Latest News
ਸਪਾ-ਬਸਪਾ ਗੱਠਜੋੜ ਤੇ ਸੀ ਬੀ ਆਈ ਛਾਪੇ

Published on 07 Jan, 2019 10:59 AM.


ਬੀਤੇ ਹਫ਼ਤੇ ਉੱਤਰ ਪ੍ਰਦੇਸ਼ ਵਿੱਚ ਦੋ ਘਟਨਾਵਾਂ ਨਾਲੋ-ਨਾਲ ਵਾਪਰੀਆਂ। ਪਹਿਲੀ ਘਟਨਾ ਵਿੱਚ ਸਮਾਜਵਾਦੀ ਪਾਰਟੀ ਤੇ ਬਹੁਜਨ ਸਮਾਜ ਪਾਰਟੀ ਦੇ ਆਗੂਆਂ ਨੇ ਆਉਂਦੀਆਂ ਲੋਕ ਸਭਾ ਚੋਣਾਂ ਗੱਠਜੋੜ ਬਣਾ ਕੇ ਲੜਨ ਦਾ ਐਲਾਨ ਕਰ ਦਿੱਤਾ। ਇਸ ਮੁਤਾਬਕ ਸਪਾ ਤੇ ਬਸਪਾ 37-37 ਸੀਟਾਂ ਤੇ ਚੋਣ ਲੜਨਗੀਆਂ ਤੇ ਬਾਕੀ ਰਹਿੰਦੀਆਂ 6 ਸੀਟਾਂ ਰਾਸ਼ਟਰੀ ਲੋਕ ਦਲ ਤੇ ਕਾਂਗਰਸ ਲਈ ਛੱਡ ਦਿੱਤੀਆਂ ਜਾਣਗੀਆਂ। ਅੰਦਰਲੇ ਸੂਤਰਾਂ ਮੁਤਾਬਕ ਸਪਾ ਤੇ ਬਸਪਾ ਆਗੂਆਂ ਦਾ ਵਿਚਾਰ ਹੈ ਕਿ ਕਾਂਗਰਸ ਨੂੰ ਨਾਲ ਜੋੜਨ ਨਾਲੋਂ ਕਾਂਗਰਸ ਦੇ ਇਕੱਲਿਆਂ ਲੜਨ ਨਾਲ ਉਨ੍ਹਾ ਦੇ ਗੱਠਜੋੜ ਨੂੰ ਜ਼ਿਆਦਾ ਫਾਇਦਾ ਹੋਵੇਗਾ। ਉਨ੍ਹਾਂ ਮੁਤਾਬਕ ਉੱਤਰ ਪ੍ਰਦੇਸ਼ ਵਿੱਚ ਕਾਂਗਰਸ ਦਾ ਅਧਾਰ ਸ਼ਹਿਰੀ ਹਿੰਦੂਆਂ, ਠਾਕੁਰਾਂ, ਬ੍ਰਾਹਮਣਾਂ ਤੇ ਹੋਰ ਉੱਚੀਆਂ ਜਾਤਾਂ ਵਿੱਚ ਹੈ। ਭਾਜਪਾ ਦਾ ਮੁੱਖ ਅਧਾਰ ਵੀ ਇਨ੍ਹਾਂ ਹੀ ਜਾਤਾਂ ਵਿੱਚ ਹੈ। ਇਸ ਤਰ੍ਹਾਂ ਜੇਕਰ ਕਾਂਗਰਸ ਕੁਝ ਸੀਟਾਂ ਲੈ ਕੇ ਬਾਕੀ ਸੀਟਾਂ ਉੱਤੇ ਸਪਾ-ਬਸਪਾ ਗੱਠਜੋੜ ਦੀ ਹਮਾਇਤ ਕਰਦੀ ਹੈ ਤਾਂ ਇਨ੍ਹਾਂ ਸੀਟਾਂ ਉੱਤੇ ਕਾਂਗਰਸ ਦੇ ਅਧਾਰ ਵਾਲੀ ਵੋਟ ਗੱਠਜੋੜ ਦੇ ਉਮੀਦਵਾਰਾਂ ਨੂੰ ਪੈਣ ਦੀ ਥਾਂ ਭਾਜਪਾ ਵੱਲ ਖਿਸਕ ਜਾਣ ਦੇ ਜ਼ਿਆਦਾ ਆਸਾਰ ਹਨ। ਇਸ ਤਰ੍ਹਾਂ ਸਾਂਝੀ ਸੋਚ ਇਹੋ ਹੈ ਕਿ ਕਾਂਗਰਸ ਨੂੰ ਅਮੇਠੀ ਤੇ ਰਾਏ ਬਰੇਲੀ ਵਾਲੀਆਂ ਦੋਵੇਂ ਸੀਟਾਂ ਛੱਡ ਦਿੱਤੀਆਂ ਜਾਣ ਤੇ ਬਾਕੀ ਸੀਟਾਂ ਕਾਂਗਰਸ ਆਪਣਾ ਦਲ, ਸ਼ਿਵਪਾਲ ਯਾਦਵ ਦੀ ਪਾਰਟੀ ਤੇ ਹੋਰ ਛੋਟੀਆਂ ਪਾਰਟੀਆਂ ਦਾ ਇੱਕ ਤੀਜਾ ਮੋਰਚਾ ਬਣਾ ਕੇ ਲੜੇ। ਹਾਲੇ ਇਹ ਗੱਠਜੋੜ ਸ਼ੁਰੂਆਤੀ ਦੌਰ ਵਿੱਚ ਹੈ, ਆਉਂਦੇ ਦਿਨੀਂ ਇਸ ਵਿੱਚ ਵਾਧ-ਘਾਟ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
ਦੂਜੀ ਘਟਨਾ ਇਸੇ ਗੱਠਜੋੜ ਨਾਲ ਜੁੜੀ ਹੋਈ ਹੈ। ਉਸ ਬਾਰੇ ਕਿਆਫ਼ੇ ਤਾਂ ਪਹਿਲਾਂ ਹੀ ਲਾਏ ਜਾਂਦੇ ਸਨ, ਪਰ ਸੱਚ ਸਾਬਤ ਉਦੋਂ ਹੋਏ, ਜਦੋਂ ਸੀ ਬੀ ਆਈ ਨੇ ਇੱਕ ਨਿਸ਼ਠਾਵਾਨ ਸਮਝੀ ਜਾਂਦੀ ਆਈ ਏ ਐੱਸ ਅਧਿਕਾਰੀ ਬੀ. ਚੰਦਰਕਲਾ ਦੇ ਟਿਕਾਣਿਆਂ 'ਤੇ ਛਾਪੇਮਾਰੀ ਤੋਂ ਬਾਅਦ ਸਮਾਜਵਾਦੀ ਪਾਰਟੀ ਤੇ ਬਹੁਜਨ ਸਮਾਜ ਪਾਰਟੀ ਦੇ ਆਗੂਆਂ ਨੂੰ ਵੀ ਇਸ ਲਪੇਟੇ ਵਿੱਚ ਲੈ ਲਿਆ। ਕੇਂਦਰ ਵਿੱਚ ਸੱਤਾ ਵਿੱਚ ਰਹੀਆਂ ਪਾਰਟੀਆਂ ਵੱਲੋਂ ਸੀ ਬੀ ਆਈ ਦੀ ਆਪਣੇ ਹਿੱਤਾਂ ਲਈ ਦੁਰਵਰਤੋਂ ਦਾ ਇਤਿਹਾਸ ਬੜਾ ਪੁਰਾਣਾ ਹੈ। ਇਸ ਸੰਬੰਧ ਵਿੱਚ ਕਾਂਗਰਸ ਦਾ ਦਾਮਨ ਵੀ ਪਾਕ-ਸਾਫ਼ ਨਹੀਂ ਰਿਹਾ। ਇਸੇ ਕਾਰਨ ਭਾਜਪਾ ਆਗੂ 2014 ਦੀ ਲੋਕ ਸਭਾ ਚੋਣ ਮੁਹਿੰਮ ਦੌਰਾਨ ਸੀ ਬੀ ਆਈ ਦੀ ਤੁਲਨਾ ਉਸ ਤੋਤੇ ਨਾਲ ਕਰਦੇ ਸਨ, ਜਿਹੜਾ ਉਹੀ ਬੋਲਦਾ ਤੇ ਕਰਦਾ ਹੈ, ਜੋ ਉਸ ਦਾ ਮਾਲਕ ਉਸ ਨੂੰ ਸਿਖਾਉਂਦਾ ਹੈ। ਹੁਣ ਵਿਰੋਧੀ ਆਗੂ ਉਹੀ ਕਹਿ ਰਹੇ ਹਨ, ਜੋ ਪਹਿਲਾਂ ਭਾਜਪਾ ਆਗੂ ਕਿਹਾ ਕਰਦੇ ਸਨ। ਉਨ੍ਹਾਂ ਮੁਤਾਬਕ ਸੀ ਬੀ ਆਈ ਵੱਲੋਂ ਯੂ ਪੀ ਵਿੱਚ ਸਪਾ-ਬਸਪਾ ਆਗੂਆਂ ਦੇ ਘਰਾਂ 'ਤੇ ਛਾਪੇ ਕੇਂਦਰ ਦੀ ਸਰਕਾਰ ਵੱਲੋਂ ਗਠਜੋੜ ਦੇ ਆਗੂਆਂ ਨੂੰ ਡਰਾਉਣ ਲਈ ਮਾਰੇ ਜਾ ਰਹੇ ਹਨ। ਛਾਪਿਆਂ ਦਾ ਸਮਾਂ ਵੀ ਇਸ ਗੱਲ ਦੀ ਪੁਸ਼ਟੀ ਕਰਦਾ ਹੈ। ਯਾਦ ਰਹੇ ਕਿ ਲੱਗਭੱਗ ਢਾਈ ਸਾਲ ਪਹਿਲਾਂ ਅਲਾਹਾਬਾਦ ਹਾਈ ਕੋਰਟ ਨੇ ਹਮੀਰਪੁਰ ਜ਼ਿਲ੍ਹੇ ਵਿੱਚ ਮੋਰੰਗ (ਮੋਟਾ ਰੇਤਾ) ਦੀ ਨਜਾਇਜ਼ ਖੁਦਾਈ ਦੇ ਮਾਮਲੇ ਵਿੱਚ ਸੀ ਬੀ ਆਈ ਨੂੰ ਜਾਂਚ ਕਰਨ ਦੇ ਆਦੇਸ਼ ਦਿੱਤੇ ਸਨ। ਸੀ ਬੀ ਆਈ ਢਾਈ ਸਾਲ ਚੁੱਪ ਬੈਠੀ ਰਹੀ ਤੇ 2 ਜਨਵਰੀ 2019 ਨੂੰ ਆਈ ਏ ਐੱਸ ਅਧਿਕਾਰੀ ਬੀ ਚੰਦਰਕਲਾ, ਸਮਾਜਵਾਦੀ ਪਾਰਟੀ ਦੇ ਐੱਮ ਐੱਲ ਸੀ ਰਮੇਸ਼ ਕੁਮਾਰ ਸਿਨਹਾ ਤੇ ਬਸਪਾ ਆਗੂ ਸੰਜੇ ਦੀਕਸ਼ਿਤ ਸਮੇਤ 11 ਵਿਅਕਤੀਆਂ ਵਿਰੁੱਧ ਐੱਫ਼ ਆਈ ਆਰ ਦਰਜ ਕਰ ਲਈ।
ਬੀ. ਚੰਦਰਲੇਖਾ ਯੂ ਪੀ ਵਿੱਚ ਇੱਕ ਨਿਸ਼ਠਾਵਾਨ ਅਧਿਕਾਰੀ ਵਜੋਂ ਜਾਣੀ ਜਾਂਦੀ ਹੈ। ਉਸ ਦੀ ਹਰਮਨ-ਪਿਆਰਤਾ ਦਾ ਅੰਦਾਜ਼ਾ ਇਸੇ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਉਸ ਦੇ ਫੇਸਬੁੱਕ ਅਕਾਊਂਟ ਉੱਤੇ ਸਾਢੇ 86 ਲੱਖ ਫਾਲੋਅਰਜ਼ ਹਨ। ਇਹ ਗਿਣਤੀ ਯੂ ਪੀ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਤੋਂ ਵੀ ਵੱਧ ਹੈ। ਉਨ੍ਹਾ ਦੀ ਕਾਰਜਸ਼ੈਲੀ ਹੀ ਅਜਿਹੀ ਹੈ ਕਿ ਉਹ ਜਿੱਥੇ ਵੀ ਤਾਇਨਾਤ ਰਹੀ, ਉਸ ਨੇ ਲੋਕਾਂ ਦਾ ਮਨ ਮੋਹ ਲਿਆ। ਹਰ ਥਾਂ ਉਸ ਨੇ ਸਮਾਜ ਕਲਿਆਣ, ਰੁੱਖ ਲਾਉਣ, ਪਸ਼ੂ ਪਾਲਣ ਤੇ ਵਾਤਾਵਰਨ ਨਾਲ ਜੁੜੀਆਂ ਯੋਜਨਾਵਾਂ ਨੂੰ ਸਫ਼ਲਤਾ ਪੂਰਵਕ ਲਾਗੂ ਕਰਵਾਇਆ। ਸਵੱਛ ਭਾਰਤ ਮਿਸ਼ਨ ਤਹਿਤ ਉਸ ਨੇ 242 ਪਿੰਡਾਂ ਵਿੱਚ 150 ਘੰਟਿਆ ਵਿੱਚ 20 ਹਜ਼ਾਰ ਸ਼ੌਚਾਲਿਆ ਬਣਾ ਕੇ ਇੱਕ ਰਿਕਾਰਡ ਕਾਇਮ ਕੀਤਾ। ਉਨ੍ਹਾ ਦੇ ਇਸੇ ਕੰਮ ਦੀ ਬਦੌਲਤ ਕੇਂਦਰ ਸਰਕਾਰ ਨੇ ਉਨ੍ਹਾ ਨੂੰ ਸਵੱਛ ਭਾਰਤ ਮਿਸ਼ਨ ਅਧੀਨ ਮਨਿਸਟਰੀ ਆਫ਼ ਡ੍ਰਿਕਿੰਗ ਵਾਟਰ ਐਂਡ ਸੈਨੀਟੇਸ਼ਨ ਵਿੱਚ ਡਿਪਟੀ ਸੈਕਟਰੀ ਦੇ ਅਹੁਦੇ ਉੱਤੇ ਦਿੱਲੀ ਤਬਦੀਲ ਕਰ ਦਿੱਤਾ। ਇਹ ਤਾਂ ਹੁਣ ਸਮਾਂ ਹੀ ਦੱਸੇਗਾ ਕਿ ਸੀ ਬੀ ਆਈ ਵੱਲੋਂ ਦਰਜ ਐੱਫ਼ ਆਈ ਆਰ ਕਿੰਨੀ ਸੱਚੀ ਤੇ ਕਿੰਨਾ ਝੂਠ ਦਾ ਪੁਲੰਦਾ, ਪਰ ਚੋਣਾਂ ਦੇ ਐਨ ਮੌਕੇ ਉੱਤੇ ਹਫ਼ੜਾ-ਦਫ਼ੜੀ ਵਿੱਚ ਚੁੱਕਿਆ ਇਹ ਕਦਮ ਸੱਤਾਧਾਰੀਆਂ ਨੂੰ ਮਹਿੰਗਾ ਜ਼ਰੂਰ ਪੈ ਸਕਦਾ ਹੈ।

1190 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper