Latest News
ਯੋਗੀ ਦੀ ਪੁਲਸ ਦਾ ਪੱਖਪਾਤੀ ਵਿਹਾਰ

Published on 27 Dec, 2018 11:38 AM.


ਜਿਉਂ-ਜਿਉਂ ਲੋਕ ਸਭਾ ਦੀਆਂ 2019 ਵਿੱਚ ਹੋਣ ਵਾਲੀਆਂ ਚੋਣਾਂ ਨਜ਼ਦੀਕ ਆ ਰਹੀਆਂ ਹਨ, ਭਾਜਪਾ ਨੇ ਹਿੰਦੂ-ਮੁਸਲਿਮ ਦਾ ਰਾਗ ਅਲਾਪਣਾ ਸ਼ੁਰੂ ਕਰ ਦਿੱਤਾ ਹੈ। ਮੋਦੀ ਰਾਜ ਦੇ ਬੀਤੇ ਸਾਢੇ ਚਾਰ ਸਾਲਾਂ ਦੌਰਾਨ ਮੁਸਲਮਾਨ ਤਬਕੇ ਨੇ ਜੋ ਸੰਤਾਪ ਹੰਢਾਇਆ, ਉਹ ਬਿਆਨੋਂ ਬਾਹਰਾ ਹੈ। ਖ਼ਾਸ ਤੌਰ 'ਤੇ ਜਿਨ੍ਹਾਂ ਰਾਜਾਂ ਵਿੱਚ ਭਾਜਪਾ ਦੀਆਂ ਸਰਕਾਰਾਂ ਸਨ, ਉੱਥੇ ਹਿੰਦੂਤੱਵੀ ਗੁੰਡਾ ਅਨਸਰਾਂ ਵੱਲੋਂ ਨਿਹੱਥੇ ਮੁਸਲਮਾਨਾਂ ਨੂੰ ਗਿਣ-ਮਿੱਥ ਕੇ ਨਿਸ਼ਾਨਾ ਬਣਾਇਆ ਗਿਆ। ਉੱਤਰ ਪ੍ਰਦੇਸ਼ ਵਿੱਚ ਮੁਹੰਮਦ ਅਖ਼ਲਾਕ, ਰਾਜਸਥਾਨ ਵਿੱਚ ਪਹਿਲੂ ਖ਼ਾਂ ਤੇ ਹਰਿਆਣੇ ਵਿੱਚ ਨਾਬਾਲਗ ਜੁਨੈਦ ਖ਼ਾਂ ਵਰਗੇ ਦਰਜਨਾਂ ਮੁਸਲਮਾਨ ਵਿਅਕਤੀਆਂ ਨੂੰ ਗਊ ਹੱਤਿਆ ਦਾ ਬਹਾਨਾ ਬਣਾ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਇੱਥੇ ਹੀ ਬੱਸ ਨਹੀਂ, ਇਹਨਾਂ ਹੈਵਾਨੀਅਤ ਭਰੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਕਾਤਲਾਂ ਨੂੰ ਭਾਜਪਾ ਆਗੂਆਂ ਦੀ ਸਰਪ੍ਰਸਤੀ ਮਿਲਦੀ ਰਹੀ ਤੇ ਭਾਜਪਾ ਦੇ ਕੇਂਦਰੀ ਮੰਤਰੀ ਤੇ ਸਥਾਨਕ ਵਿਧਾਇਕ ਉਹਨਾਂ ਨੂੰ ਸਨਮਾਨਤ ਕਰਨ ਦੇ ਸ਼ਰਮਨਾਕ ਕਾਰਿਆਂ ਵਿੱਚ ਸ਼ਾਮਲ ਹੁੰਦੇ ਰਹੇ। ਮੁਸਲਮਾਨਾਂ ਵਿੱਚ ਦਹਿਸ਼ਤ ਇਸ ਕਦਰ ਭਰ ਦਿੱਤੀ ਗਈ ਕਿ ਉਹ ਘਰਾਂ ਵਿੱਚ ਠਠੰਬਰ ਕੇ ਦਿਨ ਕੱਟਣ ਲਈ ਮਜਬੂਰ ਹੋ ਗਏ। ਉਹਨਾਂ ਦੀ ਇਸ ਚੁੱਪ ਨੇ ਹੀ ਭਾਜਪਾ ਦੀ ਹਿੰਦੂ-ਮੁਸਲਿਮ ਦੰਗੇ ਕਰਵਾ ਕੇ ਵੋਟਾਂ ਬਟੋਰਨ ਦੀ ਚਾਲ ਨੂੰ ਕਾਮਯਾਬ ਨਾ ਹੋਣ ਦਿੱਤਾ। ਅਜਿਹੀ ਹਾਲਤ ਭਾਜਪਾ ਨੂੰ ਰਾਸ ਆਉਣ ਵਾਲੀ ਨਹੀਂ ਸੀ। ਇਸੇ ਕਾਰਨ ਹੁਣ ਉਹਨਾਂ ਸਮੁੱਚੇ ਤੌਰ 'ਤੇ ਮੁਸਲਿਮ ਧਰਮ ਨੂੰ ਹੀ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ।
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੀ ਪੁਲਸ ਨੇ ਨੋਇਡਾ ਦੇ ਸੈਕਟਰ 58 ਵਿਚਲੇ ਪਾਰਕ ਵਿੱਚ ਨੇੜਲੀਆਂ ਕੰਪਨੀਆਂ ਵਿੱਚ ਕੰਮ ਕਰਦੇ ਮੁਸਲਿਮ ਮੁਲਾਜ਼ਮਾਂ ਉੱਤੇ ਸ਼ੁੱਕਰਵਾਰ ਨੂੰ ਨਮਾਜ਼ ਅਦਾ ਕਰਨ ਉੱਤੇ ਰੋਕ ਲਾ ਦਿੱਤੀ ਹੈ। ਸੈਕਟਰ 58 ਵਿਚਲੇ ਥਾਣੇ ਦੇ ਇੰਸਪੈਕਟਰ ਪੰਕਜ ਰਾਏ ਵੱਲੋਂ ਇਸ ਸੈਕਟਰ ਵਿਚਲੀਆਂ ਕੰਪਨੀਆਂ ਨੂੰ ਕਿਹਾ ਗਿਆ ਹੈ ਕਿ ਉਹ ਆਪਣੇ ਮੁਸਲਿਮ ਕਰਮਚਾਰੀਆਂ ਨੂੰ ਪਾਰਕ ਵਿੱਚ ਨਮਾਜ਼ ਪੜ੍ਹਨ ਤੋਂ ਰੋਕਣ। ਜੇਕਰ ਤੁਹਾਡੀ ਕੰਪਨੀ ਦੇ ਮੁਸਲਿਮ ਕਰਮਚਾਰੀ ਪਾਰਕ ਵਿੱਚ ਨਮਾਜ਼ ਪੜ੍ਹਨ ਆਉਂਦੇ ਹਨ ਤਾਂ ਸਮਝਿਆ ਜਾਵੇਗਾ ਕਿ ਤੁਸੀਂ ਉਹਨਾਂ ਨੂੰ ਪਾਰਕ ਵਿੱਚ ਆਉਣੋਂ ਨਹੀਂ ਰੋਕਿਆ। ਇਸ ਲਈ ਕੰਪਨੀ ਜ਼ਿੰਮੇਵਾਰ ਹੋਵੇਗੀ। ਇਸ ਨੋਟਿਸ ਰਾਹੀਂ ਕੰਪਨੀਆਂ ਦੇ ਮਾਲਕਾਂ ਨੂੰ ਕਿਹਾ ਗਿਆ ਹੈ ਕਿ ਕਾਰਵਾਈ ਉਹਨਾਂ ਉੱਤੇ ਹੋਵੇਗੀ। ਇਸ ਦਾ ਸਿੱਧਾ ਮਤਲਬ ਹੈ ਕਿ ਜਾਂ ਤਾਂ ਮਾਲਕ ਮੁਸਲਿਮ ਕਰਮਚਾਰੀਆਂ ਦੇ ਨਮਾਜ਼ ਪੜ੍ਹਨ ਲਈ ਥਾਂ ਦਾ ਪ੍ਰਬੰਧ ਕਰਨ ਜਾਂ ਫਿਰ ਉਹਨਾਂ ਨੂੰ ਨੌਕਰੀ ਤੋਂ ਜਵਾਬ ਦੇ ਦੇਣ। ਨੋਇਡਾ ਵਰਗੇ ਮਹਿੰਗੇ ਏਰੀਏ ਵਿੱਚ ਥਾਂ ਦਾ ਪ੍ਰਬੰਧ ਕਰਨਾ ਕਿਸੇ ਵੀ ਕੰਪਨੀ ਲਈ ਸੌਖਾ ਨਹੀਂ, ਇਸ ਲਈ ਉਹਨਾਂ ਨੂੰ ਦੂਜਾ ਰਾਹ ਨੌਕਰੀ ਤੋਂ ਕੱਢ ਦੇਣ ਵਾਲਾ ਚੁਣਨਾ ਪਵੇਗਾ।
ਇਸ ਤੋਂ ਪਹਿਲਾਂ ਇਸੇ ਸਾਲ ਅਪ੍ਰੈਲ ਮਹੀਨੇ ਵਿੱਚ ਹਰਿਆਣੇ ਦੇ ਗੁਰੂਗਰਾਮ ਵਿੱਚ ਵੀ ਸ਼ੁੱਕਰਵਾਰ ਦੀ ਨਮਾਜ਼ ਅਦਾ ਕਰ ਰਹੇ ਮੁਸਲਿਮ ਕਰਮਚਾਰੀਆਂ ਉੱਤੇ ਹਿੰਦੂਵਾਦੀ ਸੰਗਠਨਾਂ ਦੀ ਭੀੜ ਵੱਲੋਂ ਹਮਲਾ ਕਰ ਦਿੱਤਾ ਗਿਆ ਸੀ। ਇਸੇ ਦੌਰਾਨ ਬਜਰੰਗ ਦਲ, ਵਿਸ਼ਵ ਹਿੰਦੂ ਪ੍ਰੀਸ਼ਦ, ਸ਼ਿਵ ਸੈਨਾ, ਹਿੰਦੂ ਜਾਗਰਣ ਮੰਚ ਤੇ ਭਾਰਤੀਆ ਹਿੰਦੂ ਕਰਾਂਤੀ ਦਲ ਸਮੇਤ 12 ਹਿੰਦੂ ਸੰਗਠਨਾਂ ਨੇ ਸੰਯੁਕਤ ਹਿੰਦੂ ਸੰਘਰਸ਼ ਸੰਮਤੀ ਬਣਾ ਕੇ ਖੁੱਲ੍ਹੇ ਤੌਰ 'ਤੇ ਨਮਾਜ਼ ਪੜ੍ਹਨ 'ਤੇ ਪਾਬੰਦੀ ਲਾਉਣ ਦੀ ਮੰਗ ਕਰ ਦਿੱਤੀ। ਉਹਨਾਂ ਇਹ ਰੌਲਾ ਪਾ ਕੇ, ਕਿ ਇਹ ਮੁਸਲਮਾਨ ਬੰਗਲਾਦੇਸ਼ੀ ਹਨ ਤੇ ਸਰਕਾਰੀ ਥਾਂਵਾਂ ਉੱਤੇ ਕਬਜ਼ਾ ਕਰਨਾ ਚਾਹੁੰਦੇ ਹਨ, 10 ਥਾਂਵਾਂ ਉੱਤੇ ਨਮਾਜ਼ ਅਦਾ ਕਰਨ ਵਿੱਚ ਰੁਕਾਵਟ ਪਾਈ। ਇਸ ਤੋਂ ਬਾਅਦ ਹਰਿਆਣੇ ਦੇ ਭਾਜਪਾਈ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਇਹ ਬਿਆਨ ਦਾਗ਼ ਦਿੱਤਾ ਕਿ ਨਮਾਜ਼ ਮਸਜਿਦਾਂ, ਈਦਗਾਹਾਂ ਜਾਂ ਨਿੱਜੀ ਸਥਾਨਾਂ ਉੱਤੇ ਹੀ ਪੜ੍ਹੀ ਜਾਣੀ ਚਾਹੀਦੀ ਹੈ। ਮੁੱਖ ਮੰਤਰੀ ਦਾ ਇਹ ਬਿਆਨ ਉਹਨਾ ਨੂੰ ਹਿੰਦੂਤੱਵੀ ਸੰਗਠਨਾਂ ਦੀ ਪਾਲ ਵਿੱਚ ਖੜੇ ਕਰਦਾ ਸੀ।
ਸਵਾਲ ਪੈਦਾ ਹੁੰਦਾ ਹੈ ਕਿ ਧਾਰਮਿਕ ਪਾਬੰਦੀਆਂ ਸਿਰਫ਼ ਮੁਸਲਮਾਨਾਂ ਉੱਤੇ ਹੀ ਕਿਉਂ ਲੱਗਣ? ਸਾਡਾ ਸੰਵਿਧਾਨ ਕਿਸੇ ਵਿਅਕਤੀ ਨਾਲ ਉਸ ਦੇ ਧਾਰਮਿਕ ਵਿਸ਼ਵਾਸਾਂ ਦੇ ਕਾਰਨ ਪੱਖਪਾਤ ਦੀ ਇਜਾਜ਼ਤ ਨਹੀਂ ਦਿੰਦਾ, ਪਰ ਭਾਜਪਾ ਦੀ ਸੱਤਾ ਵਾਲੇ ਰਾਜਾਂ ਵਿੱਚ ਇਹ ਖੁੱਲ੍ਹੇਆਮ ਹੋ ਰਿਹਾ ਹੈ। ਨੋਇਡਾ ਦੀ ਪੁਲਸ ਦਾ ਕੰਪਨੀਆਂ ਨੂੰ ਨੋਟਿਸ ਇਸ ਦਾ ਤਾਜ਼ਾ ਸਬੂਤ ਹੈ। ਜੇਕਰ ਇਹ ਪੱਖਪਾਤ ਨਹੀਂ ਤਾਂ ਫਿਰ ਸਭ ਤਰ੍ਹਾਂ ਦੀਆਂ ਧਾਰਮਿਕ ਗਤੀਵਿਧੀਆਂ ਨੂੰ ਨੋਟਿਸ ਦੇ ਦਾਇਰੇ ਵਿੱਚ ਲਿਆਉਣਾ ਚਾਹੀਦਾ ਸੀ ਅਤੇ ਮੁਹੱਰਮ ਦੇ ਜਲੂਸ, ਗਣੇਸ਼ ਵਿਸਰਜਨ ਯਾਤਰਾ, ਸੜਕਾਂ ਮੱਲ ਕੇ ਹੁੰਦੇ ਸਾਰੀ-ਸਾਰੀ ਰਾਤ ਦੇ ਜਾਗਰਣ ਤੇ ਸ਼ੋਭਾ ਯਾਤਰਾਵਾਂ ਉੱਤੇ ਵੀ ਪਾਬੰਦੀ ਲਾਉਣੀ ਚਾਹੀਦੀ ਸੀ।
ਪੂਰਾ ਮਹੀਨਾ ਚੱਲਣ ਵਾਲੀ ਕਾਂਵੜੀਆਂ ਦੀ ਯਾਤਰਾ ਤੋਂ ਯੂ ਪੀ ਪ੍ਰਸ਼ਾਸਨ ਨੂੰ ਕੋਈ ਦਿੱਕਤ ਨਹੀਂ ਹੁੰਦੀ। ਹਫ਼ਤਿਆਂ-ਬੱਧੀ ਉਹਨਾਂ ਦੀ ਸਹੂਲਤ ਲਈ ਰੂਟ ਬੰਦ ਕਰ ਦਿੱਤੇ ਜਾਂਦੇ ਹਨ। ਜਿਨ੍ਹਾਂ ਸੜਕਾਂ ਉੱਤੇ ਚੱਲਣ ਲਈ ਨਾਗਰਿਕਾਂ ਨੇ ਟੈਕਸ ਭਰਿਆ ਹੁੰਦਾ ਹੈ, ਉਹ ਕਾਂਵੜੀਆਂ ਦੇ ਹਵਾਲੇ ਕਰ ਦਿੱਤੀਆਂ ਜਾਂਦੀਆਂ ਹਨ। ਪਿਛਲੀ ਵਾਰ ਤਾਂ ਯੋਗੀ ਸਰਕਾਰ ਦੀ ਮਿਹਰਬਾਨੀ ਨਾਲ ਪੁਲਸ ਵੱਲੋਂ ਹੈਲੀਕਾਪਟਰ ਰਾਹੀਂ ਕਾਂਵੜੀਆਂ ਉੱਤੇ ਫੁੱਲ ਵੀ ਬਰਸਾਏ ਗਏ। ਇਸ ਉੱਤੇ ਸਰਕਾਰ ਦਾ 14 ਲੱਖ ਰੁਪਏ ਖ਼ਰਚਾ ਆਇਆ। ਇੱਕ ਪਾਸੇ ਮੇਰਠ ਜ਼ੋਨ ਦਾ ਏ ਡੀ ਜੀ ਪ੍ਰਸ਼ਾਂਤ ਕੁਮਾਰ ਕਾਂਵੜੀਆਂ ਉੱਤੇ ਫੁੱਲ ਬਰਸਾ ਰਿਹਾ ਸੀ ਤੇ ਦੂਜੇ ਪਾਸੇ ਬੁਲੰਦ ਸ਼ਹਿਰ ਨੇੜੇ ਕਾਂਵੜੀਏ ਪੁਲਸ ਨੂੰ ਦੌੜਾ-ਦੌੜਾ ਕੇ ਲਾਠੀਆਂ ਨਾਲ ਕੁੱਟ ਰਹੇ ਸਨ। ਦਿੱਲੀ ਵਿੱਚ ਵੀ ਕਾਂਵੜੀਆਂ ਨੇ ਪੂਰੀ ਗੁੰਡਾਗਰਦੀ ਕੀਤੀ। ਇੱਕ ਔਰਤ ਦੀ ਕਾਰ ਜਦੋਂ ਇੱਕ ਕਾਂਵੜੀਏ ਨਾਲ ਖਹਿ ਗਈ ਤਾਂ ਕਾਂਵੜੀਆਂ ਨੇ ਕਾਰ ਨੂੰ ਤਹਿਸ-ਨਹਿਸ ਕਰ ਦਿੱਤਾ। ਕਾਰ ਦੀ ਮਾਲਕਣ ਨੇ ਮੈਟਰੋ ਸਟੇਸ਼ਨ ਵਿੱਚ ਲੁਕ ਕੇ ਆਪਣੀ ਜਾਨ ਬਚਾਈ।
ਪਰ ਪ੍ਰਸ਼ਾਸਨ ਨੇ ਉਕਤ ਦੋਹਾਂ ਘਟਨਾਵਾਂ ਵਿੱਚ ਇੱਕ ਵੀ ਕਾਂਵੜੀਏ ਵਿਰੁੱਧ ਰਪਟ ਤੱਕ ਦਰਜ ਨਾ ਕੀਤੀ। ਸਪੱਸ਼ਟ ਹੈ ਕਿ ਪ੍ਰਸ਼ਾਸਨ ਭਾਜਪਾ ਸਰਕਾਰਾਂ ਦੇ ਦਬਾਅ ਹੇਠ ਕੰਮ ਕਰ ਰਿਹਾ ਹੈ। ਮੰਨੇ-ਪ੍ਰਮੰਨੇ ਪੱਤਰਕਾਰ ਦਲੀਪ ਮੰਡਲ ਨੇ ਨੋਇਡਾ ਪੁਲਸ ਦੇ ਉਪਰੋਕਤ ਆਦੇਸ਼ ਬਾਰੇ ਲਿਖਿਆ ਹੈ ਕਿ ਪਾਰਕ ਵਿੱਚ ਸੱਤੇ ਦਿਨ ਲਾਠੀਆਂ ਲੈ ਕੇ ਆਰ ਐੱਸ ਐੱਸ ਦੀਆਂ ਸ਼ਾਖਾਵਾਂ ਲੱਗ ਸਕਦੀਆਂ ਹਨ, ਜਿਨ੍ਹਾਂ ਵਿੱਚ ਦਲਿਤਾਂ ਤੇ ਘੱਟ-ਗਿਣਤੀਆਂ ਵਿਰੁੱਧ ਨਫ਼ਰਤ ਕਰਨਾ ਸਿਖਾਇਆ ਜਾਂਦਾ ਹੈ, ਪ੍ਰੰਤੂ ਹਫ਼ਤੇ ਦੇ ਇੱਕ ਦਿਨ ਦਸ ਮਿੰਟਾਂ ਤੱਕ ਚੱਲਣ ਵਾਲੀ ਨਮਾਜ਼ ਕਿਉਂ ਨਹੀਂ ਹੋ ਸਕਦੀ, ਜਿਸ ਵਿੱਚ ਇੱਕ ਛੜੀ ਵੀ ਨਹੀਂ ਹੁੰਦੀ? ਅਸਲ ਵਿੱਚ ਭਾਜਪਾਈ ਆਗੂ ਇਹ ਚਾਹੁੰਦੇ ਹਨ ਕਿ ਕਿਸੇ ਨਾ ਕਿਸੇ ਤਰ੍ਹਾਂ ਅਜਿਹੇ ਹਾਲਾਤ ਪੈਦਾ ਹੋਣ, ਜੋ ਹਿੰਦੂ-ਮੁਸਲਮਾਨਾਂ ਵਿੱਚ ਫ਼ਸਾਦ ਦਾ ਕਾਰਨ ਬਣਨ ਤੇ ਉਹ ਹਿੰਦੂ ਵੋਟਰਾਂ ਨੂੰ ਆਪਣੇ ਪਿੱਛੇ ਲਾਮਬੰਦ ਕਰ ਸਕਣ, ਪਰ ਉਹਨਾਂ ਦੀਆਂ ਅਜਿਹੀਆਂ ਚਾਲਾਂ ਨੂੰ ਜਾਗਰੂਕ ਲੋਕ ਸਮਝ ਚੁੱਕੇ ਹਨ ਤੇ ਅਜਿਹੇ ਹਾਲਾਤ ਕਦੇ ਵੀ ਪੈਦਾ ਨਹੀਂ ਹੋਣ ਦੇਣਗੇ।

1274 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper