ਬੀਤੇ ਵੀਰਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਵਿੱਚ ਸਥਿਤ ਲਵਲੀ ਪ੍ਰੋਫ਼ੈਸ਼ਨਲ ਯੂਨੀਵਰਸਿਟੀ ਵਿੱਚ 106ਵੀਂ ਇੰਡੀਅਨ ਵਿਗਿਆਨ ਕਾਂਗਰਸ ਦਾ ਉਦਘਾਟਨ ਕੀਤਾ ਸੀ। ਉਨ੍ਹਾ ਨੇ ਆਪਣੇ ਭਾਸ਼ਣ ਕਿਹਾ ਸੀ ਕਿ ਵੇਲੇ ਦੇ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਨੇ ਦੇਸ ਨੂੰ ਜੈ ਜਵਾਨ, ਜੈ ਕਿਸਾਨ ਦਾ ਨਾਅਰਾ ਦਿੱਤਾ ਸੀ ਤੇ ਉਸ ਤੋਂ ਬਾਅਦ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਜੈ ਵਿਗਿਆਨ ਜੋੜਿਆ ਸੀ, ਅੱਜ ਉਹ ਉਸ ਨਾਅਰੇ ਵਿੱਚ ਜੈ ਅਨੁਸੰਧਾਨ ਜੋੜ ਰਹੇ ਹਨ। ਭਾਵ ਹੁਣ ਦੇਸ ਸਾਹਮਣੇ ਨਾਅਰਾ ਹੋਵੇਗਾ: 'ਜੈ ਜਵਾਨ, ਜੈ ਕਿਸਾਨ, ਜੈ ਵਿਗਿਆਨ, ਜੈ ਅਨੁਸੰਧਾਨ।' ਉਨ੍ਹਾ ਇਸ ਦੀ ਵਿਆਖਿਆ ਕਰਦਿਆਂ ਵਿਗਿਆਨਕ ਅਨੁਸੰਧਾਨ ਯਾਨਿ ਖੋਜ ਦੀ ਹਰ ਖੇਤਰ ਵਿੱਚ ਲੋੜ ਉੱਤੇ ਜ਼ੋਰ ਦਿੱਤਾ ਸੀ ਤੇ ਕਿਹਾ ਸੀ ਕਿ ਅਜਿਹੀਆਂ ਖੋਜਾਂ ਕੀਤੀਆਂ ਜਾਣੀਆਂ ਚਾਹੀਦੀਆਂ ਹਨ, ਜਿਨ੍ਹਾਂ ਨਾਲ ਆਮ ਆਦਮੀ ਦੀ ਜ਼ਿੰਦਗੀ ਨੂੰ ਸੁਖਾਲਾ ਕੀਤਾ ਜਾ ਸਕੇ। ਇਸ ਤੋਂ ਇਹ ਆਸ ਬੱਝਦੀ ਸੀ ਕਿ ਦੇਸਾਂ-ਬਦੇਸ਼ਾਂ ਦੇ ਇਸ ਕਾਂਗਰਸ ਵਿੱਚ ਜੁੜੇ ਵਿਗਿਆਨੀ ਤੇ ਮਾਹਰ ਪ੍ਰਧਾਨ ਮੰਤਰੀ ਵੱਲੋਂ ਸੁਝਾਏ ਵਿਗਿਆਨਕ ਖੋਜ ਦੇ ਵਿਸ਼ੇ ਉੱਤੇ ਵਿਚਾਰ-ਚਰਚਾ ਕਰਕੇ ਕੁਝ ਚੰਗੇ ਸਿੱਟੇ ਕੱਢਣਗੇ।
ਪਰ ਅਗਲੇ ਹੀ ਦਿਨ ਕੇਂਦਰ ਦੀ ਮੌਜੂਦਾ ਸਰਕਾਰ ਵੱਲੋਂ ਥਾਪੇ ਆਂਧਰਾ ਪ੍ਰਦੇਸ ਦੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਜੀ, ਨਾਗੇਸ਼ਵਰ ਰਾਓ ਨੇ ਇਸ ਵਿਗਿਆਨਕ ਸੰਮੇਲਨ ਨੂੰ ਹਿੰਦੂਤਵੀ ਪੁੱਠ ਚਾੜ੍ਹਣ ਦੀ ਕੋਸ਼ਿਸ਼ ਕਰਕੇ ਲੀਹੋਂ ਲਾਹ ਦਿੱਤਾ। ਉਨ੍ਹਾ ਆਪਣੇ ਭਾਸ਼ਣ ਵਿੱਚ ਅਜਿਹੀਆਂ ਬੇਥਵੀਆਂ ਗੱਲਾਂ ਕੀਤੀਆਂ, ਜਿਹੜੀਆਂ ਸਿਰਫ਼ ਹਾਸੋਹੀਣੀਆਂ ਹੀ ਨਹੀਂ, ਸਗੋਂ ਉਨ੍ਹਾ ਦੇ ਉੱਪ ਕੁਲਪਤੀ ਵਰਗੇ ਸਨਮਾਨਜਨਕ ਅਹੁਦੇ ਦੀ ਵੀ ਕਦਰ ਘਟਾਈ ਕਰਨ ਵਾਲੀਆਂ ਸਨ। ਉਨ੍ਹਾ ਆਪਣੇ ਭਾਸ਼ਣ ਵਿੱਚ ਦਾਅਵਾ ਕੀਤਾ ਕਿ ਭਾਰਤ ਵਿੱਚ ਟੈੱਸਟ ਟਿਊਬ ਬੇਬੀ ਪੈਦਾ ਕਰਨ ਦੀ ਤਕਨੀਕ ਕਈ ਸਦੀਆਂ ਪਹਿਲਾਂ ਤੋਂ ਮੌਜੂਦ ਸੀ। ਮਹਾਂਭਾਰਤ ਸਮੇਂ ਕੌਰਵਾਂ ਦਾ ਜਨਮ ਇਸੇ ਤਕਨੀਕ ਰਾਹੀਂ ਹੋਇਆ ਸੀ। ਉਨ੍ਹਾ ਕਿਹਾ ਕਿ ਇੱਕ ਮਹਿਲਾ 100 ਬੱਚਿਆਂ ਨੂੰ ਕਿਵੇਂ ਜਨਮ ਦੇ ਸਕਦੀ ਹੈ? ਇਸ ਲਈ ਗਧਾਂਰੀ ਦੇ 100 ਆਂਡਿਆਂ (ਸਟੈਮ ਕੋਸ਼ਿਕਾਵਾਂ) ਨੂੰ 100 ਘੜਿਆਂ ਵਿੱਚ ਰੱਖ ਕੇ ਸੌ ਕੌਰਵ ਭਰਾ ਪੈਦਾ ਕੀਤੇ ਗਏ।
ਵੀ ਸੀ ਸਾਹਿਬ ਇੱਥੇ ਹੀ ਨਹੀਂ ਰੁਕੇ, ਉਨ੍ਹਾ ਚਾਰਲਸ ਡਾਰਵਿਨ ਦੇ ਸਿਧਾਂਤ ਉੱਤੇ ਵੀ ਪ੍ਰਸ਼ਨ ਚਿੰਨ ਲਾ ਦਿੱਤਾ। ਉਨ੍ਹਾ ਕਿਹਾ ਕਿ ਤ੍ਰੇਤਾ ਯੁੱਗ, ਵਿਚਲਾ 'ਦਸ਼ਅਵਤਾਰ' ਦਾ ਸਿਧਾਂਤ ਡਾਰਵਿਨ ਦੇ ਸਿਧਾਂਤ ਨਾਲੋਂ ਬਿਹਤਰ ਹੈ। ਦਸ਼ਅਵਤਾਰ ਦਾ ਸਿਧਾਂਤ ਡਾਰਵਿਨ ਦੇ ਸਿਧਾਂਤ ਨਾਲੋਂ ਇਸ ਲਈ ਬਿਹਤਰ ਹੈ, ਕਿਉਂਕਿ ਉਸ ਸਿਧਾਂਤ ਵਿੱਚ ਇਹ ਦੱਸਿਆ ਹੈ ਕਿ ਜਦੋਂ ਵੀ ਧਰਤੀ ਉੱਤੇ ਕੋਈ ਗੜਬੜ ਹੋਵੇਗੀ, ਉਸੇ ਸਮੇਂ ਭਗਵਾਨ ਵਿਸ਼ਨੂੰ ਅਵਤਾਰ ਲੈ ਕੇ ਉਸ ਨੂੰ ਠੀਕ ਕਰ ਦੇਣਗੇ। ਨਾਗੇਸ਼ਵਰ ਜੀ ਨੇ ਕਾਂਗਰਸ 'ਚ ਜੁੜੇ ਵਿਗਿਆਨਕਾਂ ਨੂੰ ਦਸ਼ਅਵਤਾਰ ਦਾ ਪਾਠ ਪੜ੍ਹਾਉਂਦਿਆਂ ਕਿਹਾ ਕਿ ਭਗਵਾਨ ਵਿਸ਼ਨੂੰ ਦਾ ਪਹਿਲਾ ਅਵਤਾਰ ਮੱਛੀ, ਦੂਜਾ ਕੱਛੂਕੁੰਮਾ, ਤੀਜਾ ਸੂਰ ਦੇ ਸਿਰ ਵਾਲਾ ਮਨੁੱਖ, ਚੌਥਾ ਸ਼ੇਰ ਦੇ ਸਿਰ ਵਾਲਾ ਮਾਨਵ ਤੇ ਪੰਜਵਾਂ ਮਾਨਵ ਰੂਪ ਵਿੱਚ ਪ੍ਰਗਟ ਹੋਇਆ।
ਹਿੰਦੂਤਵੀ ਵਿਦਵਾਨ ਨੇ ਕਿਹਾ ਕਿ ਤੁਸੀਂ ਜਿਹੜੀਆਂ ਗਲਾਈਡਡ ਮਿਜ਼ਾਈਲਾਂ ਬਾਰੇ ਗੱਲ ਕਰਦੇ ਹੋ, ਭਗਵਾਨ ਰਾਮ ਪਾਸ ਅਜਿਹੇ ਅਸਤਰ-ਸ਼ਸਤਰ ਹਜ਼ਾਰਾਂ ਸਾਲ ਪਹਿਲਾਂ ਹੀ ਮੌਜੂਦ ਸਨ, ਜੋ ਨਿਸ਼ਾਨੇ ਨੂੰ ਫੁੰਡਣ ਤੋਂ ਬਾਅਦ ਵਾਪਸ ਆ ਜਾਂਦੇ ਸਨ। ਉਨ੍ਹਾ ਕਿਹਾ ਕਿ ਰਮਾਇਣ ਵਿੱਚ ਕਿਹਾ ਗਿਆ ਹੈ ਕਿ ਰਾਵਣ ਕੋਲ ਸਿਰਫ਼ ਪੁਸ਼ਪਕ ਹਵਾਈ ਜਹਾਜ਼ ਹੀ ਨਹੀਂ, 24 ਕਿਸਮਾਂ ਦੇ ਹੋਰ ਹਵਾਈ ਜਹਾਜ਼ ਸਨ। ਉਨ੍ਹਾ ਮੁਤਾਬਕ ਰਾਵਣ ਨੇ ਸ੍ਰੀਲੰਕਾ ਵਿੱਚ ਕਈ ਹਵਾਈ ਅੱਡੇ ਵੀ ਬਣਾਏ ਸਨ। ਰਾਵਣ ਆਪਣੇ ਹਵਾਈ ਜਹਾਜ਼ਾਂ ਨੂੰ ਸਿਰਫ਼ ਯੁੱਧ ਹੀ ਨਹੀਂ, ਆਮ ਆਵਾਜਾਈ ਲਈ ਵੀ ਵਰਤਦਾ ਸੀ। ਸਮਾਗਮ ਵਿੱਚ ਹਾਜ਼ਰ ਵਿਗਿਆਨੀ ਇਸ ਗੱਲੋਂ ਹੈਰਾਨ ਸਨ ਕਿ ਇੱਕ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਆਪਣੇ ਬੇਤੁਕੇ ਵਿਚਾਰਾਂ ਨੂੰ ਇਸ ਤਰ੍ਹਾਂ ਪੇਸ਼ ਕਰ ਰਹੇ ਹਨ, ਜਿਵੇਂ ਉਹ ਰਾਵਣ ਦੇ ਨਾਲ ਵਿਚਰਦੇ ਰਹੇ ਹੋਣ।
ਵਾਈਸ ਚਾਂਸਲਰ ਦੇ ਇਸ ਅਗਿਆਨਤਾ ਫੈਲਾਉਣ ਵਾਲੇ ਭਾਸ਼ਣ ਦਾ ਜਵਾਬ ਦਿੰਦਿਆਂ ਹੋਮੀ ਭਾਬਾ ਸੈਂਟਰ ਫਾਰ ਸਾਇੰਸ ਐਜੂਕੇਸ਼ਨ ਦੇ ਵਿਗਿਆਨੀ ਅਨੀਕੇਤ ਸੁਲੇ ਨੇ ਕਿਹਾ ਕਿ ਸਟੈਮ ਸੈੱਲ ਰਿਸਰਚ, ਟੈਸਟ ਟਿਊਬ ਬੇਬੀ, ਗਲਾਈਡਡ ਮਿਜ਼ਾਈਲ ਤੇ ਹਵਾਈ ਜਹਾਜ਼ ਆਦਿ ਬਹੁਤ ਹੀ ਉਨਤ ਤਕਨੀਕਾਂ ਉੱਤੇ ਅਧਾਰਤ ਹਨ। ਜੇਕਰ ਕਿਸੇ ਸਭਿਅਤਾ ਪਾਸ ਇਹ ਤਕਨੀਕਾਂ ਮੌਜੂਦ ਸਨ ਤਾਂ ਉਸ ਦੇ ਸਬੂਤ ਮਿਲਣੇ ਚਾਹੀਦੇ ਹਨ। ਉਨ੍ਹਾ ਕਿਹਾ ਕਿ ਪਿਛਲੇ ਕੁਝ ਸਾਲਾਂ ਤੋਂ ਪੁਰਾਣੇ ਗ੍ਰੰਥਾਂ ਵਿੱਚ ਦਰਜ ਕਾਵਿਕ ਛੰਦਾਂ ਦੀ ਆਪਣੇ ਮਨ ਮੁਤਾਬਕ ਵਿਆਖਿਆ ਦੀ ਪ੍ਰਵਿਰਤੀ ਵਧ ਰਹੀ ਹੈ, ਇਹ ਵਾਸਤਵਿਕ ਖੋਜਾਂ ਦੇ ਬਿਲਕੁੱਲ ਉਲਟ ਹੈ।
ਭਾਜਪਾ ਦੇ ਕੁਝ ਚੋਟੀ ਦੇ ਆਗੂ ਪਹਿਲਾਂ ਵੀ ਅਜਿਹੀਆਂ ਬੇਥਵੀਆਂ ਮਾਰਦੇ ਰਹੇ ਹਨ। ਗੁਜਰਾਤ ਦੇ ਮੁੱਖ ਮੰਤਰੀ ਵਿਜੈ ਰੁਪਾਣੀ ਨੇ ਕੁਝ ਸਮਾਂ ਪਹਿਲਾਂ ਇਹ ਕਹਿ ਦਿੱਤਾ ਸੀ ਕਿ ਗੂਗਲ ਨੂੰ ਜਿਸ ਤਰ੍ਹਾਂ ਸਾਰੀ ਦੁਨੀਆ ਬਾਰੇ ਪਤਾ ਹੁੰਦਾ ਹੈ, ਉਸੇ ਤਰ੍ਹਾਂ ਨਾਰਦ ਮੁਨੀ ਨੂੰ ਵੀ ਪੂਰੀ ਦੁਨੀਆ ਦੀ ਜਾਣਕਾਰੀ ਹੁੰਦੀ ਸੀ। ਤ੍ਰਿਪੁਰਾ ਦੇ ਮੁੱਖ ਮੰਤਰੀ ਬਿਪਲਬ ਦੇਵ ਨੇ ਕਹਿ ਦਿੱਤਾ ਸੀ ਕਿ ਇੰਟਰਨੈੱਟ ਤੇ ਸੰਚਾਰ ਉਪ ਗ੍ਰਹਿ ਮਹਾਂਭਾਰਤ ਯੁੱਗ ਵਿੱਚ ਮੌਜੂਦ ਸਨ। ਇਨ੍ਹਾਂ ਦੋਵੇਂ ਭਾਜਪਾਈ ਆਗੂਆਂ ਦੇ ਇਹ ਬਿਆਨ ਭਾਜਪਾ ਦੀ ਉਸੇ ਵਿਚਾਰਧਾਰਾ ਦਾ ਹਿੱਸਾ ਸਨ, ਜਿਹੜੀ ਆਮ ਹਿੰਦੂ ਜਨਤਾ ਨੂੰ ਅੰਧ-ਵਿਸ਼ਵਾਸਾਂ ਦੇ ਚੱਕਰਾਂ ਵਿੱਚ ਪਾ ਕੇ ਉਨ੍ਹਾਂ ਦੇ ਜਾਗਰੂਕ ਹੋਣ ਦਾ ਰਾਹ ਰੋਕਦੀ ਹੈ। ਪਰ ਜੀ ਨਾਗੇਸ਼ਵਰ ਤਾਂ ਇੱਕ ਯੂਨੀਵਰਸਿਟੀ ਦੇ ਕਰਤੇ-ਧਰਤੇ ਹਨ, ਉਨ੍ਹਾ ਵੱਲੋਂ ਵਿਗਿਆਨਕਾਂ ਦੇ ਇਸ ਮਹਾਂ-ਸੰਮੇਲਨ ਵਿੱਚ ਭਾਜਪਾ ਆਗੂਆਂ ਦੀ ਹੀ ਬੋਲੀ ਬੋਲਣ ਦੇ ਰਾਹ ਪੈ ਜਾਣਾ ਅਤੀ ਨਿੰਦਣਯੋਗ ਵਿਹਾਰ ਹੈ।