Latest News
ਹੈਲੀਕਾਪਟਰ ਘੋਟਾਲਾ ਅਤੇ ਜਾਂਚ ਦੇ ਰੰਗ

Published on 30 Dec, 2018 10:34 AM.


ਇਹ ਗੱਲ ਭਾਰਤ ਦੇ ਹਰ ਵਿਅਕਤੀ ਦਾ ਧਿਆਨ ਖਿੱਚਣ ਲਈ ਕਾਫੀ ਹੈ ਕਿ ਅਗਸਤਾ ਵੈਸਟਲੈਂਡ ਹੈਲੀਕਾਪਟਰ ਵਾਲੇ ਸੌਦੇ ਦੇ ਦਲਾਲ ਕ੍ਰਿਸਚੀਅਨ ਮਿਸ਼ੈਲ ਨੇ ਕਾਂਗਰਸ ਪਾਰਟੀ ਦੀ ਪ੍ਰਧਾਨ ਵੱਲ ਇਸ਼ਾਰਾ ਕਰ ਦਿੱਤਾ ਹੈ। ਉਸ ਨੇ ਸੋਨੀਆ ਗਾਂਧੀ ਦਾ ਨਾਂਅ ਭਾਵੇਂ ਨਹੀਂ ਲਿਆ, ਪਰ ਜਿਵੇਂ 'ਮਿਸਿਜ਼ ਗਾਂਧੀ' ਕਿਹਾ ਅਤੇ ਫਿਰ ਨਾਲ ਇਹ ਕਿਹਾ ਕਿ ਉਸ ਦਾ ਪੁੱਤਰ ਵੀ ਅਗਲੇ ਸਮੇਂ ਵਿੱਚ ਇਸ ਦੇਸ਼ ਦਾ ਪ੍ਰਧਾਨ ਮੰਤਰੀ ਹੋ ਸਕਦਾ ਹੈ, ਉਸ ਨਾਲ ਓਹਲਾ ਨਹੀਂ ਰਹਿਣ ਦਿੱਤਾ ਕਿ ਗੱਲ ਸੋਨੀਆ ਗਾਂਧੀ ਦੀ ਹੀ ਹੁੰਦੀ ਪਈ ਹੈ। ਕਾਂਗਰਸ ਪਾਰਟੀ ਵਾਲੇ ਇਹੋ ਜਿਹੇ ਦੋਸ਼ ਨੂੰ ਰੱਦ ਕਰਨਗੇ ਤੇ ਉਨ੍ਹਾਂ ਨੇ ਕਰ ਦਿੱਤਾ ਹੈ। ਇਸ ਦੇ ਬਾਅਦ ਹੈਲੀਕਾਪਟਰ ਸੌਦੇ ਦੇ ਸੰਬੰਧ ਵਿੱਚ ਇੱਕ ਬਹਿਸ ਚੱਲ ਪਈ ਹੈ ਅਤੇ ਸ਼ਾਇਦ ਇਹ ਲੋਕ ਸਭਾ ਚੋਣਾਂ ਤੱਕ ਚੱਲਦੀ ਰਹੇਗੀ।
ਅੱਜ ਦੀ ਤਰੀਕ ਵਿੱਚ ਕੋਈ ਇਹ ਆਖੇ ਕਿ ਉਸ ਹੈਲੀਕਾਪਟਰ ਸੌਦੇ ਵਿੱਚ ਘੋਟਾਲਾ ਨਹੀਂ ਸੀ ਹੋਇਆ ਤਾਂ ਉਹ ਭਾਰਤ ਦੇ ਲੋਕਾਂ ਨੂੰ ਉਹ ਗੱਲ ਮਨਾਉਣ ਦੀ ਕੋਸ਼ਿਸ਼ ਕਰੇਗਾ, ਜਿਸ ਦੀ ਕੋਈ ਗੁੰਜਾਇਸ਼ ਨਹੀਂ ਰਹੀ। ਭਾਰਤ ਦੀ ਫੌਜ ਤਾਂ ਕਿਧਰੇ ਰਹੀ, ਸਿਵਲ ਦੇ ਵੀ ਜਿੰਨੇ ਪ੍ਰਾਜੈਕਟਾਂ ਦੇ ਸੌਦੇ ਕੀਤੇ ਜਾਂਦੇ ਹਨ, ਲਗਭਗ ਹਰ ਕਿਸੇ ਵਿੱਚ ਏਦਾਂ ਦੀ ਅਤੇ ਰਿਸ਼ਵਤਖੋਰੀ ਬਾਰੇ ਰੌਲਾ ਪਈ ਜਾਂਦਾ ਹੈ। ਇਹ ਰੌਲਾ ਐਵੇਂ ਨਹੀਂ ਹੁੰਦਾ। ਪੰਡਤ ਜਵਾਹਰ ਲਾਲ ਨਹਿਰੂ ਦੇ ਵਕਤ ਭਾਰਤੀ ਫੌਜ ਲਈ ਜਦੋਂ ਜੀਪਾਂ ਦਾ ਸੌਦਾ ਮਾਰਿਆ ਗਿਆ ਸੀ, ਇਹ ਰੌਲਾ ਤਾਂ ਓਦੋਂ ਵੀ ਪੈ ਗਿਆ ਸੀ। ਫਿਰ ਕੋਈ ਸੌਦਾ ਇਸ ਰੌਲੇ ਤੋਂ ਬਚਿਆ ਹੀ ਨਹੀਂ। ਭਾਜਪਾ ਦੀ ਅਗਵਾਈ ਵਾਲੀ ਵਾਜਪਾਈ ਸਰਕਾਰ ਦੇ ਵਕਤ ਤਹਿਲਕਾ ਕਾਂਡ ਜਦੋਂ ਹੋਇਆ ਤਾਂ ਉਹ ਸਿਰਫ ਉਸ ਸਰਕਾਰ ਦੇ ਬਾਰੇ ਹੀ ਨਹੀਂ, ਸਮੁੱਚੇ ਫੌਜੀ ਸੌਦਿਆਂ ਦੇ ਭ੍ਰਿਸ਼ਟਾਚਾਰ ਤੋਂ ਪਰਦਾ ਚੁੱਕਣ ਵਾਲਾ ਸੀ। ਬਾਅਦ ਵਿੱਚ ਜਦੋਂ ਸਕਾਰਪੀਅਨ ਪਣਡੁੱਬੀਆਂ ਦਾ ਸੌਦਾ ਕੀਤਾ ਤਾਂ ਉਸ ਵਿੱਚ ਵੀ ਇਹੋ ਜਿਹਾ ਰੌਲਾ ਪੈਂਦਾ ਰਿਹਾ ਸੀ ਤੇ ਅੱਜ ਤੱਕ ਇਹੋ ਕੁਝ ਹੋਈ ਜਾਂਦਾ ਹੈ। ਤਾਜ਼ਾ ਕੇਸ ਰਾਫੇਲ ਜੰਗੀ ਜਹਾਜ਼ਾਂ ਦੀ ਖਰੀਦ ਦਾ ਹੈ, ਜਿਸ ਬਾਰੇ ਕਾਂਗਰਸ ਪਾਰਟੀ ਦੇ ਆਗੂਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖਿਲਾਫ ਚੁਫੇਰੇ ਹਨੇਰੀ ਲਿਆਂਦੀ ਪਈ ਹੈ। ਇਹ ਰੌਲਾ ਮੁੱਕੇਗਾ ਤਾਂ ਕੋਈ ਹੋਰ ਵੀ ਉੱਠ ਪਵੇਗਾ।
ਸਾਨੂੰ ਸਾਰਿਆਂ ਨੂੰ ਇਹ ਯਾਦ ਹੈ ਕਿ ਰਾਜੀਵ ਗਾਂਧੀ ਦੇ ਪ੍ਰਧਾਨ ਮੰਤਰੀ ਹੋਣ ਸਮੇਂ ਬੋਫੋਰਜ਼ ਕੰਪਨੀ ਦੀਆਂ ਹਾਵਿਟਜ਼ਰ ਤੋਪਾਂ ਦੀ ਖਰੀਦ ਦਾ ਸੌਦਾ ਏਦਾਂ ਦੀ ਚਰਚਾ ਦਾ ਸਭ ਤੋਂ ਵੱਡਾ ਮੁੱਦਾ ਬਣਿਆ ਸੀ। ਉਸ ਦੀ ਸਰਕਾਰ ਟੁੱਟ ਗਈ ਤੇ ਜਿਨ੍ਹਾਂ ਨੇ ਆਖਿਆ ਸੀ ਕਿ ਸਾਡੀ ਸਰਕਾਰ ਆਈ ਤਾਂ ਪਹਿਲਾ ਕੰਮ ਰਾਜੀਵ ਗਾਂਧੀ ਨੂੰ ਜੇਲ੍ਹ ਭੇਜਣ ਦਾ ਕਰਾਂਗੇ, ਉਨ੍ਹਾਂ ਸਿਰਫ ਜਾਂਚ ਦਾ ਸਾਂਗ ਕਰ ਕੇ ਵਕਤ ਟਪਾ ਛੱਡਿਆ ਸੀ। ਫਿਰ ਉਹ ਕੇਸ ਕਈ ਸਾਲ ਚੱਲਣ ਪਿੱਛੋਂ ਖਤਮ ਹੋ ਗਿਆ। ਅਦਾਲਤ ਨੇ ਸਾਰੇ ਦੋਸ਼ੀ ਰਿਹਾਅ ਕਰਨ ਦਾ ਹੁਕਮ ਕਰ ਦਿੱਤਾ। ਬਾਅਦ ਵਿੱਚ ਇਹ ਗੱਲ ਚੱਲ ਪਈ ਕਿ ਦੋਸ਼ੀਆਂ ਵਿੱਚੋਂ ਕੁਝ ਦੀ ਕਾਂਗਰਸ ਦੀ ਅਗਵਾਈ ਕਰਦੇ ਰਾਜੀਵ ਗਾਂਧੀ ਦੇ ਵਾਰਸ ਪਰਵਾਰ ਨਾਲ ਸਾਂਝ ਸੀ ਤੇ ਕੁਝ ਹੋਰਨਾਂ ਦੀ ਅਟਲ ਬਿਹਾਰੀ ਵਾਜਪਾਈ ਨਾਲ ਨੇੜਤਾ ਸੀ, ਜਿਸ ਦਾ ਲਾਭ ਲੈ ਕੇ ਜਦੋਂ ਇੱਕ ਧਿਰ ਛੁੱਟ ਗਈ ਤਾਂ ਦੂਸਰੀ ਵੀ ਨਾਲ ਹੀ ਛੁੱਟਣੀ ਸੀ, ਉਹ ਵੀ ਛੁੱਟ ਗਈ ਸੀ।
ਜਿਹੜਾ ਸੌਦਾ ਇਸ ਵਕਤ ਚਰਚਾ ਵਿੱਚ ਹੈ, ਇਸ ਦੇ ਦਲਾਲ ਕ੍ਰਿਸ਼ਚੀਅਨ ਮਿਸ਼ੈਲ ਨੂੰ ਡੁਬਈ ਤੋਂ ਭਾਰਤ ਸਰਕਾਰ ਨੇ ਏਥੇ ਲਿਆਂਦਾ ਹੈ। ਇਹ ਆਪਣੇ ਆਪ ਵਿੱਚ ਇੱਕ ਵੱਡੀ ਪ੍ਰਾਪਤੀ ਲੱਗਦੀ ਸੀ। ਬਾਅਦ ਵਿੱਚ ਇਸ ਕੇਸ ਬਾਰੇ ਵਿਵਾਦ ਖੜੇ ਹੋਣ ਲੱਗ ਪਏ ਹਨ। ਉਸ ਬਾਰੇ ਦੱਸਿਆ ਗਿਆ ਹੈ ਕਿ ਉਸ ਨੇ ਆਪਣੇ ਵਕੀਲ ਨੂੰ ਚਿੱਟ ਦਿੱਤੀ ਹੈ। ਉਸ ਵਿੱਚ ਸੋਨੀਆ ਗਾਂਧੀ ਵੱਲ ਸੰਕੇਤ ਦੇ ਸ਼ਬਦ ਲਿਖੇ ਨਿਕਲੇ ਹਨ। ਸੋਨੀਆ ਗਾਂਧੀ ਇਸ ਵਿੱਚ ਕਿਸੇ ਹੱਦ ਤੱਕ ਵੀ ਦੋਸ਼ੀ ਨਿਕਲੇ ਤਾਂ ਕਾਰਵਾਈ ਹੋਣੀ ਚਾਹੀਦੀ ਹੈ। ਦੇਸ਼ ਦੇ ਲੋਕ ਇਸ ਦਾ ਸਵਾਗਤ ਕਰਨਗੇ, ਪਰ ਇਹ ਕਾਰਵਾਈ ਇਸ ਤਰ੍ਹਾਂ ਨਹੀਂ ਹੋਣੀ ਚਾਹੀਦੀ ਕਿ ਕਾਨੂੰਨੀ ਕਾਰਵਾਈ ਨਾਲੋਂ ਵੱਧ ਸਿਆਸੀ ਖਿੱਚੋਤਾਣ ਦਾ ਪ੍ਰਭਾਵ ਮਿਲਣ ਲੱਗ ਪਵੇ। ਪਿਛਲੇ ਸਮੇਂ ਵਿੱਚ ਦੋਵਾਂ ਮੁੱਖ ਸਿਆਸੀ ਧਿਰਾਂ ਵਿਚਾਲੇ ਜਿੱਦਾਂ ਦੀ ਖਿੱਚੋਤਾਣ ਵੇਖਣ ਨੂੰ ਮਿਲਦੀ ਰਹੀ ਹੈ, ਉਸ ਦੇ ਕਾਰਨ ਦੇਸ਼ ਦੇ ਲੋਕਾਂ ਵਿੱਚ ਅੱਜਕੱਲ੍ਹ ਇੱਕ ਬੇਭਰੋਸਗੀ ਜਿਹੀ ਦਾ ਮਾਹੌਲ ਬਣੀ ਜਾਂਦਾ ਹੈ ਤੇ ਇਸ ਵਿੱਚ ਕੋਈ ਗੱਲ ਕਿੰਨੀ ਵੀ ਪੱਕੀ ਹੋਵੇ, ਆਮ ਲੋਕ ਛੇਤੀ ਕੀਤੇ ਨਾ ਰੱਦ ਕਰਦੇ ਹਨ ਤੇ ਨਾ ਹਜ਼ਮ ਕਰਦੇ ਹਨ। ਭਾਰਤ ਦੇ ਲੋਕਾਂ ਦੇ ਇਸ ਤਰ੍ਹਾਂ ਦੇ ਮਾਨਸਿਕ ਵਿਹਾਰ ਦਾ ਆਧਾਰ ਸਰਕਾਰਾਂ ਚਲਾਉਣ ਵਾਲਿਆਂ ਅਤੇ ਉਨ੍ਹਾਂ ਦੇ ਹੱਥਾਂ ਵਿੱਚ ਖੇਡਣ ਵਾਲੇ ਜਾਂਚ ਕਰਤਿਆਂ ਨੇ ਪੈਦਾ ਕੀਤਾ ਹੈ। ਤਾਜ਼ਾ ਕੇਸ ਵੀ ਇਸੇ ਪਾਸੇ ਜਾ ਸਕਦਾ ਹੈ।
ਇਹ ਕਹਿਣਾ ਔਖਾ ਹੈ ਕਿ ਕ੍ਰਿਸ਼ਚੀਅਨ ਮਿਸ਼ੈਲ ਕੋਈ ਝੂਠ ਬੋਲਦਾ ਹੋਵੇਗਾ ਜਾਂ ਜਾਂਚ ਨੂੰ ਗੁੰਮਰਾਹ ਕਰਨ ਦੇ ਲਈ ਏਦਾਂ ਦੀ ਹਰਕਤ ਕਰਦਾ ਹੋਵੇਗਾ, ਸਗੋਂ ਇਸ ਗੱਲ ਵੱਲ ਲੋਕਾਂ ਦਾ ਧਿਆਨ ਵੱਧ ਗਿਆ ਹੈ ਕਿ ਇਹ ਸਾਰਾ ਕੁਝ ਓਦੋਂ ਬਾਹਰ ਆਉੁਂਦਾ ਪਿਆ ਹੈ, ਜਦੋਂ ਲੋਕ ਸਭਾ ਚੋਣਾਂ ਵਿੱਚ ਮਸਾਂ ਚਾਰ ਮਹੀਨੇ ਰਹਿੰਦੇ ਹਨ। ਐਨ ਚੋਣਾਂ ਨੇੜੇ ਆਣ ਕੇ ਇਹੋ ਜਿਹਾ ਕੇਸ ਜਦੋਂ ਬਾਹਰ ਆਇਆ ਹੈ ਤਾਂ ਇਸ ਨੂੰ ਸਿਆਸੀ ਰੰਗ ਚਾੜ੍ਹਨ ਵਾਸਤੇ ਕਈ ਲੋਕ ਨਿੱਤਰ ਪੈਣਗੇ। ਜਾਂਚ ਏਜੰਸੀਆਂ ਦੇ ਅਧਿਕਾਰੀਆਂ ਨੂੰ ਏਦਾਂ ਦੇ ਗੰਭੀਰ ਕੇਸਾਂ ਵਿੱਚ ਏਦਾਂ ਪੱਲਾ ਬਚਾ ਕੇ ਚੱਲਣਾ ਚਾਹੀਦਾ ਹੈ ਕਿ ਕਿਸੇ ਨੂੰ ਕੋਈ ਗੱਲ ਕਹਿਣ ਦਾ ਮੌਕਾ ਨਾ ਮਿਲੇ ਸਕੇ ਤੇ ਏਹੋ ਗੱਲ ਹੈ, ਜਿਹੜੀ ਉਹ ਲੋਕ ਸੋਚਦੇ ਨਹੀਂ। ਹਰ ਮਾਮਲੇ ਵਿੱਚ ਵਿਵਾਦਤ ਸਥਿਤੀ ਪੈਦਾ ਕਰ ਲੈਂਦੇ ਹਨ। ਲੋਕਾਂ ਨੂੰ ਇਹ ਸੁਣਨ ਨੂੰ ਨਹੀਂ ਚਾਹੀਦਾ ਕਿ ਅੱਜ ਫਲਾਣੇ ਦੇ ਖਿਲਾਫ ਉਂਗਲ ਉੱਠੀ ਹੈ ਤੇ ਅੱਜ ਫਲਾਣੇ ਦਾ ਨਾਂਅ ਆਇਆ ਹੈ, ਸਗੋਂ ਇਹੋ ਜਿਹੇ ਕੇਸਾਂ ਦੇ ਨਿਬੇੜੇ ਦੀ ਉਡੀਕ ਰਹਿੰਦੀ ਹੈ, ਇਸ ਦੇ ਲਈ ਗੰਭੀਰਤਾ ਨਾਲ ਕੰਮ ਕੀਤਾ ਜਾਣਾ ਚਾਹੀਦਾ ਹੈ।
-ਜਤਿੰਦਰ ਪਨੂੰ

1050 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper