Latest News
ਬੱਚੀਆਂ ਵਿਰੁੱਧ ਅਪਰਾਧ : ਅਸੀਂ ਕਦੋਂ ਜਾਗਾਂਗੇ

Published on 25 Dec, 2018 11:33 AM.


16 ਦਸੰਬਰ 2012 ਨੂੰ ਦੱਖਣੀ ਦਿੱਲੀ ਵਿੱਚ ਚੱਲਦੀ ਬੱਸ ਵਿੱਚ ਵਾਪਰੇ ਨਿਰਭੈ ਕਾਂਡ ਨੇ ਸਾਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਸੀ। ਦੇਸ਼ ਭਰ ਵਿੱਚ ਜਾਗਰੂਕ ਨਾਗਰਿਕਾਂ ਨੇ ਇਸ ਵਹਿਸ਼ੀ ਬਲਾਤਕਾਰ ਤੇ ਹੱਤਿਆ ਕਾਂਡ ਵਿਰੁੱਧ ਕੈਂਡਲ ਮਾਰਚ ਤੇ ਵਿਰੋਧ ਪ੍ਰਦਰਸ਼ਨ ਕੀਤੇ ਸਨ। ਦੇਸ਼ਵਾਸੀਆਂ ਦੇ ਇਸ ਰੋਹ ਕਾਰਨ ਹੀ ਸਰਕਾਰ ਨੂੰ ਸੰਸਦ ਵਿੱਚ ਔਰਤਾਂ ਵਿਰੁੱਧ ਹੋਣ ਵਾਲੇ ਅਜਿਹੇ ਅਪਰਾਧਾਂ ਲਈ ਇੱਕ ਸਖ਼ਤ ਸਜ਼ਾਵਾਂ ਵਾਲਾ ਕਾਨੂੰਨ ਪਾਸ ਕਰਾਉਣਾ ਪਿਆ ਸੀ।
ਸੰਨ 2014 ਦੀਆਂ ਚੋਣਾਂ ਵਿੱਚ ਭਾਜਪਾ ਨੇ ਇਸ ਮੁੱਦੇ ਨੂੰ ਆਪਣੀ ਚੋਣ ਮੁਹਿੰਮ ਦਾ ਹਿੱਸਾ ਬਣਾਉਂਦਿਆਂ ਨਾਅਰਾ ਦਿੱਤਾ ਸੀ; 'ਬਹੁਤ ਹੂਆ ਨਾਰੀ ਪੇ ਵਾਰ, ਅਬ ਕੀ ਬਾਰ ਮੋਦੀ ਸਰਕਾਰ'।
ਪਰ ਮੋਦੀ ਸਰਕਾਰ ਦੇ ਸਾਢੇ ਚਾਰ ਸਾਲਾਂ ਦੌਰਾਨ ਭਾਜਪਾ ਸ਼ਾਸਤ ਪ੍ਰਦੇਸ਼ਾਂ ਵਿੱਚ ਔਰਤਾਂ, ਖ਼ਾਸ ਕਰ ਕੇ ਦਲਿਤ ਲੜਕੀਆਂ ਉੱਤੇ ਜਿਸ ਤਰ੍ਹਾਂ ਹਮਲੇ ਵਧੇ ਹਨ, ਉਹ ਭਾਜਪਾ ਵੱਲੋਂ ਕੀਤੇ ਵਾਅਦਿਆਂ ਦਾ ਮੂੰਹ ਚਿੜਾਉਂਦੇ ਹਨ। ਸਭ ਤੋਂ ਪਹਿਲੀ ਵੱਡੀ ਘਟਨਾ ਜੰਮੂ ਦੇ ਕਠੂਆ ਵਿੱਚ ਇੱਕ ਮੰਦਰ ਵਿੱਚ 8 ਸਾਲਾਂ ਦੀ ਗੁੱਜਰ ਪਰਵਾਰ ਦੀ ਲੜਕੀ ਨਾਲ ਸਮੂਹਿਕ ਬਲਾਤਕਾਰ ਤੋਂ ਬਾਅਦ ਕਤਲ ਕੀਤੇ ਜਾਣ ਦੀ ਵਾਪਰੀ। ਇਸ ਘਟਨਾ ਨੇ ਸਾਰੇ ਦੇਸ਼ ਦਾ ਧਿਆਨ ਖਿੱਚਿਆ। ਲੋਕਾਂ ਵੱਲੋਂ ਕੀਤੇ ਗਏ ਰੋਹ ਦਾ ਪ੍ਰਗਟਾਵਾ ਹੀ ਸੀ ਕਿ ਆਖਰ ਦੋਸ਼ੀਆਂ ਨੂੰ ਕਟਹਿਰੇ ਵਿੱਚ ਖੜਾ ਕੀਤਾ ਗਿਆ, ਇਸ ਗੱਲ ਦੇ ਬਾਵਜੂਦ ਕਿ ਸੱਤਾਧਾਰੀ ਭਾਜਪਾਈਏ ਦੋਸ਼ੀਆਂ ਦੀ ਪੁਸ਼ਤ-ਪਨਾਹੀ ਕਰਨ ਵਿੱਚ ਲੱਗੇ ਹੋਏ ਸਨ।
ਉੱਤਰ ਪ੍ਰਦੇਸ਼ ਵਿੱਚ ਭਾਜਪਾ ਨੇ ਚੋਣਾਂ ਸਮੇਂ ਆਪਣੇ ਮੈਨੀਫੈਸਟੋ ਵਿੱਚ ਵਾਅਦਾ ਕੀਤਾ ਸੀ ਕਿ ਉਹ ਔਰਤਾਂ ਦੀ ਸੁਰੱਖਿਆ ਵੱਲ ਵਿਸ਼ੇਸ਼ ਧਿਆਨ ਦੇਵੇਗੀ। ਭਾਜਪਾ ਨੂੰ ਜਿੱਤ ਮਿਲੀ ਤੇ ਯੋਗੀ ਆਦਿਤਿਆਨਾਥ ਮੁੱਖ ਮੰਤਰੀ ਬਣਾਏ ਗਏ। ਉਨ੍ਹਾ ਮੁੱਖ ਮੰਤਰੀ ਬਣਦਿਆਂ ਹੀ ਪੁਲਸ ਦੇ ਇੱਕ ਵਿਸ਼ੇਸ਼ ਦਲ 'ਐਂਟੀ ਰੋਮੀਓ ਸਕੁਐਡ' ਦਾ ਗਠਨ ਕਰ ਦਿੱਤਾ, ਪਰ ਔਰਤਾਂ ਵਿਰੁੱਧ ਹੁੰਦੇ ਅਪਰਾਧਕ ਮਾਮਲੇ ਘਟਣ ਦੀ ਥਾਂ ਵਧਦੇ ਗਏ।
ਅਸੀਂ ਏਥੇ ਸਿਰਫ਼ ਏਸੇ ਸਾਲ ਵਾਪਰੀਆਂ ਘਟਨਾਵਾਂ ਦਾ ਜ਼ਿਕਰ ਕਰ ਰਹੇ ਹਾਂ। 23 ਫ਼ਰਵਰੀ ਨੂੰ ਉਨਾਵ ਵਿੱਚ ਇੱਕ 18 ਸਾਲਾ ਦਲਿਤ ਲੜਕੀ ਨੂੰ ਜ਼ਿੰਦਾ ਜਲਾ ਦਿੱਤਾ ਗਿਆ। 10 ਮਾਰਚ ਨੂੰ ਬਲੀਆ ਵਿੱਚ ਇੱਕ ਦਲਿਤ ਔਰਤ ਨੂੰ ਜ਼ਿੰਦਾ ਸਾੜ ਦਿੱਤਾ ਗਿਆ, ਕਿਉਂਕਿ ਉਸ ਵੱਲੋਂ ਸ਼ਾਹੂਕਾਰ ਦਾ ਵਿਆਜ ਸਮੇਂ ਸਿਰ ਨਾ ਦੇਣ ਕਰ ਕੇ ਸ਼ਾਹੂਕਾਰ ਵੱਲੋਂ ਰੱਖੀ ਗਈ ਜਿਸਮਾਨੀ ਮੰਗ ਨੂੰ ਠੁਕਰਾ ਦਿੱਤਾ ਗਿਆ ਸੀ। 28 ਮਾਰਚ ਨੂੰ ਹਸਨਗੰਜ (ਉਨਾਵ) ਵਿੱਚ ਇੱਕ 19 ਸਾਲਾ ਦਲਿਤ ਲੜਕੀ ਨਾਲ ਬਲਾਤਕਾਰ ਤੋਂ ਬਾਅਦ ਉਸ ਨੂੰ ਜ਼ਿੰਦਾ ਜਲਾ ਦਿੱਤਾ ਗਿਆ। 14 ਅਪ੍ਰੈਲ ਨੂੰ ਕਾਨਪੁਰ ਦਿਹਾਤੀ ਇਲਾਕੇ ਵਿੱਚ ਇੱਕ 16 ਸਾਲਾ ਦਲਿਤ ਲੜਕੀ ਨਿਧੀ ਦੋਹਰੇ ਨੂੰ ਦਬੰਗਾਂ ਨੇ ਅੱਗ ਲਾ ਕੇ ਸਾੜ ਦਿੱਤਾ। 8 ਮਈ ਨੂੰ ਆਜ਼ਮਗੜ੍ਹ ਵਿੱਚ ਇੱਕ ਹੋਰ 16 ਸਾਲਾ ਦਲਿਤ ਲੜਕੀ ਨੂੰ ਬਲਾਤਕਾਰ ਦਾ ਵਿਰੋਧ ਕਰਨ ਉੱਤੇ ਅੱਗ ਲਾ ਕੇ ਮਾਰ ਦਿੱਤਾ ਗਿਆ। 30 ਜੁਲਾਈ ਨੂੰ ਭਦੋਹੀ ਵਿੱਚ ਇੱਕ 17 ਸਾਲਾ ਮੁਸਲਿਮ ਦਲਿਤ ਲੜਕੀ ਨੂੰ ਛੇੜਛਾੜ ਦਾ ਵਿਰੋਧ ਕਰਨ ਉੱਤੇ ਅੱਗ ਦੇ ਹਵਾਲੇ ਕਰ ਦਿੱਤਾ ਗਿਆ। ਇਸੇ 18 ਦਸੰਬਰ ਨੂੰ ਆਗਰਾ ਤੋਂ 20 ਕਿਲੋਮੀਟਰ ਦੂਰ ਲਾਲਾਮਊ ਪਿੰਡ ਦੇ ਨੇੜੇ ਸਕੂਲ ਤੋਂ ਵਾਪਸ ਆ ਰਹੀ 10ਵੀਂ ਦੀ ਵਿਦਿਆਰਥਣ, ਸੰਜਲੀ ਨਾਂਅ ਦੀ 15 ਸਾਲਾ ਦਲਿਤ ਲੜਕੀ ਨੂੰ ਪੈਟਰੋਲ ਪਾ ਕੇ ਅੱਗ ਲਾ ਦਿੱਤੀ ਗਈ। ਇਸ ਹੈਵਾਨੀਅਤ ਭਰੇ ਕਾਰੇ ਵਿੱਚ ਲੜਕੀ 75 ਫ਼ੀਸਦੀ ਸੜ ਗਈ ਤੇ ਆਖਰ 36 ਘੰਟਿਆਂ ਬਾਅਦ ਉਸ ਨੇ ਦਿੱਲੀ ਦੇ ਸਫ਼ਦਰਜੰਗ ਹਸਪਤਾਲ ਵਿੱਚ ਦਮ ਤੋੜ ਦਿੱਤਾ।
ਇਹ ਸਿਰਫ਼ ਉੱਤਰ ਪ੍ਰਦੇਸ਼ ਵਿੱਚ ਦਲਿਤ ਲੜਕੀਆਂ ਵਿਰੁੱਧ ਵਾਪਰੀਆਂ ਘਟਨਾਵਾਂ ਹਨ, ਭਾਜਪਾ ਸ਼ਾਸਤ ਬਾਕੀ ਰਾਜ ਵੀ ਇਨ੍ਹਾਂ ਘਿਨਾਉਣੇ ਅਪਰਾਧਾਂ ਵਿੱਚ ਪਿੱਛੇ ਨਹੀਂ ਹਨ। ਸੰਜਲੀ ਨੂੰ ਸਾੜੇ ਜਾਣ ਦੀ ਘਟਨਾ ਤੋਂ ਦੋ ਦਿਨ ਪਹਿਲਾਂ 16 ਦਸੰਬਰ ਨੂੰ ਇੱਕ ਵਿਦਿਆਰਥਣ ਉੱਤਰਾ ਖੰਡ ਦੇ ਪੌੜੀ ਗੜਵਾਲ ਤੋਂ ਆਪਣੇ ਕਾਲਜੋਂ ਘਰ ਨੂੰ ਆ ਰਹੀ ਸੀ ਤਾਂ ਇੱਕ ਬੰਟੀ ਨਾਂਅ ਦੇ 30 ਸਾਲਾ ਨੌਜਵਾਨ ਨੇ ਉਸ ਉੱਤੇ ਪੈਟਰੋਲ ਛਿੜਕ ਕੇ ਅੱਗ ਲਗਾ ਦਿੱਤੀ। ਉਸ ਨੂੰ ਵੀ ਦਿੱਲੀ ਦੇ ਸਫ਼ਦਰਜੰਗ ਹਸਪਤਾਲ ਵਿੱਚ ਦਾਖ਼ਲ ਕਰਾਇਆ ਗਿਆ, ਜਿੱਥੇ ਉਸ ਨੇ 23 ਦਸੰਬਰ ਨੂੰ ਦਮ ਤੋੜ ਦਿੱਤਾ। ਮੱਧ ਪ੍ਰਦੇਸ਼ ਦੇ ਰਾਜਗੜ੍ਹ ਵਿੱਚ ਇਸੇ ਸਾਲ 11 ਫ਼ਰਵਰੀ ਨੂੰ ਬਲਾਤਕਾਰ ਦਾ ਵਿਰੋਧ ਕਰਨ ਉੱਤੇ ਇੱਕ 12 ਸਾਲਾ ਦਲਿਤ ਲੜਕੀ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਗਿਆ। ਰਾਜਸਥਾਨ ਦੇ ਝੁੰਨਝਨੂੰ ਵਿੱਚ ਇੱਕ 15 ਸਾਲਾ ਦਲਿਤ ਲੜਕੀ ਨੂੰ ਜਲਾ ਕੇ ਮਾਰ ਦਿੱਤਾ ਗਿਆ।
ਅਸੀਂ ਸਿਰਫ਼ ਦਲਿਤਾਂ ਨਾਲ ਸੰਬੰਧਤ ਉਪਰੋਕਤ ਘਿਨਾਉਣੀਆਂ ਵਾਰਦਾਤਾਂ ਦਾ ਵਿਸ਼ੇਸ਼ ਤੌਰ 'ਤੇ ਜ਼ਿਕਰ ਇਸ ਲਈ ਕੀਤਾ ਹੈ, ਕਿਉਂਕਿ ਮੋਦੀ ਰਾਜ ਵਿੱਚ ਸਭ ਤੋਂ ਮਾੜੀ ਸਥਿਤੀ ਦਾ ਸਾਹਮਣਾ ਦਲਿਤਾਂ ਤੇ ਮੁਸਲਮਾਨਾਂ ਨੂੰ ਹੀ ਕਰਨਾ ਪਿਆ ਹੈ। ਉਂਜ ਸਾਡੇ ਦੇਸ਼ ਵਿੱਚ ਬਾਕੀ ਤਬਕਿਆਂ ਦੀਆਂ ਔਰਤਾਂ ਵੀ ਘੱਟ ਉਤਪੀੜਨ ਦਾ ਸ਼ਿਕਾਰ ਨਹੀਂ ਹੋਈਆਂ। ਇੱਕ ਰਿਪੋਰਟ ਮੁਤਾਬਕ 2016 ਵਿੱਚ 6 ਸਾਲ ਤੋਂ ਘੱਟ ਉਮਰ ਦੀਆਂ 520 ਬੱਚੀਆਂ ਨਾਲ ਬਲਾਤਕਾਰ ਦੀਆਂ ਘਟਨਾਵਾਂ ਦਰਜ ਹੋਈਆਂ ਸਨ। ਇਸੇ ਤਰ੍ਹਾਂ 6 ਤੋਂ 12 ਸਾਲ ਦੀਆਂ 1596 ਬੱਚੀਆਂ ਨਾਲ ਬਲਾਤਕਾਰ ਦੇ ਕੇਸ ਦਰਜ ਹੋਏ। ਜੇਕਰ ਮੋਦੀ ਰਾਜ ਦੇ ਪਹਿਲੇ ਢਾਈ ਸਾਲਾਂ ਦੇ ਅੰਕੜਿਆਂ ਵੱਲ ਨਿਗਾਹ ਮਾਰੀਏ ਤਾਂ ਇਸ ਦੌਰਾਨ ਬੱਚੀਆਂ ਨਾਲ ਬਲਾਤਕਾਰ, ਜਿਨਸੀ ਸ਼ੋਸ਼ਣ ਜਾਂ ਅਗਵਾ ਦੇ 2 ਲੱਖ 90 ਹਜ਼ਾਰ 553 ਕੇਸ ਦਰਜ ਹੋਏ।
ਇਸ ਵਰਤਾਰੇ ਪ੍ਰਤੀ ਸਭ ਤੋਂ ਪੱਖਪਾਤੀ ਸਥਿਤੀ ਮੀਡੀਆ ਦੀ ਰਹੀ ਹੈ। ਕਾਂਗਰਸ ਰਾਜ ਦੌਰਾਨ ਵਾਪਰੇ ਨਿਰਭੈ ਕਾਂਡ ਸਮੇਂ ਤਾਂ ਹਿੰਦੀ ਪ੍ਰਿੰਟ ਮੀਡੀਏ ਤੇ ਚੈਨਲਾਂ ਨੇ ਸ਼ਲਾਘਾ ਯੋਗ ਰੋਲ ਨਿਭਾਇਆ ਸੀ, ਪਰ ਮੋਦੀ ਰਾਜ ਦੌਰਾਨ ਨਾ ਉਨ੍ਹਾਂ ਨੂੰ ਕਠੂਆ ਦਾ ਰੇਪ ਕਾਂਡ ਝੰਜੋੜ ਸਕਿਆ ਤੇ ਨਾ ਹੁਣ ਆਗਰੇ ਦਾ ਸੰਜਲੀ ਕਾਂਡ ਉਨ੍ਹਾਂ ਦੀ ਚੁੱਪ ਤੋੜ ਸਕਿਆ। ਕੀ ਮੀਡੀਆ ਵੀ ਸਵਰਨਾਂ, ਦਲਿਤਾਂ ਤੇ ਪਛੜਿਆਂ ਵਿੱਚ ਭੇਦ-ਭਾਵ ਤਾਂ ਨਹੀਂ ਕਰ ਰਿਹਾ? ਲਖਨਊ ਵਿੱਚ ਜਦੋਂ ਐਂਟੀ ਰੋਮੀਓ ਸਕੁਐਡ ਹੱਥੋਂ ਵਿਵੇਕ ਤਿਵਾੜੀ ਕਾਂਡ ਵਾਪਰਿਆ ਸੀ ਤਾਂ ਮੀਡੀਆ ਨੇ ਉਸ ਦੀ ਭਰਪੂਰ ਰਿਪੋਰਟਿੰਗ ਕੀਤੀ ਸੀ, ਪਰ ਹੁਣ ਸੰਜਲੀ ਕਾਂਡ ਉੱਤੇ ਜਿਵੇਂ ਉਸ ਨੂੰ ਸੱਪ ਸੁੰਘ ਗਿਆ ਹੋਵੇ। ਕੀ ਇਹ ਇਸ ਲਈ ਤਾਂ ਨਹੀਂ ਕਿ ਤਿਵਾੜੀ ਸਵਰਨ ਜਾਤੀ ਦਾ ਸੀ ਤੇ ਸੰਜਲੀ ਦਲਿਤ ਜਾਤੀ ਨਾਲ ਸੰਬੰਧਤ ਸੀ? ਸਾਡੇ ਸੰਵਿਧਾਨ ਵਿੱਚ ਹਰ ਨਾਗਰਿਕ ਦਾ ਬਰਾਬਰ ਦਾ ਦਰਜਾ ਹੈ, ਪ੍ਰੰਤੂ ਸਾਡਾ ਸਮਾਜ, ਸਾਡਾ ਮੀਡੀਆ, ਸਾਡੀ ਪੁਲਸ ਤੇ ਅਸੀਂ ਖ਼ੁਦ ਇਸ ਭਾਵਨਾ ਉੱਤੇ ਪਹਿਰਾ ਨਹੀਂ ਦੇ ਰਹੇ।
ਸਾਨੂੰ ਸਾਰਿਆਂ ਨੂੰ ਸੋਚਣਾ ਪਵੇਗਾ ਕਿ ਅਸੀਂ ਆਪਣੇ ਸਮਾਜ ਨੂੰ ਕਿਸ ਪਾਸੇ ਲੈ ਜਾ ਰਹੇ ਹਾਂ? ਕੀ ਹੁਣ ਸਾਡੀਆਂ ਬੱਚੀਆਂ ਨੂੰ ਕੈਦ ਹੋ ਕੇ ਰਹਿਣਾ ਪਵੇਗਾ? ਮੌਜੂਦਾ ਸਥਿਤੀ ਬੱਚੀਆਂ ਲਈ ਬੇਹੱਦ ਖੌਫ਼ਨਾਕ ਹੈ। ਇਸ ਸਥਿਤੀ ਨੂੰ ਹੋਰ ਵਿਗੜਨ ਤੋਂ ਬਚਾਉਣ ਦੀ ਸਾਰੀ ਜ਼ਿੰਮੇਵਾਰੀ ਸਾਡੇ ਸਮੁੱਚੇ ਪ੍ਰਬੰਧ ਦੀ ਹੈ। ਇਸ ਨੂੰ ਹਰ ਹਾਲਤ ਵਿੱਚ ਰੋਕਿਆ ਜਾਣਾ ਚਾਹੀਦਾ ਹੈ।

1085 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper