕਿ ਇਹੋ ਜਿਹੇ ਕੇਸ ਵਿੱਚ ਸੱਜਣ ਕੁਮਾਰ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਸੀ, ਪਰ ਜਿੰਨਾ ਇਨਸਾਫ ਮਿਲ ਗਿਆ ਹੈ, ਇਸ ਦੇ ਲਈ ਅਦਾਲਤ ਦਾ ਧੰਨਵਾਦ ਫਿਰ ਵੀ ਕਰਨਾ ਬਣਦਾ ਹੈ। ਜਿਹੜੀ ਗੱਲ ਦੇ ਬਾਰੇ ਅੱਗੋਂ ਹਰ ਕਿਸੇ ਨੂੰ ਆਵਾਜ਼ ਉਠਾਉਣੀ ਚਾਹੀਦੀ ਹੈ, ਉਹ ਇਹ ਹੈ ਕਿ ਇੱਕ ਬਿੱਲ ਇਸ ਦੇਸ਼ ਵਿੱਚ ਫਿਰਕੂ ਹਿੰਸਾ ਕਾਰਨ ਪੈਦਾ ਹੁੰਦੇ ਹਾਲਾਤ ਨੂੰ ਰੋਕਣ ਵਾਲਾ ਹਾਲੇ ਵੀ ਪਾਰਲੀਮੈਂਟ ਵਿੱਚ ਪਿਆ ਹੈ, ਉਹ ਪਾਸ ਕੀਤਾ ਜਾਣਾ ਚਾਹੀਦਾ ਹੈ। ਇਸ ਦਾ ਪਾਸ ਹੋਣਾ ਇਸ ਕਰ ਕੇ ਜ਼ਰੂਰੀ ਹੈ ਕਿ ਉਸ ਸਖਤ ਬਿੱਲ ਦੇ ਬਾਅਦ ਇਹੋ ਜਿਹੇ ਕਤਲੰਮੇ ਵਰਤਾਉਣ ਵਾਲਿਆਂ ਨੂੰ ਕਾਨੂੰਨੀ ਮਾਰ ਦਾ ਡਰ ਹੋਰ ਵਧੇਰੇ ਰਹੇਗਾ ਤੇ ਸੁੱਖ ਸ਼ਾਂਤੀ ਦੀ ਆਸ ਰੱਖੀ ਜਾ ਸਕੇਗੀ। ਇਹ ਹੰਭਲਾ ਮਾਰਨਾ ਵੀ ਬਹੁਤ ਜ਼ਰੂਰੀ ਹੈ।
-ਜਤਿੰਦਰ ਪਨੂੰ

1142 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper