Latest News
ਚੋਣਾਂ ਦਾ ਸਾਲ ਚੜ੍ਹਿਆ ਹੈ, ਆਓ ਭਲੇ ਦੀ ਆਸ ਕਰੀਏ

Published on 01 Jan, 2019 11:44 AM.ਨਵਾਂ ਸਾਲ ਚੜ੍ਹ ਪਿਆ ਹੈ। ਇਸ ਸਾਲ ਦੇ ਨਾਲ ਲੋਕਾਂ ਨੂੰ ਇੱਕ ਦੂਸਰੇ ਨੂੰ ਵਧਾਈਆਂ ਦੇਣ ਦਾ ਮੌਕਾ ਤਾਂ ਮਿਲਣਾ ਹੀ ਹੈ, ਇਸ ਦੇ ਨਾਲ ਹੀ ਇਸ ਸਾਲ ਵਿੱਚ ਇੱਕ ਨਵੀਂ ਜ਼ਿਮੇਵਾਰੀ ਵੀ ਨਿਭਾਉਣ ਦਾ ਅਹਿਸਾਸ ਕਰਨਾ ਪੈਣਾ ਹੈ। ਦੇਸ਼ ਦੀ ਸਰਕਾਰ ਨੂੰ ਪੰਜਵਾਂ ਸਾਲ ਵੀ ਚੱਲਦਾ ਪਿਆ ਕਹਿਣ ਦੇ ਦਿਨ ਪੂਰੇ ਹੋਣ ਵਾਲੇ ਹਨ ਤੇ ਪੰਜ ਮਹੀਨਿਆਂ ਤੋਂ ਘੱਟ ਸਮਾਂ ਰਹਿ ਜਾਣ ਕਾਰਨ ਨਵੇਂ ਸਿਰੇ ਤੋਂ ਪਾਰਲੀਮੈਂਟ ਦੀ ਚੋਣ ਕਰਨੀ ਪੈਣੀ ਹੈ। ਇਸ ਵਕਤ ਹਰ ਪਾਰਟੀ ਇਸ ਕੰਮ ਦੇ ਲਈ ਅਗੇਤੀ ਤਿਆਰੀ ਲਈ ਪੜੁੱਲਾਂ ਦੇ ਬੰਨ੍ਹਣ ਦਾ ਪ੍ਰਬੰਧ ਕਰਦੀ ਪਈ ਹੈ। ਦੇਸ਼ ਦਾ ਚੋਣ ਕਮਿਸ਼ਨ ਵੀ ਤਿਆਰੀਆਂ ਕਰਨ ਲੱਗ ਪਿਆ ਹੈ। ਇਸ ਲਈ ਨਾਗਰਿਕਾਂ ਨੂੰ ਵੀ ਇਸ ਦੀ ਚਰਚਾ ਥਾਂ-ਥਾਂ ਹੁੰਦੀ ਸੁਣਨ ਲੱਗ ਪਈ ਹੋਵੇਗੀ ਤੇ ਇਹ ਹੋਣੀ ਵੀ ਹੁੰਦੀ ਹੈ।
ਪਿਛਲੇ ਸਾਲ ਵਿੱਚ ਲੋਕਤੰਤਰੀ ਪ੍ਰਕਿਰਿਆ ਵਿੱਚ ਬਹੁਤ ਕੁਝ ਇਹੋ ਜਿਹਾ ਲੋਕਾਂ ਨੇ ਹੁੰਦਾ ਵੇਖਿਆ ਹੈ, ਜਿਸ ਦੀ ਬਹੁਤੀ ਆਸ ਨਹੀਂ ਸੀ ਕੀਤੀ ਜਾ ਰਹੀ। ਸਭ ਤੋਂ ਵੱਡੀ ਗੱਲ ਕਿ ਦੇਸ਼ ਦੇ ਪ੍ਰਧਾਨ ਮੰਤਰੀ ਦੇ ਬੁਲੰਦ ਬਾਗ ਦਾਅਵਿਆਂ ਦੇ ਅੱਗੇ ਏਦਾਂ ਦਾ ਅੜਿੱਕਾ ਲੱਗ ਗਿਆ, ਜਿਸ ਬਾਰੇ ਕੇਂਦਰ ਦਾ ਰਾਜ ਸੰਭਾਲ ਰਹੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਨੇ ਸੋਚਿਆ ਨਹੀਂ ਸੀ। ਭਾਰਤ ਦੇ ਪੰਜ ਰਾਜਾਂ ਦੀਆਂ ਸਾਲ ਦੇ ਅੰਤ ਨੇੜੇ ਜਾ ਕੇ ਹੋਈਆਂ ਚੋਣਾਂ ਤੋਂ ਬਾਦ ਉਨ੍ਹਾਂ ਮੀਡੀਆ ਚੈਨਲਾਂ ਨੂੰ ਵੀ ਆਪਣੀਆਂ ਸੁਰਾਂ ਬਦਲਣ ਲਈ ਮਜਬੂਰ ਹੋਣਾ ਪਿਆ ਹੈ, ਜਿਹੜੇ ਹਾਲੇ ਤੱਕ ਇਹ ਕਹਿ ਰਹੇ ਸਨ ਕਿ ਨਰਿੰਦਰ ਮੋਦੀ ਦੇ ਜੇਤੂ ਰੱਥ ਨੂੰ ਰੋਕਣਾ ਤਾਂ ਕਿਧਰੇ ਰਿਹਾ, ਰੋਕਣ ਦੀ ਹਿੰਮਤ ਕਰਨ ਵਾਲਾ ਵੀ ਕੋਈ ਨਹੀਂ ਲੱਭਦਾ। ਸਾਲ ਦੇ ਅੰਤ ਵਿੱਚ ਜਦੋਂ ਪੰਜਾਂ ਵਿੱਚੋਂ ਜਿਹੜੇ ਤਿੰਨ ਰਾਜ ਭਾਜਪਾ ਕੋਲ ਸਨ, ਉਹ ਤਿੰਨੇ ਹੀ ਉਸ ਦੀ ਝੋਲੀ ਵਿੱਚੋਂ ਕਿਰ ਗਏ ਤੇ ਬਾਕੀ ਥਾਂਈ ਕੁਝ ਪੱਲੇ ਨਾ ਪਿਆ ਤਾਂ ਇਸ ਦਾ ਅਸਰ ਹਰ ਪਾਸੇ ਨਜ਼ਰ ਆਉਣ ਲੱਗ ਪਿਆ ਹੈ। ਉਹੀ ਚੈਨਲ ਅੱਜ ਕੱਲ੍ਹ ਇਹ ਦੱਸ ਰਹੇ ਹਨ ਕਿ ਪਿਛਲੇ ਸਾਰੇ ਸਾਲ ਵਿੱਚ ਭਾਜਪਾ ਨੇ ਤ੍ਰਿਪੁਰਾ ਵਾਲੇ ਛੋਟੇ ਜਿਹੇ ਰਾਜ ਤੋਂ ਸਿਵਾ ਇੱਕ ਵੀ ਰਾਜ ਦੀ ਸਰਕਾਰ ਨਵੀਂ ਨਹੀਂ ਬਣਾਈ ਤੇ ਆਪਣੀਆਂ ਤਿੰਨ ਗੁਆ ਲਈਆਂ ਹਨ। ਏਸੇ ਹੀ ਸਾਲ ਵਿੱਚ ਹੋਈਆਂ ਬਾਰਾਂ ਲੋਕ ਸਭਾ ਸੀਟਾਂ ਦੀਆਂ ਉੱਪ-ਚੋਣਾਂ ਵਿੱਚੋਂ ਅੱਠ ਸੀਟਾਂ ਭਾਜਪਾ ਦੇ ਆਗੂਆਂ ਦੀ ਮੌਤ ਜਾਂ ਕਿਸੇ ਅਸੈਂਬਲੀ ਦੇ ਮੈਂਬਰ ਚੁਣੇ ਜਾਣ ਕਾਰਨ ਖਾਲੀ ਹੋਈਆਂ ਸਨ ਤੇ ਇਨ੍ਹਾਂ ਵਿੱਚੋਂ ਭਾਜਪਾ ਸਿਰਫ ਦੋ ਜਿੱਤ ਸਕੀ ਤੇ ਛੇ ਉਸ ਦੀਆਂ ਹਾਰ ਜਾਣ ਨਾਲ ਘਟ ਗਈਆਂ ਹਨ। ਪਿਛਲੀ ਵਾਰੀ ਦੀਆਂ ਆਮ ਚੋਣਾਂ ਵਿੱਚ ਜਿਹੜੇ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਭਾਜਪਾ ਨੇ ਦੋ ਸੌ ਬਿਆਸੀ ਸੀਟਾਂ ਜਿੱਤ ਕੇ ਆਪਣੇ ਸਿਰ ਬਹੁ-ਮੱਤ ਜੋਗੇ ਮੈਂਬਰ ਪਾਰਲੀਮੈਂਟ ਵਿੱਚ ਲਿਜਾ ਬਿਠਾਏ ਸਨ, ਉਹ ਦੋ ਸੌ ਤਿਰਾਸੀ ਤਾਂ ਕੀ ਕਰਨੇ ਸੀ, ਘਟਦੀ ਹੋਈ ਦੋ ਸੌ ਬਹੱਤਰ ਤੋਂ ਵੀ ਹੇਠਾਂ ਦੋ ਸੌ ਅਠਾਹਠ ਉੱਤੇ ਆ ਗਈ ਹੈ। ਕਹਿਣ ਤੋਂ ਭਾਵ ਇਹ ਕਿ ਮੂਹਰੇ ਜਾਣ ਦੀ ਥਾਂ ਭਾਜਪਾ ਚੋਣਾਂ ਦੇ ਮੈਦਾਨ ਵਿੱਚ ਹਰ ਥਾਂ ਪਛੜਦੀ ਹੀ ਗਈ ਹੈ ਤੇ ਇਸ ਦਾ ਕਾਰਨ ਸਭ ਨੂੰ ਪਤਾ ਹੈ।
ਅੱਗੋਂ ਜਦੋਂ ਲੋਕ ਸਭਾ ਦੀਆਂ ਚੋਣਾਂ ਹੋਣ ਵਾਲੀਆਂ ਹਨ ਤਾਂ ਭਾਜਪਾ ਦੇ ਇਸ ਪਿੱਛਲ-ਖੁਰੀ ਰਿਕਾਰਡ ਨੂੰ ਦੇਖ ਕੇ ਵਿਰੋਧ ਦੀਆਂ ਧਿਰਾਂ ਬਹੁਤ ਆਸਵੰਦ ਹਨ ਕਿ ਅਸੀਂ ਨਰਿੰਦਰ ਮੋਦੀ ਦੇ ਪੈਰ ਉਖਾੜ ਦੇਣੇ ਹਨ। ਇਹੋ ਜਿਹਾ ਕੰਮ ਕੋਈ ਵੀ ਸੁਫਨੇ ਲੈਣ ਨਾਲ ਨਹੀਂ ਕਰ ਸਕਦਾ, ਅਮਲ ਵਿੱਚ ਕਈ ਕਦਮ ਚੁੱਕਣੇ ਪੈਂਦੇ ਹਨ। ਭਾਜਪਾ ਅਜੇ ਏਨੀ ਕਮਜ਼ੋਰ ਵੀ ਨਹੀਂ ਹੋ ਗਈ ਕਿ ਕੋਈ ਉਸ ਨੂੰ ਫੂਕ ਮਾਰ ਕੇ ਉਡਾ ਦੇਣ ਦਾ ਖਿਆਲ ਬਣਾਉਣ ਲੱਗ ਪਏ। ਉਸ ਕੋਲ ਆਰ ਐੱਸ ਐੱਸ ਦੇ ਰੂਪ ਵਿੱਚ ਇੱਕ ਇਹੋ ਜਿਹੀ ਸੰਗਠਤ ਵਰਕਰਾਂ ਦੀ ਫੌਜ ਹੈ, ਜਿਹੜੀ ਸਮੱਰਪਣ ਦੀ ਭਾਵਨਾ ਨਾਲ ਅਤੇ ਸਮੱਰਪਣ ਤੋਂ ਵੱਧ ਇੱਕ ਖਾਸ ਤਰ੍ਹਾਂ ਦੇ ਜਨੂੰਨ ਹੇਠ ਸਾਰੇ ਦੇਸ਼ ਵਿੱਚ ਹਰ ਸੀਟ ਉੱਤੇ ਸਰਗਰਮੀ ਲਈ ਪਹੁੰਚ ਸਕਦੀ ਹੈ। ਕਿਸੇ ਵੀ ਹੋਰ ਪਾਰਟੀ ਕੋਲ ਇਹ ਸ਼ਕਤੀ ਨਹੀਂ ਹੈ। ਕਿਸੇ ਸਮੇਂ ਕਮਿਊਨਿਸਟਾਂ ਕੋਲ ਏਦਾਂ ਦੇ ਸਮੱਰਪਣ ਵਾਲੇ ਕਾਡਰ ਦੀ ਜਿਹੜੀ ਤਾਕਤ ਹੋਇਆ ਕਰਦੀ ਸੀ, ਅਵੇਸਲੇ ਹੋਣ ਕਾਰਨ ਉਹ ਰਹਿ ਨਹੀਂ ਗਈ ਤੇ ਕਾਂਗਰਸ ਦਾ ਸੇਵਾ ਦਲ ਸਿਰਫ ਲੀਡਰਾਂ ਨੂੰ ਸਲੂਟ ਮਾਰਨ ਜੋਗੀ ਟੀਮ ਹੋਇਆ ਕਰਦਾ ਹੈ।
ਇਸ ਲਈ ਜਦੋਂ ਚੋਣਾਂ ਦੇ ਮੈਦਾਨ ਵਿੱਚ ਜਾਣਾ ਹੈ ਤਾਂ ਵਿਰੋਧ ਦੀਆਂ ਪਾਰਟੀਆਂ ਨੂੰ ਸਭ ਤੋਂ ਵੱਧ ਟੇਕ ਜਨਤਕ ਸਫਾਂ ਦੀ ਹੋ ਸਕਦੀ ਹੈ ਤੇ ਜਨਤਕ ਸਫਾਂ ਤੱਕ ਕਾਂਗਰਸ ਜਾਂ ਹੋਰ ਪਾਰਟੀਆਂ ਦੇ ਆਗੂ ਜਾਣ ਲਈ ਹਾਲੇ ਮਨ ਨਹੀਂ ਬਣਾ ਰਹੇ। ਉਨ੍ਹਾਂ ਬਾਰੇ ਇਹ ਗੱਲ ਸਾਰਿਆਂ ਨੂੰ ਪਤਾ ਹੈ ਕਿ ਉਹ 'ਬੂਹੇ ਖੜੋਤੀ ਜੰਨ’ ਤੋਂ ਕੁੜੀ ਦੇ ਕੰਨ ਵਿੰਨ੍ਹਣ ਦੇ ਆਦੀ ਹਨ, ਪਰ ਚੋਣਾਂ ਜਿੱਤਣ ਲਈ ਸੁਫਨੇ ਲੈਣ ਵਿੱਚ ਸਾਰਿਆਂ ਨੂੰ ਪਿੱਛੇ ਛੱਡ ਜਾਂਦੇ ਹਨ। ਰਾਜਾਂ ਵਿੱਚ ਸਿਆਸੀ ਸਾਂਝਾਂ ਦੇ ਗੱਠਜੋੜ ਵੀ ਅਜੇ ਸਾਫ ਨਹੀਂ ਹੋਏ। ਇੱਕ ਰਾਜ ਵਿੱਚ ਜਦੋਂ ਕਾਂਗਰਸ ਦੇ ਪਿੱਛੇ ਮਹਾਂ-ਗੱਠਜੋੜ ਬਣਦਾ ਦਿਖਾਈ ਦੇਂਦਾ ਹੈ ਤਾਂ ਦੂਸਰੇ ਰਾਜ ਵਿੱਚ ਤਿਲੰਗਾਨਾ, ਉੜੀਸਾ ਅਤੇ ਪੱਛਮੀ ਬੰਗਾਲ ਵਾਲੀ ਬੀਬੀ ਆਪੋ ਵਿੱਚ ਤੀਸਰੇ ਮੋਰਚੇ ਲਈ ਗੋਂਦਾਂ ਗੁੰਦਦੇ ਦਿਖਾਈ ਦੇਣ ਲੱਗ ਜਾਂਦੇ ਹਨ। ਭਾਜਪਾ ਲੀਡਰਸ਼ਿਪ ਇਸ ਮਾਮਲੇ ਵਿੱਚ ਦੂਸਰਿਆਂ ਤੋਂ ਅੱਗੇ ਨਿਕਲਣ ਲਈ ਨਿਤੀਸ਼ ਕੁਮਾਰ, ਰਾਮ ਵਿਲਾਸ ਪਾਸਵਾਨ ਤੇ ਹੋਰਨਾਂ ਨਾਲ ਮੱਤਭੇਦਾਂ ਦਾ ਖਿਲਾਰਾ ਸਮੇਟਣ ਲਈ ਸਾਰੀ ਤਾਕਤ ਝੋਕਣ ਲੱਗ ਪਈ ਹੈ ਤੇ ਰੈਲੀਆਂ ਦਾ ਚੱਕਰ ਵੀ ਵਾਹਵਾ ਤਿੱਖਾ ਕਰਨ ਲੱਗੀ ਹੈ।
ਨਸੀਬਾ ਦੇਸ਼ ਦਾ ਹੈ ਤੇ ਦੇਸ਼ ਦੇ ਲੋਕਾਂ ਦਾ ਹੈ, ਜਿਸ ਦੇ ਲਈ ਹਰ ਨਾਗਰਿਕ ਨੂੰ ਆਪਣੇ ਸਿਰ ਨਾਲ ਸੋਚਣਾ ਪੈਣਾ ਹੈ ਅਤੇ ਇਹ ਗੱਲ ਮੁੱਖ ਰੱਖ ਕੇ ਸੋਚਣਾ ਪੈਣਾ ਹੈ ਕਿ ਇਸ ਵਕਤ ਚੁੱਕਿਆ ਹਰ ਕਦਮ ਉਨ੍ਹਾਂ ਦੀ ਅਗਲੀ ਪੀੜ੍ਹੀ ਦੇ ਭਵਿੱਖ ਉੱਤੇ ਅਸਰ ਪਾ ਸਕਦਾ ਹੈ। ਸਮਾਂ ਬਹੁਤਾ ਨਹੀਂ ਰਿਹਾ। ਮਸਾਂ ਚਾਰ ਮਹੀਨੇ ਹਨ, ਜਿਨ੍ਹਾਂ ਦੇ ਵਿੱਚ ਚੋਣਾਂ ਦਾ ਐਲਾਨ ਵੀ ਹੋਣਾ ਹੈ, ਸਰਗਰਮੀ ਵੀ ਅਤੇ ਪੰਜਵੇਂ ਮਹੀਨੇ ਤੱਕ ਨਤੀਜਾ ਸਾਹਮਣੇ ਆ ਜਾਣਾ ਹੈ। ਆਉ ਇਸ ਸਾਲ ਵਿੱਚ ਭਲੇ ਦੀ ਆਸ ਕਰੀਏ।
- ਜਤਿੰਦਰ ਪਨੂੰ

1233 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper