Latest News
ਅਸੀਂ ਆਪਣੇ ਮਸਲਿਆਂ ਵੱਲ ਧਿਆਨ ਦੇਈਏ

Published on 24 Dec, 2018 11:55 AM.


ਇੱਕ ਟਿੱਪਣੀ ਕੀਤੀ ਸੀ ਫ਼ਿਲਮ ਸਟਾਰ ਨਸੀਰੁਦੀਨ ਸ਼ਾਹ ਨੇ। ਉੱਤਰ ਪ੍ਰਦੇਸ਼ ਵਿੱਚ ਪਿਛਲੇ ਮਹੀਨੇ ਜਦੋਂ ਭੜਕੀ ਹੋਈ ਭੀੜ ਨੇ ਇੱਕ ਪੁਲਸ ਇੰਸਪੈਕਟਰ ਨੂੰ ਕੁੱਟਿਆ ਤੇ ਉਸ ਦੀ ਮੌਤ ਹੋ ਗਈ, ਉਸ ਨੂੰ ਮਾਰਿਆ ਗੋਲੀ ਨਾਲ ਤੇ ਫਿਰ ਮ੍ਰਿਤਕ ਨਾਲ ਕੁੱਟ-ਮਾਰ ਹੁੰਦੀ ਰਹੀ ਸੀ, ਉਸ ਦਾ ਕਾਰਨ ਇੱਕ ਅਫਵਾਹ ਸੀ ਕਿ ਇੱਕ ਗਾਂ ਕਿਸੇ ਨੇ ਮਾਰ ਦਿੱਤੀ ਹੈ। ਉਹ ਗਾਂ ਕਿੱਥੇ ਤੇ ਕਿਸ ਨੇ ਮਾਰੀ ਸੀ, ਇਸ ਦੀ ਪੁਣਛਾਣ ਨਹੀਂ ਸੀ ਹੋਈ, ਪੁਲਸ ਨੂੰ ਜਾਂਚ ਵੀ ਨਹੀਂ ਸੀ ਕਰਨ ਦਿੱਤੀ ਗਈ ਤੇ ਪੁਲਸ ਵਾਲਿਆਂ ਨੇ ਖ਼ੁਦ ਆਪਣੇ ਇੰਸਪੈਕਟਰ ਨੂੰ ਭੀੜ ਵਿੱਚ ਫਸੇ ਹੋਏ ਨੂੰ ਮਰਨ ਦਿੱਤਾ ਸੀ, ਕਿਉਂਕਿ ਉਹ ਏਸੇ ਰਾਜ ਵਿੱਚ ਚਾਰ ਸਾਲ ਪਹਿਲਾਂ ਦੇ ਇੱਕ ਇਹੋ ਜਿਹੇ ਕਾਂਡ ਵਿੱਚ ਪੁਲਸ ਵਾਲਿਆਂ ਦੇ ਖ਼ਿਲਾਫ਼ ਗਵਾਹ ਸੀ। ਇਸ ਬਾਰੇ ਟਿੱਪਣੀ ਕੀਤੀ ਨਸੀਰੁਦੀਨ ਸ਼ਾਹ ਨੇ। ਉਸ ਦੇ ਕਹਿਣ ਵਿੱਚ ਵੀ ਇੱਕ ਭਰਮ ਦੀ ਸਥਿਤੀ ਸੀ ਕਿ ਉਹ ਇੰਸਪੈਕਟਰ ਨੂੰ ਸਿਰਫ਼ ਭੀੜ ਵੱਲੋਂ ਮਾਰਿਆ ਗਿਆ ਸਮਝਦਾ ਸੀ ਅਤੇ ਇਹ ਗੱਲ ਨਹੀਂ ਸੀ ਸਮਝ ਸਕਿਆ ਕਿ ਭੀੜ ਤਾਂ ਮਰੇ ਪਏ ਨੂੰ ਕੁੱਟਣ ਦੇ ਲਈ ਵਰਤੀ ਗਈ ਸੀ।
ਜੋ ਵੀ ਹੋਇਆ ਹੋਵੇ, ਨਸੀਰੁਦੀਨ ਸ਼ਾਹ ਨੇ ਇਹ ਟਿੱਪਣੀ ਕਰ ਕੇ ਗ਼ਲਤ ਨਹੀਂ ਸੀ ਕੀਤਾ। ਗ਼ਲਤੀ ਤਾਂ ਇਹ ਸੀ ਕਿ ਉਹ ਬੜੀ ਦੇਰ ਨਾਲ ਬੋਲਿਆ ਸੀ, ਜਦੋਂ ਬੋਲਣਾ ਚਾਹੀਦਾ ਸੀ, ਓਦੋਂ ਚੁੱਪ ਕੀਤਾ ਰਿਹਾ ਸੀ। ਉਸ ਦੀ ਇਸ ਟਿੱਪਣੀ ਨੂੰ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਆਪਣੇ ਭਾਸ਼ਣ ਵਿੱਚ ਵਰਤ ਲਿਆ। ਉਸ ਦੇ ਦੇਸ਼ ਦੀਆਂ ਕਈ ਗੱਲਾਂ ਦੇ ਹਵਾਲੇ ਅਸੀਂ ਆਪਣੇ ਲੀਡਰਾਂ ਦੇ ਭਾਸ਼ਣਾਂ ਵਿੱਚ ਰੋਜ਼ ਸੁਣਦੇ ਹਾਂ। ਉਸ ਨੇ ਵੀ ਇਹ ਟਿੱਪਣੀ ਵਰਤ ਲਈ। ਉਸ ਨੂੰ ਆਪਣੇ ਘਰ ਦਾ ਕੂੜਾ ਢੱਕਣ ਲਈ ਇਹ ਟਿੱਪਣੀ ਫਿੱਟ ਬੈਠਦੀ ਸੀ, ਉਸ ਨੇ ਵਰਤ ਲਈ ਤਾਂ ਇਸ ਵਿੱਚ ਨਸੀਰੁਦੀਨ ਸ਼ਾਹ ਦਾ ਕਸੂਰ ਨਹੀਂ ਸੀ। ਪਾਕਿਸਤਾਨ ਵਿੱਚ ਕੀ ਕੁਝ ਹੁੰਦਾ ਹੈ, ਉਹ ਕਿੱਦਾਂ ਦਾ ਵਿਹਾਰ ਕਰਦੇ ਹਨ, ਸਾਨੂੰ ਸਾਰਿਆਂ ਨੂੰ ਪਹਿਲਾਂ ਹੀ ਪਤਾ ਹੈ। ਇਸ ਗੱਲ ਨੂੰ ਲੈ ਕੇ ਮੀਡੀਏ ਦੇ ਇੱਕ ਹਿੱਸੇ ਨੇ ਨਸੀਰੁਦੀਨ ਸ਼ਾਹ ਦੇ ਖ਼ਿਲਾਫ਼ ਅਸਮਾਨ ਸਿਰ ਉੱਤੇ ਚੁੱਕ ਲਿਆ ਕਿ ਉਸ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਵੱਲੋਂ ਭਾਰਤ ਦੇ ਖ਼ਿਲਾਫ਼ ਭੜਕਾਊ ਭਾਸ਼ਣ ਦਿੱਤੇ ਜਾਣ ਦੇ ਲਈ ਏਦਾਂ ਦਾ ਮਸਾਲਾ ਪੇਸ਼ ਕੀਤਾ ਹੈ।
ਭਾਰਤ ਦੇ ਖ਼ਿਲਾਫ਼ ਤਾਂ ਉਹ ਪਹਿਲਾਂ ਵੀ ਬੋਲਦੇ ਸਨ ਤੇ ਅੱਗੋਂ ਵੀ ਬੋਲਦੇ ਰਹਿਣਾ ਹੈ। ਪਾਕਿਸਤਾਨ ਵਾਲਿਆਂ ਨੇ ਭਾਰਤ ਦੇ ਖ਼ਿਲਾਫ਼ ਬੋਲਣ ਲਈ ਜਿੱਥੋਂ ਵੀ ਕੋਈ ਫਿੱਟ ਬੈਠਦੀ ਗੱਲ ਮਿਲਦੀ ਹੋਈ, ਚੁੱਕ ਕੇ ਵਰਤਣੀ ਹੈ ਤੇ ਜੇ ਨਾ ਮਿਲੀ ਤਾਂ ਕਿਸੇ ਹੋਰ ਦੇਸ਼ ਵਿੱਚੋਂ ਚੁੱਕ ਕੇ ਵੀ ਵਰਤਣੀ ਹੈ। ਯੂ ਐੱਨ ਓ ਵਿੱਚ ਉਨ੍ਹਾਂ ਦੀ ਸਥਾਈ ਦੂਤ ਮਲੀਹਾ ਲੋਧੀ ਨੇ ਭਾਰਤ ਦੇ ਖ਼ਿਲਾਫ਼ ਇਹੋ ਜਿਹੀ ਫੋਟੋ ਪੇਸ਼ ਕਰ ਦਿੱਤੀ ਸੀ, ਜਿਹੜੀ ਫਲਸਤੀਨੀ ਬੱਚੀ ਦੀ ਸੀ ਤੇ ਉਸ ਦਾ ਚਿਹਰਾ ਇਸਰਾਈਲੀ ਫ਼ੌਜੀਆਂ ਵੱਲੋਂ ਚਲਾਈ ਗੰਨ ਦੇ ਛੱਰਿਆਂ ਨਾਲ ਬਦਸੂਰਤ ਕੀਤਾ ਪਿਆ ਸੀ। ਫਲਸਤੀਨ ਨੇ ਤਾਂ ਉਨ੍ਹਾਂ ਨੂੰ ਨਹੀਂ ਸੀ ਕਿਹਾ ਕਿ ਸਾਡੀ ਇਸ ਕੁੜੀ ਵਾਲਾ ਕਿੱਸਾ ਚੁੱਕ ਕੇ ਭਾਰਤ ਦੇ ਖ਼ਿਲਾਫ਼ ਸੰਸਾਰ ਦੀ ਸੱਥ ਵਿੱਚ ਹੰਗਾਮਾ ਕਰਨ ਤੁਰ ਪਓ। ਨਸੀਰੁਦੀਨ ਨੂੰ ਬਿਨਾਂ ਵਜ੍ਹਾ ਘਸੀਟਿਆ ਜਾ ਰਿਹਾ ਹੈ।
ਅਸੀਂ ਲੋਕ ਆਪਣੇ ਦੇਸ਼ ਵਿੱਚ ਵਰਤਦੇ ਇਸ ਬੇਹੂਦੇਪਣ ਅਤੇ ਵਹਿਸ਼ੀਅਤ ਬਾਰੇ ਰੋਜ਼ ਅਖ਼ਬਾਰਾਂ ਵਿੱਚ ਲਿਖਦੇ ਤੇ ਹੋਰ ਸਾਧਨਾਂ ਤੋਂ ਬੋਲਦੇ ਹਾਂ, ਅਸੀਂ ਪਾਕਿਸਤਾਨ ਨੂੰ ਮਸਾਲਾ ਦੇਣ ਲਈ ਨਹੀਂ ਬੋਲ ਰਹੇ ਹੁੰਦੇ ਅਤੇ ਇਸ ਲਈ ਚੁੱਪ ਨਹੀਂ ਕਰ ਸਕਦੇ ਕਿ ਉਹ ਇਨ੍ਹਾਂ ਦੀ ਵਰਤੋਂ ਭਾਰਤ ਦੇ ਖ਼ਿਲਾਫ਼ ਭੰਡੀ ਕਰਨ ਲਈ ਕਰੇਗਾ। ਸਾਨੂੰ ਆਪਣੇ ਦੇਸ਼ ਦੇ ਹਕੀਕੀ ਹਾਲਾਤ ਦਾ ਪਤਾ ਹੁੰਦਾ ਹੈ ਤੇ ਇਨ੍ਹਾਂ ਹਾਲਾਤ ਤੋਂ ਮੁੱਕਰਿਆ ਨਹੀਂ ਜਾ ਸਕਦਾ। ਸਰਕਾਰ ਵਰਗਲਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਸ ਦੇ ਢੰਡੋਰਚੀ ਜਦੋਂ ਇਹ ਕਹਿੰਦੇ ਹਨ ਕਿ ਨਸੀਰੁਦੀਨ ਸ਼ੇਖ ਨੇ ਆਹ ਆਖਿਆ ਅਤੇ ਇਸ ਦੀ ਵਰਤੋਂ ਇਮਰਾਨ ਖ਼ਾਨ ਨੇ ਕੀਤੀ ਹੈ ਤਾਂ ਅਸਲ ਵਿੱਚ ਉਹ ਸਰਕਾਰ ਅਤੇ ਸਮਾਜ ਵਿੱਚ ਹੁੰਦੀਆਂ ਗ਼ਲਤ ਗੱਲਾਂ ਦੀ ਨਿੰਦਾ ਕਰਨ ਤੋਂ ਇਸ ਬਹਾਨੇ ਨਾਲ ਰੋਕਣਾ ਚਾਹੁੰਦੇ ਹਨ। ਜਿਨ੍ਹਾਂ ਦੀ ਜ਼ਮੀਰ ਹਾਲੇ ਮਰ ਨਹੀਂ ਗਈ, ਲੰਮੀ ਨੀਂਦ ਵੀ ਨਹੀਂ ਸੁੱਤੀ, ਉਹ ਇਹ ਕੁਝ ਹੁੰਦਾ ਵੇਖ ਕੇ ਚੁੱਪ ਨਹੀਂ ਰਹਿਣ ਲੱਗੇ, ਉਹ ਉੱਚੀ ਸੁਰ ਵਿੱਚ ਬੋਲਣਗੇ ਤੇ ਉਨ੍ਹਾਂ ਲੋਕਾਂ ਨੂੰ ਜਗਾਉਣ ਦਾ ਯਤਨ ਕਰਨਗੇ, ਜਿਹੜੇ ਜ਼ਮੀਰ ਦੀ ਆਵਾਜ਼ ਸੁਣ ਕੇ ਚੁੱਪ ਰਹਿਣ ਵਾਲੇ ਤਾਂ ਨਹੀਂ, ਪਰ ਹਾਲਾਤ ਨੂੰ ਸਮਝਣ ਤੋਂ ਅਸਮਰੱਥ ਹਨ। ਉਹ ਇਹੋ ਜਿਹੇ ਲੋਕਾਂ ਨੂੰ ਚੁਣੌਤੀ ਵੀ ਪੇਸ਼ ਕਰਨਗੇ, ਜਿਨ੍ਹਾਂ ਨੇ ਵੱਡੇ ਤਖ਼ਤ ਉੱਤੇ ਬੈਠ ਕੇ ਲੋਕ ਵੀ ਭੁਲਾਏ ਪਏ ਹਨ ਤੇ ਲੋਕਤੰਤਰ ਜਾਂ ਸੰਵਿਧਾਨ ਪ੍ਰਤੀ ਬਣਦਾ ਫਰਜ਼ ਵੀ ਭੁਲਾ ਛੱਡਿਆ ਹੈ।
ਸਾਨੂੰ ਇਸ ਗੱਲ ਬਾਰੇ ਕੋਈ ਓਹਲਾ ਨਹੀਂ ਕਿ ਪਾਕਿਸਤਾਨ ਇੱਕ ਫ਼ੇਲ੍ਹ ਹੋ ਚੁੱਕਾ ਮੁਲਕੀ ਪ੍ਰਬੰਧ ਹੈ, ਜਿਹੜਾ ਭਾਰਤ ਨਾਲ ਆਢਾ ਸਿਰਫ਼ ਇਸ ਲਈ ਲਾ ਰੱਖਦਾ ਹੈ ਕਿ ਦੁਨੀਆ ਨੂੰ ਇਹ ਪ੍ਰਭਾਵ ਦੇ ਸਕੇ ਕਿ ਜਿੱਦਾਂ ਦੇ ਅਸੀਂ ਹਾਂ, ਭਾਰਤ ਵੀ ਓਸੇ ਕਿਸਮ ਦਾ ਹੀ ਹੈ, ਫ਼ਰਕ ਕੋਈ ਨਹੀਂ ਲੱਭਦਾ। ਦੁਨੀਆ ਦੀ ਸੱਥ ਵਿੱਚ ਕੋਈ ਉਸ ਦੀ ਇਸ ਹਰਕਤ ਤੋਂ ਅਣਜਾਣ ਨਹੀਂ। ਉਹ ਭਾਰਤੀ ਲੋਕਤੰਤਰ ਬਾਰੇ ਕੋਈ ਟਿੱਪਣੀ ਕਰੇ, ਕਿਸੇ ਵੀ ਤਰ੍ਹਾਂ ਦੇ ਹਵਾਲੇ ਦੇਣ ਦਾ ਯਤਨ ਕਰੇ, ਇਸ ਨੂੰ ਅਸੀਂ ਸਾਰੇ ਗ਼ਲਤ ਮੰਨਦੇ ਹਾਂ ਤੇ ਗ਼ਲਤ ਮੰਨਣਾ ਹੈ, ਪਰ ਇਸ ਡਰ ਨਾਲ ਕਿ ਉਹ ਸਾਡੇ ਅੰਦਰੂਨੀ ਵਿਰੋਧਾਂ ਦੀ ਦੁਰਵਰਤੋਂ ਨਾ ਕਰ ਲਵੇ, ਭਾਰਤ ਦੇ ਲੋਕਾਂ ਨੇ ਕਦੇ ਵੀ ਆਪਣੇ ਸਿਰ ਪਈਆਂ ਅਤੇ ਪਾਈਆਂ ਜਾ ਰਹੀਆਂ ਮੁਸੀਬਤਾਂ ਦਾ ਜ਼ਿਕਰ ਕਰਨਾ ਨਹੀਂ ਛੱਡ ਸਕਣਾ। ਭਾਰਤ ਦੇ ਲੋਕਤੰਤਰ ਦੇ ਪ੍ਰਬੰਧ ਵਿੱਚ ਸਾਨੂੰ ਸੌ ਖਾਮੀਆਂ ਦਿੱਸਦੀਆਂ ਰਹਿਣ, ਪਾਕਿਸਤਾਨ ਇਸ ਦੇਸ਼ ਦੇ ਮੁਕਾਬਲੇ ਕਿਸੇ ਤੁਲਨਾ ਵਾਲੇ ਚੌਖਟੇ ਦੇ ਲਾਇਕ ਹੀ ਨਹੀਂ। ਉਸ ਨੂੰ ਆਪਣੀ ਖ਼ੁਸ਼ਫਹਿਮੀ ਵਿੱਚ ਰਹਿਣ ਦਿਓ, ਅਸੀਂ ਆਪਣੇ ਘਰ ਦੇ ਮਸਲਿਆਂ ਵੱਲ ਧਿਆਨ ਦੇਈਏ।
-ਜਤਿੰਦਰ ਪਨੂੰ

1174 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper