Latest News
ਮੋਦੀ-ਸ਼ਾਹ ਜੋੜੀ ਦਾ ਪਾਣੀ ਉੱਤਰਨ ਲੱਗਾ

Published on 26 Dec, 2018 11:19 AM.ਕਾਂਗਰਸ-ਮੁਕਤ ਭਾਰਤ ਦਾ ਨਾਹਰਾ ਦੇਣ ਵਾਲੀ ਮੋਦੀ-ਸ਼ਾਹ ਜੋੜੀ ਨੇ ਆਪਣੇ ਪਾਰਟੀ ਕਾਰਕੁਨਾਂ ਤੇ ਸਹਿਯੋਗੀ ਪਾਰਟੀਆਂ ਨੂੰ ਇਸ ਭਰਮ-ਭੁਲੇਖੇ ਵਿੱਚ ਪਾ ਰੱਖਿਆ ਸੀ ਕਿ ਚੋਣਾਂ ਲੜਨ ਦੀ ਉਨ੍ਹਾਂ ਦੀ ਸ਼ੈਲੀ ਅਜਿਹੀ ਹੈ, ਜਿਸ ਨੇ ਪਾਰਟੀ ਨੂੰ ਅਜਿੱਤ ਬਣਾ ਦਿੱਤਾ ਹੈ ਤੇ ਮੁੱਖ ਵਿਰੋਧੀ ਪਾਰਟੀ ਕਾਂਗਰਸ ਕਿਤੇ ਮੈਦਾਨ ਵਿੱਚ ਨਜ਼ਰ ਨਹੀਂ ਆਉਂਦੀ। ਇਸ ਦੇ ਬਾਵਜੂਦ ਉਨ੍ਹਾਂ ਨੂੰ ਪਹਿਲਾ ਕਰਾਰਾ ਝਟਕਾ ਓਦੋਂ ਲੱਗਾ, ਜਦੋਂ ਅਰਵਿੰਦ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਨੇ ਦਿੱਲੀ ਵਿੱਚ ਭਾਜਪਾ ਨੂੰ ਚਾਰੋਂ ਖਾਨੇ ਚਿੱਤ ਕਰ ਕੇ ਸੱਤਾ ਦੇ ਗਲਿਆਰਿਆਂ 'ਤੇ ਕਬਜ਼ਾ ਕਰ ਲਿਆ। ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਸਮੇਂ ਵੀ ਉਨ੍ਹਾਂ ਤੇ ਉਨ੍ਹਾਂ ਦੇ ਸਹਿਯੋਗੀ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਨੇ ਕਰਾਰੀ ਹਾਰ ਦੇ ਕੇ ਉਨ੍ਹਾਂ ਦੇ ਦਸ ਸਾਲਾ ਸ਼ਾਸਨ ਦਾ ਭੋਗ ਪਾ ਦਿੱਤਾ। ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਹਰਮਨ-ਪਿਆਰਤਾ ਦਾ ਲੋਹਾ ਓਦੋਂ ਹੀ ਮੰਨਵਾ ਲਿਆ ਸੀ, ਜਦੋਂ ਮੋਦੀ ਲਹਿਰ ਦੀ ਚੜ੍ਹਤ ਸਮੇਂ ਅੰਮ੍ਰਿਤਸਰ ਲੋਕ ਸਭਾ ਸੀਟ 'ਤੇ ਖੜੇ ਭਾਜਪਾ ਆਗੂ ਅਰੁਣ ਜੇਤਲੀ ਨੂੰ ਇੱਕ ਲੱਖ ਤੋਂ ਵੱਧ ਵੋਟਾਂ ਨਾਲ ਹਾਰ ਦੇ ਦਿੱਤੀ ਸੀ। ਮਜਬੂਰੀ ਵੱਸ ਅਰੁਣ ਜੇਤਲੀ ਨੂੰ ਰਾਜ ਸਭਾ ਦੀ ਅਸਿੱਧੀ ਚੋਣ ਰਾਹੀਂ ਪਾਰਲੀਮੈਂਟ ਦੀ ਮੈਂਬਰੀ ਹਾਸਲ ਕਰਨ ਪਿੱਛੋਂ ਕੇਂਦਰੀ ਖ਼ਜ਼ਾਨਾ ਮੰਤਰੀ ਵਾਲਾ ਅਹੁਦਾ ਹਾਸਲ ਹੋਇਆ ਸੀ।
ਮੋਦੀ, ਸ਼ਾਹ ਤੇ ਯੋਗੀ ਦੀ ਤ੍ਰਿਕੜੀ ਦਾ ਜਾਹੋ-ਜਲਾਲ ਉਸ ਸਮੇਂ ਫਿੱਕਾ ਪੈ ਗਿਆ, ਜਦੋਂ ਗੋਰਖਪੁਰ, ਫੂਲਪੁਰ ਤੇ ਕੈਰਾਨਾ ਦੀਆਂ ਭਾਰੀ ਬਹੁਮੱਤ ਨਾਲ ਜਿੱਤੀਆਂ ਹੋਈਆਂ ਸੀਟਾਂ 'ਤੇ ਹੋਈ ਜ਼ਿਮਨੀ ਚੋਣ ਸਮੇਂ ਵਿਰੋਧੀ ਧਿਰ ਦੇ ਮੈਂਬਰ ਚੁਣੇ ਗਏ। ਭਾਜਪਾ ਦੇ ਨੀਵਾਣਾਂ ਵੱਲ ਜਾਣ ਦੀ ਜੋ ਕਸਰ ਬਾਕੀ ਸੀ, ਉਹ ਓਦੋਂ ਪੂਰੀ ਹੋ ਗਈ, ਜਦੋਂ ਰਾਜਸਥਾਨ ਦੀਆਂ ਅਜਮੇਰ ਤੇ ਅਲਵਰ ਦੀਆਂ ਲੋਕ ਸਭਾ ਸੀਟਾਂ 'ਤੇ ਹੋਈ ਜ਼ਿਮਨੀ ਚੋਣ ਵਿੱਚ ਕਾਂਗਰਸ ਉਮੀਦਵਾਰ ਬਾਜ਼ੀ ਮਾਰ ਗਏ। ਇਹ ਸਿਲਸਿਲਾ ਅੱਗੇ ਤੋਂ ਅੱਗੇ ਵਧਦਾ ਗਿਆ। ਗੁਜਰਾਤ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਮੋਦੀ-ਸ਼ਾਹ ਜੋੜੀ ਦੀ ਚੋਣ ਰਣਨੀਤੀ, ਧਨ-ਬਲ ਦੀ ਖੁੱਲ੍ਹ ਕੇ ਵਰਤੋਂ ਤੇ ਧੂੰਆਂਧਾਰ ਪ੍ਰਚਾਰ, ਦੇ ਬਾਵਜੂਦ ਭਾਜਪਾ ਸੌ ਦਾ ਅੰਕੜਾ ਨਾ ਪਾਰ ਕਰ ਸਕੀ ਤੇ ਕਾਂਗਰਸ ਨੇ ਅਠਾਸੀ ਸੀਟਾਂ ਜਿੱਤ ਕੇ ਆਪਣੀ ਹੋਂਦ ਦਾ ਭਾਜਪਾ ਆਗੂਆਂ ਨੂੰ ਅਹਿਸਾਸ ਕਰਵਾ ਦਿੱਤਾ। ਕਰਨਾਟਕ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਵੀ ਭਾਜਪਾ ਦੀ ਸੱਤਾ ਪ੍ਰਾਪਤੀ ਦੀ ਚਾਹਤ ਪੂਰੀ ਨਾ ਹੋਈ ਤੇ ਕਾਂਗਰਸ ਤੇ ਦੇਵਗੌੜਾ ਦੀ ਅਗਵਾਈ ਵਾਲੇ ਜਨਤਾ ਦਲ (ਐੱਸ) ਦੀ ਸਾਂਝੀ ਸਰਕਾਰ ਸੱਤਾ ਵਿੱਚ ਆ ਗਈ।
ਭਾਜਪਾ ਦੇ ਨਾਮਜ਼ਦ ਰਾਜਪਾਲ ਨੇ ਚਾਹੇ ਯੇਦੀਉਰੱਪਾ ਨੂੰ ਸਰਕਾਰ ਬਣਾਉਣ ਦਾ ਸੱਦਾ ਦੇ ਕੇ ਸਹੁੰ ਵੀ ਚੁਕਾ ਦਿੱਤੀ, ਪਰ ਉਹ ਬਹੁਮੱਤ ਸਾਬਤ ਕਰਨ ਤੋਂ ਪਹਿਲਾਂ ਹੀ ਰਾਜ ਭਵਨ ਵਿੱਚ ਪਹੁੰਚ ਕੇ ਅਸਤੀਫ਼ਾ ਦੇਣ ਲਈ ਮਜਬੂਰ ਹੋ ਗਏ। ਕੁਮਾਰਸੁਆਮੀ ਦੀ ਅਗਵਾਈ ਵਿੱਚ ਬਣੀ ਸਾਂਝੀ ਸਰਕਾਰ ਦੇ ਸਹੁੰ-ਚੁੱਕ ਸਮਾਗਮ ਸਮੇਂ ਜਿਵੇਂ ਵਿਰੋਧੀ ਧਿਰ ਦੇ ਸਾਰੇ ਆਗੂ ਇੱਕ ਮੰਚ ਉੱਤੇ ਇਕੱਠੇ ਹੋਏ, ਉਸ ਨੇ ਲੋਕਾਂ ਵਿੱਚ ਇਹ ਉਤਸ਼ਾਹ ਪੈਦਾ ਕਰ ਦਿੱਤਾ ਕਿ ਮੋਦੀ ਦੀ ਅਗਵਾਈ ਵਾਲੀ ਜੁਮਲਿਆਂ ਵਾਲੀ ਸਰਕਾਰ ਨੂੰ 2019 ਵਿੱਚ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਵਿੱਚ ਸੱਤਾ ਤੋਂ ਲਾਂਭੇ ਕੀਤਾ ਜਾ ਸਕਦਾ ਹੈ। ਜਨਤਾ ਵਿਚਲਾ ਇਹ ਅਹਿਸਾਸ ਰੰਗ ਵੀ ਲਿਆਇਆ।
ਹੁਣੇ-ਹੁਣੇ ਪੰਜ ਰਾਜਾਂ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਨੇ ਲੋਕਾਂ ਦੇ ਆਤਮ-ਵਿਸ਼ਵਾਸ ਨੂੰ ਹੋਰ ਵੀ ਦ੍ਰਿੜ੍ਹ ਕਰ ਦਿੱਤਾ। ਭਾਜਪਾ ਸ਼ਾਸਤ ਤਿੰਨ ਹਿੰਦੀ ਭਾਸ਼ੀ ਰਾਜਾਂ; ਰਾਜਸਥਾਨ, ਮੱਧ ਪ੍ਰਦੇਸ਼ ਤੇ ਛੱਤੀਸਗੜ੍ਹ ਵਿੱਚ ਉਸ ਰਾਹੁਲ ਗਾਂਧੀ ਦੀ ਅਗਵਾਈ ਵਿੱਚ ਕਾਂਗਰਸ ਨੇ ਮੋਦੀ, ਸ਼ਾਹ ਤੇ ਯੋਗੀ ਦੀ ਤ੍ਰਿਕੜੀ ਦੇ ਜ਼ੋਰਦਾਰ ਪ੍ਰਚਾਰ ਦੇ ਬਾਵਜੂਦ ਉਨ੍ਹਾਂ ਨੂੰ ਕਰਾਰੀ ਹਾਰ ਦਿੱਤੀ, ਜਿਸ ਨੂੰ ਉਹ ਹਿਕਾਰਤ ਨਾਲ 'ਪੱਪੂ' ਕਹਿ ਕੇ ਪੁਕਾਰਦੇ ਸਨ। ਇਹ ਹਾਲਾਤ ਦਾ ਤਕਾਜ਼ਾ ਹੀ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਟਵੀਟ ਰਾਹੀਂ ਉਸ ਨੂੰ ਇਸ ਜਿੱਤ ਲਈ ਵਧਾਈ ਦੇਣੀ ਪਈ।
ਹਾਲਾਤ ਹੁਣ ਇਹ ਬਣ ਗਏ ਹਨ ਕਿ ਐੱਨ ਡੀ ਏ ਵਿਚਲੇ ਭਾਈਵਾਲ ਹੀ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਨੂੰ ਚੁਣੌਤੀ ਦੇਣ ਲੱਗੇ ਹਨ। ਭਾਜਪਾ ਨੂੰ ਮਜਬੂਰੀ ਵੱਸ ਬਿਹਾਰ ਵਿੱਚ ਦੋ ਸੀਟਾਂ 'ਤੇ ਜਿੱਤਣ ਵਾਲੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਅਗਵਾਈ ਵਾਲੇ ਜਨਤਾ ਦਲ (ਯੂ) ਨੂੰ ਸਤਾਰਾਂ ਸੀਟਾਂ ਤੇ ਰਾਮ ਵਿਲਾਸ ਪਾਸਵਾਨ ਤੇ ਚਿਰਾਗ਼ ਪਾਸਵਾਨ ਦੀ ਲੋਕ ਜਨ ਸ਼ਕਤੀ ਪਾਰਟੀ ਨੂੰ ਛੇ ਲੋਕ ਸਭਾ ਸੀਟਾਂ ਛੱਡਣ ਦਾ ਐਲਾਨ ਕਰਨਾ ਪਿਆ ਹੈ। ਇਹੋ ਨਹੀਂ, ਉਸ ਨੂੰ ਆਪਣੇ ਕੋਟੇ ਵਿੱਚੋਂ ਰਾਜਨੀਤੀ ਦੇ ਮੌਸਮ ਵਿਗਿਆਨੀ ਕਹੇ ਜਾਣ ਵਾਲੇ ਰਾਮ ਵਿਲਾਸ ਪਾਸਵਾਨ ਨੂੰ ਰਾਜ ਸਭਾ ਦੀ ਸੀਟ ਦੇਣ ਦਾ ਇਕਰਾਰ ਕਰਨਾ ਪਿਆ ਹੈ। ਭਾਜਪਾ ਦੀ ਸਭ ਤੋਂ ਪੁਰਾਣੀ ਸਹਿਯੋਗੀ ਸ਼ਿਵ ਸੈਨਾ ਦੇ ਮੁਖੀ ਊਧਵ ਠਾਕਰੇ ਨੇ ਤਾਂ ਨਰਿੰਦਰ ਮੋਦੀ ਨੂੰ 'ਚੌਕੀਦਾਰ ਚੋਰ ਹੈ' ਵਾਲੀ ਸੰਗਿਆ ਦੇ ਦਿੱਤੀ। ਉਸ ਨੇ ਇਹ ਵੀ ਕਹਿ ਦਿੱਤਾ ਕਿ ਲੋਕ ਸਭਾ ਚੋਣਾਂ ਵਿੱਚ ਭਾਜਪਾ ਦੀ ਸੱਤਾ ਪ੍ਰਾਪਤੀ ਦੀ ਚਾਹਤ ਪੂਰੀ ਨਹੀਂ ਹੋਣ ਵਾਲੀ। ਮੋਦੀ ਸਰਕਾਰ ਵਿੱਚ ਕੇਂਦਰੀ ਮੰਤਰੀ ਓਪੇਂਦਰ ਕੁਸ਼ਵਾਹਾ ਤੇ ਉਨ੍ਹਾ ਦੀ ਰਾਸ਼ਟਰੀ ਲੋਕ ਸਮਤਾ ਪਾਰਟੀ ਐੱਨ ਡੀ ਏ ਨੂੰ ਅਲਵਿਦਾ ਕਹਿ ਕੇ ਤੇਜੱਸਵੀ ਯਾਦਵ ਦੀ ਅਗਵਾਈ ਵਾਲੇ ਮਹਾਂ-ਗੱਠਬੰਧਨ ਵਿੱਚ ਸ਼ਾਮਲ ਹੋ ਗਏ ਹਨ। ਬਿਹਾਰ ਦੇ ਸਾਬਕਾ ਮੁੱਖ ਮੰਤਰੀ ਜੇਤਨ ਰਾਏ ਮਾਂਝੀ ਤੇ ਉਨ੍ਹਾ ਦੀ ਹਿੰਦੋਸਤਾਨੀ ਅਵਾਮੀ ਮੋਰਚਾ ਪਾਰਟੀ ਮੋਦੀ ਸਰਕਾਰ 'ਤੇ ਵਾਅਦਾ-ਖ਼ਿਲਾਫ਼ੀ ਦਾ ਦੋਸ਼ ਲਾ ਕੇ ਮਹਾਂ-ਗੱਠਬੰਧਨ ਵਿੱਚ ਸ਼ਾਮਲ ਹੋ ਚੁੱਕੇ ਹਨ।
ਐੱਨ ਡੀ ਏ ਵਿੱਚ ਟੁੱਟ-ਭੱਜ ਦਾ ਇਹ ਸਿਲਸਿਲਾ ਨਿਰੰਤਰ ਜਾਰੀ ਹੈ। ਇਸ ਅਮਲ ਦੀ ਸ਼ੁਰੂਆਤ ਤਾਂ ਚੰਦਰ ਬਾਬੂ ਨਾਇਡੂ ਦੀ ਅਗਵਾਈ ਵਾਲੀ ਤੇਲਗੂ ਦੇਸਮ ਨੇ ਬਹੁਤ ਸਮਾਂ ਪਹਿਲਾਂ ਕਰ ਦਿੱਤੀ ਸੀ, ਪਰ ਹੁਣ ਯੋਗੀ ਆਦਿੱਤਿਆਨਾਥ ਦੇ ਰਾਜ ਉੱਤਰ ਪ੍ਰਦੇਸ਼ ਵਿੱਚ ਵੀ ਇਸ ਦੀ ਝਲਕ ਸਪੱਸ਼ਟ ਨਜ਼ਰ ਆਉਣ ਲੱਗੀ ਹੈ। ਆਪਣਾ ਦਲ ਦੇ ਪ੍ਰਧਾਨ ਅਸ਼ੀਸ਼ ਪਟੇਲ ਨੇ ਤਾਂ ਏਥੋਂ ਤੱਕ ਕਹਿ ਦਿੱਤਾ ਹੈ ਕਿ ਯੋਗੀ ਤੇ ਮੋਦੀ ਦੇ ਸ਼ਾਸਨ ਵਿੱਚ ਨਾ ਕਿਤੇ ਵਿਧਾਇਕ ਦੀ ਸੁਣਵਾਈ ਹੁੰਦੀ ਹੈ, ਨਾ ਐੱਮ ਪੀ ਦੀ ਤੇ ਨਾ ਕਿਸੇ ਮੰਤਰੀ ਦੀ। ਜੇ ਇਹ ਸਿਲਸਿਲਾ ਇੰਜ ਹੀ ਜਾਰੀ ਰਹਿੰਦਾ ਹੈ ਤਾਂ ਮੋਦੀ ਸਰਕਾਰ ਦੇ ਸੱਤਾ ਵਿੱਚ ਦੁਬਾਰਾ ਆਉਣ ਦੀ ਕੋਈ ਸੰਭਾਵਨਾ ਨਹੀਂ। ਭਾਈਵਾਲਾਂ ਦੀ ਅਣਦੇਖੀ ਹੋ ਰਹੀ ਹੈ। ਕੁਝ ਅਜਿਹੇ ਹੀ ਵਿਚਾਰ ਇਸ ਪਾਰਟੀ ਦੀ ਕੇਂਦਰੀ ਮੰਤਰੀ ਅਨੂਪ੍ਰੀਆ ਪਟੇਲ ਨੇ ਵੀ ਪ੍ਰਗਟ ਕੀਤੇ ਹਨ। ਹੁਣ ਤਾਂ ਬਾਬਾ ਰਾਮਦੇਵ ਵੀ ਇਹ ਕਹਿਣ ਲੱਗੇ ਹਨ ਕਿ ਅਗਲਾ ਪ੍ਰਧਾਨ ਮੰਤਰੀ ਕੌਣ ਹੋਵੇਗਾ, ਮੈਂ ਇਸ ਬਾਰੇ ਕੁਝ ਨਹੀਂ ਕਹਿ ਸਕਦਾ। ਸਾਡਾ ਮਕਸਦ ਇੱਕ ਹਿੰਦੂ ਭਾਰਤ ਬਣਾਉਣ ਦਾ ਨਹੀਂ।
ਚੋਣ ਯੁੱਧਨੀਤੀ ਦੇ ਚਾਣਕਿਆ ਅਖਵਾਉਣ ਵਾਲੇ ਪਾਰਟੀ ਪ੍ਰਧਾਨ ਅਮਿਤ ਸ਼ਾਹ 'ਤੇ ਤਨਜ਼ ਕਰਦਿਆਂ ਹੋਇਆਂ ਕੇਂਦਰੀ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੇ ਪਹਿਲਾਂ ਮਹਾਰਾਸ਼ਟਰ ਤੇ ਹੁਣ ਰਾਜਧਾਨੀ ਦਿੱਲੀ ਦੇ ਵਿਗਿਆਨ ਭਵਨ ਵਿੱਚ ਜੁੜੇ ਇੱਕ ਇਕੱਠ ਵਿੱਚ ਕਿਹਾ ਕਿ ਜੇ ਪਾਰਟੀ ਦੇ ਵਿਧਾਇਕ ਤੇ ਐੱਮ ਪੀ ਚੰਗੀ ਕਾਰਗੁਜ਼ਾਰੀ ਨਹੀਂ ਵਿਖਾਉਂਦੇ ਤਾਂ ਉਸ ਲਈ ਪਾਰਟੀ ਪ੍ਰਧਾਨ ਨੂੰ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ। ਉਨ੍ਹਾ ਨੇ ਇਹ ਵੀ ਕਿਹਾ ਕਿ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਆਗੂਆਂ ਨੇ ਅਜਿਹੇ ਵਾਅਦੇ ਕਰ ਲਏ, ਜਿਹੜੇ ਅਮਲ ਵਿੱਚ ਆ ਹੀ ਨਹੀਂ ਸਨ ਸਕਦੇ। ਹੁਣ ਸਾਡੇ ਲਈ ਉਹ ਮਜ਼ਾਕ ਦਾ ਵਿਸ਼ਾ ਬਣ ਗਏ ਹਨ। ਉਨ੍ਹਾ ਦੇ ਇਸ ਕਥਨ ਤੋਂ ਇਹੋ ਜ਼ਾਹਰ ਹੁੰਦਾ ਹੈ ਕਿ ਕੇਵਲ ਭਾਈਵਾਲਾਂ ਵਿੱਚ ਹੀ ਬੇਭਰੋਸਗੀ ਪੈਦਾ ਨਹੀਂ ਹੋਈ, ਸਗੋਂ ਖ਼ੁਦ ਭਾਜਪਾ ਅੰਦਰਲੇ ਆਗੂਆਂ ਤੇ ਕਾਰਕੁਨਾਂ ਵਿੱਚ ਵੀ ਮੌਜੂਦਾ ਲੀਡਰਸ਼ਿਪ ਪ੍ਰਤੀ ਅਵਿਸ਼ਵਾਸ ਦੀ ਭਾਵਨਾ ਵਧ ਰਹੀ ਹੈ। ਇਸ ਦਾ ਅੰਜਾਮ ਕੀ ਹੁੰਦਾ ਹੈ, ਇਹ ਸਮਾਂ ਹੀ ਦੱਸੇਗਾ।

1190 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper